Share on Facebook

Main News Page

ਪ੍ਰਵਾਸੀ ਪੰਜਾਬੀਆਂ ਵੱਲੋਂ ਅਕਾਲੀਆਂ ਦੀ ਦੁਰਦਸ਼ਾ ਮਗਰੋਂ ਮੌਕਾ ਸੁੰਘਣ ਜਾਣਗੇ ਕੈਪਟਨ

ਅੰਮਿ੍ਤਸਰ, 21 ਜੁਲਾਈ (ਹਰਪ੍ਰੀਤ ਸਿੰਘ ਗਿੱਲ)- 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮਾਹੌਲ ਹੁਣ ਤੋਂ ਗਰਮਾਉਣ ਕਾਰਨ ਸਮੂਹ ਸਿਆਸੀ ਦਲ ਆਪੋ-ਆਪਣਾ ਕਾਫੀਆ ਵਧਾਉਣ 'ਤੇ ਕੇਂਦਰਿਤ ਹੋ ਗਏ ਹਨ, ਜਿਸ ਦੇ ਚੱਲਦਿਆਂ ਮੌਜੂਦਾ ਸਮੇਂ 'ਚ ਚੋਣ ਫ਼ੰਡ ਤੇ ਵੱਡੀ ਗਿਣਤੀ 'ਚ ਦੋਹਰੀਆਂ ਵੋਟਾਂ ਕਾਰਨ ਮਹੱਤਵਪੂਰਨ ਹੋ ਗਏ ਪ੍ਰਵਾਸੀ ਪੰਜਾਬੀਆਂ ਨੂੰ ਭਰਮਾਉਣ ਗਏ ਅਕਾਲੀ ਵਜ਼ੀਰਾਂ ਦਾ ਕੈਨੇਡਾ ਤੇ ਅਮਰੀਕਾ 'ਚ ਵਿਰੋਧ ਹੋਣ ਦੀਆਂ ਨਸ਼ਰ ਹੋਈਆਂ ਖ਼ਬਰਾਂ ਮਗਰੋਂ ਕਾਂਗਰਸ ਵੱਲੋਂ ਖੁਦ ਨੂੰ ਅਗਲੀ ਸਰਕਾਰ ਦੇ ਮੁਖੀ ਵਜੋਂ ਪੇਸ਼ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਵੀ ਸਤੰਬਰ ਮਹੀਨੇ ਉਕਤ ਦੇਸ਼ਾਂ ਦਾ ਦੌਰਾ ਕਰਦਿਆਂ ਹਲਾਤਾਂ ਦਾ ਲਾਭ ਚੁੱਕਣ ਦੀ ਕੋਸ਼ਿਸ਼ ਕਰਨਗੇ । ਕੈਪਟਨ ਅਮਰਿੰਦਰ ਸਿੰਘ ਦਾ ਸਤੰਬਰ 'ਚ ਕੈਨੇਡਾ ਅਮਰੀਕਾ ਫੇਰੀ ਦਾ ਪ੍ਰੋਗਰਾਮ ਹੈ, ਜਿਸ ਦੌਰਾਨ ਉਹ ਆਪਣੇ ਸਮਰਥਕਾਂ ਰਾਹੀਂ ਪ੍ਰਵਾਸੀ ਪੰਜਾਬੀਆਂ 'ਚ ਅਕਾਲੀਆਂ ਪ੍ਰਤੀ ਪਸਰੇ ਰੋਸ 'ਚ ਆਪਣੇ ਹਿੱਤ ਦੇ ਮੌਕੇ ਤਲਾਸ਼ ਕਰਨਗੇ ।

ਕੈਪਟਨ ਨਾਲ ਸਹਿਮਤ ਗਰਮ ਖਿਆਲੀ ਧੜੇ ਦੇ ਇਕ ਖਾਸ ਪ੍ਰਵਾਸੀ ਪੰਜਾਬੀ ਆਗੂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਦੀ ਫੇਰੀ ਮੌਕੇ ਭਰਵੇਂ ਸਵਾਗਤ ਦੀਆਂ ਸੰਭਾਵਨਾਵਾਂ ਲੱਗ ਰਹੀਆਂ ਹਨ ਤੇ ਉਹ ਸਾਬਕਾ ਮੁੱਖ ਮੰਤਰੀ ਦੇ ਪੰਜਾਬੀ ਪਾਣੀਆਂ ਪ੍ਰਤੀ ਸਟੈਂਡ, ਫ਼ਸਲਾਂ ਦੀ ਚੁਕਾਈ ਤੋਂ ਇਲਾਵਾ ਬਾਦਲਾਂ ਨਾਲੋਂ ਢੁੱਕਵੀਂ 'ਪੰਥਕ ਸੋਚ' ਬਾਰੇ ਹੁਣ ਤੋਂ ਉੱਥੇ ਵਸੇ ਪੰਜਾਬੀਆਂ 'ਚ ਪ੍ਰਚਾਰ ਕਰ ਰਹੇ ਹਨ । ਵਿਦੇਸ਼ਾਂ 'ਚ ਅਕਾਲੀਆਂ ਦੇ ਭਰਵੇਂ ਵਿਰੋਧ ਪਿੱਛੇ ਕਾਰਨਾਂ 'ਤੇ ਝਾਤ ਮਾਰੀਏ ਤਾਂ 'ਅਜੀਤ' ਦੇ ਇਸ ਪ੍ਰਤੀਨਿੱਧ ਵੱਲੋਂ ਪਿਛਲੇ ਦਿਨੀਂ ਉੱਤਰੀ ਅਮਰੀਕਾ ਦੇ ਉਕਤ ਮੁਲਕਾਂ ਦੀ ਨਿੱਜੀ ਫੇਰੀ ਮੌਕੇ ਆਗੂਆਂ ਤੋਂ ਇਲਾਵਾ ਆਮ ਪੰਜਾਬੀਆਂ ਨਾਲ ਕੀਤੀ ਚਰਚਾ ਦੌਰਾਨ ਸਾਹਮਣੇ ਆਇਆ ਕਿ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਸਮੇਤ ਹੋਰਨਾਂ ਪੰਥਕ ਫ਼ੈਸਲਿਆਂ 'ਚ ਕੀਤੀ ਜਾਂਦੀ ਕਥਿਤ ਦਖ਼ਲ ਅੰਦਾਜ਼ੀ ਦੇ ਇੰਟਰਨੈੱਟ ਰਾਹੀਂ ਪ੍ਰਚਾਰ ਨੇ ਉਨ੍ਹਾਂ ਦੇ ਮਨ 'ਚ ਇਕ ਵੱਡੀ ਰੋਸ ਲਹਿਰ ਪੈਦਾ ਕਰ ਦਿੱਤੀ ਹੈ, ਜਿਸ 'ਚ ਵਾਧਾ ਨਸ਼ਿਆਂ ਦੇ ਪਸਾਰ ਸਬੰਧੀ ਲੱਗ ਰਹੇ ਕਥਿਤ ਦੋਸ਼ ਕਰ ਰਹੇ ਹਨ । ਬੰਦੀ ਸਿੱਖਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਦੀ ਜੱਦੋ-ਜਹਿਦ ਵੀ ਹਰੇਕ ਪ੍ਰਵਾਸੀ ਪੰਜਾਬੀ ਦੀ ਜ਼ੁਬਾਨ 'ਤੇ ਹੈ ।

ਅਕਾਲੀ ਦਲ ਵਲੋਂ ਸਰਕਾਰੀ ਤੌਰ 'ਤੇ ਕਰਵਾਏ ਜਾਂਦੇ ਪ੍ਰਵਾਸੀ ਪੰਜਾਬੀ ਸੰਮੇਲਨ ਤੇ ਐਨ.ਆਰ.ਆਈਜ਼. ਲਈ ਪੰਜਾਬ 'ਚ ਵਿਸ਼ੇਸ਼ ਸਹੂਲਤਾਂ ਦਾ ਉਨ੍ਹਾਂ 'ਤੇ ਬਹੁਤਾ ਪ੍ਰਭਾਵ ਨਜ਼ਰ ਨਹੀਂ ਆਉਂਦਾ । ਅਕਾਲੀ ਦਲ ਨੂੰ ਪਿਛਲੀਆਂ ਕਈ ਚੋਣਾਂ 'ਚ ਮਿਲੀ ਵੱਡੀ ਲੋਕਤੰਤਰੀ ਜਿੱਤ ਨੂੰ ਉਹ ਪੈਸੇ ਤੇ ਨਸ਼ਿਆਂ ਦੀ ਚਾਲ ਮੰਨਦੇ ਹਨ । ਉਥੋਂ ਦਾ ਨਰਮ ਧੜਾ ਪੰਜਾਬ 'ਚ ਸਮਾਜਿਕ ਵਿਕਾਸ ਦੀ ਥੋੜ ਤੋਂ ਨਾਰਾਜ਼ ਹੈ ਜਦਕਿ ਗਰਮ ਥੜਾ ਖਾਲਿਸਤਾਨੀ ਪਹੁੰਚ ਸਿਰੇ ਨਾ ਲੱਗਣ ਕਾਰਨ । ਕੈਨੇਡਾ-ਅਮਰੀਕਾ ਦੇ ਨਗਰ ਕੀਰਤਨਾਂ ਦੌਰਾਨ ਕੇਸਰੀ ਨਿਸ਼ਾਨ ਸਾਹਿਬ ਤੇ ਖਾਲਿਸਤਾਨੀ ਝੰਡਾ ਮੁਲਕ ਤੇ ਸੂਬੇ ਦੇ ਝੰਡਿਆਂ ਤੋਂ ਪਿੱਛੇ, ਨੀਵਾਂ ਰੱਖੇ ਜਾਣ ਬਾਰੇ ਉਨ੍ਹਾਂ ਦੀ ਦਲੀਲ ਹੈ ਕਿ ਉਥੇ ਮਨੁੱਖੀ ਹੱਕ ਸਲਾਮਤ ਹੋਣ ਕਾਰਨ ਉਹ ਸਤਿਕਾਰ ਦਿੰਦੇ ਹਨ, ਜਦਕਿ ਹਿੰਦੋਸਤਾਨ 'ਚ ਸਿੱਖਾਂ ਨੂੰ ਬੇਗਾਨੇ ਸਮਝੇ ਜਾਣ ਕਾਰਨ ਉਹ ਨੀਵਾਂ ਝੰਡਾ ਬਰਦਾਸ਼ਤ ਨਹੀਂ ਕਰ ਸਕਦੇ । ਬੇਸ਼ੱਕ ਉਨ੍ਹਾਂ ਦੀ ਦਲੀਲ ਢੁੱਕਵੀਂ ਹੋਵੇਗੀ ਪਰ ਖੁਦ ਸੁਰੱਖਿਅਤ ਮੁਲਕਾਂ 'ਚ ਬੈਠ ਕੇ ਪੰਜਾਬੀਆਂ ਬਾਰੇ ਉਨ੍ਹਾਂ ਦੀ ਇਸ ਤਿੱਖੀ ਪਹੁੰਚ ਤੋਂ ਪੰਜਾਬ ਦੇ ਲੋਕਾਂ ਦੀਆਂ ਸਥਾਨਕ ਲੋੜਾਂ ਦੀ ਪੂਰਤੀ ਕਿਵੇਂ ਹੋਵੇਗੀ ਇਸ ਬਾਰੇ ਉਨ੍ਹਾਂ ਕੋਲ ਕੋਈ ਸਿੱਧਾ ਉੱਤਰ ਨਹੀਂ ।

ਪ੍ਰਵਾਸੀ ਪੰਜਾਬੀਆਂ ਦੇ ਰਾਜਨੀਤਿਕ ਝੁਕਾਅ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਤੱਕ ਉਨ੍ਹਾਂ ਨੂੰ ਨਵੀਂ ਬਣੀ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਕੀਲਿਆ ਹੋਇਆ ਸੀ ਪਰ ਪੰਜਾਬ 'ਚ ਉਕਤ ਪਾਰਟੀ ਦਰਮਿਆਨ ਪੈਦਾ ਹੋਈ ਸਖ਼ਤ ਧੜੇਬੰਦੀ ਤੋਂ ਬਾਹਰਲਿਆਂ ਦਾ ਦਿਲ ਚੁੱਕਿਆ ਗਿਆ ਹੈ ਤੇ ਉਹ ਬਦਲ ਖੁਸ ਜਾਣ ਤੋਂ ਨਿਰਾਸ਼ ਨਜ਼ਰ ਆਉਂਦੇ ਹਨ । ਅਜਿਹੇ 'ਚ ਕਾਂਗਰਸ ਦੇ ਝੰਡੇ ਦੀ ਥਾਂ ਪ੍ਰਵਾਸੀ ਪੰਜਾਬੀਆਂ 'ਤੇ ਆਪਣਾ ਨਿੱਜੀ ਰਸੂਖ ਵਰਤਣ ਵਾਲਾ ਪੁਰਾਣਾ ਪੈਂਤੜਾ ਕੈਪਟਨ ਮੁੜ ਅਪਣਾਉਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਤਿਆਰੀ ਕਰ ਲਈ ਹੈ ਤੇ ਉਨ੍ਹਾਂ ਦੇ ਸਤੰਬਰ 'ਚ ਇਕ ਮਹੀਨੇ ਲਈ ਇਸ ਵੋਟ ਭਰਮਾਊ ਵਿਦੇਸ਼ੀ ਦੌਰੇ ਦੀ ਪੁਸ਼ਟੀ ਅਧਿਕਾਰਤ ਸਟਾਫ਼ ਵੱਲੋਂ ਵੀ ਕਰ ਦਿੱਤੀ ਗਈ ਹੈ । ਇਹ ਤਾਂ ਸਮਾਂ ਹੀ ਦੱਸੇਗਾ ਕਿ ਪ੍ਰਵਾਸੀ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਨਾਲ ਕੀ ਵਿਵਹਾਰ ਕਰਦੇ ਹਨ ਪਰ ਸੱਤਾਧਾਰੀ ਅਕਾਲੀ ਦਲ ਨੂੰ ਵੀ ਹੁਣ ਆਪਣੀਆਂ ਖਾਮੀਆਂ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top