Share on Facebook

Main News Page

ਪ੍ਰਿਥਮ ਭਗਉਤੀ” ਜਾਂ “ਪ੍ਰਿਥਮ ਅਕਾਲਪੁਰਖ” - ਦੂਜਾ ਪੱਖ (ਭਾਗ ਪਹਿਲਾ)
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

* ਲੜ੍ਹੀ ਜੋੜਨ ਲਈ ਪੜ੍ਹੋ: ਭਾਗ ਦੂਜਾ, ਭਾਗ ਆਖਰੀ

ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ

ਅਜ ਜਦੋਂ ਹਰ ਪਾਸੇ ਦੇਸ਼ ਵਿਦੇਸ਼ਾਂ ਵਿਚ ਸੰਗਤਾਂ ਗੁਰਬਾਣੀ ਗੁਰਮਤਿ ਪ੍ਰਤੀ ਜਾਗਰਤ ਹੋ ਅਗੇ ਵੱਧ ਰਹੀਆਂ ਹਨ ਬੱਚਿਤਰ ਨਾਟਕ ਅਖੌਤੀ ਦਸਮ ਗ੍ਰੰਥ ਵਲੋਂ ਫੈਲਾਈ ਜ਼ਹਿਰ ਨੂੰ ਪਛਾਣ ਕੇ ਛੱਡ ਰਹੀਆਂ ਹਨ, ਤਾਂ ਉਸ ਵੇਲੇ ਸਾਡੇ ਵਿਚ ਹੀ ਆ ਬੈਠੇ ਕੁਛ ਲੋਕਾਂ ਵਲੋਂ ਪਤਾ ਨਹੀਂ ਕਿਉਂ ਹੁਣ ਅਚਾਨਕ ਭਗਉਤੀ ਦਾ ਮੋਹ ਜਾਗ ਪਿਆ ਹੈ। ਕੁਝ ਸਵਾਲ ਉਨ੍ਹਾਂ ਵਲੋਂ ਹੀ ਖੜੇ ਕੀਤੇ ਗਏ ਹਨ।

ਜਿਵੇਂ ਕੁੱਝ ਅਸਥਾਨਾਂ 'ਤੇ ਅਰਦਾਸ ਦੇ ਸ਼ੁਰੂ ਵਿਚ ਪੜ੍ਹੀ ਜਾਨ ਵਾਲੀ ਚੰਡੀ ਦੀ ਵਾਰ ਦੀ ਪਹਿਲੀ ਪੳੜੀ ਦੀ ਤੁਕ "ਪ੍ਰਿਥਮ ਭਗਉਤੀ ਸਿਮਰ ਕੈ" ਦੀ ਜਗਾ, "ਪ੍ਰਿਥਮ ਅਕਾਲ ਪੁਰਖ ਸਿਮਰ ਕੈ" ਪੜ੍ਹਿਆ ਜਾਣ ਲਗ ਪਿਆ ਹੈ। ਪਰ ਇਹ ਪਿਰਤ ਸ਼ੂਰੂ ਕਰਨ ਤੋਂ ਪਹਿਲਾਂ ਇਸ ਦੇ ਕੁੱਝ ਪਹਿਲੂ ਚੰਗੀ ਤਰਾਂ ਵੀਚਾਰ ਲੈਣੇ ਚਾਹੀਦੇ ਹਨ, ਤਾਂ ਜੁ ਕਲ ਨੂੰ ਅਪਣੇ ਕੀਤੇ ਹੋਇ ਫੈਸਲੇ ਬਾਰ ਬਾਰ ਨਾ ਬਦਲਣੇ ਪੈਣ। ਸਵਾਲੀਏ ਵੀਰ ਵਲੋਂ ਲਿਖਿਆ ਲੇਖ “ਪ੍ਰਿਥਮ ਭਗਉਤੀ” ਜਾਂ “ਪ੍ਰਿਥਮ ਅਕਾਲਪੁਰਖ” - ਇੱਕ ਪੱਖ ਇੱਥੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ ਜੀ।

* ਪਹਿਲਾ ਸਵਾਲ - ਵੀਚਾਰਨ ਵਾਲੀ ਗਲ ਇਹ ਹੈ ਕਿ ਕੀ ਸਾਨੂੰ ਕਿਸੇ ਦੀ ਲਿਖਤ ਵਿੱਚ ਆਪਣੇ ਤੌਰ 'ਤੇ ਇਸ ਤਰ੍ਹਾਂ ਤਬਦੀਲੀ ਕਰਨ ਦਾ ਕੋਈ ਅਧਿਕਾਰ ਹੈ? ਅੱਜ ਜੇਕਰ ਕੋਈ ਕਿਸੇ ਦੀ ਕਵਿਤਾ ਵਿਚ ਕਿਸੇ ਨਾਮ ਦੀ ਕੋਈ ਤਬਦੀਲੀ ਕਰਦਾ ਹੈ, ਤਾਂ ਇਸ ਨੂੰ ਕਾਨੂੰਨਨ ਅਪਰਾਧ ਗਿਣਿਆ ਜਾਂਦਾ ਹੈ। ਜੇਕਰ ਇਹ ਰਚਨਾ ਕਿਸੇ ਦੁਰਗਾ ਭਗਤ ਦੀ ਵੀ ਹੈ, ਤਾਂ ਵੀ ਇਸ ਵਿਚ ਤਬਦੀਲੀ ਕਰਨਾ ਕਿਥੋਂ ਤੱਕ ਜ਼ਾਇਜ ਹੈ?

* ਦੂਸਰਾ ਸਵਾਲ - ‘ਭਗਉਤੀ’ ਦੀ ਜਗਾ ਇੱਕ ਲਫਜ਼ ‘ਅਕਾਲਪੁਰਖ’ ਵਰਤਣ ਨਾਲ ਇਹ ਸਾਰੀ ਪਉੜੀ ਪ੍ਰਵਾਨਿਤ ਅਤੇ ਗੁਰਮਤਿ ਅਨੁਸਾਰੀ ਕਿਵੇਂ ਹੋ ਸਕਦੀ ਹੈ, ਅਤੇ ਕੀ ਇਸ ਤਰ੍ਹਾਂ ਇੱਕ ਦੁਰਗਾ ਦੇ ਭਗਤ ਦੀ ਉਚਾਰਨ ਕੀਤੀ ਹੋਈ ਰਚਨਾ ਨੂੰ ਹੋਰ ਮਾਨਤਾ ਨਹੀਂ ਦਿਤੀ ਜਾ ਰਹੀ?

* ਤੀਸਰਾ ਸਵਾਲ - ਜੇਕਰ ਅਰਦਾਸ ਦੇ ਬਾਕੀ ਸਾਰੇ ਬੰਦ ਵਾਰਤਕ ਰੂਪ ਵਿਚ ਹਨ, ਤਾਂ ਫਿਰ ਪਹਿਲਾ ਬੰਦ ਵਾਰਤਕ ਵਿਚ ਕਿਉਂ ਨਹੀਂ ਹੋ ਸਕਦਾ? ਜੇਕਰ ਪਹਿਲਾ ਬੰਦ ਕਾਵਿ ਰੂਪ ਵਿਚ ਜ਼ਰੂਰੀ ਵੀ ਹੈ, ਤਾਂ ਇਸ ਦੀ ਜਗ੍ਹਾ ਗੁਰਬਾਣੀ ਦੇ ਕਿਸੇ ਸ਼ਬਦ ਦੀ ਚੋਣ ਕਿਉਂ ਨਹੀਂ ਕੀਤੀ ਜਾ ਸਕਦੀ? ਇਸ ਤਰ੍ਹਾਂ ਕਾਹਲੀ ਵਿੱਚ ਕਿਸੇ ਦੀ ਰਚਨਾਂ ਵਿੱਚ ਤਬਦੀਲੀ ਕਰਨ ਨਾਲ, ਭਵਿੱਖ ਵਿੱਚ ਲਾਭ ਦੀ ਜਗ੍ਹਾ ਨੁਕਸਾਨ ਹੋਣ ਦੀ ਜ਼ਿਆਦਾ ਸੰਭਾਵਨਾ ਹੈ।  ਅੱਜ ਦੇ ਸਮੇਂ ਵਿੱਚ ਕੌਮੀ ਸਹਿਮਤੀ ਜੇ ਅਸੰਭਵ ਜਾਪਦੀ ਹੈ, ਤਾਂ ਘੱਟੋ ਘੱਟ ਉਹ ਸੰਸਥਾਵਾਂ, ਪ੍ਰਬੰਧਕ ਕਮੇਟੀਆਂ, ਮਿਸ਼ਨਰੀ ਕਾਲਜ, ਜੋ ਦਸਮ ਗ੍ਰੰਥ ਨੂੰ ਗੁਰੂ ਕਿਰਤ ਨਹੀਂ ਮੰਨਦੇ, ੳਨ੍ਹਾਂ ਸਾਰਿਆਂ ਨੂੰ ਆਪਸੀ ਸਹਿਮਤੀ ਬਣਾ ਕੇ, ਇਹ ਆਵਾਜ਼ ਉਠਾਉਣੀ ਚਾਹੀਦੀ ਹੈ।

ਵੀਰ ਵਲੋਂ ਐਸੇ ਬੇਲੋੜੇ ਸੁਆਲ ਤੇ ਤੌਖਲੇ ਖੜੇ ਕਰਕ, ਗੁਰਮਤਿ ਵੱਲ ਚਲਦੇ ਕਦਮਾਂ ਨੂੰ ਕਨਫਿਯੂਜ਼ ਕਰਕੇ, ਅੱਗੇ ਵਧਣ ਤੋਂ ਰੋਕਣ ਦਾ ਇਰਾਦਾ ਜਾਪਦਾ ਹੈ। ਲਿਖਾਰੀ ਵੀਰ ਵਲੋਂ ਇਸ ਪੈਰੇ ਦੀ ਇਕ ਲਾਈਨ ਵਿਚ ਦਿਤੀ ਗਈ ਖਾਸ ਰਾਏ ਵਿਚਾਰ ਮੰਗਦੀ ਹੈ, ਵੀਰ ਲਿਖਦਾ ਹੈ "ਸਾਡੇ ਕੌਮੀ ਫੈਸਲਿਆਂ ਵਿੱਚ ਕੋਈ ਤਬਦੀਲੀ ਕੌਮੀ ਸਹਿਮਤੀ ਨਾਲ ਹੀ ਹੋਣੀ ਚਾਹੀਦੀ ਹੈ।"

ਜਿਹਨਾ ਲੋਕਾਂ ਦੀ ਸਹਿਮਤੀ ਦੀ ਲੋੜ ਦੱਸੀ ਜਾ ਰਹੀ ਹੈ, ਸਭ ਜਾਣਦੇ ਹਨ ਕੇ ਉਹਨਾ ਲੋਕਾਂ ਵਿਚ ਕੁਛ ਉਹ ਲੋਕ ਭੀ ਬੈਠੇ ਹਨ ਜੋ “ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾਂ ਭਾਈ” ਅਨਸਾਰ ਆਰ.ਐਸ.ਐਸ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਦੁਰਗਾ / ਭਗਉਤੀ ਸਿੱਖੀ ਦੇ ਗਲ ਪਾ ਰਹੇ ਹਨ, ਬਾਦਲ ਦਲੀਏ, ਜੱਥੇਦਾਰਾਂ ਦੇ ਹੁਕਮ ਦੇ ਗੁਲਾਮ ਬਣ ਚੁਕੇ ਹਨ, ਉਹਨਾ ਦੀ ਸਹਿਮਤੀ ਨਾਲ ਗੁਰਮਤਿ ਦੇ ਕੋਈ ਕੌਮੀ ਕਾਜ਼, ਨਾ ਅਜ ਤੱਕ ਸਿਰੇ ਚੜੇ ਹਨ, ਨਾ ਆਸ ਹੈ। ਉਸ ਕੌਮੀ ਸਹਿਮਤੀ ਦੀ ਲੋੜ ਦੀ ਉਡੀਕ ਕਰਨ ਵਾਲੇ ਲੋਕਾਂ ਨੇ ਨਾਨਕ ਸ਼ਾਹੀ ਕੈਲੰਡਰ ਰੋਲ ਲਿਆ। ਤਾਂ ਕੀ “ਉਠ ਦਾ ਬੁਲ੍ਹ ਕਦੋਂ ਡਿਗਦਾ ਹੈ?” ਇਸ ਉਡੀਕ ਵਿਚ ਕਦੋਂ ਤੱਕ ਗੁਰੂ ਕੀ ਹਜ਼ੂਰੀ ਵਿਚ ਇਹ ਦੁਰਗਾ ਦੀ ਉਪਾਸ਼ਨਾ ਕਰਦੇ ਰਹੋਗੇ?

ਵੀਰੋ ਤੁਹਾਡੇ ਇਸ ਕੌਮੀ ਸਹਿਮਤੀ ਦੇ ਖਿਆਲ ਨਾਲ ਦਾਸ ਦੋ ਸਾਲ ਸ਼ਰੋਮਣੀ ਕਮੇਟੀ ਨੂੰ ਚਿਠੀਆਂ ਪਾਉਂਦਾ ਰਿਹਾ, ਜੋ ਕੌਮ ਦੇ ਗਿਆਤ ਲਈ ਇਸ ਲਿਖਤ ਦੇ ਅਖੀਰ ਤੇ ਦੇ ਰਿਹਾ ਹਾਂ, ਪਰ ਜਿਸਨੂੰ ਤੁਸੀਂ ਇਕ ਕੌਮ ਜਾਂ ਪੰਥ ਮੰਨ ਰਹੇ ਹੋ, ਉਹ ਟੱਸ ਤੋਂ ਮੱਸ ਨਹੀਂ ਹੋਏ। ਵੀਰੋ ਜਿਉਂ ਜਿਉਂ ਸਮਾਂ ਬੀਤਦਾ ਗਿਆ ਇਹ ਭਗਉਤੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ੍ਹੜੀਂ ਬੈਠ ਜਾਵੇਗੀ। ਮੈਂ ਹੈਰਾਨ ਹਾਂ ਕਿ ਜਿਥੇ ਗੁਰਦੁਆਰਿਆਂ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਭਗਉਤੀ ਦੀ ਅਰਦਾਸ ਹੋਂਦੀ ਹੈ, ਓਥੇ ਏਹਨਾ ਵੀਰਾਂ ਨੂੰ ਕੋਈ ਇਤਰਾਜ਼ ਨਹੀਂ, ਅੱਜ ਤੱਕ ਇਹ ਵੀਰ ਓਥੇ ਜਾਕੇ ਕਦੀ ਨਹੀਂ ਬੋਲੇ, ਪਰ ਜੇ ਜਾਗਰਤ ਵੀਰ ਭਗਉਤੀ ਦੀ ਥਾਵੇਂ ਅਕਾਲ ਪੁਰਖ ਆਖ ਦੇਵੇ, ਤਾਂ ਇਹ ਵੀਰ ਕਿਵੇਂ ਕੌਮੀ ਵਾਸਤੇ ਪਾ ਕੇ ਰਾਹ ਰੋਕਦੇ ਹਨ, ਜਿਵੇਂ ਗੁਰਬਾਣੀ ਦੀ ਤੁੱਕ ਬਦਲ ਦਿਤੀ ਗਈ ਹੋਵੇ। ਨਾਮ ਕੌਮ ਵਿਚ ਏਕਤਾ ਅਤੇ ਸ਼ਾਂਤੀ ਭੰਗ ਹੋਣ ਦਾ ਵਰਤਿਆ ਜਾਂਦਾ ਹੈ। ਕੀ ਇਹ ਲੋਕ ਮਸਾਨ ਘਾਟ ਵਾਲੀ ਏਕਤਾ ਤੇ ਸ਼ਾਤੀ ਚਾਹੁਂਦੇ ਹਨ, ਜਿਥੇ ਸਭ ਮੁਰਦੇ ਹੋਣ, ਕਬਰਾਂ ਦੀ ਮਿੱਟੀ ਭੀ ਪੁਟ ਕੇ ਕੁਮ੍ਹਾਰ ਲੈ ਜਾਣ

“ਮ: 1 ॥ ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਿਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥

ਕੁਮ੍ਹਾਰ ਆਪਣੇ ਭਾਂਡੇ ਘੜ ਲੈਣ, ਮਿੱਟੀ ਜਲ ਰਹੀ ਭੀ ਕੋਈ ਪੁਕਾਰ ਨਾ ਕਰੇ, ਜੇ ਜਲਨ ਮਾਸੂਸ ਕਰਕੇ ਰੋਵੇ, ਤਾਂ ਉਸਦੇ ਸਾਥੀ ਅੰਗਾਰ ਭੀ ਉਸ ਨਾਲੋਂ ਸਾਥ ਛੱਡ ਜਾਣ {ਝੜ} ਜਾਣ, ਆਹਾ ਕੈਸੀ ਸ਼ਾਂਤੀ ਹੈ, ਕਿਸੇ ਦੀ ਕੋਈ ਆਵਾਜ਼ ਨਾ ਹੋਵੇ। ਸੋ, ਅੱਜ ਓਹਨਾ ਸਵਾਲਾਂ ਸਬੰਧੀ ਸੰਗਤਾਂ ਨੂੰ ਸੁਚੇਤ ਕਰਣਾ ਆਪਣਾ ਫਰਜ਼ ਸਮਝਦਾ ਹਾਂ। ਇਹ ਕੌਮੀ ਸਹਿਮਤੀ ਹੈ ਗੁਰਮਤਿ ਦੀ ਧਾਰਨੀ ਉਸਾਰੂ ਸੋਚ ਦੇ ਗਲ ਵਿਚ ਡਹਿਆ ਤਾਂ ਕੇ ਕੋਈ ਕਾਜ਼ ਅੱਗੇ ਨਾ ਚਲ ਸੱਕੇ, ਗੁਰਬਾਣੀ ਗੁਰਮਤਿ ਦੀ ਵੀਚਾਰ ਨੂੰ ਹੀ ਫੁਲ ਸਟਾਪ ਲੱਗ ਜਾਵੇ, "ਨਾ ਨੌ ਮਨ ਤੇਲ ਹੋਵੇ, ਨਾ ਰਾਧਾ ਨੱਚੇ"। ਮੈ ਵੀਰ ਕੋਲੋਂ ਪੁਛਦਾ ਹਾਂ ਕਿ ਪਹਿਲਾਂ ਰਚੀ ਗਈ ਰਹਿਤ ਮਰਿਯਾਦਾ ਜਿਸ ਨੂੰ ਪੰਥ ਪ੍ਰਮਾਣਤ ਆਖਦੇ ਹੋ, ਕੀ ਉਹ ਕੌਮੀ ਸਹਿਮਤੀ ਨਾਲ ਬਣੀ ਸੀ ਜਾਂ ਉਸਨੂੰ ਸਾਰੀ ਕੌਮ ਨੇ ਪ੍ਰਵਾਣ ਕੀਤਾ? ਕੌਮ ਦਾ ਵੱਡਾ ਹਿਸਾ ਸਭ ਸਾਧ ਡੇਰੇ, ਅਤੇ ਉਨ੍ਹਾਂ ਨਾਲ ਸਬੰਧਤ ਗੁਰਦੁਆਰੇ, ਟਕਸਾਲਾਂ, ਅਖੰਡ ਕੀਰਤਨੀ ਜੱਥਾ, ਪੰਜਾਂ ਵਿਚੋਂ ਦੋ ਤਖਤ, ਕੋਈ ਭੀ ਉਸ ਰਹਿਤ ਮਰਿਯਾਦਾ ਨੂੰ ਨਹੀਂ ਮੰਨਦਾ। ਅੱਜ ਕੌਮ ਦੇ ਰਾਜਨੀਤਕ, ਧਾਰਮਕ ਲੋਕ ਇਕ ਪੰਥ ਨਹੀਂ ਹਨ, ਸਭ ਦੇ ਪਹਿਰਾਵੇ, ਪਜਾਮੇ ਲਾਹੁਣੇ, ਪਜਾਮੇ ਪਾਉਣੇ, ਖਾਣਾ ਖੁਰਾਕ, ਅੰਮ੍ਰਿਤ, ਅਰਦਾਸਾਂ, ਰਹਿਰਾਸਾਂ, ਨਿਤਨੇਮ ਸਭ ਕੁਛ ਵੱਖ ਵੱਖ ਹੈ, ਕਿਸ ਨੂੰ ਪੰਥ ਆਖਦੇ ਹੋ? ਕਿਸ ਕੌਮ ਦੀ ਸਹਿਮਤੀ ਨਾਲ ਫੈਸਲੇ ਕਰੋਗੇ ? ਇਸ ਲਈ ਬੇਨਤੀ ਹੈ ਕਿ ਕੌਮ ਦੀ ਸਹਿਮਤੀ ਨਾਲ ਫੈਸਲੇ ਕਰਨ ਦਾ ਫਾਨਾ ਨਾ ਅੜਾਓ, ਫੈਸਲਿਆਂ ਦੀ ਅਗਵਾਈ ਗੁਰਬਾਣੀ ਗੁਰੂ ਦੀ ਸਹਿਮਤੀ ਵਿੱਚ ਲਿਆ ਕੇ, ਕੌਮ ਦਾ ਭਵਿੱਖ ਸੁਰਖਿਅਤ ਕਰੋ।

ਹਾਂ, ਅਰਦਾਸ ਦੀ ਮੁਢਲੀ ਸੰਪਾਦਨਾ ਤੋਂ ਪਹਿਲਾਂ ਕਈ ਵਾਰ ਸਮੇਂ ਸਮੇਂ ਪੰਜਾਬ ਵਿੱਚ ਸ: ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਸ: ਜਸਬਿੰਦਰ ਸਿੰਘ ਕਰਤਾ ਦਸਮ ਗ੍ਰੰਥ ਦਾ ਲਿਖਾਰੀ ਕਉਣ, ਸ: ਕੁਲਦੀਪ ਸਿੰਘ ਆਦਮਪੁਰ, ਜੋ ਅਸਥਾਨ 'ਤੇ ਅਕਾਲ ਪੁਰਖ ਦੇ ਨਾਮ ਨਾਲ ਅਰਦਾਸ ਕਰਦੇ ਹਨ ਅਤੇ ਡੁਬਈ ਦੇ ਸ: ਸਤਿਨਾਮ ਸਿੰਘ, ਸ: ਹਰਜੀਤ ਸਿੰਘ ਆਦਿ ਬਹੁਤ ਸੰਗਤਾਂ ਨਾਲ ਖੁਲੇ ਤੌਰ 'ਤੇ ਦਿੱਲੀ ਵਿੱਚ ਭੀ ਸ: ਦਿਲਬੀਰ ਸ਼ਿੰਘ ਜੀ ਕਰਤਾ ਦਸਮ ਗ੍ਰੰਥ ਦੀ ਅਸਲੀਅਤ, ਡਾ: ਹਰਬੰਸ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ ਜੀ ਮਿਸ਼ਨਰੀ ਅਤੇ ਹੋਰ ਬਹੁਤ ਸਾਰੇ ਵੀਰਾਂ ਨਾਲ ਗਾਹਿ ਬਗਾਹਿ ਵੀਚਾਰਾਂ ਹੋਈਆਂ, ਅਤੇ ਇਹ ਭੀ ਵੀਚਾਰਿਆ ਗਿਆ ਕਿ ਕਿਸੇ ਦੀ ਕਵਿਤਾ ਵਿੱਚ ਸਾਡੇ ਵਲੋਂ ਕਿਸੇ ਨਾਮ ਦੀ ਤਬਦੀਲੀ ਜਾਇਜ਼ ਨਹੀਂ - ਅਤੇ "ਭਗਉਤੀ" ਦੀ ਥਾਂਵੇ "ਅਕਾਲ ਪੁਰਖ" ਲਿਖਣ ਨਾਲ ਇਹ ਸਾਰੀ ਪਉੜੀ ਗੁਰਮਤਿ ਅਨਸਾਰੀ ਨਹੀਂ ਹੋ ਜਾਣੀ। ਗੁਰਬਾਣੀ ਦਾ ਸ਼ਬਦ ਲਿਖਣ ਬਾਰੇ ਭੀ ਸੋਚਿਆ ਗਿਆ, ਪਰ ਗੁਰਬਾਣੀ ਵਿਚੋਂ ਕੋਈ ਐਸਾ ਸ਼ਬਦ ਨਹੀਂ ਮਿਲਿਆ, ਜਿਸ ਵਿਚ ਦਸਾਂ ਜਾਮਿਆਂ ਦੇ ਨਾਮ ਆਉਂਦੇ ਹੋਣ, ਜੋ ਅਰਦਾਸ ਦੇ ਨਾਲ ਨਾਲ, ਹਰ ਸਿੱਖ ਨੂੰ ਯਾਦ ਹੋ ਜਾਂਦੇ ਹਨ। ਇਸੇ ਲਈ ਇਸ ਸੰਪਾਦਨਾ ਦੇ ਆਰੰਭ ਵਿਚ ਪੜ੍ਹੇ ਜਾਨ ਵਾਲੇ ਸਾਰੇ ਲਫਜ਼ ਦੁਰਗਾ ਪਉੜੀ ਤੋਂ ਬਿਲ ਕੁਲ ਵੱਖਰੇ ਕਰਕੇ, ਇਸ ਰਚਨਾ ਦੀ ਸੰਪਾਦਨਾ ਕੀਤੀ ਗਈ। ਫਿਰ ਇਹ ਭੀ ਨੋਟ ਦੇ ਦਿਤਾ ਕਿ, ਇਹ ਸੰਪਾਦਨਾ ਕੋਈ ਗੁਰਬਾਣੀ ਨਹੀਂ, ਇਸ ਲਈ ਗੁਰਬਾਣੀ ਗੁਰਮਤਿ ਦੇ ਘੇਰੇ ਵਿਚ ਰਹਿ ਕੇ ਕੋਈ ਬਦਲਵਾਂ ਲਫਜ਼ ਭੀ ਪਾ ਸਕਦੇ ਹੋ, ਤਾਂ ਕਿ ਭਗਉਤੀ ਭਗਤ ਵਾਲੀ ਪਉੜੀ ਦੀ ਮਾਨਤਾ ਹੀ ਨਾ ਰਹੇ।

ਕਾਸ਼ ਕਦੀ ਇਹ ਸਵਾਲ ਖੜਾ ਕਰਨ ਵਾਲਾ ਵੀਰ ਪਹਿਲੇ ਉਸ ਸੰਪਾਦਨਾ ਦੇ ਪੂਰੇ ਮੁਢਲੇ ਲਫਜ਼ ਧਿਆਨ ਨਾਲ ਪੜ ਲੈਂਦਾ, ਜਾਂ ਮੇਰੇ ਨਾਲ ਵੀਚਾਰ ਕਰ ਲੈਂਦਾ, ਤਾਂ ਸੰਗਤਾਂ ਵਿੱਚ ਇਹ ਸ਼ੰਕੇ ਖੜੇ ਕਰਨ ਦਾ ਸਮਾਂ ਨਾ ਆਉਂਦਾਭਗਉਤੀ ਭਗਤ ਕਵੀ ਨੇ ਅਪਣੀ ਲਿਖਤ ਵਿਚ ਗੁਰੂ ਜਾਮਿਆਂ ਦੇ ਨਾਮ ਬੜੇ ਰੁਖੇ ਢੰਗ ਨਾਲ ਲਿਖੇ ਹਨ, ਜਿਸ ਵਿਚ ਬਹੁਤਿਆਂ ਨਾਵਾਂ ਨਾਲ "ਗੁਰੂ" ਜਾਂ "ਜੀ" ਦੀ ਵਰਤੋਂ ਭੀ ਨਹੀਂ ਕੀਤੀ, ਜੋ ਇਸ ਤਰ੍ਹਾਂ ਹਨ:

ਪਰ ਇਸ ਸੰਪਾਦਨਾ ਦੀ ਰਚਨਾ ਵੱਖ ਕਰਦਿਆਂ ਹੋਇਆਂ, ਅਸੀਂ ਜੋ ਲਿਖਿਆਂ ਉਹ ਇਉਂ ਹੈ

- ਆਰੰਭ ਵਿਚ ਸੰਗਤੀ ਅਰਦਾਸ

ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥

- ਅਰਦਾਸੀਏ ਰਾਹੀਂ

ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥

ੴ ਸਤਿਗੁਰੂ ਪਰਸਾਦਿਅਕਾਲ ਪੁਰਖ ਜੀ ਸਹਾਏ
ਪ੍ਰਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਜੀ ਲਈਂ ਧਿਆਇ ॥
ਗੁਰੂ ਅੰਗਦ ੀ, ਗੁਰੂ ਅਮਰ ਦਾਸ ੀ, ਗੁਰੂ ਰਾਮਦਾਸੀ ਹੋਈਂ ਸਹਾਇ॥
ਗੁਰੂ ਅਰਜਨ ਜੀ, ਗੁਰੂ ਹਰਗੋਬਿੰਦ ਜੀ, ਸਿਮਰਉਂ ਗੁਰੂ ਹਰ ਰਾਇ॥
ਗੁਰੂ ਹਰ ਕਿਸ਼ਨ ਜੀ ਧਿਆਈਐ ਸਭ ਸੁਖ ਵਸਹਿ ਮਨ ਆਇ
ਗੁਰੂ ਤੇਗ ਬਹਾਦਰ ਜੀ ਸਿਮਰੀਐ, ਨਿਰਭਉ ਨਾਮ ਧਿਆਇ
ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਜੋਤ ਓਹਾ ਜੁਗਤ ਸਾਏ, ਸਭ ਥਾਈਂ ਹੋਈਂ ਸਹਾਇ
ਦਸਾਂ ਜਾਮਿਆਂ ਵਿੱਚ ਵਰਤੀ ਇਕੋ ਗੁਰੂ ਜੋਤ, ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ, ਬੋਲੋ ਜੀ ਵਾਹਿਗੁਰੂ

ਹੁਣ ਇਹ ਧਿਆਨ ਨਾਲ ਪੜ੍ਹ ਕੇ ਦੇਖੋ ਲਾਲ ਰੰਗ ਵਿਚ ਲਿਖੇ ਸਭ ਲਫਜ਼ ਵੱਖਰੇ ਨਹੀਂ ਹਨ? ਭਗਉਤੀ ਭਗਤ ਕਵੀ ਦੀ ਰਚਨਾ ਦਾ ਇਸ ਵਿਚ ਕੀ ਹੈ? ਗੁਰੂ ਜਾਮਿਆਂ ਦੇ ਨਾਮ ਤਾਂ ਕਿਸੇ ਦੀ ਏਕਾਧਿਕਾਰ ਨਹੀਂ ਹੈ, ਕਿ ਜੇ ਕਿਸੇ ਨੇ ਆਪਣੀ ਰਚਨਾ ਵਿੱਚ "ਗੁਰੂ" ਦਾ ਨਾਮ ਲਿਖਿਆ ਹੈ, ਤਾਂ ਦੂਜਾ ਨਹੀਂ ਲਿਖ ਸਕਦਾ। ਦਸੋ ਅਸੀਂ ਇਹ ਕਨੂਨੀ ਅਪਰਾਧ ਜਾਂ ਕੌਮੀ ਨੁਕਸਾਨ ਕਿਵੇਂ ਕਰ ਦਿਤਾ? ਹਾਂ ਇਹ ਗੱਲ ਵਖਰੀ ਹੈ ਕੇ ਗੁਰੂ ਕੀ ਹਜ਼ੂਰੀ ਵਿੱਚ ਭਗਉਤੀ ਦਾ ਸਿਮਰਨ ਅਪਰਾਧ ਸਮਝ ਚੁਕੇ ਜਾਗਰਤ ਵੀਰ ਸਾਰੀ ਨਵੀਂ ਸੰਪਾਦਨਾ ਨੂੰ ਛੇਤੀ ਨਾਲ ਯਾਦ ਨਹੀਂ ਕਰ ਸਕਦੇ ਅਤੇ ਪਹਿਲਾਂ ਕੇਵਲ ਭਗਉਤੀ ਦੀ ਉਪਾਸ਼ਨਾ ਛਡਣਾ ਜਰੂਰੀ ਸਮਝ ਕੇ, ਛੱਡ ਦੇਂਦੇ ਹਨ, ਬਾਕੀ ਨਾਲ ਨਾਲ ਯਾਦ ਕਰਕੇ ਛੱਡ ਰਹੇ ਹਨ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top