ਅਮਰੀਕਾ
ਤੇ ਕੈਨੇਡਾ ‘ਚ ਹੋਈ ਅਕਾਲੀਆਂ ਦੀ ਕਿਰਕਿਰੀ ਇੱਕ ਨਵਾਂ ਹੀ ਇਤਿਹਾਸ ਸਿਰਜ ਗਈ ਜਦ ਕੈਨੇਡਾ
ਦੇ ਰੱਖਿਆ ਮੰਤਰੀ ਜੇਸਨ ਕੈਨੀ ਨੇ ਵੀ ਅਕਾਲੀਆਂ ‘ਤੇ ਤਵਾ ਲਗਾ ਦਿਤਾ ਤੇ ਨਸੀਹਤ ਕੀਤੀ ਕਿ
ਉਹ ਪਹਿਲਾਂ ਆਪਣਾ ਘਰ ਸੰਭਾਲਣ ਜਿੱਥੇ ਡਰੱਗ ਤੇ ਭ੍ਰਿਸ਼ਟਾਚਾਰ ਨੇ ਡੇਰੇ ਗੱਡੇ ਹੋਏ ਹਨ ਤੇ
ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਟਿੰਮ ਉੱਪਲ ਨੂੰ ਵੀ ਸਟੇਟਮੈਂਟ ਦੇਣੀ ਪਈ।
ਬਾਪੂ ਬਾਦਲ ਇਸ ਸਾਰੇ ਵਰਤਾਰੇ ਨੂੰ ਮੰਦਭਾਗੀ ਘਟਨਾ ਕਹਿ ਰਿਹਾ ਹੈ
ਤੇ ਸੁਖਬੀਰ ਬਾਦਲ ਇਹਨੂੰ ਅਕਾਲੀਆਂ ਦੀ ਇਤਿਹਾਸਕ ਤੇ ਕਾਮਯਾਬ ਫੇਰੀ ਗਰਦਾਨ ਰਿਹਾ ਹੈ।
ਉਧਰ ਮਲੂਕਾ ਸਾਹਿਬ ਕੈਨੇਡੀਅਨ ਪੁਲਿਸ ਨੂੰ ਭੰਡੀ ਜਾਂਦੇ ਐੈ। ਸ਼ਾਇਦ ਉਹ ਜਾਣ ਕੇ ਪੱਛਮੀ
ਦੇਸ਼ਾਂ ਦੀ ਪੁਲਿਸ ਦੇ ਰੋਲ ਤੋਂ ਅਨਜਾਣ ਬਣਦੇ ਹਨ। ਇਹ ਪੰਜਾਬ ਪੁਲਿਸ ਨਹੀਂ ਜਿਹੜੀ
ਜਥੇਦਾਰਾਂ ਦੇ ਕਹੇ ‘ਤੇ ਜੀਹਦੇ ਮਰਜ਼ੀ ਕੁਟਾਪਾ ਚਾੜ੍ਹੀ ਜਾਂਦੀ ਐ ਤੇ ਮੰਤਰੀਆਂ ਨਾਲ਼
ਸੈਂਕੜੇ ਪੁਲਸੀਆਂ ਦੀਆਂ ਧਾੜਾਂ ਹਰਲ ਹਰਲ ਕਰਦੀਆਂ ਲੋਕਾਂ ਦੇ ਪੁੜੇ ਸੇਕੀ ਜਾਂਦੀਆਂ ਹਨ।
ਇੱਥੇ ਤਾਂ ਪ੍ਰਧਾਨ ਮੰਤਰੀ ਵੀ ਇਕੱਲਾ ਹੀ ਅੰਡਰਗਰਾਊਂਡ ‘ਚ ਸਫ਼ਰ ਕਰਦੈ।
ਅਕਾਲੀਆਂ ਦੀ ਕੈਨੇਡਾ ਅਮਰੀਕਾ ਫੇਰੀ ਦੇ ਵਾਇਰਲ ਹੋਏ ਵੀਡੀਓ ਦੇਖ
ਕੇ ਹਰ ਕੋਈ ਇਕ ਗੱਲ ਜ਼ਰੂਰ ਕਹਿ ਰਿਹਾ ਹੈ ਕਿ ਬਾਦਲ ਪਿਉ ਪੁੱਤ ਬਿਆਨ ਦੇਣ ਤੋਂ ਪਹਿਲਾਂ
ਸਲਾਹ ਤਾਂ ਕਰ ਲਿਆ ਕਰਨ ਕਿ ਕੀ ਕਹਿਣਾ ਹੈ। ਿੲਕ ਜਣਾ ਇਤਿਹਾਸਕ ਫੇਰੀ ਕਹਿ ਰਿਹਾ ਹੈ ਤੇ
ਦੂਸਰਾ ਮੰਦਭਾਗੀ ਘਟਨਾ ਕਹੀ ਜਾਂਦੈ।
ਇਤਿਹਾਸਕ ਘਟਨਾ ਤੋਂ ਮੈਨੂੰ ਇਕ ਗੱਲ ਚੇਤੇ ਆ ਗਈ ਕਿ ਇਕ ਵਾਰੀ ਕਿਸੇ
ਬਹੁਤ ਗ਼ਰੀਬ ਬੰਦੇ ਨੇ ਪਿੰਡ ਦੇ ਚੌਧਰੀ ਤੋਂ ਇਕ ਰੁਪੱਈਆ ਉਧਾਰ ਲੈ ਲਿਆ। ਬੰਦਾ ਬਹੁਤ
ਗ਼ਰੀਬ ਸੀ। ਉਸ ਨੇ ਅੱਠ ਆਨੇ ਤਾਂ ਮੋੜ ਦਿਤੇ, ਪਰ ਬਾਕੀ ਅੱਠ ਆਨੇ ਨਾ ਮੋੜ ਸਕਿਆ। ਕਈ
ਮਹੀਨੇ ਗੁਜ਼ਰ ਗਏ। ਚੌਧਰੀ ਨੇ ਕਈ ਵਾਰੀ ਉਹਦੇ ਨਾਲ਼ ਤਲਖ਼-ਕਲਾਮੀ ਵੀ ਕੀਤੀ। ਇਕ ਦਿਨ ਚੌਧਰੀ
ਉਸ ਮੁਹੱਲੇ ਵਲ ਦੀ ਲੰਘਿਆ ਤਾਂ ਉਹਨੇ ਦੇਖਿਆ ਕਿ ਉਹ ਗ਼ਰੀਬ ਆਦਮੀ ਆਪਣੇ ਵਿਹੜੇ ‘ਚ ਮੰਜੇ
‘ਤੇ ਬੈਠਾ ਆਪਣੇ ਕੁੜਮ ਨਾਲ਼ ਗੱਪ-ਸ਼ੱਪ ਲਾ ਰਿਹਾ ਸੀ। ਚੌਧਰੀ ਨੇ ਸੋਚਿਆ ਕਿ ਇਹ ਮੌਕਾ
ਵਧੀਆ ਸੀ ਕਿ ਕੁੜਮ ਦੇ ਸਾਹਮਣੇ ਉਹਨੂੰ ਠਿੱਠ ਕੀਤਾ ਜਾਵੇ। ਵਿਚਾਰੇ ਗ਼ਰੀਬ ਬੰਦੇ ਨੇ ਇਸ਼ਾਰੇ
ਇਸ਼ਾਰੇ ‘ਚ ਮਿੰਨਤ ਤਰਲਾ ਕੀਤਾ ਕਿ ਕੁੜਮ ਦੇ ਸਾਹਮਣੇ ਉਹ ਇਹ ਮਸਲਾ ਨਾ ਛੇੜੇ, ਪਰ ਚੌਧਰੀ
ਤਾਂ ਮਨ ਬਣਾ ਕੇ ਚਿੰਜੜੀ ਛੇੜ ਰਿਹਾ ਸੀ। ਜਦੋਂ ਚੌਧਰੀ ਨੇ ਹੱਦੋਂ ਵੱਧ ਹੀ ਕਰ ਦਿਤੀ, ਉਹ
ਬੰਦਾ ਆਪਣੇ ਕੁੜਮ ਦੇ ਸਾਹਮਣੇ ਏਨੀ ਬੇਇਜ਼ਤੀ ਬਰਦਾਸ਼ਤ ਨਾ ਕਰ ਸਕਿਆ ਤਾਂ ਉਹਨੇ ਚੌਧਰੀ ਨੂੰ
ਜੱਫਾ ਮਾਰ ਕੇ ਹੇਠਾਂ ਸੁੱਟ ਲਿਆ ਤੇ ਦੋ ਚਾਰ ਧੱਫੇ ਜੜ ਦਿਤੇ। ਚੌਧਰੀ ਦੀ ਸ਼ਮਲੇ ਵਾਲ਼ੀ
ਪੱਗ ਦੂਰ ਜਾ ਡਿਗੀ। ਚੌਧਰੀ ਨੇ ਉੱਠ ਕੇ ਆਪਣੀ ਪੱਗ ਚੁੱਕੀ ਤੇ ਸਿਰ ਤੇ ਵਲ੍ਹੇਟਦਾ ਹੋਇਆ
ਬੰਦੇ ਵਲ ਨੂੰ ਹੱਥ ਕਰ ਕੇ ਕਹੀ ਜਾਵੇ, "ਇਹ ਏਨੀਂ ਕਰਵਾਏ ਬਿਨਾਂ ਰਹਿੰਦਾ ਨੀਂ ਸੀ।"
ਸੋ ਗੱਲ ਸੁਖਬੀਰ ਬਾਦਲ ਦੀ ਐ ਕਿ ਏਨੀ
ਹੋਣ ਤੋਂ ਬਾਅਦ ਵੀ ਉਹ ਇਹਨੂੰ ਇਤਿਹਾਸਕ ਫੇਰੀ ਕਹੀ ਜਾਂਦੈ। ਸ਼ਾਇਦ ਇਥੇ ਇਹ ਸ਼ੇਅਰ
ਬੜਾ ਢੁੱਕਦੈ, “ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ”