Share on Facebook

Main News Page

ਬਾਦਲ ਦਲੀ ਕਾਲੀਆਂ ਦਾ ਟੋਰਾਂਟੋ ਵਿਖੇ ਸਿੰਘਾਂ ਨੇ ਕੀਤਾ ਜੋਰਦਾਰ ਵਿਰੋਧ

* ਬਾਦਲ ਦਲੀਏ ਸਮਾਗਮ 'ਚ ਪਹੁੰਚੇ ਹੀ ਨਾ, ਬੇਅੰਤ ਧਾਲੀਵਾਲ ਦਾ ਜਲੂਸ ਨਿਕਲਿਆ, ਇੱਕ ਵੀ ਅੱਖਰ ਬੋਲਣ ਨਾ ਦਿੱਤਾ ਗਿਆ, ਸਿੰਘਾਂ ਨੇ ਕੀਤਾ ਸਟੇਜ 'ਤੇ ਕਬਜ਼ਾ

ਟੋਰਾਂਟੋ, 18 ਜੁਲਾਈ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪੰਜਾਬ ਤੋਂ ਪੁੱਜੇ ਉੱਚ ਪੱਧਰੀ ਵਫਦ ਦੀ ਬੀਤੇ ਕੱਲ੍ਹ ਜਨਤਕ ਕਾਨਫਰੰਸ ਸਫਲ ਨਹੀਂ ਹੋ ਸਕੀ ਤੇ ਗਰਮ ਖਿਆਲੀ ਕੈਨੇਡੀਅਨ ਸਿੱਖਾਂ ਦੇ ਡੱਟਵੇਂ ਦਖਲ ਤੋਂ ਬਾਅਦ ਪ੍ਰੋਗਰਾਮ ਰੱਦ ਕਰਨਾ ਪਿਆ। ਇੱਥੋਂ ਤੱਕ ਕਿ ਅਕਾਲੀ ਵਫਦ ਕਾਨਫਰੰਸ ਵਾਲ਼ੇ ਹਾਲ 'ਚ ਦਾਖਲ ਨਾ ਹੋ ਸਕਿਆ। ਵੁੱਡਬਾਇਨ ਬੈਂਕੁਅਟ ਹਾਲ 'ਚ ਵੱਡੀ ਗਿਣਤੀ ਵਿਚ ਲੋਕ ਤਾਂ ਪੁੱਜ ਗਏ ਸਨ, ਪਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਨਾਕਸ ਕਾਰਗੁਜ਼ਾਰੀ ਬਾਰੇ ਸਵਾਲਾਂ ਦੀ ਝੜੀ ਲਗਾਉਣ ਦੇ ਇਰਾਦੇ ਨਾਲ ਪੁੱਜੀਆਂ ਕੈਨੇਡੀਅਨ ਪੰਥਕ ਸ਼ਖਸੀਅਤਾਂ ਨੂੰ ਢਾਡੀ ਵਾਰਾਂ ਤੋਂ ਬਾਅਦ ਸਟੇਜ ਤੋਂ ਸੰਬੋਧਨ ਕਰਨ ਦਾ ਖੁੱਲ੍ਹਾ ਮੌਕਾ ਮਿਲ਼ ਗਿਆ ਪਰ ਅਕਾਲੀ ਆਗੂ ਸਟੇਜ ਨਾਂ ਸੰਭਾਲ ਸਕੇ। ਇਸ ਬਾਰੇ ਕੈਨੇਡੀਅਨ ਅਕਾਲੀ ਆਗੂ ਬੇਅੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਤੋਂ ਪ੍ਰਬੰਧਾਂ 'ਚ ਖਾਮੀਆਂ ਰਹਿ ਗਈਆਂ ਸਨ।

ਉਨ੍ਹਾਂ ਮੰਨਿਆ ਕਿ ਕਾਨਫਰੰਸ ਨੂੰ 'ਜਨਤਕ' ਵਜੋਂ ਪ੍ਰਚਾਰਨ ਤੇ ਸੁਰੱਖਿਆ ਪ੍ਰਬੰਧਾਂ ਲਈ ਬੈਂਕੁਅਟ ਹਾਲ ਦੇ ਪ੍ਰਬੰਧਕਾਂ 'ਤੇ ਭਰੋਸਾ ਕਰਨ ਨਾਲ ਸਮਾਗਮ ਠੁੱਸ ਹੋ ਗਿਆ। ਮੌਕੇ 'ਤੇ ਮਸਾਂ ਦੋ ਕੁ ਪੁਲਿਸ ਵਾਲੇ ਸਨ, ਜੋ ਪ੍ਰਬੰਧਕਾਂ ਦੇ ਅਣਚਾਹੇ ਲੋਕਾਂ ਨੂੰ ਹਾਲ 'ਚੋਂ ਕੱਢ ਨਾਂ ਸਕੇ। ਪੁਲਿਸ ਅਫਸਰਾਂ ਨੂੰ ਲੋਕ ਜੰਤਕ ਕਾਨਫਰੰਸ ਵਾਲ਼ਾ ਛਪਿਆ ਇਸ਼ਤਿਹਾਰ ਦਿਖਾ ਕੇ ਮੁੜ ਹਾਲ 'ਚ ਬਿਰਾਜਮਾਨ ਹੋ ਜਾਂਦੇ ਸਨ। ਸ. ਧਾਲੀਵਾਲ ਨੇ ਦੱਸਿਆ ਕਿ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਪੁਲਿਸ ਦੀ ਹਾਜ਼ਰੀ ਵਧਾਈ ਗਈ ਤੇ ਇਕ ਵੱਖਰੇ ਹਾਲ 'ਚ ਵਿਸ਼ੇਸ਼ ਮਹਿਮਾਨਾਂ ਨਾਲ ਮੀਟਿੰਗ ਕਰ ਲਈ ਗਈ ਸੀ, ਜਿਸ 'ਚ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਤੇ ਭਾਰਤ ਦੇ ਕੌਂਸਲ ਜਨਰਲ ਅਖਿਲੇਸ਼ ਮਿਸ਼ਰਾ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ 'ਚ ਅਕਾਲੀ ਡੈਲੀਗੇਸ਼ਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਸੁਝਾਅ ਲਏ।

ਸ. ਗਰੇਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਚਹੇਤੀ ਪਾਰਟੀ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ। ਇਹ ਵੀ ਕਿ ਕਾਨਫਰੰਸ ਦੇ ਵਿਰੋਧੀਆਂ ਨਾਲ ਸਾਰੇ ਲੋਕ ਸਹਿਮਤ ਨਹੀਂ ਸਨ, ਬਹੁਤ ਸਾਰੇ ਲੋਕ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਕਾਨਫਰੰਸ 'ਚ ਪੁੱਜੇ ਸਨ ਪਰ ਸਮਾਗਮ ਰੱਦ ਹੋਣ ਨਾਲ ਉਨ੍ਹਾਂ ਨੂੰ ਨਿਰਾਸ਼ਾ ਹੋਈ ਅਤੇ ਉਹ ਵਿਰੋਧੀਆਂ ਨੂੰ ਕੋਸਦੇ ਹੋਏ ਘਰਾਂ ਨੂੰ ਰਵਾਨਾ ਹੋਏ। ਇਸ ਕਾਨਫਰੰਸ ਦਾ ਅਕਾਲੀ ਦਲ (ਅ, ਕੈਨੇਡਾ ਈਸਟ), ਅਕਾਲੀ ਦਲ ਪੰਚ ਪ੍ਰਧਾਨੀ (ਟੋਰਾਂਟੋ) ਤੇ ਕੁਝ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ। ਜਦੋਂ ਪੁਲਿਸ ਦੀ ਟੁਕੜੀ ਨਾਲ ਹਾਲ 'ਚ ਆ ਕੇ ਸ. ਧਾਲੀਵਾਲ ਸਮਾਗਮ ਨੂੰ ਰੱਦ ਕਰਨ ਦਾ ਐਲਾਨ ਕਰਨ ਲਈ ਸਟੇਜ ਤੋਂ ਬੋਲਣ ਲੱਗੇ ਤਾਂ ਰੋਹ 'ਚ ਆਏ ਲੋਕਾਂ ਨੂੰ ਆਵਾਜ਼ੇ ਕੱਸੇ ਅਤੇ ਉਨ੍ਹਾਂ ਨੂੰ ਸੁਣਨ ਤੋਂ ਇਨਕਾਰੀ ਰਹੇ। ਸ਼੍ਰੋਮਣੀ ਅਕਾਲੀ ਦਲ (ਅ) ਕੈਨੇਡਾ ਈਸਟ ਦੇ ਜਨਰਲ ਸਕੱਤਰ ਜਗਦੇਵ ਸਿੰਘ ਤੂਰ ਤੇ ਯੂਥ ਸਕੱਤਰ ਖੁਸ਼ਵੰਤ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਅਕਾਲੀ ਆਗੂ ਪੰਜਾਬ ਨਾਲ ਸੁਹਿਰਦ ਹਨ ਤਾਂ ਬਾਪੂ ਸੂਰਤ ਸਿੰਘ ਦੇ ਸੰਘਰਸ਼ ਨੂੰ ਗੰਭੀਰਤਾ ਨਾਲ ਲੈਣ ਅਤੇ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ। ਮੌਕੇ 'ਤੇ ਕੁਝ ਪੱਤਰਕਾਰਾਂ ਨੇ ਇਹ ਵੀ ਕਿਹਾ ਕਿ ਅਕਾਲੀ ਆਗੂਆਂ ਨੂੰ ਪ੍ਰਵਾਸੀ ਪੰਜਾਬੀ ਮੀਡੀਆ ਨੂੰ ਬੇਲੋੜੇ ਦੋਸ਼ ਦੇਣ ਦੀ ਬਜਾਏ ਆਪਣੀ ਕਾਰਗੁਜ਼ਾਰੀ ਸੁਧਾਰਨ ਵੱਲ ਧਿਆਨ ਦੇਣਾ ਜ਼ਰੂਰੀ ਹੈ। ਉਪਰੋਕਤ ਕਾਨਫਰੰਸ ਰੱਦ ਹੋਣ ਕਾਰਨ ਕੈਨੇਡਾ ਦੇ ਪੰਜਾਬੀ ਭਵਿੱਖ 'ਚ ਅਕਾਲੀ ਆਗੂਆਂ ਦੇ ਪ੍ਰਵਾਸੀ ਪੰਜਾਬੀਆਂ ਪ੍ਰਤੀ ਵਤੀਰੇ ਬਾਰੇ ਕਿਆਸ ਅਰਾਈਆਂ ਲਗਾਉਣ ਲੱਗ ਪਏ ਹੋਏ ਹਨ।

ਕਾਲੀ ਦਲ ਕੈਨੇਡਾ ਦਾ ਸਰਗਨਾ ਬੇਅੰਤ ਧਾਲੀਵਾਲ ਪੁਲਿਸ ਪਿੱਛੇ ਛੁੱਪ ਕੇ ਪੰਨੂੰ ਨਾਲ ਗਲਬਾਤ ਕਰਦਾ ਹੋਇਆ ਸਟੇਜ 'ਤੇ ਕਬਜ਼ੇ ਉਪਰਾਂਤ ਸ. ਹਰਪ੍ਰੀਤ ਸਿੰਘ ਸੰਬੋਧਨ ਹੁੰਦੇ ਹੋਏ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top