Share on Facebook

Main News Page

ਪ੍ਰਿਥਮ ਭਗਉਤੀ” ਜਾਂ “ਪ੍ਰਿਥਮ ਅਕਾਲਪੁਰਖ” - ਇੱਕ ਪੱਖ
-: ਲਖਬੀਰ ਸਿੰਘ
647-802-2700

ਜਿਵੇਂ ਜਿਵੇਂ ਦਸਮ ਗ੍ਰੰਥ ਸਬੰਧੀ ਅਜੋਕਾ ਸਿੱਖ ਜਗਤ ਜਾਗਰੂਕ ਹੋ ਰਹਿਆ ਹੈ, ਤਿਵੇਂ ਤਿਵੇਂ ਉਹ ਇਸ ਤੋਂ ਆਪਣਾ ਖਹਿੜਾ ਛੁਡਵਾਉਣ ਲਈ ਵੀ ਯਤਨਸ਼ੀਲ ਹੋ ਰਹਿਆ ਹੈ। ਇਸੇ ਯਤਨ ਵਿਚ ਕੁਝ ਅਸਥਾਨਾਂ 'ਤੇ ਅਰਦਾਸ ਦੇ ਸ਼ੁਰੂ ਵਿੱਚ ਪੜੀ ਜਾਣ ਵਾਲੀ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਦੀ ਤੁਕ “ਪ੍ਰਿਥਮ ਭਗਉਤੀ ਸਿਮਰਕੈ” ਦੀ ਜਗਾ “ਪ੍ਰਿਥਮ ਅਕਾਲਪੁਰਖ ਸਿਮਰਕੈ” ਪੜਿਆ ਜਾਣ ਲਗ ਪਿਆ ਹੈ। ਪਰ ਇਹ ਪਿਰਤ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਕੁਝ ਪਹਿਲੂ ਚੰਗੀ ਤਰਾਂ ਵੀਚਾਰ ਲੈਣੇ ਚਾਹੀਦੇ ਹਨ, ਤਾਂ ਜੋ ਕੱਲ ਨੂੰ ਸਾਨੂੰ ਆਪਣੇ ਹੀ ਕੀਤੇ ਹੋਏ ਫੈਸਲੇ ਬਾਰ ਬਾਰ ਨਾ ਬਦਲਣੇ ਪੈਣ।

ਸੱਭ ਤੋਂ ਪਹਿਲੀ ਵੀਚਾਰਨ ਵਾਲੀ ਗਲ ਇਹ ਹੈ ਕਿ ਕੀ ਸਾਨੂੰ ਕਿਸੇ ਦੀ ਲਿਖਤ ਵਿੱਚ ਆਪਣੇ ਤੌਰ 'ਤੇ ਇਸ ਤਰ੍ਹਾਂ ਤਬਦੀਲੀ ਕਰਨ ਦਾ ਕੋਈ ਅਧਿਕਾਰ ਹੈ? ਅੱਜ ਜੇਕਰ ਕੋਈ ਕਿਸੇ ਦੀ ਕਵਿਤਾ ਵਿਚ ਕਿਸੇ ਨਾਮ ਦੀ ਕੋਈ ਤਬਦੀਲੀ ਕਰਦਾ ਹੈ, ਤਾਂ ਇਸ ਨੂੰ ਕਾਨੂੰਨਨ ਅਪਰਾਧ ਗਿਣਿਆ ਜਾਂਦਾ ਹੈ। ਜੇਕਰ ਇਹ ਰਚਨਾ ਕਿਸੇ ਦੁਰਗਾ ਭਗਤ ਦੀ ਵੀ ਹੈ, ਤਾਂ ਵੀ ਇਸ ਵਿਚ ਤਬਦੀਲੀ ਕਰਨਾ ਕਿਥੋਂ ਤੱਕ ਜ਼ਾਇਜ ਹੈ?

ਦੂਸਰਾ, ਕੋਈ ਤਬਦੀਲੀ ਕਰਨ ਤੋਂ ਪਹਿਲਾ ਇਹ ਨੁਕਤਾ ਵੀ ਵੀਚਾਰਨਾ ਚਾਹੀਦਾ ਹੈ ਕਿ ‘ਭਗਉਤੀ’ ਦੀ ਜਗਾ ਇੱਕ ਲਫਜ਼ ‘ਅਕਾਲਪੁਰਖ’ ਵਰਤਣ ਨਾਲ ਇਹ ਸਾਰੀ ਪਉੜੀ ਪ੍ਰਵਾਨਿਤ ਅਤੇ ਗੁਰਮਤਿ ਅਨੁਸਾਰੀ ਕਿਵੇਂ ਹੋ ਸਕਦੀ ਹੈ, ਅਤੇ ਕੀ ਇਸ ਤਰ੍ਹਾਂ ਇੱਕ ਦੁਰਗਾ ਦੇ ਭਗਤ ਦੀ ਉਚਾਰਨ ਕੀਤੀ ਹੋਈ ਰਚਨਾ ਨੂੰ ਹੋਰ ਮਾਨਤਾ ਨਹੀਂ ਦਿਤੀ ਜਾ ਰਹੀ? ਜੇਕਰ ਇਸ ਤਰਾਂ ਇਹ ਪਉੜੀ ਗੁਰਬਾਣੀ ਦੇ ਤੁਲ ਜਾਂ ਗੁਰੂ ਦੇ ਹਜ਼ੂਰ ਪੜੀ ਜਾ ਸਕਦੀ ਹੈ, ਤਾਂ ਫਿਰ ਜੋ ਡੇਰੇਦਾਰ ਆਪਣੇ ਕੋਲੋਂ ਮਨਘੜਤ ਕਚੀਆਂ ਧਾਰਨਾ ਬਣਾ ਕੇ, ਉਸ ਵਿਚ ‘ਨਾਨਕ’ ਨਾਮ ਦੀ ਵਰਤੋਂ ਕਰਕੇ ਗਾ ਰਹੇ ਹਨ, ਜਾਂ ਐਸੇ ਗੁਟਕੇ ਛਪਵਾ ਕੇ ਲੋਕਾਂ ਨੂੰ ਭੁਲੇਖਾ ਪਾ ਰਹੇ ਹਨ, ਉਹਨਾਂ ਨੂੰ ਕਿਵੇਂ ਗਲਤ ਕਹਿ ਸਕਾਂਗੇ?

ਤੀਸਰਾ, ਜੇਕਰ ਅਰਦਾਸ ਦੇ ਬਾਕੀ ਸਾਰੇ ਬੰਦ ਵਾਰਤਕ ਰੂਪ ਵਿਚ ਹਨ, ਤਾਂ ਫਿਰ ਪਹਿਲਾ ਬੰਦ ਵਾਰਤਕ ਵਿਚ ਕਿਉਂ ਨਹੀਂ ਹੋ ਸਕਦਾ? ਜੇਕਰ ਪਹਿਲਾ ਬੰਦ ਕਾਵਿ ਰੂਪ ਵਿਚ ਜ਼ਰੂਰੀ ਵੀ ਹੈ, ਤਾਂ ਇਸ ਦੀ ਜਗ੍ਹਾ ਗੁਰਬਾਣੀ ਦੇ ਕਿਸੇ ਸ਼ਬਦ ਦੀ ਚੋਣ ਕਿਉਂ ਨਹੀਂ ਕੀਤੀ ਜਾ ਸਕਦੀ? ਇਸ ਤਰ੍ਹਾਂ ਕਾਹਲੀ ਵਿੱਚ ਕਿਸੇ ਦੀ ਰਚਨਾਂ ਵਿੱਚ ਤਬਦੀਲੀ ਕਰਨ ਨਾਲ, ਭਵਿੱਖ ਵਿੱਚ ਲਾਭ ਦੀ ਜਗ੍ਹਾ ਨੁਕਸਾਨ ਹੋਣ ਦੀ ਜ਼ਿਆਦਾ ਸੰਭਾਵਨਾ ਹੈ।

ਇਥੇ ਮੈਂ ਇਸ ਦੀ ਇੱਕ ਉਦਾਹਰਨ ਦੇਣੀ ਚਾਹੁੰਦਾ ਹਾਂ। ਅਰਦਾਸ ਤੋਂ ਬਾਅਦ ਪੜੇ ਜਾਣ ਵਾਲੇ ਦੋਹਿਰੇ ਦੇ ਪਹਿਲੇ ਦੋ ਬੰਦਾਂ ਦਾ ਲਿਖਾਰੀ ਭਾਈ ਪ੍ਰਹਲਾਦ ਸਿੰਘ ਹੈ, ਜੋ ਕਿ ਰਹਤਨਾਮੇ ਦਾ ਲਿਖਾਰੀ ਹੈ। ਇਹ ਦਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਬਚਲ ਨਗਰ ਵਿਖੇ ਬੈਠ ਕੇ ਇਹ ਰਹਤਨਨਾਮਾ ਲਿਖਵਾਇਆ ਸੀ, ਪਰ ਰਹਤਨਾਮੇ ਨੂੰ ਲਿਖਣ ਦਾ ਸਾਲ ਬਿਕ੍ਰਮੀ ਸੰਮਤ 1752 (ਸੰਨ 1695) ਦਸਦਾ ਹੈ। ਜਦਕਿ ਉਸ ਸਮੇਂ ਤਕ ਨਾ ਤਾਂ ਅਜੇ ਖਾਲਸਾ ਸਾਜਿਆ ਗਿਆ ਸੀ, ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਅਬਚਲ ਨਗਰ ਵਿਖੇ ਗਏ ਸਨ। (ਵੇਖੋ ਮਹਾਨ ਕੋਸ਼ ਪੰਨਾ 796)

ਰੋਜ਼ਾਨਾ ਅਰਦਾਸ ਤੋਂ ਬਾਅਦ ਪੜੇ ਜਾਣ ਵਾਲੇ ਪਹਿਲੇ ਦੋ ਦੋਹਰੇ ਇਸੇ ਦੇ ਰਹਤਨਾਮੇ ਵਿੱਚ ਇਸ ਤਰਾਂ ਦਰਜ ਹਨ:

ਅਕਾਲਪੁਰਖ ਕੇ ਬਚਨ ਸਿਉ ਪ੍ਰਗਟ ਚਲਾਇਓ ਪੰਥ
ਸਭ ਸਿਖਨ ਕਉ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ
ਗੁਰੂ ਖਾਲਸਾ ਮਾਨੀਅਹੁ ਪ੍ਰਗਟ ਗੁਰਾਂ ਕੀ ਦੇਹ
ਜੋ ਸਿਖ ਮੋ ਮਿਲਬੋ ਚਹੈ ਖੋਜ ਇਨਹੁ ਮੈ ਲੇਹ ॥”

ਇਸ ਦੋਹਰੇ ਅਨੁਸਾਰ ਸਰੀਰ ਕਰਕੇ ਖਾਲਸਾ ਹੀ ਸਤਿਗੁਰਾਂ ਦਾ ਪ੍ਰਗਟ ਰੂਪ ਹੈ।

ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਹੁਣ ਇਹ ਪਾਠ ਅਨਪੜ ਸਿੱਖਾਂ ਨੇ ਮਨਘੜਤ ਇਉਂ ਬਣਾ ਲਿਆ ਹੈ “ਗੁਰੂ ਗ੍ਰੰਥ ਜੀ ਮਾਨੀਅਹੁ ਪ੍ਰਗਟ ਗੁਰਾਂ ਕੀ ਦੇਹ”। (ਵੇਖੋ ਗੁਰਮਤ ਮਾਰਤੰਡ ਪੰਨਾ 331)

ਇਹ ਤਬਦੀਲ਼ੀ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ ਲਿਖਣ ਵੇਲੇ ਕੀਤੀ ਸੀ, ਜਿਸਨੂੰ ਕਿ ਅਜਕਲ ਤਕਰੀਬਨ ਸਾਰੇ ਸਿਖਾਂ ਨੇ ਪਰਵਾਨ ਕਰ ਲਿਆ ਹੈ। ਸ: ਜਸਵੰਤ ਸਿੰਘ ਨੇਕੀ ਅਨੁਸਾਰ ਜਾਪਦਾ ਹੈ, ਕਿ ਇਹ ਦੋਹਰਾ ਦੇਹਧਾਰੀ ਗੁਰੂ ਦੇ ਸਿਧਾਂਤ ਨੂੰ ਰੱਦ ਕਰਣ ਵਾਸਤੇ ਪ੍ਰਚਲਿਤ ਕੀਤਾ ਗਿਆ ਹੈ। ਪਰ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਇਸ ਵਿਚਲਾ ਸਿਧਾਂਤ ਗੁਰਮਤਿ ਅਨੁਸਾਰ ਸਹੀ ਨਹੀਂ, ਸੰਦੇਹ ਜਨਕ ਹੈ। (ਵੇਖੋ ਪੁਸਤਕ ‘ਅਰਦਾਸ’ ਪੰਨਾ 293)

ਹੁਣ ਵੀਚਾਰਨ ਵਾਲਾ ਨੁਕਤਾ ਇਹ ਹੈ ਕਿ "ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰਾਂ ਦੀ ਵੀਚਾਰਾਂ ਰੂਪੀ ਜੋਤ ਹੈ, ਜਾਂ ਕਿ ਸਤਿਗੁਰਾਂ ਦਾ ਪ੍ਰਗਟ ਸਰੀਰ"। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੀਰ ਹਨ, ਤਾਂ ਫਿਰ ਸਰੀਰ ਨੂੰ ਤਾਂ ਭੁੱਖ ਵੀ ਲਗਦੀ ਹੈ, ਗਰਮੀ ਸਰਦੀ ਵੀ ਲਗਦੀ ਹੈ, ਥਕਾਵਟ ਵੀ ਹੁੰਦੀ ਹੈ, ਨੀਂਦ ਵੀ ਆਉਂਦੀ ਹੈ। ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਗਾਉਣੇ, ਸਿਰ 'ਤੇ ਚੁਕ ਕੇ ਸੈਰ ਕਰਵਾਉਣੀ, ਪ੍ਰਕਾਸ਼ ਅਸਥਾਨ ਦੇ ਨਾਲ ਵਖਰਾ ਵਾਸ਼ਰੂਮ ਬਨਾਉਣਾ, ਰਾਤ ਨੂੰ ਪਾਣੀ ਦੀ ਬਾਲਟੀ ਅਤੇ ਦਾਤਣ ਆਦਿਕ ਰਖਣਾ, ਗਰਮੀਆਂ ਵਿੱਚ ਏ.ਸੀ. ਅਤੇ ਸਰਦੀਆਂ ਵਿੱਚ ਹੀਟਰ ਲਗਾਉਣੇ, ਸੰਗਤਾਂ ਦੇ ਹਜ਼ਾਰਾਂ ਡਾਲਰ ਖਰਚ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਹਵਾਈ ਜ਼ਹਾਜ ਵਿਚ ਝੂਟੇ ਦਿਵਾਉਣੇ ਆਦਿਕ ਕਰਮਕਾਂਡ ਕਿਸ ਤਰਾਂ ਮਨਮਤਿ ਆਖੇ ਜਾ ਸਕਦੇ ਹਨ? ਅਜਿਹੇ ਲੋਕਾਂ ਦੀ ਦਲੀਲ ਵੀ ਇਹੀ ਹੁੰਦੀ ਹੈ ਕਿ ਸਾਡੇ ਮਹਾਂਪੁਰਖ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ “ਪ੍ਰਗਟ ਗੁਰਾਂ ਕੀ ਦੇਹ” ਮੰਨਦੇ ਹਨ।

ਅੱਜ ਹਾਲਾਤ ਇਹ ਹੈ ਕਿ ਅਸੀਂ ਗੁਰਮਤਿ ਦੇ ਮੁੱਢਲੇ ਸਿਧਾਂਤ ਦਾ ਖੰਡਨ ਕਰਨ ਵਾਲੀ ਕੀਤੀ ਗਈ ਇਸ ਤਬਦੀਲੀ ਨੂੰ ਹਰ ਰੋਜ਼ ਰਲ ਕੇ ਗਾਈ ਜਾ ਰਹੇ ਹਾਂ। ਇਸੇ ਤਰ੍ਹਾਂ ਕਿਤੇ ਅਜਿਹਾ ਨਾ ਹੋਵੇ ਕਿ ਅਸੀਂ ਇੱਕ ਲਫਜ਼ ਬਦਲ ਕੇ ਕਿਸੇ ਭਗਉਤੀ ਦੇ ਉਪਾਸਕ ਦੀ ਬਾਕੀ ਸਾਰੀ ਰਚਨਾ ਨੂੰ ਹੋਰ ਮਾਨਤਾ ਦੇ ਕੇ. ਹਮੇਸ਼ਾਂ ਵਾਸਤੇ ਕੌਮ ਦੇ ਗਲ ਮੜ੍ਹ ਦੇਈਏ

ਸਾਡੇ ਕੌਮੀ ਫੈਸਲਿਆਂ ਵਿਚ ਕੋਈ ਤਬਦੀਲੀ ਕੌਮੀ ਸਹਿਮਤੀ ਨਾਲ ਹੀ ਹੋਣੀ ਚਾਹੀਦੀ ਹੈ। ਨਹੀਂ ਤਾਂ ਇੱਕ ਧਿਰ ‘ਪ੍ਰਿਥਮ ਭਗਉਤੀ ਸਿਮਰਕੈ’ ਪੜੇਗੀ, ਦੂਜੀ ‘ਪਿਥਮ ਅਕਾਲਪੁਰਖ ਸਿਮਰ ਕੈ’, ਤੀਜੀ ‘ਪ੍ਰਿਥਮ ਸਤਿਨਾਮ ਸਿਮਰ ਕੈ’, ਚੌਥੀ ‘ਪ੍ਰਿਥਮ ਵਾਹਿਗੁਰੂ ਸਿਮਰ ਕੈ’। ਅੱਜ ਦੇ ਸਮੇਂ ਵਿਚ ਕੌਮੀ ਸਹਿਮਤੀ ਜੇਕਰ ਅਸੰਭਵ ਜਾਪਦੀ ਹੈ, ਤਾਂ ਘੱਟੋ ਘੱਟ ਉਹ ਸੰਸਥਾਵਾਂ, ਪ੍ਰਬੰਧਕ ਕਮੇਟੀਆਂ ਅਤੇ ਮਿਸ਼ਨਰੀ ਕਾਲਜ, ਜੋ ਦਸਮ ਗਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ, ਅਤੇ ਕੇਵਲ ਤੇ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਹਨ, ਉਹਨਾਂ ਸਾਰਿਆਂ ਨੂੰ ਆਪਸੀ ਸਹਿਮਤੀ ਬਣਾਂ ਕੇ ਇਹ ਆਵਾਜ਼ ਉਠਾਉਣੀ ਚਾਹੀਦੀ ਹੈ।

ਭੁੱਲ ਚੁੱਕ ਦੀ ਖਿਮਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top