Share on Facebook

Main News Page

ਸ਼ਹਾਦਤ ਦਿਹਾੜੇ 'ਤੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਯਾਦ ਕਰਦਿਆਂ

ਸ਼ਹੀਦ ਊਧਮ ਸਿੰਘ ਉਰਫ਼ ਸ਼ੇਰ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਖੇ ਮਾਤਾ ਨਰੈਣੀ (ਹਰਨਾਮ ਕੌਰ) ਤੇ ਪਿਤਾ ਚੂਹੜ ਰਾਮ (ਟਹਿਲ ਸਿੰਘ) ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਪਹਿਲਾਂ ਸਬਜ਼ੀਆਂ ਦੀ ਖੇਤੀ ਤੇ ਫਿਰ ਨਹਿਰੀ ਮਹਿਕਮੇ ਦੀ ਨੌਕਰੀ ਕਰਦੇ ਸਨ ਪਰ ਪਿੱਛੋਂ ਇਹ ਨੌਕਰੀ ਛੱਡ ਕੇ ਅੰਮ੍ਰਿਤਸਰ ਕੰਮ ਦੀ ਭਾਲ ਲਈ ਚਲੇ ਗਏ ਜਿੱਥੇ ਜਾ ਕੇ ਉਨ੍ਹਾਂ ਦੀ ਮੌਤ ਹੋ ਗਈ। ਮਾਤਾ ਪਹਿਲਾਂ ਹੀ ਗੁਜ਼ਰ ਚੁੱਕੀ ਸੀ।

21 ਅਕਤੂਬਰ 1907 ਨੂੰ ਊਧਮ ਸਿੰਘ ਤੇ ਵੱਡਾ ਭਰਾ ਸਾਧੂ ਸਿੰਘ ਸਿੱਖ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿਖੇ ਦਾਖ਼ਲ ਹੋ ਗਏ। ਇੱਥੇ ਰਹਿੰਦਿਆਂ ਊਧਮ ਸਿੰਘ ਕੰਮਕਾਰ ਕਰਨ ਤੋਂ ਇਲਾਵਾ ਸਿੱਖ ਇਤਿਹਾਸ ’ਚ ਹੋਈਆਂ ਕੁਰਬਾਨੀਆਂ ਦਾ ਗਿਆਨ ਪ੍ਰਾਪਤ ਕੀਤਾ। ਉਹ ਸਥਾਨਕ ਦੇਸ਼ ਭਗਤ ਪੰਡਤ ਹਰੀ ਚੰਦ ਦੀਆਂ ਸਭਾਵਾਂ ਅਤੇ ਗੁਪਤ ਮੀਟਿੰਗਾਂ ’ਚ ਵੀ ਜਾਣ ਲੱਗੇ। ਯਤੀਮਘਰ ਦੀ ਸਹਾਇਤਾ ਨਾਲ ਉਹ ਉੱਤਰੀ-ਪੱਛਮੀ ਰੇਲਵੇ ’ਚ ਡਰਾਈਵਰ ਦੇ ਸਹਾਇਕ ਦੇ ਰੂਪ ’ਚ ਕੰਮ ਕਰਨ ਲੱਗਿਆ।

1918 ’ਚ ਉਹ ਪੂਰਬੀ ਅਫ਼ਰੀਕਾ ਦੇ ਸ਼ਹਿਰ ਮੋਬਾਸਾ ਪੁੱਜਾ ਅਤੇ ਨੈਰੋਬੀ ’ਚ ਇੱਕ ਜਰਮਨ ਕੰਪਨੀ ’ਚ ਮੋਟਰ ਮਕੈਨਿਕ ਦੀ ਨੌਕਰੀ ਕੀਤੀ ਪਰ ਡੇਢ ਸਾਲ ਬਾਅਦ ਵਾਪਸ ਅੰਮ੍ਰਿਤਸਰ ਆ ਗਿਆ। 13 ਅਪਰੈਲ 1919 ਦੇ ਜੱਲ੍ਹਿਆਂ ਵਾਲੇ ਬਾਗ਼ ਦੇ ਕਤਲੇਆਮ ਅਤੇ ਪੰਜਾਬ ਦੇ ਸੈਂਕੜੇ ਪਿੰਡਾਂ ’ਚ ਲੱਗੇ ਮਾਰਸ਼ਲ ਲਾਅ ਦੌਰਾਨ ਬੇਦੋਸ਼ੇ ਤੇ ਮਾਸੂਮ ਲੋਕਾਂ ’ਤੇ ਹੋਈ ਗੋਲੀਬਾਰੀ, ਜਬਰ-ਤਸ਼ੱਦਦ ਤੇ ਗ੍ਰਿਫ਼ਤਾਰੀਆਂ ਦੇ ਦਮਨ ਚੱਕਰ ਦੀ ਦਰਦਨਾਕ ਕਹਾਣੀ ਸੁਣ ਕੇ ਉਸ ਦਾ ਕੋਮਲ ਭਾਵੀ ਹਿਰਦਾ ਵਲੂੰਧਰਿਆ ਗਿਆ। ਉਸ ਨੇ ਆਪਣੇ ਮਨ ਦੇ ਅੰਦਰ ਹੀ ਇਸ ਦਾ ਬਦਲਾ ਲੈਣ ਦੀ ਸੌਂਹ ਖਾ ਲਈ।

ਊਧਮ ਸਿੰਘ ਗ਼ਦਰ ਸਾਹਿਤ ਦੀ ਪ੍ਰਾਪਤੀ ਲਈ ਮਾਸਟਰ ਮੋਤਾ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਪਿੰਡ ਗਿਆ, ਪਰ ਮਿਲ ਨਾ ਸਕਿਆ। 1922 ’ਚ ਉਸ ਨੇ ਪ੍ਰੀਤਮ ਸਿੰਘ ਨਾਲ ਲੰਡਨ, ਮੈਕਸਿਕੋ ਅਤੇ ਫਿਰ ਕੈਲੇਫੋਰਨੀਆ ਜਾ ਕੇ ਕੰਮ ਕੀਤਾ। ਕੈਲੇਫੋਰਨੀਆਂ ’ਚ ਉਹ ਗ਼ਦਰ ਪਾਰਟੀ ਦਾ ਮੈਂਬਰ ਬਣ ਗਿਆ ਅਤੇ ਇਸ ਦੀਆਂ ਸਰਗਰਮੀਆਂ ’ਚ ਹਿੱਸਾ ਲੈਣ ਲੱਗਾ। ਕੁਝ ਸਮੇਂ ਬਾਅਦ ਵਾਪਸ ਸੁਨਾਮ ਆ ਕੇ ਆਪਣੇ ਮਿੱਤਰਾਂ ਤੇ ਸਕੇ ਸੰਬਧੀਆਂ ਨਾਲ ਮਿਲਣੀਆਂ ਕੀਤੀਆਂ। ਅੰਮ੍ਰਿਤਸਰ ਆ ਕੇ ਇੱਕ ਦੁਕਾਨ ਲਈ ਜਿਸ ਤੇ ‘ਰਾਮ ਮੁਹੰਮਦ ਸਿੰਘ ਅਜ਼ਾਦ’ ਲਿਖਿਆ। ਇਹ ਦੁਕਾਨ ਕਾਫ਼ੀ ਦੇਰ ਇਨਕਲਾਬੀਆਂ ਦੇ ਤਾਲਮੇਲ ਦਾ ਕੇਂਦਰ ਬਣੀ ਰਹੀ। ਊਧਮ ਸਿੰਘ ਇਨਕਲਾਬੀ ਸਾਹਿਤ ਪੜ੍ਹਦਾ ਤੇ ਵੱਡੀ ਕੁਰਬਾਨੀ ਲਈ ਆਪਣੇ ਆਪ ਨੂੰ ਤਿਆਰ ਕਰਦਾ ਰਿਹਾ। ਇੱਥੇ ਹੀ ਉਸ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਨਾਲ ਹੋਈ। ਇਸ ਤੋਂ ਬਾਅਦ ਊਧਮ ਸਿੰਘ ਬੱਬਰ ਅਕਾਲੀ ਲਹਿਰ ’ਚ ਸ਼ਾਮਲ ਹੋ ਗਿਆ। ਊਧਮ ਸਿੰਘ ਨੂੰ ਇਨਕਲਾਬੀ ਸਾਹਿਤ ਦੀ ਸਪਲਾਈ ਲਈ ਅਮਰੀਕਾ ਭੇਜਣ ਦਾ ਫ਼ੈਸਲਾ ਹੋਇਆ ਜਿੱਥੇ ਜਾ ਕਿ ਉਸ ਨੇ ਵੱਖ ਵੱਖ ਦੇਸ਼ਾਂ ਵਿੱਚ ਗ਼ਦਰ ਪਾਰਟੀ ਦੇ ਕਾਰਕੁੰਨਾਂ ਨਾਲ ਮੁੜ ਸੰਪਰਕ ਬਹਾਲ ਕੀਤੇ ਤੇ ਗ਼ਦਰ ਸਾਹਿਤ ਵੰਡਣਾ ਸ਼ੁਰੂ ਕੀਤਾ। ਕੁਝ ਸਮਾਂ ਬਾਅਦ ਉਹ ਵਾਪਸ ਭਾਰਤ ਆਇਆ ਅਤੇ ਆਪਣੇ ਘਰ ਹੀ ਦਫ਼ਤਰ ਕਾਇਮ ਕੀਤਾ। ਅਗਸਤ 1927 ਵਿੱਚ ਉਹ ਅਸਲੇ ਸਮੇਤ ਕਟੜਾ ਸ਼ੇਰ ਸਿੰਘ (ਅੰਮ੍ਰਿਤਸਰ) ਤੋਂ ਫੜਿਆ ਗਿਆ। ਅੰਗਰੇਜ਼ ਪੁਲੀਸ ਨੇ ਉਸ ਤੇ ਭਾਰੀ ਤਸ਼ੱਦਦ ਢਾਹਿਆ ਪਰ ਉਹ ਅਡੋਲ ਰਿਹਾ। ਮੁਕੱਦਮੇ ਉਪਰੰਤ 1928 ’ਚ ਉਨ੍ਹਾਂ ਨੂੰ 5 ਸਾਲ ਦੀ ਕੈਦ ਹੋਈ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਫਾਂਸੀ ’ਤੇ ਉਹ ਬਹੁਤ ਰੋਇਆ, ਉਦਾਸ ਤੇ ਗੰਭੀਰ ਹੋ ਗਿਆ। 23 ਅਕਤੂਬਰ 1931 ਨੂੰ ਰਿਹਾਈ ਤੋਂ ਬਾਅਦ ਉਹ ਸਿੱਧਾ ਹੁਸੈਨੀਵਾਲੇ ਸਿਰਸਾ ਤੇ ਫਿਰ ਸੁਨਾਮ ਪੁੱਜਿਆ।

20 ਮਾਰਚ 1933 ਨੂੰ ਉਸ ਨੇ ਲਾਹੌਰ ਤੋਂ ਊਧਮ ਸਿੰਘ ਦੇ ਨਾਂ ’ਤੇ ਨਵਾਂ ਪਾਸਪੋਰਟ ਹਾਸਲ ਕੀਤਾ ਤੇ 1934 ’ਚ ਮੁੜ ਇੰਗਲੈਂਡ ਗਿਆ। ਆਪਣੀ ਰਣਨੀਤੀ ਅਨੁਸਾਰ ਉਹ ਭਾਰਤੀ ਵਸੋਂ ਦੀ ਬਜਾਏ ਗੋਰਿਆਂ ਵਸੋਂ ’ਚ ਹੀ ਕਿਰਾਏ ਦੇ ਮਕਾਨਾਂ ’ਚ ਰਹਿੰਦਾ। 13 ਮਾਰਚ 1940 ਦੀ ਸ਼ਾਮ ਨਵਾਂ ਸੂਟ ਪਾ ਕੇ, ਹੈਟ ਲੈ ਕੇ, ਓਵਰਕੋਟ ਦੀ ਅੰਦਰਲੀ ਜੇਬ ’ਚ ਕਾਰਤੂਸਾਂ ਨਾਲ ਭਰਿਆ ਪਿਸਤੌਲ ਲੈ ਕੇ ਊਧਮ ਸਿੰਘ ਮੀਟਿੰਗ ਤੋਂ ਪਹਿਲਾਂ ਕੈਕਸਟਨ ਹਾਲ ਲੰਡਨ ਵਿੱਚ ਪੁੱਜਾ। ਸੀਟਾਂ ਦੀ ਘਾਟ ਕਾਰਨ ਉਹ ਖੜੇ੍ਹ ਲੋਕਾਂ ’ਚ ਸੱਜੇ ਪਾਸੇ ਪਹਿਲੀ ਕਤਾਰ ਦੇ ਨੇੜੇ ਖੜ੍ਹਾ ਹੋਇਆ। ਇੱਥੇ ਸਰ ਮਾਈਕਲ ਓਡਵਾਇਰ ਨੇ 1913-16 ’ਚ ਭਾਰਤ ’ਚ ਆਪਣੇ ਰੋਲ ਬਾਰੇ ਹੰਕਾਰੀ ਭਾਸ਼ਨ ਕੀਤਾ। ਭਾਸ਼ਨ ਮੁੱਕਦੇ ਸਾਰ ਹੀ ਊਧਮ ਸਿੰਘ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾਈਆਂ ਤੇ ਓਡਵਾਇਰ ਮੌਕੇ ’ਤੇ ਹੀ ਮਾਰਿਆ ਗਿਆ। ਗੋਰਿਆਂ ’ਚ ਭਗਦੜ ਮਚੀ ਤੇ ਊਧਮ ਸਿੰਘ ਗੇਟ ’ਤੇ ਫੜਿਆ ਗਿਆ ਅਤੇ ਉਸ ’ਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ। ਮਹੀਨਾ ਭਰ ਉਸ ਨੂੰ ਅੰਗਰੇਜ਼ੀ ਪੁਲੀਸ ਨੇ ਭਾਰੀ ਤਸੀਹੇ ਦਿੱਤੇ। 4 ਤੇ 5 ਜੂਨ ਨੂੰ ਹੋਈ ਅਦਾਲਤੀ ਕਾਰਵਾਈ ਦੌਰਾਨ ਉਸ ਨੇ ਆਪਣਾ ਲਿਖਤੀ ਬਿਆਨ 12 ਮੈਂਬਰੀ ਜਿਊਰੀ ਸਾਹਮਣੇ ਪੜ੍ਹਨਾ ਸ਼ੁਰੂ ਕੀਤਾ ਜਿਸ ਵਿੱਚ ਉਸ ਨੇ ਅੰਗਰੇਜ਼ਾਂ ਵਿਰੁੱਧ ਆਪਣੀ ਭੜਾਸ ਕੱਢੀ ਤੇ ਕਿਹਾ ਕਿ ਮੈਂ ਮਰਨ ਤੋਂ ਨਹੀਂ ਡਰਦਾ। ਭਾਰਤ ਦੀ ਮੁਕਤੀ ਬਹੁਤ ਨੇੜੇ ਹੈ। ਮੇਰੇ ਦੇਸ਼ ਵਾਸੀ ਨੇੜੇ ਭਵਿੱਖ ’ਚ ਜ਼ਰੂਰ ਆਜ਼ਾਦ ਹੋ ਜਾਣਗੇ।’

ਨਾ ਦਲੀਲ, ਨਾ ਵਕੀਲ, ਨਾ ਅਪੀਲ’ ਵਾਲੇ ਸਾਮਰਾਜੀ ਪ੍ਰਬੰਧ ਨੇ ਉਸ ਨੂੰ ਫਾਂਸੀ ਦੇਣਾ ਪਹਿਲਾਂ ਹੀ ਤਹਿ ਕਰ ਲਿਆ ਅਤੇ ਐਟ ਕਿਨਸਨ ਨੇ ਫਾਂਸੀ ਦਾ ਹੁਕਮ ਸੁਣਾ ਦਿੱਤਾ। ਊਧਮ ਸਿੰਘ ਨੇ ‘ਇਨਕਲਾਬ ਜ਼ਿੰਦਾਬਾਦ! ‘ਬ੍ਰਿਟਿਸ਼ ਸਾਮਰਾਜਵਾਦ ਮੁਰਦਾਬਾਦ’ ਕਹਿ ਕੇ ਫਾਂਸੀ ਦਾ ਦਲੇਰਾਨਾ ਸਵਾਗਤ ਕੀਤਾ। ਆਖ਼ਰ 31 ਜੁਲਾਈ 1940 ਨੂੰ ਸਵੇਰੇ 9 ਵਜੇ ਪੈਨਟਨਵਿਲ ਜੇਲ੍ਹ ਵਿੱਚ ਉਸ ਨੂੰ ਫਾਂਸੀ ਦੇ ਦਿੱਤੀ ਗਈ। ਦੇਸ਼ ਲਈ ਦਿੱਤੀ ਕੁਰਬਾਨੀ ਬਦਲੇ ਸ਼ਹੀਦ ਊਧਮ ਸਿੰਘ ਹਮੇਸ਼ਾਂ ਅਮਰ ਰਹੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top