Share on Facebook

Main News Page

ਸਖਤੀ ਸੇ ਦਬ ਸਕੇਗਾ, ਨ ਯਿਹ ‘ਖਾਲਸਾ’ ਫ਼ਲਕ। ਲੋਹਿ ਕਾ ਹੈ ਯਿਹ ਵੁਹ ਚਨਾ ਕਿ ਚਬਾਇਆ ਨਾ ਜਾਏਗਾ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖਾਂ ਨਾਲ ਜੁਲਮ ਮੁੱਢ ਕਦੀਮਾਂ ਤੋਂ ਹੀ ਹੁੰਦਾ ਆਇਆ ਹੈ। ਇਤਿਹਾਸ ਦੇ ਪੰਨਿਆਂ ਤੇ ਜੇ ਕਿਸੇ ਕੌਮ ਦਾ ਵਿਰਸਾ ਵੇਖੀਏ ਤਾਂ ਲਹੁ ਨਾਲ ਲਿਖੀ ਕਿਸਮਤ ਸਿੱਖਾਂ ਦੀ ਹੀ ਨਜਰ ਆਵੇਗੀ ਜ਼ਾਲਮਾ ਨੇ ਆਪਣਾ ਸਾਰਾ ਟਿੱਲ ਲਾ ਕੇ ਵੇਖ ਲਿਆ, ਪਰ ਸਿੱਖੀ ਆਪਣੀਆ ਕੁਰਬਾਨੀਆ ਦੀ ਵਜਾ ਕਰਕੇ ਪ੍ਰਫੁਲਤ ਹੀ ਹੁੰਦੀ ਰਹੀ। ਜਦੋ ਜਾਲਮ ਜ਼ੁਲਮ ਕਰਨ ਦਾ ਹਰ ਤਰੀਕਾ ਵਰਤਨ ਤੋਂ ਬਾਅਦ ਬੇਵਸ ਨਜਰ ਆਏ ਤਾਂ ਉਪਰੋਕਤ ਲਾਈਨਾਂ ਕਵੀ ਦੀ ਕਲਮ ਵਿੱਚੋਂ ਇੱਕ ਅਜਿਹਾ ਪੈਗਾਮ ਬਣ ਕੇ ਇਤਿਹਾਸ ਵਿੱਚ ਦਰਜ਼ ਹੋਈਆਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਜ਼ੁਲਮੀ ਭੁਲੇਖਾ ਨਾ ਖਾ ਜਾਵੇ ਕਿ ਮੈਂ ਸਿੱਖੀ ਜਜ਼ਬੇ ਨੂੰ ਖਤਮ ਕਰ ਦੇਵਾਗਾ, ਕਵੀ ਨੇ "ਸਖਤੀ ਸੇ ਦਬ ਸਕੇਗਾ, ਨ ਯਿਹ ‘ਖਾਲਸਾ‘ ਫਲਕ ! ਲੋਹਿ ਕਾ ਹੈ ਯਿਹ ਵੁਹ ਚਨਾ ਕਿ ਚਬਾਇਆ ਨਾ ਜਾਏਗਾ, ਲਿਖਕੇ ਇਕ ਨਸੀਹਤ ਵਾਲੀ ਵਸੀਹਤ ਕੀਤੀ ਸੀ, ਲੇਕਿਨ ਮਾਇਆਧਾਰੀ ਅਤੇ ਜ਼ੁਲਮੀ ਬੰਦੇ ਕਦੇ ਇਤਿਹਾਸ ਨਹੀਂ ਫਰੋਲਦੇ, ਸਗੋਂ ਆਪਨੇ ਹੱਠ ਨਾਲ ਹੀ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰੇ ਕਰਨ ਵਾਸਤੇ ਜੋਰ ਅਜਮਾਈ ਕਰਦੇ ਕਰਦੇ ਅਸੂਲਾਂ ਦੀ ਦੀਵਾਰ ਤੋਂ ਪਾਰ ਲੰਘ ਜਾਂਦੇ ਹਨ।

ਸਿੱਖਾਂ ਨੂੰ ਪਿਆਰ ਵਾਲੇ ਧੋਖੇ ਨੇ ਤਾਂ ਬਹੁਤ ਵਾਰ ਮਾਰਿਆ ਹੈ, ਜ਼ੁਲਮ ਸਿੱਖਾਂ ਨੂੰ ਨਹੀਂ ਮਾਰ ਸਕਿਆ, ਵਧੀਕੀਆਂ ਅਤੇ ਜੁਲਮ ਗਰਮੀ ਅਤੇ ਸਰਦੀ ਦੇ ਕਪੜਿਆਂ ਵਾਂਗੂੰ ਹੰਢਾਏ ਹਨ, ਕਦੇ ਕਿਸੇ ਹਕੂਮਤ ਦੀ ਪ੍ਰਵਾਹ ਨਹੀਂ ਕੀਤੀ। ਜਦੋਂ ਸਿੱਖ ਕੁਰਬਾਨੀ ਦੇ ਰੰਗ ਵਿੱਚ ਹੁੰਦਾ ਹੈ ਫਿਰ ਨਾ ਨੁਕਸਾਨ ਦੀ ਪ੍ਰਵਾਹ ਹੁੰਦੀ ਨਾ ਜਾਨ ਜਾਣ ਦਾ ਫਿਕਰ ਹੁੰਦਾ ਹੈ, ਫਿਰ ਸ਼ਹਾਦਤ ਜਾਂ ਮਿਸ਼ਨ ਦੀ ਸਫਲਤਾ ਹੀ ਮੁੱਖ ਹੁੰਦੀ ਹੈ। ਇਸ ਤੋਂ ਵਧ ਜ਼ੁਲਮ ਕੀ ਹੋ ਸਕਦਾ ਹੈ ਕ ਇਕ ਪੈਗੰਬਰ ਨੂੰ ਜੇਲ ਡੱਕ ਦਿਓ, ਇਕ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿਓ, ਇਕ ਨੂੰ ਚਾਂਦਨੀ ਚੌਂਕ ਵਿੱਚ ਸ਼ਰੇਆਮ ਅਵਾਮ ਦੇ ਸਾਹਮਣੇ ਸ਼ਹੀਦ ਕਰ ਦਿਓ, ਇੱਕ ਨਾਲ ਧੋਖਾ ਕਰਕੇ ਕਿਲਾ ਛੁਡਵਾ ਲਵੋ, ਫਿਰ ਹੱਲਾ ਬੋਲ ਦਿਓ ਅਤੇ ਉਸ ਦੇ ਵੱਡੇ ਬੇਟਿਆਂ ਨੂੰ ਲੱਖਾਂ ਦੀ ਫੌਜਾਂ ਨਾਲ ਘੇਰਕੇ ਸ਼ਹੀਦ ਕਰ ਦਿਓ ਤੇ ਛੋਟੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਿਓ, ਇਸ ਤੋਂ ਵੱਡੀ ਬੇਈਮਾਨੀ ਵੀ ਕੀ ਹੋ ਸਕਦੀ ਹੈ ਕਿ ਜਾਲਮ ਅਤੇ ਮਜਲੂਮ ਦੋਹੇ ਇਕ ਪਾਸੇ ਹੋ ਜਾਣ ਅਤੇ ਸ਼ਹਾਦਤ ਦੇਣ ਵਾਲੇ ਕੋਲ ਫਿਰ ਅਕਾਲ ਪੁਰਖ ਦਾ ਸਹਾਰਾ ਆਪਣੇ ਵਿਰਸੇ ਦੀ ਸੁਗੰਧੀ ਹੀ ਹੋਵੇ।

ਇਸ ਹੱਦ ਤਕ ਜਾਕੇ ਜਾਲਮ ਨੇ ਬਹੁਤ ਵਾਰ ਖੁਸ਼ੀਆਂ ਮਨਾਈਆਂ ਕਿ ਸਿੱਖੀ ਖਤਮ ਹੋ ਗਈ ਹੈ, ਸਿੱਖਾਂ ਦਾ ਲੱਕ ਤੋੜ ਦਿਤਾ ਹੈ, ਹੁਣ ਸਿੱਖ ਕਦੇ ਉਠ ਨਹੀਂ ਸਕਣਗੇ, ਪਰ ਇਹ ਉਹਨਾਂ ਦਾ ਸੁਫਨਾ ਹੀ ਸਾਬਿਤ ਹੋਇਆ, ਪੁਰਾਤਨ ਇਤਿਹਾਸ ਦੀ ਜੇ ਕੋਈ ਮਿਸਾਲ ਦੇਵਾਗਾ ਤਾਂ ਨਵਜੰਮੇ ਪਾਠਕ ਸੋਚਣਗੇ ਕਿ ਸ਼ਾਇਦ ਕੋਈ ਕਾਲਪਨਿਕ ਕਹਾਣੀ ਹੈ, ਇਸ ਕਰਕੇ ਅਜੋਕੇ ਸਮੇ ਦੇ ਇਤਿਹਾਸ ਵਿੱਚੋਂ ਹੀ ਕੋਈ ਪਤਰਾ ਖੋਲ•ਕੇ ਵੇਖ ਲਵੋ ਤਾਂ ਸਿੱਖਾਂ ਵਿਰੁਧ ਹੋਏ ਜੁਲਮ ਤੋਂ, ਸਿੱਖ ਕਿਵੇ ਫਿਰ ਖੜੇ ਹੋਏ ਸਭ ਕੁੱਝ ਸਾਫ਼ ਸਾਫ਼ ਨਜਰ ਆ ਜਾਵੇਗਾ। ਜੂਨ 1984 ਦਾ ਸਮਾ ਚੇਤੇ ਕਰੋ ਜਦੋ ਦੁਨੀਆ ਦੀਆਂ ਵੱਡੀਆਂ ਤਾਕਤਾਂ ਵਿਚ ਗਿਣੇ ਜਾਂਦੇ ਭਾਰਤ ਦੇਸ਼ ਹੀ ਹੰਕਾਰੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਇਕ ਭੁਲੇਖਾ ਸੀ ਕਿ ਮੈਂ ਇਕ ਵੱਡੀ ਤਾਕਤ ਦੀ ਮਾਲਕ ਹਾ, ਮੇਰੇ ਕੋਲ ਸੁੰਦਰਜੀ, ਕੇ ਐਸ ਬਰਾੜ ਅਤੇ ਵੈਦਿਆ ਵਰਗੇ ਜਰਨੈਲ ਹਨ, ਸਿੱਖਾਂ ਦਾ ਤਾਂ ਇਕ ਹੀ ਜਰਨੈਲ ਸਿੰਘ ਭਿੰਡਰਾਵਾਲਾ ਹੈ , ਜਿਸ ਨੂੰ ਖਤਮ ਕਰਕੇ ਉਹ ਸੋਚਦੀ ਸੀ ਕਿ ਮੈਂ ਸਿੱਖੀ ਜਜਬਾਤਾ ਦਾ ਭੋਗ ਪਾ ਦਿਤਾ ਹੈ, ਲੇਕਿਨ ਉਸ ਨੂੰ ਇਹ ਪਤਾ ਨਹੀਂ ਸੀ ਕਿ ਭਿੰਡਰਾਵਾਲਾ ਮਨੁੱਖ ਨਹੀਂ ਸੋਚ ਹੈ, ਜਿਹੜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੋਂ ਵਰੋਸਾਈ ਹੋਈ ਹੈ, ਇਹ ਕਿਸੇ ਵੀ ਸਿੱਖ ਵਿੱਚ ਪ੍ਰਗਟ ਹੋ ਸਕਦੀ ਹੈ।

ਕੁਝ ਮਹੀਨਿਆਂ ਦੀ ਮੋਹਲਤ ਨੇ ਹੀ ਇੰਦਰਾ ਦੀ ਠੋਡੀ ਹੇਠਾਂ ਇਕ ਨਹੀਂ ਦੋ ਦੋ ਭਿੰਡਰਾਵਾਲੇ ਪੈਦਾ ਕਰ ਦਿੱਤੇ, ਸ਼ਹੀਦ ਸ. ਬੇਅੰਤ ਸਿੰਘ ਅਤੇ ਸ. ਸਤਵੰਤ ਸਿੰਘ, ਜਿਹੜੇ ਉਸ ਦਾ ਕਾਲ ਬਣਕੇ ਸਾਹਮਣੇ ਖੜੇ ਹੋ ਗਾਏ, ਜਰਨਲ ਵੈਦਿਆ ਵੀ ਪੂਨੇ ਦੀਆਂ ਠੰਡੀਆਂ ਬਾਹਰਾ ਵਿੱਚ ਅਨੰਦ ਲੁਟ ਰਿਹਾ ਸੀ ਅਤੇ ਕਦੇ ਕਦੇ ਮਨ ਵਿੱਚ ਹੰਕਾਰ ਵੀ ਕਰਦਾ ਹੋਵੇਗਾ ਕਿ ਮੈਂ ਸਿੱਖਾਂ ਨੂੰ ਅਜਿਹਾ ਤੇਲ ਦਿੱਤਾ ਹੈ, ਮੀਰ ਮੰਨੂ ਜਕਰੀਏ, ਵਜੀਦੇ ਔਰੰਗੇ ਸਭ ਨੂੰ ਵੀ ਭੁੱਲ ਜਾਣਗੇ, ਪਰ ਉਸ ਵੇਲੇ ਪਾਣੀ ਧਾਣੀ ਹੋ ਗਿਆ ਹੋਵੇਗਾ ਜਦੋ ਗੁਰੂ ਦੁਲਾਰੇ ਸਿੱਖੀ ਦੇ ਵਾਰਿਸ ਸ਼ਹੀਦ ਭਾਈ ਸੁੱਖਾ ਅਤੇ ਜਿੰਦਾ ਯਮਰਾਜ ਦੇ ਦੂਤਾ ਵਾਂਗੂੰ ਸਾਹਮਣੇ ਖੜੇ ਦਿਸੇ ਹੋਣਗੇ ਸ਼ਾਇਦ ਉਸ ਵੇਲੇ ਗੁਰੂ ਰਾਮਦਾਸ ਦਾ ਦਰਬਾਰ ਚੇਤੇ ਆਇਆ ਹੋਵੇ, ਜਿਥੇ ਸਨੇ ਜੁੱਤੀਆਂ ਹਕੂਮਤ ਦੀ ਸ਼ਕਤੀ ਦੇ ਅਫਰੇਵੇਂ ਵਿੱਚ ਬੇਖੌਫ ਘੁੰਮਦੇ ਸਨ, ਉਸ ਤੋਂ ਬਾਅਦ ਵੀ ਭਾਰਤ ਦੀ ਹਕੂਮਤ ਨੇ ਕਦੇ ਰਿਬੇਰੋ ਕੇ.ਪੀ.ਐਸ. ਗਿੱਲ ਨੀਮ ਫੌਜੀ ਦਲ ਗਵਰਨਰੀ ਰਾਜ ਸ਼ਕਤੀ ਦੀ ਖੁੱਲੀ ਵਰਤੋਂ ਦੇ ਅਧਿਕਾਰ ਦੇ ਕੇ ਸਿੱਖਾਂ ਦੇ ਸਬਰ ਨੂੰ ਪਰਖਿਆ, ਬੇਸ਼ਕ ਪੰਜਾਬ ਦੀਆਂ ਤੀਹ ਹਜ਼ਾਰ ਮਾਵਾ ਨੇ ਆਪਣੀਆਂ ਗੋਦਾਂ ਸੁੰਨੀਆਂ ਕਰਵਾ ਲਈਆਂ, ਪਰ ਇਮਤਿਹਾਨ ਵਿੱਚ ਖਰੀਆਂ ਹੋ ਨਿਬੜੀਆਂ, ਸਿੱਖਾਂ ਦੇ ਬੱਚਿਆਂ ਦਾ ਸ਼ਿਕਾਰ ਕਰਕੇ ਜਾਲਮ ਥੱਕ ਗਏ ਪਰ ਸਿੱਖ ਕੁਰਬਾਨੀਆਂ ਦੇਣ ਤੋਂ ਨਹੀਂ ਥੱਕੇ।

ਅੱਜ ਵੀ ਪਚਾਸੀਆਂ ਨੂੰ ਢੁੱਕਣ ਵਾਲਾ ਬਾਪੁ ਸੂਰਤ ਸਿੰਘ ਖਾਲਸਾ ਸ਼ਹੀਦੀ ਮੁਕਾਮ ਦੇ ਰੂ-ਬ-ਰੁ ਹੋ ਚੱਲਿਆ ਹੈ, ਇਥੋਂ ਦੀ ਸਰਕਾਰ ਬਜਾਇ ਬਾਪੁ ਖਾਲਸਾ ਦੀ ਜਾਨ ਬਚਾਉਣ ਦੇ, ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਥਾਂ ਹੋਸ਼ੇ ਹੱਥ ਕੰਡਿਆ ਤੇ ਉਤਾਰੂ ਹੋ ਗਈ ਹੈ। ਕਿੱਡੀ ਹੈਰਾਨੀ ਦੀ ਗੱਲ ਹੈ ਕੀ ਕਿਸੇ ਨੂੰ ਅਮਨਮਈ ਤਰੀਕੇ ਮਰਨ ਦੀ ਵੀ ਇਜਾਜ਼ਤ ਨਹੀਂ ਹੈ ਅੱਜ ਸਿੱਖਾਂ ਨਾਲ ਫਿਰ ਸਤਾਰਵੀ ਅਠਾਰਵੀ ਸਦੀ ਵਾਲਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਅੱਜ ਔਰੰਗਾ ਵਜੀਦਾ ਅਤੇ ਸੁੱਚਾ ਨੰਦ ਫਿਰ ਇਕੱਠੇ ਹਨ ਲੇਕਿਨ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਆਪੰਥਕ ਸਰਕਾਰ ਦੇ ਰਾਹੀ ਸਭ ਕੁੱਝ ਹੋ ਰਿਹਾ ਹੈ ਜੇ ਅੰਨਾ ਹਜਾਰੇ ਮਰਨ ਵਰਤ ਰੱਖੇ ਮੀਡੀਆ ਚੀਕਦਾ ਹੈ, ਪਰ ਹੁਣ ਕੁੱਝ ਇਕ ਅਖਬਾਰਾਂ ਤੋਂ ਬਿਨਾਂ ਸਭ ਵਜੀਦੇ ਦੇ ਯਾਰ ਦਿੱਸ ਰਹੇ ਹਨ, ਪੰਜਾਬ ਦੀ ਬਾਦਲੀ ਸਰਕਾਰ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਬਾਪੁ ਸ਼ਹੀਦੀ ਦੇ ਬਿਲਕੁਲ ਨੇੜੇ ਹੈ ਅਤੇ ਉਹ ਕਿਸੇ ਵੀ ਤਰੀਕੇ ਬਾਪੁ ਦੀ ਵਸੀਹਤ ਅਨੁਸਾਰ ਉਹਨਾਂ ਦੀ ਦੇਹ ਦੀ ਯਾਤਰਾ ਨਹੀਂ ਹੋਣ ਦੇਣਾ ਚਾਹੁੰਦੀ, ਅੱਜ ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਪੰਜਾਬ ਸਰਕਾਰ ਸਰਹਿੰਦ ਦੀ ਸੂਬੇਦਾਰ ਅਤੇ ਦਿੱਲੀ ਔਰੰਗਜ਼ੇਬ ਦਾ ਕਿਰਦਾਰ ਨਿਭਾਅ ਰਹੀ ਹੈ ਸਾਧ ਯੂਨੀਅਨ ( ਅਖੌਤੀ ਸੰਤ ਸਮਾਜ਼) ਦੀਵਾਨ ਸੁੱਚਾ ਨੰਦ ਬਣਿਆ ਦਿੱਸ ਰਿਹਾ ਹੈ, ਕੋਈ ਨੂਰਾ ਮਾਹੀ ਨਜਰ ਨਹੀਂ ਆ ਰਿਹਾ, ਸਭ ਪਾਸੇ ਬੇਗਾਨਗੀ ਹੀ ਬੇਗਾਨਗੀ ਨਜਰ ਆਉਂਦੀ ਹੈ।

ਬਾਪੁ ਖਾਲਸਾ ਦੇ ਹੱਕ ਵਿੱਚ ਹੋਣ ਵਾਲੇ ਸਾਰੇ ਮਾਰਚ ਪੁਲਿਸ ਨੇ ਆਗੂ ਅਤੇ ਵਰਕਰ ਗ੍ਰਿਫਤਾਰ ਕਰਕੇ ਅਸਫਲ ਬਣਾ ਦਿਤੇ ਹਨ ਪਰ ਫਿਰ ਵੀ ਕੁਝ ਮਰਜੀਵੜੇ ਝਕਾਨੀਆਂ ਦੇ ਕੇ ਹਸਨਪੁਰ ਪੁੱਜਣ ਵਿਚ ਕਾਮਯਾਬ ਹੋਏ, ਸੰਘਰਸ਼ ਕਮੇਟੀ ਦੇ ਸਾਰੇ ਮੈਂਬਰ ਗ੍ਰਿਫਤਾਰ ਕਰ ਲਏ ਗਏ ਹਨ, ਅਜਿਹਾ ਜ਼ੁਲਮ ਲੋਕ ਤੰਤਰ ਵਿੱਚ ਇੱਕ ਮਿਸਾਲ ਬਣ ਗਿਆ ਹੈ ਕਿ ਕਿਸੇ ਨੂੰ ਅਮਨਮਈ ਹੱਕ ਮੰਗਣ ਦੀ ਵੀ ਇਜਾਜ਼ਤ ਨਹੀਂ ਹੈ, ਅੱਜ ਜੋ ਦੁਰਦਸ਼ਾ ਅਮਰੀਕਾ ਕਨੇਡਾ ਵਿੱਚ ਬਾਦਲੀ ਸੋਚ ਦੀ ਹੋ ਰਹੀ ਹੈ, ਜੇ ਇੰਜ ਹੀ ਜੁਲਮ ਹੁੰਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਥੇ ਵੀ ਹਾਕਮ ਨੂੰ ਆਪਣੀ ਔਕਾਤ ਦੇ ਦਰਸ਼ਨ ਹੋ ਜਾਣਗੇ, ਜੇ ਸਿੱਖ ਮੀਰ ਮੰਨੂ ਔਰੰਗਿਆ ਵਜ਼ੀਦਿਆਂ ਦੇ ਦੌਰ ਵਿੱਚੋਂ ਬਾਬਾ ਬੋਤਾ ਸਿੰਘ ਸਿੰਘ ਗਰਜਾ ਸਿੰਘ ਬਣਕੇ, ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੇ ਰਹੇ ਹਨ, ਤਾਂ ਹੁਣ ਵੀ ਸਿੱਖਾਂ ਦੇ ਜਜਬਾਤਾ ਨੂੰ ਦਬਾਉਣਾ ਕਿਸੇ ਹੀ ਮੂਰਖਤਾ ਜਾਂ ਭੁਲੇਖਾ ਹੀ ਹੋ ਸਕਦਾ ਹੈ। ਇਕ ਦਿਨ ਸਿੱਖ ਸੁਨਾਮੀ ਬਣਕੇ ਉਠਣਗੇ ਜ਼ੁਲਮੀ ਸੌਦਾਗਰਾਂ ਦੇ ਬੇੜੇ ਨੂੰ ਵਹਾਅ ਕੇ ਲੈ ਜਾਣਗੇ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top