Share on Facebook

Main News Page

ਸੇਵਾ ਕੌਮ ਦੀ ਜਿੰਦੜੀਏ ਬੜੀ ਔਖੀ...! ਬਾਪੂ ਸੂਰਤ ਸਿੰਘ ਬਾਰੇ ਨਹੋਰੇ ਕੱਸਣ ਵਾਲਿਆਂ ਨੂੰ ਅਪੀਲ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਬਾਪੂ ਸੂਰਤ ਸਿੰਘ ਖਾਲਸਾ ਨੇ ਗੁਰਬਖਸ਼ ਸਿੰਘ ਵੱਲੋਂ ਅਰਦਾਸ ਕਰਕੇ, ਬਚਨਾਂ ਤੋਂ ਖਿਸਕ ਜਾਣ ਪਿੱਛੋਂ ਕੌਮ ਦੇ ਬਣ ਰਹੇ ਮਜ਼ਾਕ ਨੂੰ ਗੰਭੀਰਤਾ ਨਾਲ ਲੈਂਦਿਆ ਮਰਦਾਂ ਵਾਂਗੂੰ ਬਚਨ ਪੁਗਾਉਣ ਦਾ ਤਹਈਆ ਕੀਤਾ ਕਿਉਂਕਿ ਜਿਸ ਕਾਰਜ਼ ਨੂੰ ਲੈ ਕੇ ਗੁਰਬਖਸ਼ ਸਿੰਘ ਮਰਨ ਵਰਤ ਉੱਤੇ ਬੈਠਾ ਸੀ, ਉਹ ਕਿਸੇ ਇੱਕ ਪਰਿਵਾਰ, ਘਰ, ਪਿੰਡ ਜਾਂ ਇਲਾਕੇ ਨਾਲ ਸਬੰਧਤ ਨਹੀਂ ਸੀ, ਸਗੋਂ ਪੂਰੀ ਕੌਮ ਦੇ ਹਿੱਤ ਵਿੱਚ ਸੀ, ਪਰ ਜੋ ਗੁੱਲ ਭਾਈ ਗੁਰਬਖਸ਼ ਸਿੰਘ ਨੇ ਖਿੜਾਏ ਉਸ ਤੋਂ ਸਾਰੀ ਸੰਗਤ ਵਾਕਿਫ਼ ਹੈ। ਇਕ ਵਾਰੀ ਹੋ ਨਿਬੜਿਆ ਸੀ ਗੁਰਬਖਸ਼ ਨੇ ਜਥੇਦਾਰਾਂ ਅਤੇ ਬਾਬੇ ਧੁੰਮੇ ਦਾ ਸਹਾਰਾ ਲੈ ਕੇ ਆਪਣੇ ਗਲੋਂ ਰੱਸਾ ਲੁਹਾ ਲਿਆ ਸੀ, ਫਿਰ ਦੂਜੀ ਵਾਰੀ ਪੰਗਾ ਲੈਣ ਦੀ ਕਿਹੜੀ ਲੋੜ ਪੈ ਗਈ ਸੀ? ਨਾ ਬੰਦੀ ਸਿੰਘ ਰਿਹਾ ਹੋਏ ਅਤੇ ਨਾ ਗੁਰਬਖਸ਼ ਨੇ ਫਤਿਹ ਬੁਲਾਈ, ਸਿੱਖਾਂ ਨੇ ਮਾਰਚ ਕੀਤੇ, ਅਰਦਾਸਾਂ ਕੀਤੀਆਂ, ਬਾਹਰਲੇ ਸਿੱਖਾਂ ਨੇ ਡਾਲਰਾਂ, ਪੌਂਡਾਂ ਨਾਲ ਸੇਵਾਵਾਂ ਨਿਭਾਈਆਂ, ਪਰ ਇਸ ਦਾ ਫਾਇਦਾ ਕੀਹ ਹੋਇਆ ਅਤੇ ਕਿਸ ਨੂੰ ਹੋਇਆ? ਇਸ ਸਵਾਲ ਦਾ ਜਵਾਬ ਤਾਂ ਕਿਸੇ ਕੋਲ ਕੀਹ ਹੋਣਾ ਸੀ ਸਗੋਂ ਹੋਰ ਪੇਚੀਦਾ ਸਵਾਲਾਂ ਨੇ ਜਨਮ ਲੈ ਲਿਆ ਅਤੇ ਕੁੱਝ ਲੋਕਾਂ ਨੂੰ ਬਹਾਨਾ ਮਿਲ ਗਿਆ ਸਿੱਖਾਂ ਦਾ ਮਜਾਕ ਉਡਾਉਣ ਦਾ, ਕਿ ਅਜੋਕੇ ਸਿੱਖ ਪ੍ਰਪੱਕ ਨਹੀਂ ਹਨ। ਇਹ ਤਾਂ ਅਰਦਾਸ ਕਰਕੇ ਸਿਰਫ ਮੁਕਰਦੇ ਹੀ ਨਹੀਂ, ਸਗੋਂ ਅਰਦਾਸ ਦਾ ਮਖੌਲ ਉਡਾਉਂਦੇ ਹਨ।

ਇਹਨਾਂ ਸਭ ਹਲਾਤਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਅੰਦਰ ਇੱਕ ਤੜਫ ਪੈਦਾ ਕੀਤੀ ਅਤੇ ਬਾਪੂ ਖਾਲਸਾ ਨੇ ਇਸ ਚੈਲਿੰਜ ਨੂੰ ਮਰਦਾਂ ਵਾਲੀ ਤਰਜ਼ ਨਾਲ ਖਿੜੇ ਮੱਥੇ ਕਬੂਲਿਆ ਤੇ ਨਗਾਰੇ ਦੀ ਚੋਟ ਨਾਲ ਮੈਦਾਨ-ਏ-ਜੰਗ ਵਿੱਚ ਕੁੱਦ ਪਿਆ। ਅੱਜ ਛੇ ਮਹੀਨੇ ਪੂਰੇ ਹੋ ਗਏ ਹਨ ਤੇ ਸੱਤਵਾਂ ਆਰੰਭ ਹੋ ਗਿਆ ਹੈ, ਮਤਲਬ 183 ਵਾਂ ਦਿਨ ਜਾ ਰਿਹਾ ਹੈ। ਹੁਣ ਕੁੱਝ ਲੋਕਾਂ ਨੇ ਸਵਾਲ ਕਰਨੇ ਆਰੰਭ ਕੀਤੇ ਹਨ ਕਿ ਕੋਈ ਵਿਅਕਤੀ ਬਿਨਾਂ ਅੰਨ ਪਾਣੀ 183 ਦਿਨ ਕਿਵੇ ਜਿੰਦਾ ਰਹਿ ਸਕਦਾ ਹੈ। ਉਹਨਾਂ ਲੋਕਾਂ ਵਿੱਚ ਕੁੱਝ ਲੋਕ ਅਜਿਹੇ ਹਨ, ਜਿਹੜੇ ਡਾਕਟਰਾਂ ਦੇ ਹਵਾਲੇ ਦੇ ਕੇ ਬਹਿਸ ਵੀ ਕਰਦੇ ਹਨ ਕਿ ਅਸੀਂ ਫਲਾਣੇ ਡਾਕਟਰ ਤੋਂ ਪਤਾ ਕੀਤਾ ਹੈ, 80 ਦਿਨ ਤੋਂ ਵੱਧ ਕੋਈ ਖਾਧੇ ਪੀਤੇ ਬਿਨਾਂ ਜੀਵਤ ਨਹੀਂ ਰਹਿ ਸਕਦਾ। ਕੁੱਝ ਲੋਕ ਬਾਪੂ ਖਾਲਸਾ ਨੂੰ ਗੁਰਬਖਸ਼ ਵਾਲੀ ਤੱਕੜੀ ਦੇ ਪੱਲੜੇ ਵਿੱਚ ਤੋਲਕੇ ਮਨ ਭਾਉਂਦੀਆਂ ਸ਼ੁਰਲੀਆਂ ਵੀ ਛੱਡਦੇ ਹਨ। ਉਹਨਾਂ ਵੀਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਬਾਪੂ ਖਾਲਸਾ ਨੂੰ ਕੁੱਝ ਦਿਨ ਪੁਲਿਸ ਅਤੇ ਡਾਕਟਰਾਂ ਨੇ ਜਬਰੀ ਨਾਲੀਆਂ ਪਾ ਕੇ, ਖੁਰਾਕ ਦਿੱਤੀ ਪਰ ਬਾਪੂ ਨੇ ਮੂੰਹ ਵਿੱਚੋ ਪਾਣੀ ਤੋਂ ਸਿਵਾ ਕੁੱਝ ¦ਘਣ ਨਹੀਂ ਦਿੱਤਾ ਹੈ। ਉਸ ਜਬਰਦਸਤੀ ਨੇ ਬਾਪੂ ਦੀ ਜੀਵਨ ਲੀਲਾ ਨੂੰ ਕੁੱਝ ਦਿਨ ਲਮਕਾ ਦਿੱਤਾ ਹੈ, ਨਹੀਂ ਤਾਂ ਹੁਣ ਤੱਕ ਸ਼ਹੀਦੀ ਦੀ ਦਾਤ ਮਿਲ ਜਾਣੀ ਸੀ। ਅਜਿਹੇ ਲੋਕ ਜਿਹਨਾਂ ਵਿੱਚ ਗੁਰਬਖਸ਼ ਸਿੰਘ ਭਗੌੜਾ ਵੀ ਸ਼ਾਮਲ ਹੈ, ਵੱਲੋ ਕੀਤੀ ਬਿਆਨਬਾਜ਼ੀ ਦੇ ਜਵਾਬ ਵਿੱਚ ਬਾਪੂ ਖਾਲਸਾ ਨੇ ਬੜੀ ਦਾਨਸ਼ਮੰਦੀ ਵਾਲਾ ਉੱਤਰ ਦਿੱਤਾ ਕਿ ਇਹਨਾਂ ਲੋਕਾਂ ਦੀਆਂ ਬੇਹੂਦਾ ਟਿੱਪਣੀਆਂ ਦਾ ਜਵਾਬ, ਉਸ ਵੇਲੇ ਆਪਣੇ ਆਪ ਮਿਲ ਜਾਵੇਗਾ ਜਦੋਂ ਮੇਰੀ ਅਰਥੀ ਚਾਰ ਗੁਰਸਿੱਖਾਂ ਦੇ ਮੋਢਿਆਂ ਉੱਤੇ ਹੋਵੇਗੀ।

ਕੁੱਝ ਲੋਕ ਤਮਾਸ਼ਬੀਨ ਵੀ ਹਨ, ਉਹਨਾਂ ਵਿੱਚ ਬਾਪੂ ਖਾਲਸਾ ਦੇ ਪਿੰਡ ਦੇ ਲੋਕ ਵੀ ਸ਼ਾਮਲ ਹਨ, ਜਿਹੜੇ ਬਾਪੂ ਦੇ ਮਰਨ ਵਰਤ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ ਅਤੇ ਪਿੰਡ ਵਿੱਚ ਸੱਥਾਂ ਵਿੱਚ ਤਾਸ਼ ਤਾਂ ਜਰੂਰ ਖੇਡਦੇ ਹਨ, ਪਰ ਬਾਪੂ ਦੇ ਘਰ ਆਉਣ ਦੀ ਹਿੰਮਤ ਨਹੀਂ ਕਰ ਸਕਦੇ। ਆਲੇ ਦੁਆਲੇ ਦੇ ਪਿੰਡਾਂ ਦਾ ਵੀ ਇਹ ਹੀ ਹਾਲ ਹੈ, ਖਾਸ ਕਰਕੇ ਉਸ ਇਲਾਕੇ ਦਾ ਹੀ ਉਹਨਾਂ ਨੂੰ ਪਤਾ ਨਹੀਂ ਕਿ ਇੱਕ ਦਿਨ ਇਸ ਮਰਦ ਦਲੇਰ ਕਰਕੇ, ਇਹ ਪਿੰਡ ਹਸਨਪੁਰ ਸ਼ਹੀਦ ਬਾਪੂ ਸੂਰਤ ਸਿੰਘ ਖਾਲਸਾ ਦੇ ਪਿੰਡ ਵਜੋਂ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਫਿਰ ਉਸ ਦਿਨ ਬਹੁਤ ਸਾਰੇ ਆਖਣਗੇ ਕਿ ਭਾਈ ਸੂਰਤ ਸਿੰਘ ਤਾਂ ਸਾਡਾ ਗੋਤੀ ਸੀ, ਅਸੀਂ ਵੀ ਭੱਠਲ ਓਹ ਵੀ ਭੱਠਲ, ਕੁੱਝ ਆਖਣਗੇ ਸਾਡੇ ਤਾਂ ਨਾਲ ਦੇ ਪਿੰਡ ਦਾ ਸੀ, ਸਾਡੀ ਜੂਹ ਲੱਗਦੀ ਆ ਕੋਈ ਫਰਕ ਹੀ ਨਹੀਂ, ਕਿਸੇ ਨੇ ਆਖਣਾ ਹੈ ਕਿ ਸਾਡੇ ਪਿੰਡ ਦੀ ਤਾਂ ਖਾਦ ਵਾਲੀ ਸੋਸਾਇਟੀ ਵੀ ਹਸਨਪੁਰ ਨਾਲ ਸਾਂਝੀ ਹੈ ਕੋਈ ਕਹੇਗਾ ਅਸੀਂ ਤਾਂ ਆਹ ਕੰਮ ਔਹ ਕੰਮ ਇਕੱਠੇ ਕਰਦੇ ਸੀ, ਆਪਣਾ ਤਾਂ ਬੜਾ ਪ੍ਰੇਮ ਸੀ, ਹੋਰ ਨਹੀਂ ਤਾਂ ਕੋਈ ਇਹ ਵੀ ਆਖ ਸਕਦਾ ਹੈ ਕਿ ਹਸਨਪੁਰ ਨੂੰ ਜਾਂਦੀਆਂ ਸਾਰੀਆਂ ਬੱਸਾਂ ਸਾਡੇ ਪਿੰਡ ਵਿੱਚ ਦੀ ਜਾਂਦੀਆਂ ਹਨ, ਲੇਕਿਨ ਅੱਜ ਬਾਪੂ ਦੇ ਜਿਉਂਦੇ ਜੀ ਬੇਗਾਨਗੀ ਕਿਸ ਗੱਲ ਦੀ ਹੈ, ਕੀਹ ਤੁਸੀਂ ਮੜੀਆਂ ਪੂਜਣ ਦਾ ਹੀ ਸ਼ੌਂਕ ਰੱਖਦੇ ਹੋ, ਜਿਉਂਦੇ ਜੀ ਕਿਸੇ ਮਰਦ ਦੀ ਅੱਖ ਵਿੱਚੋਂ ਸ਼ਹਾਦਤੀ ਚਮਕ ਵੀ ਵੇਖਣ ਦੀ ਹਿੰਮਤ ਕਰੋਂ, ਸ਼ਾਇਦ ਤੁਹਾਡੀ ਕਿਸਮਤ ਬਦਲ ਜਾਵੇ।

ਅਜਿਹਾ ਬਾਪੂ ਸੂਰਤ ਸਿੰਘ ਖਾਲਸਾ ਨਾਲ ਹੀ ਨਹੀਂ ਹੋ ਰਿਹਾ, ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਵੀ ਇੰਜ ਹੀ ਹੁੰਦਾ ਰਿਹਾ। ਬਹੁਤ ਲੋਕਾਂ ਨੇ ਆਖਿਆ ਕਿ ਇਹ ਅਣਪੜ ਸਾਧ ਕੌਮ ਦੀ ਕੀਹ ਅਗਵਾਈ ਕਰੇਗਾ, ਕਿਸੇ ਨੇ ਬਾਬਾ ਜਰਨੈਲ ਸਿੰਘ ਨੂੰ ਕਾਂਗਰਸੀ ਵੀ ਕਿਹਾ, ਸਰਕਾਰੀ ਤੰਤਰ ਨੇ ਸਾਰਾ ਜੋਰ ਲਾ ਦਿੱਤਾ, ਬਾਬਾ ਜਰਨੈਲ ਸਿੰਘ ਨੂੰ ਬਦਨਾਮ ਕਰਨ ਵਾਸਤੇ, ਅਖੀਰ ਸਰਕਾਰ ਨੇ ਉਹਨਾਂ ਨੂੰ ਖਤਮ (ਸ਼ਹੀਦ) ਕਰ ਕੇ ਹੀ ਸਾਹ ਲਿਆ, ਪਰ ਦਾਸ ਸਿੱਖ ਸੰਗਤ ਤੋਂ ਇੱਕ ਗੱਲ ਪੁੱਛਣਾਂ ਚਾਹੁੰਦਾ ਹੈ ਕਿ ਬਾਬਾ ਜਰਨੈਲ ਸਿੰਘ ਨੂੰ ਕੋਈ ਬਾਘੇ ਪੁਰਾਣੇ ਵੀ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ, ਪਰ ਜਦੋ ਪ੍ਰਵਾਨ ਚੜ ਗਏ ਤਾਂ ਅੱਜ ਕਿਸੇ ਹਿੰਮਤ ਹੈ ਕਿ ਕੋਈ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਾਂਗਰਸੀ ਆਖੇ? ਜਿਹਨਾਂ ਨੇ ਉਹਨਾਂ ਦੇ ਦਰਸ਼ਨ ਵੀ ਨਹੀਂ ਕੀਤੇ, ਉਹ ਨੌਜਵਾਨ ਉਹਨਾਂ ਦੀ ਫੋਟੋ ਪਾੜਣ ਤੇ ਗਲ ਲਾਹੁਣ ਨੂੰ ਤਿਆਰ ਹੋ ਜਾਂਦੇ ਹਨ। ਬਾਬਾ ਜਰਨੈਲ ਸਿੰਘ ਨੂੰ ਤਾਂ ਸ਼ਹੀਦ ਕਰ ਲਿਆ, ਪਰ ਜੋ ਜਾਗ੍ਰਿਤੀ ਉਹਨਾਂ ਨੇ ਕੌਮ ਵਿੱਚ ਲਿਆਂਦੀ ਉਸ ਨੂੰ ਸਰਕਾਰਾਂ ਰੋਕ ਨਹੀਂ ਸਕੀਆਂ, ਜੋ ਕੁਝ ਬਾਬਾ ਜਰਨੈਲ ਸਿੰਘ ਕਹਿੰਦੇ ਸਨ ਉਸ ਨੂੰ ਦਿਲ ਵਿੱਚ ਰੱਖ ਕੇ ਹੀ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ, ਭਾਈ ਸੁੱਖਾ ਭਾਈ ਜਿੰਦਾ ਅਤੇ ਹੋਰ ਹਜ਼ਾਰਾਂ ਪ੍ਰਵਾਨੇ ਭਾਰਤੀ ਨਿਜ਼ਾਮ ਵੱਲੋਂ ਬਾਲੀ (ਜਲਾਈ) ਜ਼ੁਲਮੀ ਸ਼ਮਾਂ ਉੱਤੇ ਭੁੱਜਣ ਵਾਸਤੇ ਤਿਆਰ ਹੋਏ ਅਤੇ ਪ੍ਰਵਾਨ ਵੀ ਚੜੇ, ਅੱਜ ਕੌਮ ਦੇ ਮਹਾਨ ਸ਼ਹੀਦਾ ਦੀ ਸੂਚੀ ਵਿੱਚ ਦਰਜ਼ ਹਨ।

ਅੱਜ ਵੀ ਭਾਰਤੀ ਨਿਜ਼ਾਮ ਖੁਦ, ਸਹਿਯੋਗੀ ਸਰਕਾਰਾਂ, ਆਪਣੇ ਮੀਡੀਆ ਰਾਹੀਂ, ਜਰ ਖਰੀਦ ਬੰਦਿਆਂ ਦੀ ਮੱਦਦ ਨਾਲ, ਬਾਪੂ ਖਾਲਸਾ ਵਿਰੁੱਧ ਕੂੜ ਪ੍ਰਚਾਰ ਕਰਵਾ ਰਿਹਾ ਹੈ ਕਿਉਂਕਿ ਹੁਣ ਭਾਰਤੀ ਨਿਜ਼ਾਮ ਨੂੰ ਇਲਮ ਹੋ ਚੁੱਕਿਆ ਹੈ ਕਿ ਬਾਪੂ ਖਾਲਸਾ ਥਿੜਕਣ ਵਾਲਾ ਸਿੱਖ ਨਹੀਂ, ਹਕੂਮਤ ਦੇ ਹੱਥਕੰਡੇ ਫੇਲ ਹੋ ਚੁੱਕੇ ਹਨ, ਹੁਣ ਬਦਨਾਮੀ ਕਰਨ ਦਾ ਜਾਂ ਅਫ਼ਵਾਹਾਂ ਫੈਲਾਉਣ ਦਾ ਕੰਮ ਅਰੰਭਿਆ ਹੈ, ਪਰ ਇੱਕ ਗੱਲ ਯਾਦ ਰੱਖਿਓ! ਖਾਸ ਕਰਕੇ ਬਾਪੂ ਖਾਲਸਾ ਦੇ ਪਿੰਡ ਹਸਨਪੁਰ ਅਤੇ ਇਸ ਇਲਾਕੇ ਦੇ ਸਿੱਖਾਂ ਨੂੰ ਬੇਨਤੀ ਹੈ ਕਿ ਜਿਸ ਦਿਨ ਬਾਪੂ ਖਾਲਸਾ ਦੀ ਦੇਹ ਸ਼ਹਾਦਤ ਦੇ ਰੰਗ ਵਿੱਚ ਰੰਗੀ ਹੋਈ ਤੁਹਾਡੇ ਪਿੰਡਾਂ ਵਿੱਚੋਂ ਦੀ ਲੰਘੇਗੀ, ਕੀਹ ਉਸ ਦਿਨ ਘਰ ਦੇ ਦਰਵਾਜ਼ੇ ਬੰਦ ਕਰਕੇ ਅੰਦਰ ਬੈਠੋਗੇ ਜਾਂ ਫਿਰ ਗਰਦਨ ਨੀਵੀਂ ਕਰਕੇ ਦਰਸ਼ਨ ਕਰੋਗੇ। ਉਸ ਦਿਨ ਬਾਪੂ ਦੀ ਅਰਥੀ ਤੋਂ ਇੱਕ ਆਵਾਜ਼ ਆਵੇਗੀ, ਜਿਹੜੀ ਪੱਥਰ ਵਰਗੇ ਹਿਰਦੇ ਨੂੰ ਵੀ ਚੀਰ ਜਾਵੇਗੀ, ਆਖੇਗੀ ਬਾਪੂ ਦੀ ਆਤਮਾ ‘‘ਮੇਰੀ ਨਮਾਜ਼ -ਏ- ਜ਼ਨਾਜ਼ਾ ਅਦਾ ਕੀ ਗੈਰੋਂ ਨੇ, ਜੋ ਮੇਰੇ ਆਪਣੇ ਥੇ ਵੋਹ ਰਹੇ ਵਜੂ ਕਰਤੇ’’ ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top