Share on Facebook

Main News Page

ਵਿਦੇਸ਼ਾਂ 'ਚ ਪੰਜਾਬੀਆਂ ਦੇ ਤਿੱਖੇ ਪ੍ਰਤੀਕਰਮ ਤੋਂ ਅਕਾਲੀ ਹੱਕੇ-ਬੱਕੇ

ਮੇਜਰ ਸਿੰਘ: ਜਲੰਧਰ, 21 ਜੁਲਾਈ-ਉੱਤਰੀ ਅਮਰੀਕਾ 'ਚ ਦੌਰੇ 'ਤੇ ਆਏ ਅਕਾਲੀ ਨੇਤਾਵਾਂ ਨਾਲ ਹੋ ਰਹੇ ਮਾੜੇ ਵਿਵਹਾਰ ਤੋਂ ਅਕਾਲੀ ਲੀਡਰਸ਼ਿਪ ਹੱਕੀ-ਬੱਕੀ ਹੋ ਕੇ ਰਹਿ ਗਈ ਹੈ ਤੇ ਪਾਰਟੀ ਦਾ ਵੱਡਾ ਹਿੱਸਾ ਇਹ ਕਹਿੰਦਿਆਂ ਸੁਣਿਆ ਜਾ ਰਿਹਾ ਹੈ ਕਿ ਬਿਨਾਂ ਕਿਸੇ ਤਿਆਰੀ ਦੇ ਆਗੂਆਂ ਨੂੰ ਉਥੇ ਭੇਜਣ ਦੀ ਕੀ ਕਾਹਲੀ ਪਈ ਸੀ। ਵਰਨਣਯੋਗ ਹੈ ਕਿ ਪਿਛਲੇ 7 ਸਾਲ ਤੋਂ ਅਕਾਲੀ ਆਗੂ ਵਿਦੇਸ਼ਾਂ ਵਿਚ ਆਮ ਜਾਣੇ ਸ਼ੁਰੂ ਹੋ ਗਏ ਸਨ ਤੇ ਉਨ੍ਹਾਂ ਨੂੰ ਲੱਗਣ ਲੱਗ ਪਿਆ ਸੀ ਕਿ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ 'ਚ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਪਰ ਸਵਾ ਕੁ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਨੇ ਅਕਾਲੀ ਲੀਡਰਸ਼ਿਪ ਦੇ ਕੰਨ ਖੋਲ੍ਹ ਦਿੱਤੇ ਸਨ ਕਿ ਪ੍ਰਵਾਸੀ ਪੰਜਾਬੀ ਅਕਾਲੀਆਂ ਤੋਂ ਬਦਜ਼ਨ ਹੋ ਚੁੱਕੇ ਹਨ। ਅਕਾਲੀ ਆਗੂ ਜਿਵੇਂ ਪੰਜਾਬ ਅੰਦਰ ਉਪ ਚੋਣ ਵਿਚ ਹਲਕੇ 'ਚ ਜਾ ਧਾਵਾ ਬੋਲਦੇ ਹਨ, ਉਸੇ ਤਰਜ਼ ਉੱਪਰ ਪ੍ਰਵਾਸੀ ਪੰਜਾਬੀ ਵਸੋਂ ਵਾਲੇ ਵਿਧਾਨਕਾਰਾਂ ਨੇ ਆਪਣੇ ਹਲਕਿਆਂ ਦੇ ਵਿਦੇਸ਼ਾਂ ਵਿਚ ਵਸੇ ਲੋਕਾਂ ਨੂੰ ਵਸ ਵਿਚ ਕਰਨ ਲਈ ਇਕਦਮ ਵਿਦੇਸ਼ਾਂ ਵੱਲ ਧਾਵਾ ਬੋਲ ਦਿੱਤਾ।

ਸਭ ਤੋਂ ਪਹਿਲਾਂ ਸ: ਪ੍ਰੇਮ ਸਿੰਘ ਚੰਦੂਮਾਜਰਾ ਗਏ, ਪਰ ਉਨ੍ਹਾਂ ਲਗਦਾ ਹੈ ਕਿ ਹਵਾ ਦਾ ਰੁਖ਼ ਵੇਖ ਕੇ ਜਨਤਕ ਇਕੱਠ ਕਰਨ ਜਾਂ ਇਕੱਠਾਂ 'ਚ ਜਾਣ ਤੋਂ ਟਾਲਾ ਹੀ ਵੱਟਿਆ। ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ 'ਚ ਉਹ ਕਿਸੇ ਹੋਰ ਸੰਸਥਾ ਵੱਲੋਂ ਕਰਵਾਏ ਜਾ ਰਹੇ ਸਮਾਗਮ ਵਿਚ ਹੀ ਸ਼ਾਮਿਲ ਹੋਏ। ਇਸ ਸਮਾਗਮ 'ਚ ਚੰਦੂਮਾਜਰਾ ਦੀ ਹਾਜ਼ਰੀ ਵਿਚ ਹੀ ਮੁੱਖ ਪ੍ਰਬੰਧਕ ਨੇ ਆਖ ਦਿੱਤਾ ਸੀ ਕਿ ਜੇਕਰ ਪੰਜਾਬ 'ਚ ਨਸ਼ੇ ਵੰਡਣ ਵਾਲੇ ਆਗੂ ਇਤੇ ਆਏ ਤਾਂ ਸੁੱਕੇ ਨਹੀਂ ਜਾਣ ਦਿਆਂਗੇ। ਹੁਣ ਅਕਾਲੀ ਦਲ ਦੇ ਦਰਜਨ ਤੋਂ ਵਧੇਰੇ ਗਏ ਆਗੂਆਂ ਨਾਲ ਵੈਨਕੂਵਰ, ਟੋਰਾਂਟੋ ਤੇ ਨਿਊਯਾਰਕ ਵਿਚ ਜੋ ਵਿਵਹਾਰ ਹੋਇਆ ਹੈ, ਉਸ ਨੇ ਤਾਂ ਪੂਰੀ ਅਕਾਲੀ ਲੀਡਰਸ਼ਿਪ ਨੂੰ ਹੀ ਡਾਹਢੀ ਚਿੰਤਾ 'ਚ ਪਾ ਦਿੱਤਾ ਹੈ। ਵਿਦੇਸ਼ਾਂ ਵਿਚ ਅਕਾਲੀ ਆਗੂਆਂ ਦੀ ਖਿੱਲੀ ਉੱਡਣ ਤੋਂ ਬਾਅਦ ਕੀ ਹੁਣ ਪਾਰਟੀ ਉਨ੍ਹਾਂ ਨੂੰ ਵਾਪਸ ਆਉਣ ਦੀ ਹਦਾਇਤ ਕਰੇਗੀ, ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਨਾਂਅ ਨਾ ਛਾਪਣ ਦੀ ਸ਼ਰਤ ਉੱਪਰ ਆਖਿਆ ਕਿ 'ਜੇ ਅਜੇ ਹੋਰ ਖ਼ਾਤਰ ਕਰਵਾਉਣੀ ਹੈ ਤਾਂ ਰਹਿ ਜਾਣਗੇ।'

ਵੱਖ-ਵੱਖ ਅਕਾਲੀ ਆਗੂਆਂ, ਪ੍ਰਵਾਸੀ ਪੰਜਾਬੀ ਆਗੂਆਂ ਤੇ ਰਾਜ ਦੇ ਖ਼ੁਫੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਤੋਂ ਇਹ ਤੱਥ ਉੱਭਰਦੇ ਹਨ ਕਿ ਅਕਾਲੀ ਨੇਤਾਵਾਂ ਨੇ ਵਿਦੇਸ਼ਾਂ ਦਾ ਦੌਰਾ ਆਰੰਭ ਕਰਨ ਤੋਂ ਪਹਿਲਾਂ ਨਾ ਤਾਂ ਵਿਦੇਸ਼ੀ ਪੰਜਾਬੀਆਂ ਦੇ ਵੱਡੇ ਹਿੱਸੇ 'ਚ ਅਕਾਲੀ ਦਲ ਪ੍ਰਤੀ ਪੈਦਾ ਹੋਈ ਨਾਂ-ਪੱਖੀ ਸੋਚ ਨੂੰ ਧਿਆਨ 'ਚ ਰਖਿਆ, ਨਾ ਖ਼ੁਫ਼ੀਆ ਏਜੰਸੀਆਂ ਰਾਹੀਂ ਕੋਈ ਸੂਹ ਲਗਵਾਈ ਤੇ ਸਭ ਤੋਂ ਵੱਡੀ ਗੱਲ ਪਾਰਟੀ ਨਾਲ ਜੁੜੇ ਆ ਰਹੇ ਆਪਣੇ ਆਗੂਆਂ ਦੇ ਮਨ ਵੀ ਨਹੀਂ ਟੋਹੇ। ਪਤਾ ਲੱਗਾ ਹੈ ਕਿ ਪਿਛਲੇ ਕਰੀਬ ਦੋ ਸਾਲ ਤੋਂ ਅਕਾਲੀ ਦਲ ਦਾ ਐਨ. ਆਰ. ਆਈ. ਵਿੰਗ ਭੰਗ ਹੈ। ਇਸ ਨੂੰ ਮੁੜ-ਸੁਰਜੀਤ ਕਰਨ ਦਾ ਯਤਨ ਨਹੀਂ ਕੀਤਾ ਗਿਆ। ਇਸੇ ਕਾਰਨ ਵਿਦੇਸ਼ਾਂ ਵਿਚ ਸਰਗਰਮ ਰਹੇ ਬਹੁਤੇ ਅਕਾਲੀ ਹੁਣ ਅਕਾਲੀ ਨੇਤਾਵਾਂ ਦੇ ਦੌਰੇ ਤੋਂ ਦੂਰੀ ਬਣਾ ਕੇ ਰੱਖ ਰਹੇ ਦਿਖਾਈ ਦੇ ਰਹੇ ਹਨ। ਕਈ ਐਨ. ਆਰ. ਆਈ. ਅਕਾਲੀਆਂ ਦਾ ਕਹਿਣਾ ਹੈ ਕਿ ਪਿਛਲੇ 7-8 ਸਾਲ 'ਚ ਕਦੇ ਵੀ ਇਥੇ ਆਏ ਪ੍ਰਵਾਸੀ ਪੰਜਾਬੀ ਆਗੂਆਂ ਦੀ ਬਾਤ ਨਹੀਂ ਪੁੱਛੀ ਗਈ। ਇਕ ਆਗੂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪ੍ਰਵਾਸੀ ਸੰਮੇਲਨਾਂ ਸਮੇਂ ਉਹ ਇਥੇ ਹੁੰਦੇ ਸਨ, ਪਰ ਕਦੇ ਵੀ ਬਕਾਇਦਾ ਸੱਦਾ-ਪੱਤਰ ਨਹੀਂ ਦਿੱਤਾ ਗਿਆ।

ਐਨ. ਆਰ. ਆਈ. ਸਰਗਰਮੀਆਂ ਨਾਲ ਜੁੜੇ ਇਕ ਸੀਨੀਅਰ ਪੁਲਿਸ ਅਧਿਕਾਰੀ ਕਹਿ ਰਹੇ ਸਨ ਕਿ ਸਾਨੂੰ ਤਾਂ ਪਹਿਲਾਂ ਹੀ ਖਦਸ਼ਾ ਸੀ ਕਿ ਬਾਹਰਲੇ ਮੁਲਕਾਂ 'ਚ ਗਏ ਅਕਾਲੀ ਨੇਤਾਵਾਂ ਨਾਲ ਇਹ ਵਿਵਹਾਰ ਹੋਵੇਗਾ, ਪਰ ਕਿਉਂਕਿ ਸਾਡੀ ਨਾ ਤਾਂ ਕਿਸੇ ਸਲਾਹ ਮੰਗੀ ਤੇ ਨਾ ਹੀ ਸਾਨੂੰ ਇਨ੍ਹਾਂ ਦੌਰਿਆਂ ਦੀ ਵਿਉਂਤਬੰਦੀ ਕਰਨ 'ਚ ਸ਼ਾਮਿਲ ਹੀ ਕੀਤਾ ਗਿਆ। ਇਸੇ ਦੌਰਾਨ ਪਤਾ ਲੱਗਾ ਹੈ ਕਿ ਅਜੇ ਹੋਰ ਜਾਣ ਦੀ ਤਿਆਰੀ ਖਿੱਚੀ ਬੈਠੇ ਅਕਾਲੀ ਆਗੂ ਨੇ ਆਪਣੀਆਂ ਵਿਦੇਸ਼ ਦੀਆਂ ਟਿਕਟਾਂ ਰੱਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top