Share on Facebook

Main News Page

ਸਿੱਖ ਰਹਿਤ ਮਰਯਾਦਾ ਦਾ ਖਰੜਾ ਕਿਵੇਂ ਬਣਿਆ ?
-: ਪ੍ਰੋ. ਕਸ਼ਮੀਰਾ ਸਿੰਘ USA

ਗੁਰਦੁਆਰਾ ਸੁਧਾਰ ਲਹਿਰ ਸੰਨ 1920-25 ਤਕ ਚੱਲੀ। ਇਹ ਲਹਿਰ ਅਕਾਲੀ ਲੀਡਰਸ਼ਿੱਪ ਵਲੋਂ ਅੰਮ੍ਰਿਤਸਰ ਵਿੱਚ ਬੁਲਾਏ ਸਿੱਖਾਂ ਦੇ ਇਕੱਠ ਵਿੱਚ 15 ਨਵੰਬਰ ਸੰਨ 1920 ਨੂੰ ਚੁਣੀ 175 ਮੈਂਬਰੀ ਸ਼੍ਰੋ. ਗੁ. ਪ੍ਰ. ਕਮੇਟੀ ਵਲੋਂ ਚਲਾਈ ਗਈ ਸੀ। ਇੱਸ ਕਮੇਟੀ ਵਿੱਚ ਬ੍ਰਿਟਿਸ਼ ਸਰਕਾਰ ਵਲੋਂ ਪਹਿਲਾਂ ਹੀ ਚੁਣੀ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ 36 ਮੈਂਬਰ ਵੀ ਸ਼ਾਮਲ ਕੀਤੇ ਗਏ। ਇੱਸ ਕਾਰਜ ਤੋਂ ਵਿਹਲੇ ਹੋ ਕੇ ਸ਼੍ਰੋ. ਗੁ. ਪ੍ਰ. ਕਮੇਟੀ ਨੇ ਗੁਰਦੁਆਰਿਆਂ ਵਿੱਚ ਸਿੱਖੀ ਮਰਯਾਦਾ ਚਲਾਉਣ ਦੇ ਮਕਸਦ ਲਈ ਸਿੱਖ ਰਹਿਤ ਮਰਯਾਦਾ ਦਾ ਇੱਕ ਖਰੜਾ ਤਿਆਰ ਕਰਨ ਲਈ 25 ਮੈਂਬਰੀ ਸਬ-ਕਮੇਟੀ ਬਣਾਈ ਜਿਸ ਦੇ ਹੇਠ ਲਿਖੇ ਮੈਂਬਰ ਸਨ, ਜੋ ਕਦੇ ਵੀ ਸਮੁੱਚੇ ਤੌਰ 'ਤੇ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ:

ਗਿਆਨੀ ਠਾਕੁਰ ਸਿੰਘ ਅੰਮ੍ਰਿਤਸਰ, ਗਿਆਨੀ ਸ਼ੇਰ ਸਿੰਘ, ਅਕਾਲੀ ਕੌਰ ਸਿੰਘ, ਭਾਈ ਬੁੱਧ ਸਿੰਘ, ਸੰਤ ਸੰਗਤ ਸਿੰਘ ਕਮਾਲੀਆ, ਭਾਈ ਕਾਨ੍ਹ ਸਿੰਘ ਨਾਭਾ, ਸੰਤ ਗੁਲਾਬ ਸਿੰਘ ਘੋਲੀਆਂ, ਭਾਈ ਲਾਭ ਸਿੰਘ ਗ੍ਰੰਥੀ ਸ਼੍ਰੀ ਅੰਮ੍ਰਿਤਸਰ, ਭਾਈ ਹਜ਼ੂਰਾ ਸਿੰਘ ਹਜ਼ੂਰ ਸਾਹਿਬ ਜਾਂ ਓਥੋਂ ਭੇਜਿਆ ਪ੍ਰਤੀਨਿਧ, ਪੰਡਿਤ ਬਸੰਤ ਸਿੰਘ ਪਟਿਆਲਾ, ਭਾਈ ਵੀਰ ਸਿੰਘ, ਗਿਆਨੀ ਹੀਰਾ ਸਿੰਘ ਦਰਦ, ਬਾਵਾ ਹਰਕਿਸ਼ਨ ਸਿੰਘ, ਭਾਈ ਤ੍ਰਿਲੋਚਨ ਸਿੰਘ ਸੁਰ ਸਿੰਘ ਲਾਹੌਰ, ਗਿਆਨੀ ਹਮੀਰ ਸਿੰਘ ਅੰਮ੍ਰਿਤਸਰ, ਪੰਡਿਤ ਕਰਤਾਰ ਸਿੰਘ ਦਾਖਾ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਜਥੇਦਾਰ ਤਖ਼ਤ ਸ਼੍ਰੀ ਪਟਨਾ ਸਾਹਿਬ, ਜਥੇਦਾਰ ਤਖ਼ਤ ਸ਼੍ਰੀ ਕੇਸ਼ਗੜ੍ਹ ਸਾਹਿਬ, ਜਥੇਦਾਰ ਤਖ਼ਤ ਸ਼੍ਰੀ ਪਟਨਾ ਸਾਹਿਬ, ਪ੍ਰੋ. ਗੰਗਾ ਸਿੰਘ, ਪ੍ਰੋ. ਜੋਧ ਸਿੰਘ, ਸੰਤ ਮਾਨ ਸਿੰਘ ਕਨਖਲ, ਜਥੇਦਾਰ ਤੇਜਾ ਸਿੰਘ, ਭਾਈ ਰਣਧੀਰ ਸਿੰਘ ਅਤੇ ਪ੍ਰੋ. ਤੇਜਾ ਸਿੰਘ ਕਨਵੀਨਰ।

ਸੱਬ-ਕਮੇਟੀ ਦੇ ਹੋਏ ਸਮਾਗਮ:
4 ਅਕਤੂਬਰ, ਸੰਨ 1931, 5 ਅਕਤੂਬਰ ਸੰਨ 1931, 3 ਜਨਵਰੀ ਸੰਨ 1932, ਅਤੇ 31 ਜਨਵਰੀ, ਸੰਨ 1932 ਨੂੰ ਸੱਬ-ਕਮੇਟੀ ਦੇ ਚਾਰਿ ਸਮਾਗਮ ਹੋਏ ਜਿਨ੍ਹਾਂ ਵਿੱਚ ‘ਸਿੱਖ ਰਹਿਤ ਮਰਯਾਦਾ’ ਦੇ ਖਰੜੇ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਨ੍ਹਾਂ 4 ਸਮਾਗਮਾਂ ਵਿੱਚ 25 ਮੈਂਬਰਾਂ ਵਿੱਚੋਂ ਹੇਠ ਲਿਖੇ 14 ਮੈਂਬਰ ਹੀ ਸ਼ਾਮਲ ਹੋਏ-

ਅਕਾਲੀ ਕੌਰ ਸਿੰਘ, ਗਿਆਨੀ ਸ਼ੇਰ ਸਿੰਘ, ਸੰਤ ਮਾਨ ਸਿੰਘ ਨਿਰਮਲੇ, ਪ੍ਰੋ. ਗੰਗਾ ਸਿੰਘ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਕੇਸ਼ਗੜ੍ਹ ਸਾਹਿਬ. ਗਿਆਨੀ ਹੀਰਾ ਸਿੰਘ ਦਰਦ , ਭਾਈ ਲਾਭ ਸਿੰਘ, ਗਿਆਨੀ ਠਾਕੁਰ ਸਿੰਘ, ਸੰਤ ਹਮੀਰ ਸਿੰਘ, ਬਾਵਾ ਹਰਕਿਸ਼ਨ ਸਿੰਘ ਐੱਮ. ਏ., ਜਥੇਦਾਰ ਤੇਜਾ ਸਿੰਘ, ਭਾਈ ਤ੍ਰਿਲੋਚਨ ਸਿੰਘ ਅਤੇ ਕਨਵੀਨਰ ਪ੍ਰੋ:ਤੇਜਾ ਸਿੰਘ।

ਕਦੀ ਕਦੀ ਦਰਸ਼ਨ ਦੇਣ ਵਾਲ਼ੇ ਤੇ ਖਰੜੇ ਵਾਰੇ ਰਾਇ ਦੇਣ ਵਾਲ਼ੇ ਸੱਜਣ ਜੋ ਸੱਬ-ਕਮੇਟੀ ਦੇ ਮੈਂਬਰ ਨਹੀਂ ਸਨ-

ਸ੍ਰ: ਧਰਮ ਅਨੰਤ ਸਿੰਘ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ, ਭਾਗ ਸਿੰਘ ਵਕੀਲ ਗੁਰਦਾਸਪੁਰ, ਸ੍ਰ: ਵਸਾਵਾ ਸਿੰਘ ਸਕੱਤ੍ਰ ਸ਼੍ਰੋ. ਕਮੇਟੀ, ਮਾਸਟਰ ਤਾਰਾ ਸਿੰਘ ਪ੍ਰਧਾਨ ਸ਼੍ਰੋ ਅਕਾਲੀ ਦੱਲ ਆਦਿਕ।

ਨੋਟ: ਸ੍ਰ: ਧਰਮ ਅਨੰਤ ਸਿੰਘ ਪ੍ਰਿੰਸੀਪਲ ਵਰਗੇ ਸਿਆਣੇ ਤੇ ਪੜ੍ਹੇ ਲਿਖੇ ਵਿਅੱਕਤੀ ਨੂੰ ਸੱਬ- ਕਮੇਟੀ ਵਿੱਚ ਲੈਣੋ ਪਤਾ ਨਹੀਂ ਕਿਸ ਧਿਰ ਨੇ ਰੋਕਿਆ ਹੋਵੇਗਾ। ਸੱਬ-ਕਮੇਟੀ ਵਲੋਂ ਸ਼੍ਰੋ. ਕਮੇਟੀ ਨੂੰ ਖਰੜਾ ਸੌਂਪ ਦਿੱਤਾ ਗਿਆ।

ਮੁੜ ਵਿਚਾਰ ਹੋਈ:
8 ਮਈ , 1932 ਨੂੰ ਸੱਬ-ਕਮੇਟੀ ਦੇ ਬਣਾਏ ਖਰੜੇ ਵਾਰੇ ਸ਼੍ਰੋ. ਕਮੇਟੀ ਦੇ ਆਦੇਸ਼ ਨਾਲ਼ ਮੁੜ ਵਿਚਾਰ ਕੀਤੀ ਗਈ। ਇੱਸ ਵੀਚਾਰ ਵਿੱਚ, ਬਣਾਈ ਗਈ ਸੱਬ-ਕਮੇਟੀ ਨੂੰ ਪਾਸੇ ਰੱਖ ਕੇ, ਸ਼੍ਰੋ: ਕਮੇਟੀ ਵਲੋਂ ਕੁਝ ਸੱਜਣਾਂ ਨੂੰ ਆਪ ਸੱਦੇ ਭੇਜੇ ਗਏ। ਜਾਪਦਾ ਹੈ ਕਿ ਸ਼੍ਰੋ. ਕਮੇਟੀ ਨੇ ਜ਼ਰੂਰ ਹੀ ਕੁਝ ਖ਼ਾਸ ਨੁਕਤਿਆਂ ਵਾਰੇ ਆਪਣੀ ਜਾਂ ਕਿਸੇ ਹੋਰ ਸੰਸਥਾ ਵਲੋਂ ਪਾਏ ਕੁਝ ਤਬਦੀਲੀਆਂ ਕਰਨ ਲਈ ਪਾਏ ਦਬਾਅ ਅਧੀਨ ਰਾਇ ਦਿੱਤੀ ਹੋਵੇਗੀ ਜੋ ਖਰੜੇ ਵਿੱਚ ਵਰਤਣ ਖੁਣੋਂ ਰਹਿ ਗਈ ਹੋਵੇਗੀ। ਇੱਸ ਵਿਚਾਰ ਵਟਾਂਦਰੇ ਵਿੱਚ ਹੇਠ ਲਿਖੇ ਸੱਜਣ ਸ਼ਾਮਲ ਹੋਏ-

ਜਥੇਦਾਰ ਤੇਜਾ ਸਿੰਘ, ਸੰਤ ਤੇਜਾ ਸਿੰਘ ਗ੍ਰੰਥੀ ਸ਼੍ਰੀ ਨਨਕਾਣਾ ਸਾਹਿਬ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਗਿਆਨੀ ਨਾਹਰ ਸਿੰਘ, ਸ੍ਰ: ਵਸਾਵਾ ਸਿੰਘ ਸਕੱਤ੍ਰ ਸ਼੍ਰੋ: ਕਮੇਟੀ, ਭਾਈ ਕਰਤਾਰ ਸਿੰਘ ਝੱਬਰ, ਸ੍ਰ: ਵਰਿਆਮ ਸਿੰਘ ਗਰਮੂਲਾ ਮੈਂਬਰ ਇੰਚਾਰਜ ਨਨਕਾਣਾ ਸਾਹਿਬ, ਭਾਈ ਪਰਤਾਪ ਸਿੰਘ ਪੁਸਤਕਾਂ ਵਾਲ਼ੇ, ਸ੍ਰ: ਲਾਲ ਸਿੰਘ ਸ਼੍ਰੋ: ਕਮੇਟੀ ਵਲੋਂ, ਜ: ਮੋਹਨ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਆਦਿ।

ਨੋਟ: ਧਿਆਨ ਦੇਣ ਵਾਲ਼ੀ ਗੱਲ ਹੈ ਕਿ ਉਪਰੋਕਤ ਬੁਲਾਏ ਗਏ ਅਤੇ ਸ਼ਾਮਲ ਹੋਏ 10 ਸੱਜਣਾਂ ਵਿੱਚ 25 ਮੈਂਬਰੀ ਸਬ-ਕਮੇਟੀ ਦੇ ਕੇਵਲ ਦੋ ਮੈਂਬਰ ਹੀ ਸਨ, ਜਦੋਂ ਕਿ ਸੱਬ-ਕਮੇਟੀ ਦਾ ਕਨਵੀਨਰ (ਪ੍ਰਿੰਸੀਪਲ ਤੇਜਾ ਸਿੰਘ) ਵੀ ਸ਼ਾਮਲ ਨਹੀਂ ਸੀ, ਪਰ ਸੱਬ-ਕਮੇਟੀ ਤੋਂ ਬਾਹਰੋਂ ਪਾਏ ਅੱਠ ਮੈਂਬਰਾਂ ਵਿੱਚ ਸ਼੍ਰੋ: ਕਮੇਟੀ ਵਲੋਂ ਆਪਣੇ ਸਕੱਤ੍ਰ ਸ੍ਰ: ਵਸਾਵਾ ਸਿੰਘ ਸਮੇਤ ਦੋ ਮੈਂਬਰ ਸਨ। ਸ਼੍ਰੋ: ਕਮੇਟੀ ਦੇ ਸਕੱਤ੍ਰ ਨੂੰ ਵਿਚਾਰ ਲਈ ਸ਼ਾਮਲ ਕਰਨ ਤੋਂ ਇਹ ਸੰਭਾਵਨਾ ਪ੍ਰਗਟ ਹੁੰਦੀ ਹੈ ਕਿ ਸ਼੍ਰੋ: ਕਮੇਟੀ ਆਪਣੇ ਵਲੋਂ ਜਾਂ ਕਿਸੇ ਸ਼ਕਤੀਸ਼ਾਲੀ ਵਿਅੱਕਤੀ ਜਾਂ ਬਿਪਰਵਾਦੀ ਸੰਸਥਾ ਦੇ ਪ੍ਰਭਾਵ ਅਧੀਨ ਖਰੜੇ ਵਿੱਚ ਕੁਝ ਤਬਦੀਲੀਆਂ ਚਾਹੁੰਦੀ ਸੀ, ਜਿੱਸ ਵਿੱਚ ਉਹ ਸਫ਼ਲ ਹੋ ਗਈ। ਚੁਣੀ ਹੋਣੀ ਸੱਬ-ਕਮੇਟੀ ਨੂੰ ਤਾਂ ਇਸ ਵਾਰੀ ਜਿਵੇਂ ਖੂੰਜੇ ਹੀ ਲਾ ਦਿੱਤਾ ਗਿਆ ਹੋਵੇ। ਜਾਪਦਾ ਹੈ ਕਿ ਇੱਸ ਸਮੇਂ ਕੁੱਝ ਬਿੱਪਰਵਾਦੀ ਜਾਂ ਸਨਾਤਨੀ (ਸਿੱਖੀ ਵਿਰੋਧੀ) ਅੰਸ਼ ਖਰੜੇ ਵਿੱਚ ਸ਼ਾਮਲ ਹੋ ਗਏ।

ਖਰੜੇ ਸੰਬੰਧੀ ਮੁੜ ਵੀਚਾਰ ਹੋਈ:
8 ਮਈ, 1932 ਨੂੰ ਖਰੜੇ ਵਿੱਚ ਕੀਤੀਆਂ ਤਬਦੀਲੀਆਂ ਤੋਂ ਕਰੀਬ 4 ਮਹੀਨੇ ਬਾਅਦ 26 ਸਤੰਬਰ 1932 ਨੂੰ ਕਈ ਸੱਜਣਾਂ {ਇਨ੍ਹਾਂ ਸੱਜਣਾਂ ਦੇ ਨਾਂ ਉਪਲਬਦ ਨਹੀਂ ਹਨ, ਕਿ ਖਰੜੇ ਵਿੱਚ ਹੋਰ ਤਬਦੀਲੀਆਂ ਕਰਨ ਲਈ ਜ਼ੋਰ ਦੇਣ ਵਾਲ਼ੇ ਇਹ ਕੌਣ ਸਨ। ਇਹ ਸ਼੍ਰੋ: ਕਮੇਟੀ ਆਪ ਸੀ ਜਾਂ ਬਿਪਰਵਾਦੀ ਸੋਚ ਵਾਲ਼ੇ ਪ੍ਰਭਾਵਸ਼ਾਲੀ ਵਿਅੱਕਤੀ ਸਨ ਜਾਂ ਸਿੱਖੀ ਸੋਚ ਦੇ, ਜਾਂ ਪਹਿਲਾਂ ਹੋਈਆਂ ਤਬਦੀਲੀਆਂ ਕਰਾਉਣ ਵਾਲ਼ੇ ਓਹੀ ਸੱਜਣ ਜੋ ਹੋਰ ਤਬਦੀਲੀਆਂ ਕਰਾਉਣ ਲਈ ਉਤਸੁਕ ਸਨ, ਕੁੱਝ ਪਤਾ ਨਹੀਂ। ਸ਼੍ਰੋ: ਕਮੇਟੀ ਨੇ ਇੱਸ ਦਬਾਅ ਅਧੀਨ ਅਗਾਂਹ ਹੋਰ ਤਬਦੀਲੀਆਂ ਕਰਨ ਲਈ ਖਰੜਾ ਸੱਬ-ਕਮੇਟੀ ਦੇ ਸਪੁਰਦ ਕਰ ਦਿੱਤਾ} ਦੇ ਜ਼ੋਰ ਦੇਣ ਤੇ ਕੁਝ ਹੋਰ ਤਬਦੀਲੀਆਂ ਕਰਨ ਤੇ ਮੁੜ ਸਮਾਗਮ ਕੀਤਾ ਗਿਆ।

ਇੱਸ ਸਮਾਗਮ ਵਿੱਚ ਭਾਗ ਲੈਣ ਵਾਲ਼ੇ ਇਹ ਮੈਂਬਰ ਸੱਜਣ ਸਨ-

ਗਿਆਨੀ ਸ਼ੇਰ ਸਿੰਘ, ਗਿਆਨੀ ਠਾਕੁਰ ਸਿੰਘ, ਗਿਆਨੀ ਹਮੀਰ ਸਿੰਘ, ਭਾਈ ਲਾਭ ਸਿੰਘ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਭਾਈ ਜੋਗਿੰਦਰ ਸਿੰਘ ਮੀਤ ਜਥੇਦਾਰ ਸ਼੍ਰੀ ਕੇਸ਼ਗੜ੍ਹ ਸਾਹਿਬ, ਜਥੇਦਾਰ ਤੇਜਾ ਸਿੰਘ, ਗਿਆਨੀ ਨਾਹਰ ਸਿੰਘ ਅਤੇ ਕਨਵੀਨਰ ਪ੍ਰੋ: ਤੇਜਾ ਸਿੰਘ।

ਨੋਟ: ਉਪਰੋਕਤ 9 ਮੈਂਬਰਾਂ ਵਿੱਚ 25 ਮੈਂਬਰੀ ਸੱਬ-ਕਮੇਟੀ ਦੇ ਕੇਵਲ 7 ਮੈਂਬਰ ਹੀ ਸ਼ਾਮਲ ਹੋਏ, ਭਾਵ, 18 ਮੈਂਬਰ ਗੈਰ ਹਾਜ਼ਰ ਸਨ। ਖਰੜੇ ਵਿੱਚ ਲੋੜ ਅਨੁਸਾਰ ਤਬਦੀਲੀਆਂ ਕਰ ਦਿੱਤੀਆਂ ਗਈਆਂ।

ਖਰੜਾ ਮੁੜ ਸ਼੍ਰੋ: ਕਮੁਟੀ ਨੂੰ ਪੇਸ਼ ਕੀਤਾ ਗਿਆ:
1 ਅਕਤੂਬਰ, 1932 ਨੂੰ ਕੀਤੀਆਂ ਤਬਦੀਲੀਆਂ ਸਮੇਤ, ‘ਸਿੱਖ ਰਹਿਤ ਮਰਯਾਦਾ’ ਦਾ ਬਣਾਇਆ ਖਰੜਾ ਪ੍ਰੋ: ਤੇਜਾ ਸਿੰਘ ਕਨਵੀਨਰ ਵਲੋਂ ਆਪਣੇ ਹਸਤਾਖਰਾਂ ਨਾਲ਼ ਮੁੜ ਸ਼੍ਰੋ: ਕਮੁਟੀ ਨੂੰ ਸੌਪ ਦਿੱਤਾ ਦਿੱਤਾ ਗਿਆ।

ਨੋਟ: 25 ਮੈਂਬਰੀ ਸੱਬ-ਕਮੇਟੀ ਦੇ ਕੁੱਝ ਮੈਂਬਰ ਕਦੇ ਵੀ ਕਿਸੇ ਵਿਚਾਰ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਇਸ ਦਾ ਕਾਰਣ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਬਿਨਾਂ ਪੁੱਛੇ ਸ਼੍ਰੋ: ਕਮੇਟੀ ਵਲੋਂ ਸੱਬ-ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੋਵੇ ਜਾਂ ਉਨ੍ਹਾਂ ਨੂੰ ਵਿਚਾਰ ਸਮਾਗਮਾਂ ਵਿੱਚ ਬੁਲਾਇਆ ਨਾ ਗਿਆ ਹੋਵੇ ਜਾਂ ਬੁਲਾਉਣ ਤੇ ਉਹ ਉਪਲਬਧ ਨਾ ਹੋਣਗੇ ਜਾਂ ਉਹ ਸਮਾਗਮਾਂ ਤੋਂ ਬਾਹਰ ਰਹਿ ਕੇ ਵਿਚਾਰਾਂ ਨਾਲ਼ ਪ੍ਰਭਾਵ ਪਾਉਣਾ ਚਾਹੁੰਦੇ ਹੋਣਗੇ ਜਾਂ ਉਨ੍ਹਾਂ ਦੀ ਗੁਰਮਤਿ ਅਨੁਸਾਰ ਦਿੱਤੀ ਰਾਇ ਨਾ ਮੰਨਣ ਤੇ ਉਹ ਉੱਠ ਕੇ ਚਲੇ ਗਏ ਹੋਣਗੇ ਜਾਂ ਉਹ ਖਰੜੇ ਵਿੱਚ ਸ਼ਾਮਲ ਬਿਪਰਵਾਦੀ ਅੰਸ਼ਾਂ ਨੂੰ ਬਾਹਰ ਨਾ ਕੱਢਣ 'ਤੇ ਸਮਾਗਮ ਛੱਡ ਕੇ ਚਲੇ ਗਏ ਹੋਣਗੇ ਆਦਿਕ। ਅਜਿਹੇ ਮੈਂਬਰ ਹੇਠ ਲਿਖੇ ਸਨ-

ਭਾਈ ਬੁੱਧ ਸਿੰਘ, ਸੰਤ ਸੰਗਤ ਸਿੰਘ ਕਮਾਲੀਆ, ਭਾਈ ਕਾਨ੍ਹ ਸਿੰਘ ਨਾਭਾ, ਪੰਡਿਤ ਬਸੰਤ ਸਿੰਘ ਪਟਿਆਲ਼ਾ, ਭਾਈ ਵੀਰ ਸਿੰਘ ਅੰਮ੍ਰਿਤਸਰ, ਪੰਡਿਤ ਕਰਤਾਰ ਸਿੰਘ ਦਾਖਾ, ਜਥੇਦਾਰ ਤਖ਼ਤ ਸ਼੍ਰੀ ਪਟਨਾ ਸਾਹਿਬ, ਪ੍ਰੋ: ਜੋਧ ਸਿੰਘ ਅਤੇ ਭਾਈ ਰਣਧੀਰ ਸਿੰਘ।

ਖਰੜੇ ਨੂੰ ਪ੍ਰਵਾਨਗੀ ਦਿੱਤੀ ਗਈ:

ਕਰੀਬ 4 ਸਾਲਾਂ ਪਿੱਛੋਂ ‘ਸਰਬ ਹਿੰਦ ਸਿੱਖ ਮਿਸ਼ਨ ਬੋਰਡ’ ਨੇ ਆਪਣੇ ਵਲੋਂ ਮਤਾ ਨੰਬਰ 1, ਮਿਤੀ 1 ਅਗੱਸਤ, 1936 ਨੂੰ ਬਣਾਏ ਸਿੱਖ ਰਹਿਤ ਮਰਯਾਦਾ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ। ਫਿਰ ਉਸੇ ਸਾਲ ਸ਼੍ਰੋ. ਗੁ. ਪ੍ਰ. ਕਮੇਟੀ ਨੇ ਵੀ ਆਪਣੇ ਮਤਾ ਨੰਬਰ 149, ਮਿਤੀ 12 ਅਕਤੂਬਰ, 1936 ਨੂੰ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ।

ਪ੍ਰਵਾਨਗੀ ਤੋਂ ਪਿੱਛੋਂ ਕਰੀਬ 9 ਸਾਲਾਂ ਬਾਅਦ ਫਿਰ ਖਰੜੇ ਨੂੰ ਮਧੋਲ਼ਿਆ ਗਿਆ:

ਸਿੱਖ ਰਹਿਤ ਮਰਯਾਦਾ ਦਾ ਖਰੜਾ ਪ੍ਰਭਾਵਸ਼ਾਲੀ ਵਿਅੱਕਤੀਆਂ ਅਤੇ ਸੰਸਥਾਵਾਂ ਵਲੋਂ ਮਾਰੀਆਂ ਪਿੰਡੇ ਉੱਤੇ ਝੱਲੀਆਂ ਕੁੱਝ ਸੱਟਾਂ ਦੇ ਦਰਦ ਤੋਂ ਆਰਾਮ ਕਰ ਹੀ ਰਿਹਾ ਸੀ, ਕਿ 7 ਜਨਵਰੀ, 1945 ਨੂੰ ਇੱਸ ਨੂੰ ਫਿਰ ਝੰਜੋੜਿਆ ਗਿਆ। ਸ਼੍ਰੋ: ਕਮੇਟੀ ਦੀ ‘ਧਰਮਿਕ ਸਲਾਹਕਾਰ ਕਮੇਟੀ’ ਨੇ ਇੱਸ ਖਰੜੇ ਨੂੰ ਕੁਝ ਹੋਰ ਵਾਧੇ ਘਾਟੇ ਕਰਨ ਦੀਆਂ ਚੋਭਾਂ ਲਾਉਣ ਤੇ ਹੋਰ ਤੜਫ਼ਾਉਣ ਲਈ ਇਸ ਨੂੰ ਮੁੜ ਆਪਣੇ ਹਵਾਲੇ ਕਰ ਲਿਆ

ਜਾਪਦਾ ਹੈ ਕਿ ਸ਼੍ਰੋ: ਕਮੇਟੀ ਉੱਤੇ ਖਰੜੇ ਵਿੱਚ ਤਬਦੀਲੀਆਂ ਕਰਨ ਲਈ ਕੋਈ ਹੋਰ ਬਾਹਰੀ ਦਬਾਅ ਪਿਆ ਹੋਵੇਗਾ ਤੇ ਉਸ ਨੇ ਆਪਣੀ ਬਣਾਈ ਧਾਰਮਿਕ ਸਲਾਹਕਾਰ ਕਮੇਟੀ ਨੂੰ ਅੱਗੇ ਕਰ ਦਿੱਤਾ। ਸ਼੍ਰੋ: ਕਮੇਟੀ ਖਰੜੇ ਨੂੰ ਬਦਲਣ ਲਈ ਆਪ ਅੱਗੇ ਨਹੀਂ ਹੋਈ ਕਿਉਂਕਿ ਉਹ ਆਪ ਇਸ ਖਰੜੇ ਨੂੰ ਸੰਨ 1936 ਵਿੱਚ ਪ੍ਰਵਾਨਗੀ ਦੇ ਚੁੱਕੀ ਸੀ, ਫਿਰ ਵੀ ਸ਼੍ਰੋ: ਕਮੇਟੀ ਆਪਣੀ ਕੀਤੀ ਅਣਗਹਿਲੀ ਤੋਂ ਭੱਜ ਨਹੀਂ ਸਕਦੀ ਕਿਉਂਕਿ ਇਹ ਧਾਰਮਿਕ ਸਲਾਹਕਾਰ ਕਮੇਟੀ, ਸ਼੍ਰੋ: ਕਮੇਟੀ ਦੇ ਹੀ ਅਧੀਨ ਹੁੰਦੀ ਹੈ।

ਧਾਰਮਿਕ ਸਲਾਹਕਾਰ ਕਮੇਟੀ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਹੋਏ-
ਜਥੇਦਾਰ ਮੋਹਨ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ, ਭਾਈ ਅੱਛਰ ਸਿੰਘ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਪ੍ਰੋ: ਤੇਜਾ ਸਿੰਘ ਐੱਮ. ਏ. ਖ਼ਾਲਸਾ ਕਾਲਜ ਅੰਮ੍ਰਿਤਸਰ ਕਨਵੀਨਰ, ਸ੍ਰ: ਗੰਗਾ ਸਿੰਘ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਗਿਆਨੀ ਲਾਲ ਸਿੰਘ ਐੱਮ. ਏ. ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਪ੍ਰੋ: ਸ਼ੇਰ ਸਿੰਘ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top