Share on Facebook

Main News Page

ਸ੍ਰੀ ਦਰਬਾਰ ਸਾਹਿਬ ਦਾ ਐਡੀਸ਼ਨਲ ਮੈਨੇਜਰ ਚਰਿੱਤਰਹੀਣਤਾ ਦੇ ਦੋਸ਼ ਵਿੱਚ ਮੁਅੱਤਲ

* ਚੋਰੀ ਕਰਦੇ ਦੋ ਹੋਰ ਮੁਲਾਜ਼ਮ ਵੀ ਕੀਤੇ ਵਿਹਲੇ

ਅੰਮ੍ਰਿਤਸਰ 21 ਜੁਲਾਈ (ਜਸਬੀਰ ਸਿੰਘ): ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਦਰਬਾਰ ਸਾਹਿਬ ਵਿਭਾਗ ਦੇ 28 ਮੈਨੇਜਰਾਂ ਦੀ ਵੱਡੀ ਫੌਜ ਵਿੱਚੋ ਇੱਕ ਐਡੀਸ਼ਨਲ ਮੈਨੇਜਰ ਨੂੰ ਸ਼੍ਰੋਮਣੀ ਕਮੇਟੀ ਦੇ ਇੱਕ ਮਰਹੂਮ ਮੁਲਾਜ਼ਮ ਦੀ ਪਤਨੀ ਨੂੰ ਅਗਵਾ ਕਰਕੇ ਲੈ ਜਾਣ ਦੇ ਦੋਸ਼ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਮੁਅੱਤਲ ਕਰ ਦਿੱਤਾ ਹੈ ਜਦ ਕਿ ਇਸ ਸਬੰਧੀ ਪਹਿਲਾਂ ਇੱਕ ਦਰਖਾਸਤ ਥਾਣਾ ਸੁਲਤਾਨਵਿੰਡ ਵਿਖੇ ਵਿਚਾਰ ਅਧੀਨ ਹੈ। ਕਥਿਤ ਦੋਸ਼ੀ ਮੈਨੇਜਰ ਦਾ ਕਹਿਣਾ ਹੈ ਕਿ ਉਸ ਨੇ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਤੇ ਉਸ ਨੂੰ ਕਿਸੇ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਲੰਗਰ ਹਾਲ ਵਿੱਚ ਕੰਮ ਕਰਦੇ ਇੱਕ ਮੇਜਰ ਸਿੰਘ ਨਾਮੀ ਸੇਵਾਦਾਰ ਤੇ ਇੱਕ ਆਰਜੀ ਭਰਤੀ ਕੀਤੇ ਗੁਰਪ੍ਰੀਤ ਸਿੰਘ ਨੂੰ ਚੋਰੀ ਕਰਨ ਦੇ ਦੋਸ਼ ਵਿੱਚ ਵਿਹਲਿਆ ਕਰ ਦਿੱਤਾ ਗਿਆ ਹੈ।

ਹਮੇਸ਼ਾਂ ਚਰਚਾ ਵਿੱਚ ਰਹਿਣ ਵਾਲੀ ਸਿੱਖਾਂ ਦੀ ਸਰਵ ਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਾਪਰਦੇ ਨਵੇ ਤੋ ਨਵੇ ਸਕੈਂਡਲ ਜਿਥੇ ਸਿੱਖ ਪੰਥ ਤੇ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਢਾਹ ਲਗਾ ਕੇ ਕਈ ਉਲਝਣਾਂ ਪੈਦਾ ਕਰਨ ਵਾਲੇ ਹਨ ਉਥੇ ਸ਼੍ਰੋਮਣੀ ਕਮੇਟੀ ਦੇ ਨਾਅਹਿਲ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੀ ਢਿੱਲੀ ਕਮਾਂਡ ਤੇ ਸੰਸਥਾ ਵਿੱਚ ਫੈਲੇ ਭ੍ਰਿਸ਼ਟਾਚਾਰ ਕਾਰਨ ਸ਼੍ਰੋਮਣੀ ਕਮੇਟੀ ਇਸ ਵੇਲੇ ਸਿੱਖਾਂ ਦੇ ਉਸ ਸਤਿਕਾਰ ਦੀ ਪਾਤਰ ਨਹੀਂ ਰਹੀ ਜਿਹੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਹੁੰਦਾ ਸੀ।

ਪਿਛਲੇ ਕਈ ਦਿਨਾਂ ਤੋ ਸ੍ਰੀ ਦਰਬਾਰ ਸਾਹਿਬ ਦੇ ਇੱਕ ਚਰਚਿਤ ਮੈਨੇਜਰ ਦੇ ਖਿਲਾਫ ਇੱਕ ਔਰਤ ਨੂੰ ਅਗਵਾ ਕਰ ਲੈ ਜਾਣ ਦੀਆ ਖਬਰਾਂ ਦਾ ਬਜ਼ਾਰ ਗਰਮ ਸੀ ਤੇ ਪਹਿਲਾਂ ਤੇ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀ ਇਹ ਕਹਿ ਕੇ ਉਸ ਮੈਨੇਜਰ ਦਾ ਪੱਖ ਪੂਰਦੇ ਰਹੇ ਕਿ ਉਹ ਤਾਂ ਮੱਥਾ ਟੇਕਣ ਧਾਰਮਿਕ ਯਾਤਰਾ ਤੇ ਗਿਆ ਹੈ, ਪਰ ਇਸ ਅਖੌਤੀ ਯਾਤਰਾ ਦੀ ਬਿੱਲੀ ਉਸ ਵੇਲੇ ਥੈਲਿਉ ਬਾਹਰ ਆ ਗਈ ਜਦੋਂ ਥਾਣਾ ਸੁਲਤਾਨਵਿੰਡ ਵਿਖੇ ਉਸ ਔਰਤ ਦੇ ਲੜਕੇ ਨੇ ਸਿੱਧੇ ਰੂਪ ਵਿੱਚ ਸਬੰਧਿਤ ਮੈਨੇਜਰ ਤੇ ਉਸ ਦੀ ਮਾਂ ਨੂੰ ਅਗਵਾ ਕਰ ਲੈ ਜਾਣ ਦੇ ਦੋਸ਼ ਲਗਾਏ। ਉਸ ਔਰਤ ਦੇ ਘਰ ਵਾਪਸ ਆ ਜਾਣ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਮੈਨੇਜਰ ਸਾਹਿਬ ਪਿਛਲੇ ਦੋ ਦਿਨਾਂ ਤੇ ਅਧਿਕਾਰੀਆ ਨਾਲ ਮੀਟਿੰਗਾਂ ਕਰਕੇ ਆਪਣਾ ਪੱਖ ਜਰੂਰ ਪੂਰਦੇ ਰਹੇ ਕਿ ਉਸ ਦਾ ਕੋਈ ਕਸੂਰ ਨਹੀਂ ਹੈ ਪਰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਲੰਮੀਆ ਬਾਹਾਂ ਤੇ ਉਪਰ ਤੱਕ ਪਹੁੰਚ ਰੱਖਣ ਵਾਲੇ ਮੈਨੇਜਰ ਨੂੰ ਮੁਅੱਤਲ ਕਰਕੇ ਹਾਲ ਦੀ ਘੜੀ ਚਰਚਾ ਬੰਦ ਕਰ ਦਿੱਤੀ ਹੈ ਅਤੇ ਜਲਦੀ ਇੱਕ ਸਬ ਕਮੇਟੀ (ਜਿਸ ਨੂੰ ਸ਼੍ਰੋਮਣੀ ਵਾਲੇ ਸਭ ਕੁਝ ਮਿੱਟੀ ਕਰ ਦਿਉ ਦੇਲਕਬ ਨਾਲ ਬੁਲਾਉਦੇ ਹਨ) ਮੈਨੇਜਰ ਸਾਹਿਬ ਨੂੰ ਫਿਰ ਕਿਸੇ ਵੱਡੇ ਜਥੇਦਾਰ ਦੀ ਸਿਫਾਰਸ਼ ਨਾਲ ਬਹਾਲ ਕਰਨ ਦੀ ਸਿਫ਼ਾਰਸ਼ ਕਰ ਦੇਵੇਗੀ ਤੇ ਲੁੱਡੀਆਂ ਪਾਉਦਾ ਮੈਨੇਜਰ ਫਿਰ ਮੁੱਛਾਂ ਨੂੰ ਤਾਅ ਦੇ ਕੇ ਡਿਊਟੀ ਤੇ ਹਾਜ਼ਰ ਹੋ ਜਾਵੇਗਾ।

ਦੂਸਰੇ ਪਾਸੇ ਸਬੰਧਿਤ ਮੈਨੇਜਰ ਦਾ ਕਹਿਣਾ ਹੈ ਕਿ ਉਸ ਨੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਉਹ ਤਾਂ ਉਸ ਔਰਤ ਨੂੰ ਜਾਣਦਾ ਤੱਕ ਨਹੀਂ ਹੈ ਸਗੋ ਕੁਝ ਉਸ ਦੇ ਵਿਰੋਧੀਆ ਵੱਲੋ ਰਚੀ ਗਈ ਸਾਜਿਸ਼ ਤਹਿਤ ਉਸ ਨੂੰ ਫਸਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਜਿਸ ਲੜਕੇ ਨੇ ਅਗਵਾ ਕਰਨ ਦੀ ਦਰਖਾਸਤ ਥਾਣਾ ਸੁਲਤਾਨਵਿੰਡ ਵਿਖੇ ਦਿੱਤੀ ਹੈ ਉਸ ਬਾਰੇ ਜਾਣਕਾਰੀ ਮਿਲੀ ਹੈ ਕਿ ਉਸ ਨੇ ਪਹਿਲਾਂ ਦਰਖਾਸਤ ਆਪਣੇ ਚਾਚੇ ਤਾਇਆ ਤੇ ਦਿੱਤੀ ਸੀ ਕਿ ਉਹਨਾਂ ਨੇ ਉਸ ਦੀ ਮਾਂ ਨੂੰ ਅਗਵਾ ਕੀਤਾ ਹੈ ਪਰ ਪਿੰਡ ਦੀ ਪੰਚਾਇਤ ਵੱਲੇ ਸਫਾਈ ਦੇਣ ਤੇ ਪੁਲੀਸ ਨੇ ਉਹਨਾਂ ਨੂੰ ਤਾਂ ਬਰੀ ਕਰ ਦਿੱਤਾ ਤੇ ਹੁਣ ਫਿਰ ਨਵੀ ਦਰਖਾਸਤ ਉਸ ਕੋਲੋ ਸਾਜਿਸ਼ ਤਹਿਤ ਦਿਵਾਈ ਗਈ ਹੈ। ਉਸ ਨੇ ਕਿਹਾ ਕਿ ਉਹ ਲੰਮੇ ਸਮੇਂ ਤੋ ਸ਼੍ਰੋਮਣੀ ਕਮੇਟੀ ਵਿੱਚ ਵੱਖ ਵੱਖ ਆਹੁਦਿਆ ਤੇ ਕੰਮ ਕਰ ਚੁੱਕਾ ਹੈ ਤੇ ਇਥੋ ਦੀ ਮਰਿਆਦਾ ਨੂੰ ਭਲੀਭਾਂਤ ਜਾਣਦਾ ਹੈ। ਉਸ ਨੇ ਕਿਹਾ ਕਿ ਉਹ ਨੂੰ ਨਜ਼ਾਇਜ਼ ਤੌਰ ਤੇ ਮੁਅੱਤਲ ਕੀਤਾ ਹੈ ਤੇ ਜਲਦੀ ਸੱਚ ਝੂਠ ਦਾ ਨਿਤਾਰਾ ਹੋ ਜਾਵੇਗਾ।ਜਾਣਕਾਰੀ ਮਿਲੀ ਹੈ ਕਿ ਇਸ ਮੈਨੇਜਰ ਨੂੰ ਪੰਜਾਬ ਦੇ ਇੱਕ ਧੱਕੜ ਤੇ ਮੁੱਖ ਮੰਤਰੀ ਸ੍ਰੀ ਬਾਦਲ ਦੇ ਨਜ਼ਦੀਕੀ ਮੰਤਰੀ ਦਾ ਅਸ਼ੀਰਵਾਦ ਪ੍ਰਾਪਤ ਹੈ ਤੇ ਉਸ ਦੀ ਸਿਫ਼ਾਰਸ਼ ਵੀ ਮੈਨੇਜਰ ਨੂੰ ਬਚਾਉਣ ਲਈ ਆਪਣਾ ਬਣਦਾ ਰੋਲ ਨਿਭਾਏਗੀ।

ਇਸੇ ਤਰ੍ਹਾਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਦੋ ਮੁਲਾਜ਼ਮਾਂ ਵੱਲੋ ਤਿੰਨ ਕਿਲੋ ਘਿਉ ਚੋਰੀ ਕੀਤਾ ਜਾ ਰਿਹਾ ਸੀ ਜਿਹਨਾਂ ਨੂੰ ਅਧਿਕਾਰੀਆ ਨੇ ਰੰਗੇ ਹੱਥੀ ਫੜ ਲਿਆ। ਇਹਨਾਂ ਵਿੱਚੋ ਮੇਜਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਆਰਜ਼ੀ ਮੁਲਾਜ਼ਮ ਗੁਰਪ੍ਰੀਤ ਸਿੰਘ ਦੀ ਛੁੱਟੀ ਕਰਕੇ ਘਰ ਨੂੰ ਤੋਰ ਦਿੱਤਾ ਗਿਆ ਹੈ।

ਸ੍ਰ ਬਲਦੇਵ ਸਿੰਘ ਸਿਰਸਾ ਮੀਤ ਪਰਧਾਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਤੇ ਸ੍ਰ ਹਰਬੀਰ ਸਿੰਘ ਸੰਧੂ ਦਫਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਇਸ ਵੇਲੇ ਭ੍ਰਿਸ਼ਟਾਚਾਰ, ਬਦਇਖਲਾਕੀ , ਬਦਇੰਤਜ਼ਾਮੀ ਤੇ ਚਰਿੱਤਰਹੀਣਤਾ ਦੀਆ ਕਹਾਣੀਆ ਚਰਮ ਸੀਮਾ ਤੇ ਪੁੱਜ ਗਈਆ ਤੇ ਇਹ ਕੋਈ ਨਵੀ ਘਟਨਾ ਨਹੀਂ ਹੈ ਅਤੇ ਇਨਸਾਫ ਹੋਣ ਦੀ ਕੋਈ ਆਸ ਨਹੀਂ ਹੈ ਫਿਰ ਵੀ ਉਹ ਮੰਗ ਕਰਦੇ ਹਨ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆ ਦੇ ਖਿਲਾਫ ਕੜੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top