Share on Facebook

Main News Page

ਜਦੋਂ ਆਪਣਿਆਂ ਨੇ ਹੀ ਸਿੱਖਾਂ ਨੂੰ ਪੱਕੇ ਤੌਰ 'ਤੇ ਬਿਪਰਵਾਦੀ ਬਣਾ ਦਿੱਤਾ ! (ਭਾਗ ਆਖਰੀ)
-: ਪ੍ਰੋ. ਕਸ਼ਮੀਰਾ ਸਿੰਘ USA

* ਲੜ੍ਹੀ ਜੋੜ੍ਹਨ ਲਈ ਪੜ੍ਹੋ: ਭਾਗ ਪਹਿਲਾ, ਦੂਜਾ

ਅਰਦਾਸਿ ਵਿੱਚ ਬਿਪਰਵਾਦੀ ਅੰਸ਼ ਜੋੜੇ ਗਏ:

ਮੌਜੂਦਾ ਕੀਤੀ ਜਾਂਦੀ ਅਰਦਾਸਿ ਵੀ ਕਿਸੇ ਗੁਰੂ ਸਾਹਿਬ ਪਾਤਿਸ਼ਾਹ ਵਲੋਂ ਨਹੀਂ ਬਣਾਈ ਗਈ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵਾਨਤ ਅਤੇ ਗੁਰੂ ਦਾ ਦਰਜਾ ਪ੍ਰਾਪਤ 22 ਵਾਰਾਂ ਹਨ, ਜਿਨ੍ਹਾਂ ਨੂੰ ਆਪਣੇ ਹੱਥੀਂ ਦਰਜ ਕਰਵਾ ਕੇ ਗੁਰੂ ਪਾਤਿਸ਼ਾਹ ਧੰਨੁ ਗੁਰੂ ਅਰਜੁਨ ਸਾਹਿਬ ਜੀ ਨੇ ਸਿੱਖਾਂ ਦੇ ਹਵਾਲੇ ਕੀਤਾ ਸੀ। 25 ਮੈਂਬਰੀ ਕਮੇਟੀ ਨੇ ਇਨ੍ਹਾਂ ਵਾਰਾਂ ਨੂੰ ਅਣਗੌਲ਼ਿਆਂ ਕਰਕੇ, ਖ਼ੁਦ ਜਾਂ ਕਿਸੇ ਬਾਹਰੀ ਦਬਾਅ ਅਧੀਨ ਮਾਈ ਪਾਰਬਤੀ ਦੇ ਸੋਹਲੇ ਗਾਉਂਦੀ ਹੋਈ ‘ਦੁਰਗਾ ਕੀ ਵਾਰ’ ਇੱਕ ਅਪ੍ਰਵਾਨਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਪਈ ਕੱਚੀ ਰਚਨਾ ਵਿੱਚੋਂ, ਦੁਰਗਾ ਦੇ ਪਾਠ ਦੀ ਪਉੜੀ ਨੂੰ ਅਰਦਾਸਿ ਦਾ ਮੁੱਖੜਾ ਬਣਾ ਦਿੱਤਾ, ਜਿਸ ਨਾਲ਼ ਬਿੱਪਰਵਾਦੀ ਸੋਚ ਵਾਲ਼ੇ ਅੰਸ਼ ਅਰਦਾਸਿ ਵਿੱਚ ਵੀ ਸ਼ਾਮਲ ਕਰ ਦਿੱਤੇ ਗਏ, ਤੇ ਜਿਸ ਨਾਲ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਵਿਚਾਰਧਾਰਾ ਨੂੰ ਫਿਰ ਗੰਧਲ਼ਾ ਕਰ ਦਿੱਤਾ ਗਿਆ।

ਕੀ 25 ਮੈਂਬਰੀ ਸੱਬ-ਕਮੇਟੀ ਦੇ ਵਿਦਵਾਨਾਂ ਨੇ ਦੁਰਗਾ ਦੀ ਇਸ ਵਾਰ ਨੂੰ ਆਪ ਨਹੀਂ ਪੜ੍ਹ ਕੇ ਦੇਖਿਆ ਹੋਵੇਗਾ? ਜੇ ਅਜਿਹਾ ਕੀਤਾ ਹੁੰਦਾ, ਤਾਂ ਸ਼ਾਇਦ ਪਤਾ ਲੱਗ ਜਾਂਦਾ ਕਿ ‘ਦੁਰਗਾ ਕੀ ਵਾਰ’ ਦੀਆਂ ਸਾਰੀਆਂ 55 ਪਉੜੀਆਂ ਹੀ ਦੁਰਗਾ ਦਾ ਪਾਠ ਹੀ ਤਾਂ ਹੈ, ਪਰ ਅਜਿਹਾ ਨਾ ਹੋਇਆ। ਇਸ ਅਰਦਾਸਿ ਦੁਆਰਾ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਪਹਿਲਾਂ ਦੁਰਗਾ ਮਾਈ ਪਾਰਬਤੀ ਨੂੰ ਨਮਸਕਾਰ ਕੀਤੀ ਜਾਂਦੀ ਹੈ। ਦੁਰਗਾ ਦੇ ਪੁਜਾਰੀ ਕਵੀ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿ ਸਿੱਖ ਗੁਰੂ ਸਾਹਿਬਾਨ ਵੀ ਦੁਰਗਾ ਨੂੰ ਹੀ ਮੰਨਦੇ ਸਨ ਤੇ ਸਾਰੀ ਪਉੜੀ ਦੇ ਇਹੀ ਅਰਥ ਹਨ।

ਪਉੜੀ ਦੇ ‘ਲਈ’ ਸ਼ਬਦ ਨੂੰ ਧੱਕੇ ਨਾਲ਼ ‘ਲਈਂ’ ਤੇ ‘ਹੋਈ’ ਸ਼ਬਦ ਨੂੰ ‘ਹੋਈਂ’ ਗ਼ਲਤ ਪੜ੍ਹਿਆ ਜਾ ਰਿਹਾ ਹੈ।

ਰਾਮਦਾਸੈ ਹੋਈਂ ਸਹਾਇ’ ਵਾਕ-ਅੰਸ਼ ਦੇ ਅਰਥ ‘ਗੁਰੂ ਰਾਮਦਾਸ ਜੀ ਸਹਾਈ ਹੋਇਓ’ ਕਦਾਚਿੱਤ ਨਹੀਂ ਬਣ ਸਕਦੇ, ਭਾਵੇਂ ਕੋਈ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਵਿਆਕਰਣ ਦਾ ਵੱਡੇ ਤੋਂ ਵੱਡਾ ਗਿਆਨਵਾਨ ਪ੍ਰਚਾਰਕ ਬਣਾ ਕੇ ਵੇਖ ਲਏ। ਕਬੀਰੈ, ਗੋਪਾਲੈ, ਫ਼ਰੀਦੈ, ਧੰਨੈ, ਬਾਲਮੀਕੈ, ਨਾਨਕੈ, ਰਾਮਦਾਸੈ, ਪ੍ਰੀਤਮੈ ਆਦਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਰਤੇ ਗਏ ਹਨ, ਪਰ ਕਿਤੇ ਵੀ ਅਰਥਾਂ ਵਿੱਚ ਇਹ ਸ਼ਬਦ ਬਣਤਰ ਪੱਖੋਂ ਸੰਬੋਧਨ ਕਾਰਕ ਵਿੱਚ ਨਹੀਂ ਹਨ ਤੇ ਨਾ ਹੀ ਹੋ ਸਕਦੇ ਹਨਇਹ ਸ਼ਬਦ ਕਰਮ ਕਾਰਕ ਜਾਂ ਸੰਬੰਧ ਕਾਰਕ ਵਿੱਚ ਹੀ ਵਰਤੇ ਜਾ ਸਕਦੇ ਹਨ। ਇਨ੍ਹਾਂ ਸ਼ਬਦਾਂ ਦੇ ਅਰਥ ਹੇ ਕਬੀਰ ਜੀ!, ਹੇ ਗੋਪਾਲ ਜੀ!, ਹੇ ਫ਼ਰੀਦ ਜੀ 100 ਪ੍ਰਤੀਸ਼ਤ ਨਿਰਾਰਥਕ ਹਨ ਤੇ ਇਹ ਸੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾਅਵੇ ਨਾਲ਼ ਪ੍ਰਗਟ ਕਰਦੇ ਅਤੇ ਸਮਝਾਉਂਦੇ ਹਨ। ‘ਰਾਮਦਾਸੈ ਹੋਈ ਸਹਾਇ’ ਦੇ ਠੀਕ ਅਰਥ ਬਣਦੇ ਹਨ ‘ਗੁਰੂ ਰਾਮਦਾਸ ਜੀ ਨੂੰ ਸਹਾਈ ਹੋਈ’, ਭਾਵ. ‘ਰਾਮਦਾਸੈ’ ਸ਼ਬਦ ਕਰਮ ਕਾਰਕ ਵਿੱਚ ਹੈ, ਸੰਬੋਧਨ ਕਾਰਕ ਵਿੱਚ ਨਹੀਂ। ‘ਰਾਮਦਾਸੈ ਹੋਈਂ ਸਹਾਇ’ (ਹੋਇ ਬਿੰਦੀ ਨਾਲ਼) ਦੇ ਅਰਥ ਵਾਕ ਅੰਸ਼ ਦੀ ਰਚਨਾ ਮੁਤਾਬਕ ਬਣਨਗੇ- ਗੁਰੂ ਰਾਮਦਾਸ ਜੀ ਨੂੰ ਵੀ ਸਹਾਈ ਹੋਈਂ (ਦੁਰਗਾ ਮਾਈ ਅੱਗੇ ਕਵੀ ਦੀ ਪੁਕਾਰ ਹੈ) {ਦਸਮ ਗ੍ਰੰਥ ਦੇ ਕਵੀਆਂ ਨੇ ਤਾਂ ਰਿਸ਼ੀ ਬਾਲਮੀਕ ਨੂੰ ਵੀ ਦੁਰਗਾ ਮਾਈ ਪਾਰਬਤੀ ਦਾ ਪੁਜਾਰੀ ਬਣਾ ਦਿੱਤਾ ਹੋਇਆ ਹੈ, ਏਥੋਂ ਤਕ ਕਿ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਨੂੰ ਵੀ ਦੁਰਗਾ ਦੇ ਅਧੀਨ ਹੀ ਲਿਖਿਆ ਹੋਇਆ ਹੈ}। ਵਾਕ ਅੰਸ਼ ਦੀ ਰਚਨਾ ਮੁਤਾਬਕ ਦੋਹਾਂ ਸਥਿਤੀਆਂ ਵਿੱਚ ਅਰਥ ਸਿੱਖਾਂ ਦੇ ਪੜ੍ਹਨ ਯੋਗ ਨਹੀਂ ਹਨ। ਇੱਸ ਵਾਕ ਅੰਸ਼ ਨੂੰ ਪੜ੍ਹਨ ਨਾਲ਼ ਗੁਰੂ ਦਾ ਕਿਸੇ ਤਰ੍ਹਾਂ ਵੀ ਸਤਿਕਾਰ ਨਹੀਂ ਹੁੰਦਾ। ਇਸ ਵਾਰ ਦੀ 55ਵੀਂ ਪਉੜੀ ਪੜ੍ਹ ਕੇ, ਹੁਣ ਤਾਂ ਸਿੱਖਾਂ ਦੀਆਂ ਗਿਆਨ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ।

ਪਉੜੀ ਇਹ ਹੈ-

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ। ਇੰਦ੍ਰ ਸੱਦ ਬੁਲਾਇਆ ਰਾਜ ਅਭਿਸ਼ੇਖ ਨੋ।
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ। ਚੌਦੀਂ ਲੋਕੀ ਛਾਇਆ ਜਸੁ ਜਗਮਾਤ ਦਾ।
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।55।

ਅਰਥ- ਜਦੋਂ ਬਾਕੀ ਰਹਿੰਦੇ ਸੁੰਭ ਤੇ ਨਿਸੁੰਭ ਦੈਂਤ ਮਾਰੇ ਗਏ ਤਾਂ ਦੁਰਗਾ ਮਾਈ ਪਾਰਬਤੀ, ਭਾਵ, ਜਗਮਾਤ ਦਾ ਜੱਸ ਸਾਰੀ ਦੁਨੀਆਂ ਵਿੱਚ ਛਾ ਗਿਆ। ਇੰਦ੍ਰ ਨੂੰ ਬੁਲਾ ਕੇ ਦੁਰਗਾ ਮਾਈ ਨੇ ਉਸ ਦੇ ਰਾਜ ਤਿਲਕ ਦੀ ਰਸਮ ਕੀਤੀ ਤੇ ਉਸ ਦੇ (ਇੰਦ੍ਰ ਦੇ) ਸਿਰ ਉੱਤੇ ਮੁੜ ਛੱਤ੍ਰ ਝੁਲਣ ਲੱਗਾ। ਇਸ ‘ਦੁਰਗਾ ਕੀ ਵਾਰ’ ਦੀਆਂ ਸਾਰੀਆਂ ਪਉੜੀਆਂ ਦੁਰਗਾ ਮਾਈ ਪਾਰਬਤੀ ਜਗਮਾਤਾ ਦਾ ਪਾਠ ਕਰਦੀਆਂ ਹਨ ਜਿਨ੍ਹਾਂ ਨੂੰ ਗਾਉਣ ਨਾਲ਼ ਜੂਨਾਂ ਤੋਂ ਬਚੀਦਾ ਹੈ।

ਨੋਟ: ਦੁਰਗਾ ਦਾ ਪਾਠ ਜੂਨਾਂ ਤੋਂ ਨਹੀਂ ਬਚਾ ਸਕਦਾ, ਪਰ ਸਿੱਖ ਫਿਰ ਵੀ ਇਹ ਦੁਰਗਾ ਦਾ ਪਾਠ ਅਰਦਾਸਿ ਰਾਹੀਂ ਕਰੀ ਜਾ ਰਹੇ ਹਨ। ਦੁਰਗਾ ਮਾਈ ਤਾਂ ਆਪ ਕਿਸੇ ਸੇਵਕ ਨੂੰ ਮੁਕਤੀ ਦੇਣ ਸਮੇਂ ਕਿਤੇ ਲ਼ੁਕ ਗਈ ਸੀ।

ਇਹ ਗਿਆਨ ਦੀਆਂ ਅੱਖਾਂ ਖੋਲ੍ਹਣ ਵਾਲ਼ਾ ਸੱਚ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ-

ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ ਮਹਾ ਮਾਈ ਕੀ ਪੂਜਾ ਕਰੈ॥ ਨਰ ਸੇ ਨਾਰਿ ਹੋਇ ਅਉਤਰੈ॥-ਗਗਸ 874

ਪਦ-ਅਰਥ: ਨਰ ਸੇ ਨਾਰਿ- ਮਰਦ ਤੋਂ ਤੀਵੀਂ। ਅਉਤਰੈ- ਜਨਮ ਹੁੰਦਾ ਹੈ।

ਗੁਰੂ ਨਾਲੋਂ ਕੋਈ ਕਮੇਟੀ ਵੱਡੀ ਨਹੀਂ। ਗੁਰੂ ਦਾ ਹੁਕਮ ਸਾਰਿਆਂ ਲਈ ਮੰਨਣ ਯੋਗ ਹੈ ਤੇ 25 ਮੈਂਬਰੀ ਕਮੇਟੀ ਨੂੰ ਵੀ ਸ੍ਰੀ ਗੁਰੂ ਅਰਜੁਨ ਸਾਬਿ ਪਾਤਿਸ਼ਾਹ ਜੀ ਦਾ ਬਣਾਇਆ ਅਤੇ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਿਸ਼ਾਹ ਵਲੋਂ ਪ੍ਰਵਾਨ ਕੀਤਾ (ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਵਾਲ਼ਾ) ਨਿੱਤ-ਨੇਮ ਸਵੀਕਾਰ ਕਰ ਲੈਣਾ ਚਾਹੀਦਾ ਸੀ। ਹੁਣ ਵੀ ਕੌਮ ਦੇ ਭਲੇ ਤੇ ਏਕਤਾ ਲਈ ਅਜਿਹਾ ਕੀਤਾ ਜਾ ਸਕਦਾ ਹੈ।

ਅਰਦਾਸਿ ਵਿੱਚੋਂ ਦੁਰਗਾ ਦੇ ਪਾਠ ਦੀ ਪਉੜੀ ਕੱਢ ਕੇ ਕੌਮ ਨੂੰ ਦੁਰਗਾ ਪਾਠ ਦੇ ਜੂਲ਼ੇ ਹੇਠੋਂ ਕੱਢਿਆ ਜਾ ਸਕਦਾ ਹੈ। ਕੌਮ ਦੇ ਭਲੇ ਦਾ ਇਹ ਕੰਮ ਕੇਵਲ ਜਾਗਰੂਕ ਸਿੱਖ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੀ ਕਰ ਸਕਦੀਆਂ ਹਨ। ਮੌਜੂਦਾਂ ਹਾਲਾਤਾਂ ਵਿੱਚ ਕੌਮ ਦੀ ਵਾੜ ਸ਼੍ਰੋ ਗ. ਪ੍ਰ. ਕਮੇਟੀ ਅੰਮ੍ਰਿਾਸਰ ਵਲੋਂ ਇਹ ਤਬਦੀਲੀ ਵਾਲ਼ਾ ਕੌਮ ਦੇ ਭਲੇ ਦਾ ਕਾਰਜ ਕੀਤਾ ਜਾਣਾਂ ਅਸੰਭਵ ਜਾਪਦਾ ਹੈ, ਕਿਉਂਕਿ ਇਹ ਸੰਸਥਾ ਵੀ ਹੁਕਮਰਾਨਾਂ ਵਲੋਂ ਬਿਪਰਵਾਦੀ ਤੇ ਸਨਾਤਨੀ ਸੋਚ ਦੇ ਅਧੀਨ ਕੀਤੀ ਜਾ ਚੁੱਕੀ ਹੈ।

ਅਰਦਾਸਿ ਸ਼ੁਰੂ ਕਰਨ ਦਾ ਢੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਇਸ ਤਰ੍ਹਾਂ ਵੀ ਹੋ ਸਕਦਾ ਹੈ-

ੴ ਸਤਿ ਗੁਰਪ੍ਰਸਾਦਿ॥
ਬੋਲੋ ਜੀ ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ॥
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ॥

ਧੰਨੁ ਧੰਨੁ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਿਸ਼ਾਹ ਜੀ!
ਧੰਨੁ ਧੰਨੁ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਿਸ਼ਾਹ ਜੀ!
ਧੰਨੁ ਧੰਨੁ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਿਸ਼ਾਹ ਜੀ!
ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਿਸ਼ਾਹ ਜੀ!
ਧੰਨੁ ਧੰਨੁ ਸ੍ਰੀ ਗੁਰੂ ਅਰਜੁਨ ਸਾਹਿਬ ਸੱਚੇ ਪਾਤਿਸ਼ਾਹ ਜੀ!
ਧੰਨੁ ਧੰਨੁ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਿਸ਼ਾਹ ਜੀ!
ਧੰਨੁ ਧੰਨੁ ਸ੍ਰੀ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਿਸ਼ਾਹ ਜੀ!
ਧੰਨੁ ਧੰਨੁ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਿਸ਼ਾਹ ਜੀ!
ਧੰਨੁ ਧੰਨੁ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਸੱਚੇ ਪਾਤਿਸ਼ਾਹ ਜੀ!
ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਿਸ਼ਾਹ ਜੀ!
ਧੰਨੁ ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਿਸ਼ਾਹ ਜੀ!

ਸੱਭ ਥਾਈਂ ਹੋਣਾ ਜੀ ਸਹਾਇ। ਦਸਾਂ ਪਾਤਿਸ਼ਾਹੀਆਂ ਦੀ ਜੋਤਿ ਧੰਨੁ ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਿਸ਼ਾਹ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿ ਗੁਰੂ। ਪੰਜਾਂ ਪਿਆਰਿਆਂ----------------ਸਰਬੱਤ ਦਾ ਭਲਾ (ਬਾਕੀ ਢਾਂਚਾ ਮਾਮੂਲੀ ਫੇਰ ਬਦਲ ਨਾਲ਼ ਉਸੇ ਤਰ੍ਹਾਂ ਰੱਖਿਆ ਜਾ ਸਕਦਾ ਹੈ)।

ਨੋਟ: ‘ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ’ ਦੀ ਥਾਂ ‘ਸਿੱਖ ਇਤਿਹਾਸਕ ਸਥਾਨਾਂ ਦੇ ਦਰਸ਼ਨ’, ‘ਕੇਸ ਦਾਨ’ ਦੀ ਥਾਂ ‘ਕੇਸ ਸੰਭਾਲ਼ ਦਾਨ’ ਅਤੇ ‘ਸ੍ਰੀ ਸਾਹਿਬ ਜੀ ਸਹਾਇ’ ਦੀ ਥਾਂ ‘ਸ੍ਰੀ ਅਕਾਲ ਪੁਰਖ ਜੀ ਸਹਾਇ’ ਸ਼ਬਦ ਵਰਤ ਲਏ ਜਾਣ ਤਾਂ ਗੁਰਮਤਿ ਅਨੂਕੂਲ ਹੈ। ਸਰੋਵਰ ਕੇਵਲ ਓਥੇ ਬਣਾਏ ਗਏ ਸਨ, ਜਿੱਥੇ ਸ਼ਾਰੀਰਕ ਇਸ਼ਨਾਨ ਲਈ ਨੇੜੇ ਵਗਦੀ ਨਦੀ ਜਾਂ ਦਰਿਆ ਆਦਿਕ ਦੀ ਸੁਵਿਧਾ ਨਹੀਂ ਸੀ। ਤੀਰਥ ਇਸ਼ਨਾਨ ਲਈ ਕੇਵਲ ਗੁਰੂ ਹੀ ਤੀਰਥ ਹੈ। ਗੁਰੂ ਤੋਂ ਵੱਡਾ ਦੁਨੀਆਂ ਵਿੱਚ ਕੋਈ ਤੀਰਥ ਨਹੀਂ ਹੈ। ਗੁਰਬਾਣੀ ਵਿੱਚ ਤਾਂ ਉਸ ਤੀਰਥ ਦੀ ਗੱਲ ਹੈ ਜਿੱਸ ਵਿੱਚ ਹਰ ਰੋਜ਼ (ਨਿੱਤ ਪ੍ਰਤੀ) ਇਸ਼ਨਾਨ ਕੀਤਾ ਜਾ ਸਕੇ ਭਾਵੇਂ ਸਿੱਖ ਦੇਸ਼ ਵਿੱਚ ਹੈ ਜਾਂ ਵਿਦੇਸ਼ ਵਿੱਚ। ਉਹ ਤੀਰਥ ਕੇਵਲ ਗੁਰੂ ਹੈ, ਗੁਰੂ ਦਾ ਸ਼ਬਦ ਹੈ, ਗੁਰਬਾਣੀ ਰਾਹੀਂ ਮਿਲ਼ਿਆ ਰੱਬੀ ਗਿਆਨ ਹੈ। ਉਸ ਤੀਰਥ ਦਾ ਜ਼ਿਕਰ ਇਉਂ ਕੀਤਾ ਗਿਆ ਹੈ-

ਨਿਤ ਪ੍ਰਤਿ ਨਾਵਣ ਰਾਮ ਸਰਿ ਕੀਜੈ॥ ਝੋਲਿ ਮਹਾ ਰਸੁ ਹਰਿ ਅੰਮ੍ਰਿਤ ਪੀਜੈਨਿਰਮਲ ਉਦਕੁ ਗੋਬਿਦ ਕਾ ਨਾਮਮਜਨੁ ਕਰਤ ਪੂਰਨ ਸਭਿ ਕਾਮ॥ ਗਗਸ ਪੰਨਾਂ 198

ਅਰਥ- ਰਾਮਸਰਿ, ਰਾਮ ਦੇ ਨਾਮ ਦੇ ਸਰੋਵਰ ਵਿੱਚ, ਦੇਸ਼ ਪ੍ਰਦੇਸ਼ ਵਿੱਚ ਜੁੜਦੀ ਸਤਿਸੰਗਤਿ ਵਿੱਚ ਜਿੱਥੇ ਰਮੇ ਹੋਏ ਅਬਿਨਾਸ਼ੀ ਰਾਮ ਦੀਆਂ ਸਿਫ਼ਤਾਂ ਹੁੰਦੀਆਂ ਹਨ। ਇਹ ਕਿਸੇ ਪਾਣੀ ਵਾਲ਼ੇ ਸਰੋਵਰ ਦਾ ਨਾਂ ਨਹੀਂ ਹੈ। ਸਤਿ ਸਰਿ, ਰਾਮ ਦਾਸ ਸਰਿ, ਹਰਿ ਸਰਿ ਆਦਿਕ ਪਾਣੀ ਵਾਲ਼ੇ ਸਰੋਵਰਾਂ ਦੇ ਨਾਂ ਨਹੀਂ ਸਗੋਂ ਇਹ ਸਾਰੇ ਸ਼ਬਦ‘ਰਾਮ ਸਰਿ’ ਵਾਲ਼ੇ ਅਰਥ ਹੀ ਰੱਖਦੇ ਹਨ। ਸਰੋਵਰਾਂ ਦੇ ਪਾਣੀ ਮਨ ਨੂੰ ਪਵਿੱਤ੍ਰ ਨਹੀਂ ਕਰ ਸਕਦੇ, ਜਿਵੇਂ

ਤੀਰਥਿ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭ ਹਉਮੈ ਫੈਲੁ॥ --ਗਗਸ 890
ਤੀਰਥਿ ਨਾਇ ਕਹਾ ਸੁਚਿ ਸੈਲੁ॥ ਮਨ ਕਉ ਵਿਆਪੈ ਹਉਮੈ ਮੈਲੁ॥ --ਗਗਸ 1149

ਕੇਸ ਦਾਨ ਤਾਂ ਹਰ ਇੱਕ ਪ੍ਰਾਣੀ, ਭਾਵੇਂ ਉਹ ਕਿਸੇ ਵੀ ਮੁਲਕ ਵਿੱਚ ਜਿੱਸ ਦੇ ਵੀ ਘਰ ਪੈਦਾ ਹੋਵੇ, ਨੂੰ ਜਨਮ ਤੋਂ ਹੀ ਪ੍ਰਭੂ ਵਲੋਂ ਮਿਲ਼ਿਆ ਹੋਇਆ ਹੈ, ਪਰ ਸਾਰੇ ਮੁਲਕਾਂ ਦੇ ਸਾਰੇ ਪ੍ਰਾਣੀ ਕੇਸਾਂ ਦੀ ਸੰਭਾਲ਼ ਨਹੀਂ ਕਰਦੇ, ਇਸ ਲਈ ਸਿੱਖ ਨੇ ‘ਕੇਸ ਸੰਭਾਲ਼’ ਦਾਨ ਗੁਰੂ ਤੋਂ ਮੰਗਣਾਂ ਹੈ। ‘ਸ੍ਰੀ ਸਾਹਿਬ’ ਦਾ ਅਰਥ ਤਲਵਾਰ ਹੁੰਦਾ ਹੈ ਤੇ ਤਲਵਾਰ ਵੀ ਅਕਾਲ ਪੁਰਖ ਦੀ ਕਿਰਪਾ ਨਾਲ਼ ਹੀ ਚੱਲਦੀ ਹੈ ਇਸ ਲਈ ਅਕਾਲ ਪੁਰਖ ਦੀ ਸਹਾਇਤਾ ਮੰਗਣਾ ਯੋਗ ਹੈ, ਤਲਵਾਰ ਦੀ ਨਹੀਂ।

ਨੋਟ: ‘ਪ੍ਰਿਥਮ ਅਕਾਲ ਪੁਰਖ ਸਿਮਰ ਕੈ ਗੁਰੂ ਨਾਨਕ ਲਈਂ ਧਿਆਇ’ ਵਾਕ ਨੂੰ ਅਰਦਾਸ ਵਿੱਚ ਵਰਤਣ ਤੋਂ ਪਹਿਲਾਂ ਗੁਰਮਤਿ ਪੱਖੋਂ ਇਸ ਪੰਕਤੀ ਦੇ ਅਰਥ ਵਿਚਾਰਨ ਦੀ ਲੋੜ ਹੈ। ਗੁਰਮਤਿ ਅਨੁਸਾਰ ਗੁਰੂ ਦੀ ਕਿਰਪਾ ਨਾਲ਼ ਹੀ ਰੱਬ ਦੀ ਸਮਝ ਆਉਂਦੀ ਹੈ ਸਿੱਧੀ ਨਹੀਂ। ਇੱਸ ਲਈ ਪਹਿਲਾਂ ਗੁਰੂ ਨੂੰ ਯਾਦ ਕੀਤਾ ਜਾਂਦਾ ਹੈ ਤੇ ਫਿਰ ਅਕਾਲ ਪੁਰਖ ਚੇਤੇ ਆਉਂਦਾ ਹੈ। ਮੰਗਲਾਚਰਣ ਵਿੱਚ ਲਿਖਿਆ ‘ਗੁਰ ਪ੍ਰਸਾਦਿ’ ਇਹ ਦੱਸਦਾ ਹੈ ਕਿ ਗੁਰੂ ਪਹਿਲਾਂ ਹੈ ਤੇ ਅਕਾਲ ਪੁਰਖ ਬਾਅਦ ਵਿੱਚ ਹੈ। ਗੁਰੂ ਧਾਰਨਾ ਕਰਨ ਦਾ ਅਰਥ ਵੀ ਇਹੀ ਹੈ ਕਿ ਗੁਰੂ ਪਹਿਲਾਂ ਹੈ । ਮੌਜੂਦਾ ਅਰਦਾਸਿ ਵਿੱਚ ਭਗਉਤੀ ਲਈ ਪ੍ਰਿਥਮ ਸ਼ਬਦ ਵਰਤਿਆ ਗਿਆ ਹੈ ਤੇ ਮਕਸਦ ਹੈ ਕਿ ਗੁਰੂ ਤੋਂ ਪਹਿਲਾਂ ਦੁਰਗਾ ਮਾਈ ਪਾਰਬਤੀ ਨੂੰ ਯਾਦ ਕਰੋ। ਸਿੱਖ ਪਹਿਲਾਂ ਗੁਰੂ ਨੂੰ ਯਾਦਾਂ ਵਿੱਚ ਲਿਆਉਂਦਾ ਹੈ ਤੇ ਫਿਰ ਗੁਰੂ ਤੋਂ ਮਿਲ਼ੀ ਸਮਝ ਨਾਲ਼ ਦੁਰਗਾ ਮਾਈ ਦਾ ਤਿਆਗ ਕਰਦਾ ਹੈ ਤੇ ਅਕਾਲ ਪੁਰਖ ਨਾਲ਼ ਜੁੜਦਾ ਹੈ। ਲੋੜ ਹੈ ਅਰਦਾਸਿ ਦੀ ਪਹਿਲੀ ਸਾਰੀ ਪਉੜੀ ਬਦਲਣ ਦੀ। ਖੱਟੀ ਹੋਈ ਦਾਲ਼ ਸਾਰੀ ਹੀ ਸੁੱਟਣੀ ਪੈਂਦੀ ਹੈ ਤੇ ਇਸ ਵਿੱਚੋਂ ਕੋਈ ਕੜਛੀ ਭਰ ਕੇ ਰੱਖਣ ਦਾ ਕੋਈ ਲਾਭ ਨਹੀਂ ਹੁੰਦਾ। ਦੁਰਗਾ ਮਾਈ ਪਾਰਬਤੀ ਦੇ ਪਾਠ ਦੀ ਸਾਰੀ ਪਉੜੀ ਹੀ ਯਾਦਾਂ ਵਿੱਚੋਂ ਕੱਢਣੀ ਪਵੇਗੀ।

ਤੱਤ ਸਾਰ: ਸੱਬ-ਕਮੇਟੀ ਦਾ ਬਣਾਇਆ ਖਰੜਾ ਗੁਰਬਾਣੀ ਨਹੀਂ । ਇਹ ਗੁਰੂ ਸਾਹਿਬਾਨ ਨੇ ਨਹੀਂ ਬਣਾਇਆ। ਇੱਸ ਵਿੱਚ ਸੁਧਾਰ ਹੋ ਸਕਦਾ ਹੈ। ਕੌਮ ਦੇ ਭਲੇ ਲਈ ਇੱਸ ਨੂੰ ਜਾਗਰੂਕ ਸੰਸਥਾਵਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੀ ਅਗਵਾਈ ਵਿੱਚ ਬਦਲਿਆ ਜਾ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top