Share on Facebook

Main News Page

ਡਿਕਸੀ ਗੁਰਦੁਆਰੇ ਦੇ ਕੇਸ 'ਚ ਸ਼ਿਕਾਇਤਕਰਤਾ ਧਿਰ (ਪੰਧੇਰ ਗਰੁੱਪ) ਦੀ ਜਿੱਤ

ਟੋਰਾਂਟੋ, 31 ਜੁਲਾਈ (ਸਤਪਾਲ ਸਿੰਘ ਜੌਹਲ)- ਕੈਨੇਡਾ 'ਚ ਸਿੱਖਾਂ ਦੀ ਚੋਖੀ ਆਬਾਦੀ ਵਾਲ਼ੇ ਸ਼ਹਿਰ ਬਰੈਂਪਟਨ ਵਿਖੇ ਅਦਾਲਤ ਦੇ ਜੱਜ ਨੇ ਮਿਸੀਸਾਗਾ 'ਚ ਸਥਿਤ ਗੁਰਦੁਆਰਾ ਉਂਟਾਰੀਓ ਖਾਲਸਾ ਦਰਬਾਰ ਦੇ (ਪੇਚੀਦਾ) ਕੇਸ ਦਾ ਨਿਪਟਾਰਾ ਬੀਤੇ ਕੱਲ੍ਹ ਕਰ ਦਿੱਤਾ ਹੈ।

ਸਖਤ ਹੁਕਮ ਜਾਰੀ ਕਰਦਿਆਂ ਜਸਟਿਸ ਐਡਵਰਡਜ਼ ਨੇ ਸ਼ਿਕਾਇਤਕਰਤਾ ਧਿਰ ਦੇ (ਰਣਜੋਧ ਸਿੰਘ ਪੰਧੇਰ, ਨਰਿੰਦਰ ਸਿੰਘ ਢਿੱਲੋਂ, ਨਛੱਤਰ ਸਿੰਘ ਚੌਹਾਨ, ਗੁਰਦੇਵ ਸਿੰਘ ਨਾਹਲ, ਮਨੋਹਰ ਸਿੰਘ ਖਹਿਰਾ ਅਤੇ ਸਵਰਨ ਸਿੰਘ ਕੈਰੋਂ) ਦੇ ਹੱਕ 'ਚ ਫੈਸਲਾ ਦਿੱਤਾ ਹੈ ਤੇ ਬਚਾਓ ਧਿਰ ਦੇ (ਉਂਟਾਰੀਓ ਖਾਲਸਾ ਦਰਬਾਰ, ਜਸਜੀਤ ਸਿੰਘ ਭੁੱਲਰ, ਹਰਬੰਸ ਸਿੰਘ, ਕਸ਼ਮੀਰ ਸਿੰਘ, ਸੁਖਦੇਵ ਸਿੰਘ ਬੈਂਸ, ਅਵਤਾਰ ਸਿੰਘ ਪੂਨੀਆ ਅਤੇ ਕੁਲਦੀਪ ਸਿੰਘ ਲੱਛੜ) ਨੂੰ 7000 ਡਾਲਰ ਦਾ ਖਰਚ ਅਦਾ ਕਰਨ ਦਾ ਹੁਕਮ ਕੀਤਾ ਹੈ। ਇਹ ਵੀ ਕਿ ਬਚਾਓ ਧਿਰ ਦੇ ਫਰੀਕਾਂ ਨੂੰ ਖਰਚੇ ਦੇ ਪੈਸੇ ਆਪਣੇ ਕੋਲੋਂ ਦੇਣ ਦਾ ਹੁਕਮ ਕੀਤਾ ਗਿਆ ਤੇ ਇਹ ਰਕਮ ਗੁਰਦੁਆਰੇ ਦੇ ਖਾਤੇ 'ਚੋਂ ਦੇਣ ਤੋਂ ਮਨ੍ਹਾਂ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਧਿਰ ਦੇ ਨਛੱਤਰ ਸਿੰਘ ਚੌਹਾਨ ਤੇ ਨਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਇਸ ਮੁੱਕਦਮੇ 'ਤੇ ਦੋਵਾਂ ਧਿਰਾਂ ਦਾ 30 ਲੱਖ ਡਾਲਰ (150 ਕਰੋੜ ਰੁਪਏ) ਤੋਂ ਵੱਧ ਦਾ ਖਰਚ ਹੋ ਚੁੱਕਾ ਹੈ। ਬਚਾਓ ਧਿਰ ਨੇ ਮੁਕੱਦਮੇ ਦਾ ਖਰਚ ਗੋਲਕ ਦੀ ਮਾਇਆ 'ਚੋਂ ਅਦਾ ਕਰਨ ਦਾ ਫੈਸਲਾ ਕੀਤਾ ਸੀ। ਹਰਬੰਸ ਸਿੰਘ (ਜੰਡਾਲੀ) ਨੇ 'ਅਜੀਤ' ਨੂੰ ਦੱਸਿਆ ਕਿ ਅਦਾਲਤ ਦੇ ਫੈਸਲੇ ਦਾ ਸਤਿਕਾਰ ਕੀਤਾ ਜਾਵੇਗਾ, ਅਪੀਲ ਨਹੀਂ ਕੀਤੀ ਜਾਵੇਗੀ ਤੇ 7000 ਡਾਲਰ ਬਚਾਓ ਧਿਰ ਦੇ ਮੈਂਬਰ ਆਪਣੇ ਕੋਲੋਂ ਅਦਾ ਕਰਨਗੇ।

ਨਵੀਂ ਮੈਂਬਰਸ਼ਿਪ (2,500 ਦੇ ਕਰੀਬ ਵਿਅਕਤੀ) ਭਰਤੀ 'ਚ ਘਪਲੇਬਾਜ਼ੀ ਦੇ ਦੋਸ਼ਾਂ ਕਾਰਨ ਮੁਕੱਦਮੇਬਾਜ਼ੀ 'ਚ ਬੀਤੇ ਲੰਬੇ ਸਮੇਂ ਤੋਂ ਰੁਕੀ ਪਈ ਪ੍ਰਬੰਧਕੀ ਕਮੇਟੀ ਚੋਣ ਦੀ ਤਰੀਕ ਅਦਾਲਤ ਨੇ 4 ਅਕਤੂਬਰ 2015 ਤੈਅ ਕੀਤੀ ਹੈ। ਇਸ ਚੋਣ 'ਚ 2,750 ਦੇ ਕਰੀਬ ਸਿੱਖ ਮੈਂਬਰ ਵੋਟ ਪਾ ਸਕਣਗੇ ਤੇ ਚੋਣ ਆਜ਼ਾਦ ਤੀਸਰੀ ਧਿਰ ਦੀ ਨਿਗਰਾਨੀ 'ਚ ਕਰਵਾਉਣੀ ਦੀ ਹਦਾਇਤ ਕੀਤੀ ਗਈ ਹੈ। ਜੇਕਰ ਦੋਵੇਂ ਧਿਰਾਂ ਨਿਗਰਾਨ ਧਿਰ 'ਤੇ ਸਹਿਮਤੀ ਨਾ ਬਣਾ ਸਕਣ ਤਾਂ ਇਸ ਬਾਰੇ ਅਦਾਲਤ 'ਚ ਮੋਸ਼ਨ ਪੇਸ਼ ਕੀਤਾ ਜਾ ਸਕਦਾ ਹੈ।

ਪ੍ਰਬੰਧਕੀ ਕਮੇਟੀ ਦੀ 2003 'ਚ ਹੋਈ ਚੋਣ ਤੋਂ ਬਾਅਦ 2006 'ਚ ਉਪਰੋਕਤ ਅਦਾਲਤੀ ਕੇਸ ਚੱਲ ਪਿਆ ਸੀ, ਜਿਸ ਤੋਂ ਬਾਅਦ ਚੋਣ ਨਾ ਹੋ ਸਕੀ ਤੇ ਪ੍ਰਬੰਧਕੀ ਕਾਰਜਾਂ ਲਈ 12 ਸਾਲ ਕੁ ਪਹਿਲਾਂ ਚੁਣੇ ਗਏ ਡਾਇਰੈਕਟਰ ਹੀ ਕਾਇਮ ਰਹੇ ਹਨ। 1976 ਤੋਂ ਚੱਲ ਰਿਹਾ ਇਹ ਗੁਰਦਵਾਰਾ ਸਾਹਿਬ ਉੱਤਰੀ ਅਮਰੀਕਾ 'ਚ ਵੱਡੇ ਗੁਰਦਵਾਰਿਆਂ ਵਿਚੋਂ ਇਕ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top