Share on Facebook

Main News Page

ਗੁਰਬਾਣੀ ਪੰਜ ਸੌ ਵਰ੍ਹੇ ਤੋਂ ਬੋਲ ਰਹੀ ਹੈ, ਪਰ ਅਸੀਂ ਸੁਣ / ਮੰਨ ਹੀ ਨਹੀਂ ਰਹੇ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

25 July 2015 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਰਤਨ ਕਰਦਿਆਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ

ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥ {ਪੰਨਾ 844} ਸ਼ਬਦ ਦਾ ਗਾਇਨ ਕੀਤਾ ਅਤੇ ਗੁਰਮਤਿ ਵਿਆਖਿਆ ਕੀਤੀ।

ਉਨ੍ਹਾਂ ਸ਼ੁਰੂਆਤ ਕਰਦਿਆਂ ਕਿਹਾ ਕਿ ਅਸੀਂ ਇਸ ਅਸਥਾਨ ਨੂੰ ਦੁਕਾਨ ਨਹੀਂ ਬਣਨ ਦੇਣਾ, ਕਿਉਂਕਿ ਜਦੋਂ ਦੁਕਾਨ ਬਣ ਜਾਂਦਾ ਹੈ ਤਾਂ ਸੌਦਾ ਗਾਹਕ ਦੀ ਮਰਜ਼ੀ ਦਾ ਹੁੰਦਾ ਹੈ, ਦੁਕਾਨ 'ਤੇ ਆਪਣੀ ਮਰਜ਼ੀ ਦਾ ਸੌਦਾ ਨਹੀਂ ਵਿਕਦਾ।

ਉਨ੍ਹਾਂ ਕਿਹਾ ਕਿ ਗੁਰਬਾਣੀ ਪੰਜ ਸੌ ਵਰ੍ਹੇ ਤੋਂ ਬੋਲ ਰਹੀ ਹੈ, ਪਰ ਅਸੀਂ ਸੁਣ / ਮੰਨ ਹੀ ਨਹੀਂ ਰਹੇ। ਅਸੀਂ ਸਿਰਫ ਮੱਥਾ ਟੇਕ ਰਹੇ ਹਾਂ, ਪਾਠੀ ਕੋਲੋਂ ਪਾਠ ਕਰਵਾ ਲਿਆ, ਕੀਰਤਨੀਏ ਕੋਲੋਂ ਕੀਰਤਨ ਕਰਵਾ ਲਿਆ, ਪੜ੍ਹਨ, ਸਮਝਣ ਦਾ ਕੋਈ ਮਤਲਬ ਨਹੀਂ, ਗੁਰਬਾਣੀ ਨਾਲ ਸਾਡਾ ਐਨਾ ਕੁ ਹੀ ਰਿਸ਼ਤਾ ਹੈ। ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ

ਕਿਸੀ ਚੀਜ਼ ਦੀ ਪਛਾਣ ਤਾਂ ਜਾਗ ਕੇ ਹੀ ਹੁੰਦੀ ਹੈ, ਸੁੱਤਿਆਂ ਨਹੀਂ। ਗੁਰੂ ਕਹਿੰਦਾ ਹੈ ਜਾਗ, ਤਾਂਕਿ ਜਾਗ੍ਰਤੀਆਂ ਦਾ ਕਾਫਲਾ ਚੱਲੇ ਕਿਉਂਕਿ ਸੁੱਤਿਆਂ ਨੇ ਤਾਂ ਕੁੱਝ ਵੀ ਨਹੀਂ ਪਛਾਣਨਾ, ਨਾ ਉਹ ਬਾਣੀ ਪਛਾਣ ਰਹੇ ਨੇ, ਨਾ ਉਹ ਸ਼ਬਦ ਪਛਾਣ ਰਹੇ ਨੇ, ਨਾ ਉਹ ਗੁਰੂ ਪਛਾਣ ਰਹੇ ਨੇ, ਨਾ ਆਪੇ ਨੂੰ ਪਛਾਣ ਰਹੇ ਨੇ। ਹੇ ਜੀਵ ਆਤਮਾ ਰੂਪ ਬੱਚੀ ਮੈਂ ਤੈਨੂੰ ਜਗਾਉਣਾ ਚਾਹੁੰਦਾ ਹਾਂ। ਜਿਸਨੇ ਜੀਵਨ ਸੁਚੱਜਾ ਬਣਾਉਣਾ ਹੈ ਉਸਨੂੰ ਬਾਣੀ ਦੀ ਬੋਲੀ ਸਮਝਣੀ ਪਏਗੀ, ਤੇ ਉਸ ਲਈ ਜਾਗਣਾ ਜ਼ਰੂਰੀ ਹੈ।

ਸਾਡੇ ਪੰਜ ਸੌ ਵਰ੍ਹੇ ਤੋਂ ਬਾਣੀ ਬੋਲ ਰਹੀ ਹੈ, ਕੀ ਅਸੀਂ ਜਾਗੇ? ਨਾ ਜਾਗਣ ਦਾ ਕਾਰਣ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਬੜੀ ਸਾਜਿਸ਼ ਨਾਲ ਸਾਨੂੰ ਬਾਣੀ ਤੋਂ ਦੂਰ ਰੱਖਿਆ ਗਿਆ। ਮਨੁੱਖ ਨੇ ਜੀਵਨ ਬਾਣੀ ਦੀ ਅਗਵਾਈ 'ਚ ਬਣਾਉਣਾ ਸੀ,

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ

ਮੈਂ ਗੁਰਬਾਣੀ ਦਾ ਆਧਾਰ ਬਣਾਵਾਂਗਾ, ਇਸੇ ਲਈ ਗੁਰਬਾਣੀ ਨਾਲ ਜੁੜਿਆ, ਕੀ ਅਸੀਂ ਗੁਰਬਾਣੀ 'ਤੇ ਆਪਣਾ ਜੀਵਨ ਆਧਾਰਿਤ ਕੀਤਾ? ਕਿਉਂਕਿ ਸਾਡੇ ਦਿਮਾਗ 'ਚ ਇਹ ਵਾੜ ਦਿੱਤਾ ਗਿਆ ਕਿ ਗੁਰਬਾਣੀ ਦੀ ਸਮਝ ਨਹੀਂ ਲਗਦੀ। ਅਸੀਂ ਆਪਣੇ ਜੀਵਨ ਦਾ ਆਧਾਰ ਬਣਾਉਣ ਲਈ ਗੁਰਬਾਣੀ ਤੋਂ ਨਹੀਂ ਪੁੱਛਿਆ। "ਗੁਰੂ" ਸ਼ਬਦ ਹੀ ਹਾਈਜੈਕ ਕਰ ਲਿਆ ਗਿਆ। ਬਾਣੀ ਕਹਿ ਰਹੀ ਹੈ "ਸ਼ਬਦ ਗੁਰੂ", ਬਾਣੀ ਕਹਿ ਰਹੀ ਹੈ "ਬਾਣੀ ਗੁਰੂ" ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ ਗੁਰੂ ਬਾਣੀ ਕਹੇ ਸਿੱਖ ਮੰਨੇ, ਪਰ ਹੋਇਆ ਇਸ ਦੇ ਉਲਟ, ਅਸੀਂ ਸਿਰਫ ਪੜ੍ਹ ਰਹੇ ਹਾਂ, ਪਰ ਮੰਨ ਨਹੀਂ ਰਹੇ। ਜਿਨ੍ਹਾਂ ਨੇ ਸਾਨੂੰ ਬਾਣੀ ਨਾਲੋਂ ਤੋੜਨਾ ਸੀ, ਉਨ੍ਹਾਂ ਨੇ ਬੜੇ ਉਪਰਾਲੇ ਕੀਤੇ। ਇਸ ਲਈ ਉਨ੍ਹਾਂ ਨੇ "ਗੁਰੂ" ਸ਼ਬਦ ਹਾਈਜੈਕ ਕੀਤਾ।

ਅਸੀਂ ਗੁਰੂ ਨਾਨਕ ਦੀ, ਗੁਰੂ ਅੰਗਦ ਦੀ ਦੇਹ ਨਹੀਂ ਮੰਨਦੇ, ਗੁਰੂ ਦਾ ਸਿਧਾਂਤ ਮੰਨਦੇ ਹਾਂ, ਗੁਰੂ ਅਤੇ ਨਾਮ, ਜਿਵੇਂ ਗੁਰੂ ਅਤੇ ਨਾਨਕ ਦੋ ਨਾਵਾਂ ਦਾ ਸੰਗ੍ਰਹਿ ਹੈ। ਇਸ ਲਈ "ਗੁਰੂ" ਗ੍ਰੰਥ, ਉਸ ਗ੍ਰੰਥ ਵਿੱਚ ਗੁਰਬਾਣੀ ਹੈ, ਤਾਂ ਉਹ ਗੁਰੂ ਹੈ। ਹੁਣ ਉਨ੍ਹਾਂ ਨੇ "ਗੁਰੂ" ਸ਼ਬਦ ਹਾਈਜੈਕ ਕਰਕੇ ਕਿਹਾ ਕਿ ਗੁਰੂ ਪੰਥ ਹੈ, ਤੇ ਪੰਥ ਕੁੱਝ ਵਿਅਕਤੀਆਂ ਦਾ ਸਮੂਹ ਹੈ, ਕਿਉਂਕਿ ਉਸ ਸਮੂਹ ਦੇ ਆਖੇ ਸਿੱਖ ਚਲੇ। ਤੇ ਹੋਰ ਆ ਗਿਆ "ਗੁਰੂ ਖ਼ਾਲਸਾ" ਆਦਿ ਪ੍ਰਚਲਿਤ ਕੀਤੇ, ਤੇ ਸਹਾਰਾ ਲਿਆ ਗਿਆ ਰਹਿਤਨਾਮਿਆਂ ਦਾ।

ਅਗਾਂਹ ਚਲਦੇ ਹੋਏ ਉਨ੍ਹਾਂ ਕਿਹਾ ਬੜੀ ਸਾਜਿਸ਼ ਨਾਲ ਸਿੱਖ ਦੀਆਂ ਤਿੰਨ ਜ਼ਰੂਰੀ ਚੀਜ਼ਾਂ ਹਰ ਵਖਤ ਜਿਹੜੀਆਂ ਸ਼ਾਮਿਲ ਹਨ, ਉਨ੍ਹਾਂ 'ਚੋ ਗੁਰਬਾਣੀ ਤੋਂ ਦੂਰ ਕੀਤਾ ਗਿਆ। ਸਿੱਖ ਦਾ ਇੱਕ ਮਕਸਦ ਹੈ ਅੰਮ੍ਰਿਤਧਾਰੀ ਹੋਣਾ, ਦੂਸਰਾ ਨਿਤਨੇਮ, ਤੀਸਰੀ ਅਰਦਾਸ, ਇਹ ਤਿੰਨੇ ਹੀ ਗੁਰੂ ਨਾਲੋਂ ਤੋੜ ਦਿੱਤੀਆਂ ਗਈਆਂ

* ਅੰਮ੍ਰਿਤ ਛਕਣ ਵੇਲੇ ਵੀ ਤੁਹਾਡੇ ਕੋਲੋਂ ਇਹ ਕਿਹਾ ਗਿਆ ਕਿ ਤੇਰਾ ਗੁਰੂ ਗ੍ਰੰਥ ਨਹੀਂ, ਦੂਜੇ ਗ੍ਰੰਥ 'ਚੋਂ ਤਿੰਨ, ਅਤੇ ਗੁਰੂ ਗ੍ਰੰਥ 'ਚੋਂ ਸਿਰਫ ਦੋ। ਕਿ ਸਾਬਿਤ ਕੀਤਾ ਜਾ ਸਕੇ ਕਿ ਹੇ ਸਿੱਖ ਤੇਰਾ ਗੁਰੂ, ਗੁਰਬਾਣੀ ਨਹੀਂ।

* ਨਿੱਤਨੇਮ ਵਿਚ ਵੀ ਦੂਜੇ ਗ੍ਰੰਥ 'ਚੋਂ ਤਿੰਨ, ਅਤੇ ਗੁਰੂ ਗ੍ਰੰਥ 'ਚੋਂ ਸਿਰਫ ਦੋ।

* ਅਰਦਾਸ ਵਿੱਚ ਤਾਂ ਨਾ ਆਂਰੰਭ ਵਿਚ ਨਾ ਅਖੀਰ 'ਤੇ, ਕਿਤੇ ਵੀ ਗੁਰਬਾਣੀ ਨਹੀਂ। ਆਰੰਭ ਵਿੱਚ ਭਗੌਤੀ, ਅੰਤ ਵਿੱਚ ਵੀ ਕੱਚੀ ਬਾਣੀ "ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬੱਤ ਦਾ ਭਲਾ", ਭਾਂਵੇਂ ਇਸ ਲਾਈਨ ਵਿੱਚ ਕੋਈ ਬੁਰਾਈ ਨਹੀਂ, ਪਰ ਇਹ ਗੁਰਬਾਣੀ ਨਹੀਂ, ਹੈ ਤਾਂ ਨਕਲ। ਨਕਲ ਤਾਂ ਨਕਲ ਹੈ। ਬਹੁਤ ਸਾਰੇ ਲੋਕ ਇਸ ਤੁੱਕ ਨੂੰ ਗੁਰਬਾਣੀ ਸਮਝਦੇ ਹਨ, ਧੋਖਾ ਹੈ, ਕਿਉਂਕਿ ਇਸ ਵਿੱਚ "ਨਾਨਕ ਸ਼ਬਦ ਹੈ, ਭੁਲੇਖਾ ਪਾਉਣ ਲਈ। ਕਿੱਡੀ ਸਾਜਿਸ਼ ਹੈ ਕਿ ਕਿਤੇ ਵੀ ਅਰਦਾਸ 'ਚ ਗੁਰਬਾਣੀ ਦੀ ਅਗਵਾਈ ਨਹੀਂ। ਅਰਦਾਸ ਹੈ ਅਗਵਾਈ, ਪਰ ਉਸ ਵਿੱਚ ਵੀ ਗੁਰਬਾਣੀ ਨਹੀਂ। "ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬੱਤ ਦਾ ਭਲਾ" ਐਨੀ ਪ੍ਰਚਲਿਤ ਹੋ ਗਈ, ਗੁਰੂ ਦੇ ਸਾਹਮਣੇ ਕੀਰਤਨ ਵੀ ਹੋਣ ਲੱਗ ਪਿਆ।

ਇਓਂ ਸਾਡੇ ਜੀਵਨ 'ਚੋਂ ਗੁਰਬਾਣੀ ਨੂੰ ਦੂਰ ਕੀਤਾ ਗਿਆ, ਰੋਜ਼ ਦੇ ਜੀਵਨ 'ਚੋਂ ਗੁਰਬਾਣੀ ਦੂਰ ਹੋ ਗਈ। ਇਸ ਲਈ ਸਾਨੂੰ ਭਗੌਤੀ ਛੱਡਣ ਲਗਿਆਂ, ਪਰੇਸ਼ਾਨੀ ਹੋ ਰਹੀ ਹੈ, ਚੌਪਈ ਛੱਡਣ ਲਗਿਆਂ ਪਰੇਸ਼ਾਨੀ ਹੋ ਰਹੀ ਹੈ ਜੋ ਤ੍ਰੀਆ ਚਰਿੱਤਰ ਵਿੱਚੋਂ ਹੈ। ਇਸੇ ਲਈ ਪੰਜ ਸੌ ਵਰ੍ਹੇ ਬਾਅਦ ਵੀ ਅਸੀਂ ਗੁਰੂ ਦੀ ਪਛਾਣ ਨਾ ਕਰ ਸਕੇ। ਇਸ ਲਈ ਜਦੋਂ ਬਾਣੀ ਬੋਲੇ, ਉਸਨੂੰ ਸੁਣੀਏ, ਉਸ 'ਤੇ ਆਪਣਾ ਜੀਵਨ ਆਧਾਰ ਕਰੀਏ, ਤੇ ਪਰਖ ਕੇ ਵੀਚਾਰ ਕੇ ਬਣਾਈਏ, ਤੇ ਫਿਰ ਸਾਨੂੰ ਬਾਹਰੋਂ ਭਾਲਣ ਦੀ ਲੋੜ ਨਾ ਪਵੇ, ਇਸ ਵਿੱਚ ਕੋਈ ਥੁੜ ਨਹੀਂ।

ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ॥

ਉਹ ਭਾਗਹੀਨ ਅਖਵਾਉਂਦੇ ਨੇ ਜਿਹੜੇ ਰਤਨ ਪਦਾਰਥ ਹੁੰਦਿਆਂ ਹੋਇਆਂ ਮੰਗਦੇ ਫਿਰਨ, ਓ ਇੱਕ ਸ਼ਲੋਕ ਤੂੰ ਦੇਦੇ, ਓ ਇੱਕ ਪਉੜੀ ਤੂੰ ਦੇਦੇ, ਓ ਇੱਕ ਨਿਤਨੇਮ ਦੀ ਰਚਨਾ ਮੈਂਨੂੰ ਤੂੰ ਦੇਦੇ, ਮੇਰਾ ਘਰ ਸੰਵਰ ਜਾਵੇ... ਕੇਡੀ ਅਜੀਬ ਗੱਲ ਹੈ...

ਸਤਿਗੁਰੂ ਕਹਿੰਦੇ ਨੇ "ਅੰਨੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣੁ ਜਾਇ ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥"

ਅੰਨੇ ਮਨੁੱਖ ਦੇ ਹੱਥ ਰਤਨ ਪਦਾਰਥ ਹੋਂਦਿਆਂ, ਉਹ ਉਸਦੀ ਕੀਮਤ ਨਾ ਜਾਣਦੇ ਹੋਏ ਘਰ ਘਰ ਵੇਚਣ ਤੁਰ ਪਿਆ, ਜੀਵਨ ਦਾ ਆਧਾਰ ਨਾ ਬਣਾ ਸਕਿਆ। ਜੀਵਨ ਦਾ ਆਧਾਰ ਕੁੱਝ ਹੋਰ ਬਣਾ ਲਿਆ ਹੈ, ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਣਾ, ਬਾਣੀ ਪਈ ਆਵਾਜ਼ ਪਈ ਮਾਰਦੀ ਹੈ, ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥ ਜੇ ਅਸੀਂ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਹਾਂ, ਤਾਂ ਮੈਂ ਤਾਂ ਇਸਦੀ ਹੀ ਗੱਲ ਕਰਾਂਗਾ।


ਵਿਸ਼ੇਸ਼ ਬੇਨਤ: ਕਈ ਪਾਠਕ ਬਿਨਾਂ ਪੜ੍ਹੇ ਸੁਣੇ ਹੀ ਸਿਰਫ ਲਿਖਣ / ਬੋਲਣ ਵਾਲੇ ਦਾ ਨਾਮ ਪੜ੍ਹਕੇ ਹੀ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਬੇਨਤੀ ਹੈ ਕਿ ਸਿਰਫ ਵਿਸ਼ੇ 'ਤੇ ਹੀ ਕੁਮੈਂਟ ਕਰਨ। ਜਿਸ ਕਿਸੇ ਨੂੰ ਭਗੌਤੀ ਚੰਗੀ ਲਗਦੀ ਹੈ, ਉਹ ਉਸਨੂੰ ਧਿਆਈ ਜਾਵੇ, ਖ਼ਾਲਸਾ ਨਿਊਜ਼... ਭਗੌਤੀ, ਮਹਾਕਾਲ, ਖੜਗਕੇਤ ਆਦਿ, ਚੌਪਈ ਅਤੇ ਹੋਰ ਅਖੌਤੀ ਦਸਮ ਗ੍ਰੰਥ 'ਚ ਅੰਕਿਤ ਰਚਨਾਵਾਂ ਨੂੰ ਗੁਰਬਾਣੀ ਨਹੀਂ ਮੰਨਦੀਇਥੇ ਤਾਂ ਅਖੌਤੀ ਦਸਮ ਗ੍ਰੰਥ ਖਿਲਾਫ ਪ੍ਰਚਾਰ ਚਲਦਾ ਰਹੇਗਾ। ਇਸ ਲਈ ਅਖੌਤੀ ਦਸਮ ਗ੍ਰੰਥ ਦੇ ਸਮਰਥਕ ਆਪਣੀ ਵਿਦਵਤਾ ਆਪਣੇ ਕੋਲ ਸੰਭਾਲੀ ਰੱਖਣ, ਸਾਡੇ 'ਤੇ ਉਸਦਾ ਕੋਈ ਅਸਰ ਨਹੀਂ। ਸਾਡੇ ਲਈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਬਾਣੀ ਹੀ ਗੁਰਬਾਣੀ ਹੈ, ਉਹੀ ਸਰਵਉੱਚ ਹੈ, ਉਹੀ ਰਹਿਤ ਮਰਿਆਦਾ ਹੈ, ਉਸ 'ਚੋਂ ਹੀ ਸਾਡਾ ਨਿੱਤਨੇਮ ਹੈ, ਉਸ 'ਚੋਂ ਹੀ ਸਾਡੀ ਅਰਦਾਸ ਹੈ। ...ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top