Share on Facebook

Main News Page

ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਪਿਛੋਂ ਕਿਸ ਤਰ੍ਹਾਂ ਦਾ ਹੈ ਸਿੱਖ ਕੌਮ ਦਾ ਦਰਦ ?
-: ਸ. ਕਰਮਜੀਤ ਸਿੰਘ

ਨੋਟ: ਵਿਦਵਾਨ ਲੇਖਕ ਵੱਲੋਂ ਇਸ ਲੇਖ ਦਾ ਸਿਰਲੇਖ “ਅਪਰੇਸ਼ਨ ਬਲਿਊ ਸਟਾਰ ਪਿਛੋਂ ਕਿਸ ਤਰ੍ਹਾਂ ਦਾ ਹੈ ਸਿੱਖ ਕੌਮ ਦਾ ਦਰਦ?” ਪਰ ਸਾਡੇ ਵੱਲੋਂ ਇਸਨੂੰ “ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਪਿਛੋਂ ਕਿਸ ਤਰਾਂ ਦਾ ਹੈ ਸਿੱਖ ਕੌਮ ਦਾ ਦਰਦ?” ਸਿਰਲੇਖ ਦਿੱਤਾ ਗਿਆ ਹੈ।

ਕੁਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਹਨ, ਜੋ ਤੁਹਾਡੇ ਤਨ ਵਿਚ ਵੀ, ਮਨ ਵਿਚ ਵੀ ਅਤੇ ਆਤਮਾ ਵਿਚ ਵੀ ਡੂੰਘੇ ਜ਼ਖ਼ਮ ਕਰ ਦਿੰਦੀਆਂ ਹਨ। ਕੁਝ ਸਾਕੇ ਅਜਿਹੇ ਹੁੰਦੇ ਹਨ, ਜੋ ਨਾ ਜਾਗ ਸਕਣ ਵਾਲੀਆਂ ਸੁੱਤੀਆਂ ਤੇ ਮਰੀਆਂ ਜ਼ਮੀਰਾਂ ਨੂੰ ਵੀ ਜਗਾ ਦਿੰਦੇ ਹਨ। ਕੁਝ ਇਹੋ ਜਿਹੇ ਹੁੰਦੇ ਹਨ, ਜੋ ਤੁਹਾਨੂੰ ਤੁਹਾਡੀ ਹਸਤੀ, ਤੁਹਾਡੀ ਹੋਂਦ ਅਤੇ ਤੁਹਾਡੇ ਵਜੂਦ ਬਾਰੇ ਉੱਠੇ ਸਵਾਲਾਂ ਦੇ ਸਨਮੁਖ ਅਚਾਨਕ ਖੜ੍ਹਾ ਕਰ ਦਿੰਦੇ ਹਨ।

ਦਰਬਾਰ ਸਾਹਿਬ ਦਾ ਸਾਕਾ ਜਿਸ ਨੂੰ ਭਾਰਤੀ ਸਟੇਟ ਨੇ ਆਪਣੇ ਗੁਪਤ ਕੋਡ ਵਿਚ ਅਪ੍ਰੇਸ਼ਨ ਬਲਿਊ ਸਟਾਰ ਦਾ ਨਾਂ ਦਿੱਤਾ, ਅਸਲ ਵਿਚ ਕੁਝ ਇਸ ਤਰ੍ਹਾਂ ਦੀ ਦਰਦ ਭਿੱਜੀ ਘਟਨਾ ਸੀ, ਜਿਸ ਨੇ ਸੁੱਤੀਆਂ ਜ਼ਮੀਰਾਂ ਨੂੰ ਵੀ ਜਗਾਇਆ, ਡੂੰਘੇ ਜ਼ਖ਼ਮ ਵੀ ਦਿੱਤੇ ਅਤੇ ਜਿਸ ਨੇ ਸਾਨੂੰ ਇਹ ਸੋਚਣ ਵੀ ਲਾ ਦਿੱਤਾ ਕਿ ਅਸੀਂ ਕੌਣ ਹਾਂ ਅਤੇ ਕੌਣ ਸੀ? ਇਹ ਸਵਾਲ ਵੀ ਸਾਡੇ ਸਾਹਮਣੇ ਆਣ ਖਲੋਤਾ ਕਿ ਆਉਣ ਵਾਲੇ ਕੱਲ੍ਹ ਨੂੰ ਅਸੀਂ ਰਹਾਂਗੇ ਵੀ ਜਾਂ ਹਾਰੀਆਂ ਕੌਮਾਂ ਦੇ ਇਤਿਹਾਸ ਦਾ ਇੱਕ ਭੁੱਲਿਆ ਵਿਸਰਿਆ ਕਾਂਡ ਬਣ ਕੇ ਰਹਿ ਜਾਵਾਂਗੇ!

੨੦੦੦ ਸਾਲ ਤੋਂ ਵੀ ਪਹਿਲਾਂ ਜਿਵੇਂ ਸੁਕਰਾਤ ਭੁੱਲੇ ਭਟਕੇ ਤੇ ਅੱਲ੍ਹੜ ਨੌਜਵਾਨਾਂ ਨੂੰ ਉਨ੍ਹਾਂ ਦੇ ਰਾਹ ਰੋਕ ਰੋਕ ਕੇ ਉਨ੍ਹਾਂ ਨੂੰ ਅਜ਼ਾਦੀ, ਕਾਨੂੰਨ, ਰਾਜ ਅਤੇ ਸਰਕਾਰਾਂ ਬਾਰੇ ਬੁਨਿਆਦੀ ਸਵਾਲ ਪੁੱਛਿਆ ਕਰਦਾ ਸੀ ਅਤੇ ਉਨ੍ਹਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦਾ ਸੀ ਕਿ ਉਹ ਕੌਣ ਹਨ, ਉਨ੍ਹਾਂ ਦੀ ਹਸਤੀ ਕੀ ਹੈ ਅਤੇ ਉਹ ਸੰਸਾਰ ਵਿਚ ਕੀ ਕਰਨ ਲਈ ਆਏ ਹਨ? ਕੁਝ ਇਸੇ ਤਰ੍ਹਾਂ ਹੀ ਦਰਬਾਰ ਸਾਹਿਬ ਦੇ ਸਾਕੇ ਮਗਰੋਂ ਸਿੱਖ ਕੌਮ ਵੀ ਇਹੋ ਜਿਹੇ ਸਵਾਲਾਂ ਦੇ ਸਨਮੁਖ ਹੋਈ।

ਹਰ ਇੱਕ ਜਾਗਿਆ ਸਿੱਖ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲੱਗਾ। ਪਰ ਉਹ ਅਹਿਸਾਸ ਸਾਡੇ ਲਈ ਸਭ ਤੋਂ ਭਰੋਸੇਯੋਗ ਤੇ ਸੱਚ ਦੇ ਸਭ ਤੋਂ ਵਧੇਰੇ ਕਰੀਬ ਸੀ, ਜਿਹੜਾ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਸੁਖਦੇਵ ਸਿੰਘ ਸੁੱਖਾ ਦੇ ਅੰਦਰ ਜਾਗਿਆ ਅਤੇ ਲਟ ਲਟ ਕੇ ਬਲਿਆ। ਫ਼ਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿਚ ਉਨ੍ਹਾਂ ਦੇ ਇਹ ਸ਼ਬਦ ਸਾਡੀਆਂ ਯਾਦਾਂ ਵਿਚ ਹਰ ਸਮੇਂ ਖਲਬਲੀ ਮਚਾਉਂਦੇ ਰਹਿਣਗੇ। ਉਨ੍ਹਾਂ ਦਿਨਾਂ ਵਿਚ ਦਰਬਾਰ ਸਾਹਿਬ ਵੱਲੋਂ ਆਉਂਦੀ ਹੰਝੂਆਂ ਵਿਚ ਭਿੱਜੀ ਸਿੱਲ੍ਹੀ ਸਿੱਲ੍ਹੀ ਹਵਾ ਦੇ ਸੁਨੇਹੇ ਦਾ ਅਨੁਵਾਦ ਉਨ੍ਹਾਂ ਨੇ ਵਕਤ ਦੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿਚ ਇਨ੍ਹਾਂ ਸ਼ਬਦਾਂ ਵਿਚ ਕੀਤਾ:

ਤੁਹਾਡੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਕੇ ਇਲਾਹੀ ਸਾਦਗੀ ਵਿਚ ਵਿਚਰ ਰਹੀ ਇੱਕ ਸੰਤ-ਸਿਪਾਹੀ ਕੌਮ ਦੇ ਚਿਹਰੇ ਦੀਆਂ ਰੌਣਕਾਂ ਲੁੱਟਣ ਦਾ ਯਤਨ ਕੀਤਾ ਸੀ। ਇੱਕ ਵਾਰ ਤਾਂ ਸਾਨੂੰ ਵੀ ਇੰਝ ਪ੍ਰਤੀਤ ਹੋਇਆ ਜਿਵੇਂ ਸਾਡੀ ਕੌਮ ਘੋਰ ਉਦਾਸੀਆਂ ਵਿਚ ਡੁੱਬ ਗਈ ਸੀ, ਪਰ ਅਸਾਂ ਆਪਣਾ ਇਤਿਹਾਸਕ ਫ਼ਰਜ਼ ਅਦਾ ਕਰਕੇ ਤੁਹਾਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਸਾਡੇ ਸੁੱਖਾ ਸਿੰਘ, ਮਹਿਤਾਬ ਸਿੰਘ ਅਤੇ ਊਧਮ ਸਿੰਘ, ਤੁਹਾਡੇ ਮੀਰ ਮਨੂੰ, ਵਜੀਦੇ, ਲੱਖਪੱਤ, ਰਿਬੇਰੋ ਅਤੇ ਡਾਇਰਾਂ ਦੇ ਕਿਤੇ ਨੇੜੇ ਤੇੜੇ ਪਰਛਾਵਿਆਂ ਵਾਂਗ ਤੁਰ ਫਿਰ ਰਹੇ ਹਨ। ਖਾਲਸਾ-ਦ੍ਰਿਸ਼ਟੀ ਅਨੁਸਾਰ ਅਸਾਂ ਜੋ ਕੁਝ ਵੀ ਕੀਤਾ ਹੈ, ਉਸ ਦੇ ਇਵਜ ਵਿਚ ਅਗੰਮੀ ਬਖ਼ਸ਼ਿਸ਼ ਤੋਂ ਛੇਕੀ ਹੋਈ ਅਤੇ ਬਿਪਰ ਸੰਸਕਾਰ ਦੀ ਮਾਰ ਹੇਠਾਂ ਆਈ ਤੁਹਾਡੀ ਅਦਾਲਤ ਵੱਲੋਂ ਸਾਨੂੰ ਦਿੱਤਾ ਗਿਆ ਫ਼ਾਂਸੀ ਦਾ ਹੁਕਮ ਖਿੜ੍ਹੇ ਮੱਥੇ ਪ੍ਰਵਾਨ ਹੈ। ਮੌਤ ਦੀ ਤਿੱਖੀ ਧਾਰ ਨੂੰ ਛੋਹ ਕੇ ਅਸੀਂ ਸੰਪੂਰਨ ਹੋਣ ਜਾ ਰਹੇ ਹਾਂ, ਕਿਉਂਕਿ ਸ਼ਹਾਦਤ ਤੋਂ ਬਿਨਾਂ ਜ਼ਿੰਦਗੀ ਦਾ ਸੁਹਾਵਣਾ ਮੇਲਾ ਜੁੜ ਨਹੀਂ ਸਕਦਾ।

ਇਹ ਦੋਵੇਂ ਸ਼ਹੀਦ ਮਾਨਵਤਾ ਦੇ ਇਤਿਹਾਸ ਵਿਚ ਖਲੋ ਕੇ ਵੀ ਬੋਲੇ, ਮੌਜੂਦਾ ਇਤਿਹਾਸ ਨੂੰ ਵੀ ਉਨ੍ਹਾਂ ਨੇ ਸਾਹਮਣੇ ਰੱਖਿਆ ਅਤੇ ਵਰਤਮਾਨ ਜੱਦੋ ਜਹਿਦ ਦੇ ਝੰਡਾ ਬਰਦਾਰ ਸੰਤ ਜਰਨੈਲ ਸਿੰਘ ਦੀ ਕੁਰਬਾਨੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ। ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿਚ ਉਨ੍ਹਾਂ ਦੇ ਇਹ ਲਫ਼ਜ਼ ਸਾਨੂੰ ਸਦਾ ਯਾਦ ਰਹਿਣਗੇ:

ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰਥਰਾਉਣ ਲੱਗ ਜਾਂਦਾ ਹੈ। ਇਸੇ ਥਰਥਰਾਹਟ ਦੌਰਾਨ ਕੋਈ ਬੰਦਾ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ ਸਿਤਮਾਂ ਦੀ ਨਗਰੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਂਦਾ ਰਿਹਾ, ਕੋਈ ਚੇ ਗਵੇਰਾ ਕਿਊਬਾ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਬੰਦੂਕ ਹਿੱਕ ਨਾਲ ਲਾ ਬੋਲੇਵੀਆ ਦੇ ਜੰਗਲਾਂ ਵਿਚ ਦੁਸ਼ਮਣ ਵਿਰੁੱਧ ਮੋਰਚਾਬੰਦੀ ਕਰਦਾ ਹੈ ਅਤੇ ਨੈਲਸਨ ਮੰਡੇਲਾ ਨਸਲਵਾਦੀ ਦੁਸ਼ਮਣ ਦੀ ਈਨ ਕਬੂਲਣ ਤੋਂ ਨਾਂਹ ਕਰਕੇ ਆਪਣੀ ਸਾਰੀ ਉਮਰ ਕਾਲ ਕੋਠੜੀ ਦੇ ਲੇਖੇ ਲਾਉਣੀ ਵਧੇਰੇ ਬਿਹਤਰ ਸਮਝਦਾ ਹੈ। …ਤੇ ਸਾਨੂੰ ਤਾਂ ‘ਮਰਦ ਅਗੰਮੜੇ’ ਦੇ ਵਰੋਸਾਏ ਪੰਥ ਦੇ ਅਦੁੱਤੀ ਜਰਨੈਲ ਸੰਤ ਜਰਨੈਲ ਸਿੰਘ ਦੀ ਪਿਆਰ ਭਰੀ ਛੋਹ ਅਤੇ ਸਾਥ ਦਾ ਸਬੱਬ ਹਾਸਲ ਹੈ। ਅਸੀਂ ਖੰਡੇ ਦੀ ਧਾਰ ‘ਤੇ ਤੁਰਨ ਵਾਲੇ ਸਿੱਖ ਕੌਮ ਦੇ ਅਨਮੋਲ ਤੇ ਅਣਗਿਣਤ ਹੀਰਿਆਂ ਦੇ ਪੈਰਾਂ ਦੀ ਧੂੜ ਦਾ ਇੱਕ ਕਿਣਕਾ ਮਾਤਰ ਹਾਂ। ਕੌਮ ਦੇ ਲੇਖੇ ਜਿੰਦ ਲਾਉਣ ਦਾ ਸੁਭਾਗ ਵਿਰਲਿਆਂ ਵਿਚੋਂ ਕਿਸੇ ਵਿਰਲੇ ਨੂੰ ਨਸੀਬ ਹੁੰਦਾ ਹੈ। …ਸਾਡਾ ਮਾਨਵਵਾਦ ਏਨਾ ਵਿਸ਼ਾਲ ਹੈ ਕਿ ਸਾਡੇ ਕਲਾਵਿਆਂ ਵਿਚ ਸਮੁੱਚੀ ਧੜਕਦੀ ਜ਼ਿੰਦਗੀ ਹੀ ਸਮਾ ਸਕਦੀ ਹੈ। …ਸਾਡਾ ਖਾਲਸਾਈ ਜੋਸ਼ ਸਾਡੇ ਰੂਹਾਨੀ ਤਜਰਬੇ ਦਾ ਇੱਕ ਅੰਗ ਹੈ। ਅਜਿਹੇ ਸਮੇਂ ਰੂਹਾਨੀਅਤ ਸਾਡੀਆਂ ਸ਼ਮਸ਼ੀਰਾਂ ਦੀ ਚਮਕ ਹੁੰਦੀ ਹੈ। …ਅਸੀਂ ਤੁਹਾਡੇ ਰਾਹੀਂ ਇਹ ਪੈਗ਼ਾਮ ਵੀ ਦੇਣਾ ਚਾਹੁੰਦੇ ਹਾਂ ਕਿ ਸਾਡਾ ਹਿੰਦੋਸਤਾਨ ਦੇ ਮਹਾਨ ਲੋਕਾਂ, ਇਸ ਦੀ ਧਰਤੀ ਨਾਲ ਕੋਈ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ। ਉਨ੍ਹਾਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਹਾਂ। ਅਸੀਂ ਤਾਂ ਧਰਤ ਆਸਮਾਨ ਨੂੰ ਆਪਣੀ ਗਲ ਵੱਕੜੀ ਵਿਚ ਲੈਣ ਲਈ ਬਿਹਬਲ ਹਾਂ ਅਤੇ ਸਮੁੱਚੇ ਬ੍ਰਹਿਮੰਡ ਤੇ ਇਸ ਵਿਚ ਵਸਦੀ ਰਸਦੀ ਜ਼ਿੰਦਗੀ ਦੀ ਆਰਤੀ ਉਤਾਰਦੇ ਹਾਂ।

ਬਿਨਾਂ ਸ਼ੱਕ ਅਸੀਂ ਆਪਣੀ ਹਸਤੀ ‘ਤੇ ਹੋਏ ਹਮਲੇ ਦਾ ਢੁਕਵਾਂ ਜਵਾਬ ਦਿੱਤਾ। ਅਸੀਂ ਉਸ ‘ਤੇ ਮਾਣ ਵੀ ਕਰ ਸਕਦੇ ਹਾਂ। ਅਸੀਂ ਜਾਣਦੇ ਹਾਂ ਕਿ ਦਰਬਾਰ ਸਾਹਿਬ ਸਾਕੇ ਤੋਂ ਅਗਲੇ ਦੌਰ ਨੂੰ ਖਾੜਕੂ ਲਹਿਰ ਦਾ ਨਾਂ ਦਿੱਤਾ ਗਿਆ। ਇਸ ਦੌਰ ਵਿਚ ਜੋ ਘਟਨਾਵਾਂ ਵਾਪਰੀਆਂ, ਜਿਵੇਂ ਇਨ੍ਹਾਂ ਘਟਨਾਵਾਂ ਨੇ ਮੋੜ ਲਿਆ ਅਤੇ ਜਿਵੇਂ ਇਨ੍ਹਾਂ ਨੇ ਸਿੱਖ ਮਾਨਸਿਕਤਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਥਿਤੀ ‘ਤੇ ਸਿੱਧਾ ਅਤੇ ਅਸਿੱਧਾ ਪ੍ਰਭਾਵ ਪਾਇਆ ਉਹ ਗੰਭੀਰ ਅਧਿਐਨ ਦਾ ਵਿਸ਼ਾ ਹੈ।

ਪਰ ਇਸ ਦੌਰ ਦੀ ਮਹੱਤਤਾ ਤੇ ਮਹਾਨਤਾ ਬਾਰੇ ਵਿਦਵਾਨ ਤੇ ਇਤਿਹਾਸਕਾਰ ਬੇਮੁਖ ਹੋਏ ਹੀ ਨਜ਼ਰ ਆਉਂਦੇ ਹਨ। ਖਾੜਕੂ ਲਹਿਰ ਦੌਰਾਨ ਹੋਈਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਜੇ ਕੋਈ ਵਿਸ਼ਲੇਸ਼ਣ ਹੋਇਆ ਵੀ ਹੈ ਤਾਂ ਉਹ ਸਤੱਈ ਪੱਧਰ ਦਾ ਹੈ ਅਤੇ ਨਿਰਪੱਖ ਵੀ ਨਹੀਂ ਹੈ। ਦੂਜੇ ਪਾਸੇ ਲਹਿਰ ਦੀਆਂ ਕਮਜ਼ੋਰੀਆਂ ਨੂੰ ਵਧਾ ਚੜ੍ਹਾਅ ਕੇ ਪੇਸ਼ ਕੀਤਾ ਗਿਆ ਹੈ। ਜਦੋਂ ਕਿ ਲਹਿਰਾਂ ਨੂੰ ਇਤਿਹਾਸਕ ਨਜ਼ਰੀਏ ਤੋਂ ਵੇਖਣ ਤੇ ਪਰਖਣ ਦੀ ਲੋੜ ਹੁੰਦੀ ਹੈ। ਕੋਈ ਵੀ ਲਹਿਰ ਅਸਲ ਵਿਚ ਕਮਜ਼ੋਰੀਆਂ ਅਤੇ ਖ਼ਾਮੀਆਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਹੀ ਨਹੀਂ ਸਕਦੀ, ਕਿਉਂਕਿ ਲਹਿਰਾਂ ਵਿਚ ਆਏ ਵਿਅਕਤੀ ਮਨੁੱਖੀ ਸੁਭਾਵਾਂ ਅਤੇ ਪ੍ਰਵਿਰਤੀਆਂ ਦਾ ਇੱਕ ਅਜਿਹਾ ਜਮਘਟਾ ਹੁੰਦਾ ਹੈ, ਜਿਸ ਵਿਚ ਲਹਿਰ ਦੇ ਕੁਝ ਹਿੱਸੇ ਮਨ ਮਰਜ਼ੀ ਨਾਲ ਚੱਲ ਰਹੇ ਹੁੰਦੇ ਹਨ, ਕੁਝ ਹਿੱਸਿਆਂ ‘ਤੇ ਵਿਚਾਰਧਾਰਕ ਪਕੜ ਅਜੇ ਪੀਡੀ ਨਹੀਂ ਹੁੰਦੀ, ਕੁਝ ਹਿੱਸੇ ਜਜ਼ਬਾਤੀ ਤੌਰ ‘ਤੇ ਉਲਾਰ ਹੁੰਦੇ ਹਨ ਅਤੇ ਕੁਝ ਹਿੱਸੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੇ ਜਜ਼ਬੇ ਅਤੇ ਸੁਭਾਅ ਦੁੱਧ ਦੇ ਉਬਾਲ ਵਾਂਗ ਹੁੰਦੇ ਹਨ ਅਤੇ ਰਤਾ ਵੀ ਪਾਣੀ ਦੇ ਛੱਟੇ ਨਾਲ ਮੂਤ ਦੀ ਝੱਗ ਵਾਂਗ ਵਹਿ ਵੀ ਜਾਂਦੇ ਹਨ ਅਤੇ ਜੱਦੋਜਹਿਦ ਦੀ ਦਿਸ਼ਾ ਵੀ ਬਦਲ ਸਕਦੇ ਹਨ। ਇੱਥੋਂ ਤੱਕ ਕਿ ਉਹ ਲਹਿਰ ਦੀ ਮੁੱਖ ਧਾਰਾ ਤੋਂ ਉਲਟ ਦਿਸ਼ਾ ਵੱਲ ਵੀ ਜਾ ਸਕਦੇ ਹਨ ਅਤੇ ਜਾਂਦੇ ਰਹੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਤਾਕਤਾਂ ਦਾ ਵਿਸ਼ਲੇਸ਼ਣ ਕਰਨ ਲਈ ਤਾਂ ਵਿਦਵਾਨ ਵਿਹਲ ਹੀ ਘੱਟ ਕੱਢਦੇ ਹਨ, ਜੋ ਗੁਪਤ ਤੇ ਪ੍ਰਗਟ ਰੂਪ ਵਿਚ ਘੁਸਪੈਠ ਕਰਕੇ ਲਹਿਰ ਨੂੰ ਗ਼ੈਰ ਸਿਧਾਂਤਕ ਮੋੜ ਦਿੰਦੇ ਹਨ ਅਤੇ ਫਿਰ ਲਹਿਰ ਨੂੰ ਬਦਨਾਮ ਕਰਨ ਲਈ ਅਤੇ ਜਨਤਾ ਦੀਆਂ ਨਜ਼ਰਾਂ ਵਿਚ ਡੇਗਣ ਲਈ ਆਪਣੀ ਪ੍ਰਚਾਰ ਮਸ਼ੀਨਰੀ ਦੇ ਹਰ ਪੁਰਜ਼ੇ ਨੂੰ ਸਰਗਰਮ ਕਰ ਦਿੰਦੇ ਹਨ। ਸਾਰੀਆਂ ਲਹਿਰਾਂ ਨਾਲ ਹੀ ਘੱਟ ਜਾਂ ਜ਼ਿਆਦਾ ਇਹੋ ਇਤਿਹਾਸਕ ਦੁਖਾਂਤ ਹੁੰਦਾ ਕਿ ਇਸ ਪ੍ਰਚਾਰ ਮਸ਼ੀਨਰੀ ਵਿਚ ਤੁਹਾਡੇ ਦੁਸ਼ਮਣ ਤਾਂ ਹੁੰਦੇ ਹਨ, ਪਰ ਨਾਲ ਹੀ ਵਿਰੋਧੀ ਵੀ ਤੇ ਸ਼ਰੀਕ ਵੀ ਅਤੇ ਜਿਨ੍ਹਾਂ ਨੇ ‘ਆਪਣੇ’ ਹੋਣ ਦਾ ਭੁਲੇਖਾ ਪਾਇਆ ਹੁੰਦਾ ਹੈ, ਉਹ ਵੀ ਵੱਖ ਵੱਖ ਰੰਗਾਂ ਰੂਪਾਂ ਵਿਚ ਇਸ ਪ੍ਰਚਾਰ ਮਸ਼ੀਨਰੀ ਵਿਚ ਆਪਣਾ ਬਣਦਾ ਹਿੱਸਾ ਪਾ ਰਹੇ ਹੁੰਦੇ ਹਨ। ਜੇ ਸ੍ਰੀਲੰਕਾ ਦੀ ਖਾੜਕੂ ਜਥੇਬੰਦੀ ਲਿੱਟੇ ਦਾ ਗੰਭੀਰ ਮੁਤਾਲਿਆ ਕੀਤਾ ਜਾਵੇ ਤਾਂ ਉਨ੍ਹਾਂ ਨੇ ਆਪਣੀ ਜੱਦੋਜਹਿਦ ਦੇ ਮੁਢਲੇ ਦੌਰ ਵਿਚ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਕਾਮਯਾਬ ਵੀ ਹੋਏ। ਪਰ ਖਾੜਕੂ ਲਹਿਰ ਇਸ ਤਰ੍ਹਾਂ ਦੀ ਕਾਮਯਾਬੀ ਹਾਸਲ ਨਹੀਂ ਕਰ ਸਕੀ।

ਦੂਜੇ ਪਾਸੇ ਭਾਰਤੀ ਸਟੇਟ ਦੀ ਕੂਟਨੀਤੀ ਪ੍ਰੱਸ਼ੀਆ ਦੇ ਬਾਦਸ਼ਾਹ ਫ਼ਰੈੱਡਰਕ ਮਹਾਨ (੧੭੪੦-੮੬) ਨਾਲ ਮਿਲਦੀ ਜੁਲਦੀ ਸੀ, ਜੋ ਇਹ ਕਿਹਾ ਕਰਦਾ ਸੀ ਕਿ ਤੁਸੀਂ ਕਿਸੇ ਤੋਂ ਧੋਖ਼ਾ ਨਾ ਖਾਓ, ਸਗੋਂ ਧੋਖ਼ਾ ਦਿਓ। ਉਸ ਦੀ ਇਹ ਨੀਤੀ ਕਿ ”ਜੇਕਰ ਇਮਾਨਦਾਰ ਬਣਨ ਨਾਲ ਕੁਝ ਸਰਦਾ ਹੋਵੇ ਤਾਂ ਅਸੀਂ ਇਮਾਨਦਾਰ ਬਣਾਂਗੇ ਅਤੇ ਜੇ ਧੋਖ਼ਾ ਦੇਣਾ ਜ਼ਰੂਰੀ ਹੋਵੇ ਤਾਂ ਸਾਨੂੰ ਬਦਮਾਸ਼ ਹੀ ਬਣਨ ਦਿਓ,” ਭਾਰਤੀ ਸਟੇਟ ਦੀ ਸਿੱਖਾਂ ਪ੍ਰਤੀ ਕੂਟਨੀਤੀ ਨਾਲ ਕਿੰਨੀ ਮੇਲ ਖਾਂਦੀ ਹੈ। ਇਹੋ ਜਿਹੀਆਂ ਹਾਲਤਾਂ ਵਿਚ ਕੌਣ ਪੁਰਾਣੇ ਵਾਅਦਿਆਂ ਅਤੇ ਸੰਧੀਆਂ ‘ਤੇ ਅਮਲ ਕਰਦਾ ਹੈ। ਗੱਲ ਨੂੰ ਗੋਲ ਮੋਲ ਕਰਕੇ ਰੱਖਣਾ ਉਨ੍ਹਾਂ ਹਾਕਮਾਂ ਦਾ ਮਕਸਦ ਹੁੰਦਾ ਹੈ ਜਾਂ ਦੂਜੇ ਲਫ਼ਜ਼ਾਂ ਵਿਚ ਉਹ ਅਸਪਸ਼ਟਤਾ ਨੂੰ ਹੀ ਸਪਸ਼ਟ ਕਰ ਰਹੇ ਹੁੰਦੇ ਹਨ। ਇਸ ਲਈ ਖਾੜਕੂ ਲਹਿਰ ਦਾ ਜਿਨ੍ਹਾਂ ਹਾਕਮਾਂ ਨਾਲ ਵਾਹ ਪਿਆ ਸੀ, ਉਨ੍ਹਾਂ ਲਈ ਇਨ੍ਹਾਂ ਹਾਕਮਾਂ ਦੇ ਧੁਰ ਅੰਦਰਲੇ ਤੱਕ ਪਹੁੰਚ ਕਰਕੇ ਜੱਦੋਜਹਿਦ ਨੂੰ ਉੱਚੀ ਪੱਧਰ ‘ਤੇ ਲੈ ਜਾਣਾ ਕੋਈ ਸੌਖੀ ਗੱਲ ਨਹੀਂ ਸੀ। ਇਸ ਲਈ ਲਹਿਰਾਂ ਨੂੰ ਇਤਿਹਾਸਕ ਬਰੀਕਬੀਨੀ ਨਾਲ ਦੇਖਣ ਵਾਲੀ ਤਿੱਖੀ ਨਜ਼ਰ ਹੀ ਖਾੜਕੂ ਲਹਿਰ ਨਾਲ ਇਨਸਾਫ਼ ਕਰ ਸਕਦੀ ਹੈ ਅਤੇ ਕੀ ਇਹ ਦੁੱਖਦਾਈ ਐਲਾਨ ਕਰ ਦਿੱਤਾ ਜਾਵੇ ਕਿ ਇਹ ਨਜ਼ਰ ਜੇ ਦੁਸ਼ਮਣਾਂ ਕੋਲ ਨਹੀਂ ਤਾਂ ਅੱਜ ਦੀ ਤਰੀਕ ਵਿਚ ਸਾਡੇ ਕੋਲ ਵੀ ਨਹੀਂ ਹੈ?

ਅਸੀਂ ਕਿਉਂ ਹਾਰੇ? ਅਸੀਂ ਕਿਉਂ ਹਾਰਦੇ ਹਾਂ? ਅਸੀਂ ਜਿੱਤ ਕੇ ਕਿਉਂ ਹਾਰ ਜਾਂਦੇ ਹਾਂ? ਅਸੀਂ ਜਿੱਤ ਦੇ ਐਨ ਨਜ਼ਦੀਕ ਪਹੁੰਚ ਕੇ ਕਿਉਂ ਹਾਰ ਜਾਂਦੇ ਹਾਂ? ਇਨ੍ਹਾਂ ਔਖੇ ਤੇ ਗੁੰਝਲਦਾਰ ਸਵਾਲਾਂ ਦੇ ਜਵਾਬ ਲੱਭਣ ਲਈ ਸਾਨੂੰ ਅਜੇ ਮਰ ਮਿਟਣ ਵਾਲੀ ਪਿਆਸ ਨਹੀਂ ਲੱਗੀ। ਘੱਟੋ ਘੱਟ ਉਹੋ ਜਿਹੀ ਪਿਆਸ ਨਹੀਂ ਲੱਗੀ, ਜੋ ਪਿਆਸ ਮੱਛੀ ਦੀ ਪਾਣੀ ਲਈ ਹੁੰਦੀ ਹੈ। ਮੈਨੂੰ ਇਉਂ ਲੱਗਦਾ ਹੈ, ਜਿਵੇਂ ਸਿੱਖ ਪੰਥ ਦੀ ਪੀੜਾ ਅਤੇ ਇਸ ਦੇ ਦਰਦ ਨੂੰ ਲੱਭਣ ਲਈ ਸਾਨੂੰ ਇਹੋ ਜਿਹੇ ਸਵਾਲਾਂ ਦੇ ਸਨਮੁਖ ਹੋਣ ਦਾ ਹੌਸਲਾ ਕਰਨਾ ਪਵੇਗਾ। ਦੂਜੇ ਸ਼ਬਦਾਂ ਵਿਚ ਸਾਨੂੰ ਵਿਵੇਕ ਗਿਆਨ ਦੇ ਆਲਮ ਵਿਚ ਉਤਰਨਾ ਹੀ ਪੈਣਾ ਹੈ।

ਅਸਾਂ ਉੱਪਰ ਕਿਤੇ ਇਹ ਲਿਖਿਆ ਹੈ ਕਿ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦਾ ਜੋ ਅਸਾਂ ਢੁਕਵਾਂ ਜਵਾਬ ਦਿੱਤਾ, ਉਹ ਪਵਿੱਤਰ ਬਦਲੇ ਦਾ ਇੱਕ ਅਜਿਹਾ ਰੂਪ ਸੀ, ਜਿਸ ਦਾ ਰਿਸ਼ਤਾ ਸਾਡੇ ਇਤਿਹਾਸ ਦੇ ਸੁਨਹਿਰੀ ਕਾਂਡ ਨਾਲ ਜੁੜਿਆ ਹੋਇਆ ਹੈ। ਵੈਸੇ ਇਸ ਨੁਕਤੇ ਨੂੰ ਹੋਰ ਸਪਸ਼ਟ, ਹੋਰ ਉੱਚਿਤ, ਜਾਇਜ਼ ਤੇ ਤਰਕ ਭਰਪੂਰ ਠਹਿਰਾਉਣ ਲਈ ਇੱਕ ਵੱਖਰੇ ਤੇ ਗੰਭੀਰ ਲੇਖ ਦੀ ਲੋੜ ਹੈ, ਕਿਉਂਕਿ ਬਦਲੇ ਦੀ ਇਹ ਪ੍ਰਭਾਤ ਦੋ ਸੌ ਸਾਲਾਂ ਦੀ ਲੰਬੀ ਹਨੇਰੀ ਰਾਤ ਪਿੱਛੋਂ ਚੜ੍ਹੀ ਸੀ। ਅਸੀਂ ਭੁੱਲ ਹੀ ਗਏ ਸਾਂ ਕਿ ਅਠਾਰਵੀਂ ਸਦੀ ਵਿਚ ਮਿਸਲਾਂ ਦੀ ਚੜ੍ਹਤਲ ਦੇ ਦੌਰ ਪਿੱਛੋਂ, ਇੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਸਮੇਤ ਸਾਰੇ ਦੌਰਾਂ ਵਿਚ ਅਸੀਂ ਕਰੀਬ ਕਰੀਬ ਸੁੱਤੇ ਹੀ ਰਹੇ ਸਾਂ। ਜਿਸ ਦੌਰ ਨੂੰ ਅਜ਼ਾਦੀ ਦਾ ਦੌਰ ਕਿਹਾ ਜਾਂਦਾ ਹੈ, ਹੁਣ ਸਾਨੂੰ ਪਤਾ ਲੱਗ ਰਿਹਾ ਹੈ ਕਿ ਉਹ ਘੱਟੋ ਘੱਟ ‘ਸਾਡੀ ਅਜ਼ਾਦੀ’ ਦਾ ਦੌਰ ਨਹੀਂ ਸੀ। ਅਸੀਂ ਤਾਂ ੧੯੪੭ ਤੋਂ ਪਿੱਛੋਂ ਇੱਕ ਵੱਖਰੀ ਗੁਲਾਮੀ ਦਾ ਦੌਰ ਹੀ ਹੰਢਾ ਰਹੇ ਹਾਂ। ਇਸ ਗੁਲਾਮੀ ਨੂੰ ਕੀ ਨਾਂ ਦੇਈਏ ਜਿੱਥੇ ਜਿਸਮ ਅਜ਼ਾਦ ਹਨ, ਪਰ ਰੂਹਾਂ ਗੁਲਾਮ ਹਨ? ਸਾਰਾ ਰੋਣਾ ਤਾਂ ਇਸੇ ਗੱਲ ਦਾ ਹੈ ਕਿ ਅਸਾਂ ਇਸ ਮਿੱਠੀ ਗੁਲਾਮੀ ਨੂੰ ਹੱਸ ਕੇ ਪ੍ਰਵਾਨ ਕੀਤਾ ਹੋਇਆ ਹੈ।

ਜੇ ਇਤਿਹਾਸ ਨੂੰ ਇੱਕ ਵੱਖਰੇ ਨੁਕਤਾ ਨਿਗਾਹ ਤੋਂ ਵੀ ਦੇਖੀਏ ਤਾਂ ਸ਼ਹੀਦ ਭਗਤ ਸਿੰਘ ਦੀ ਜੱਦੋਜਹਿਦ ਦਾ ਦੌਰ ਅਤੇ ਗ਼ਦਰ ਪਾਰਟੀ ਦੀ ਹਥਿਆਰਬੰਦ ਜੱਦੋਜਹਿਦ ਦਾ ਦੌਰ ਵੀ ‘ਸਾਡਾ ਆਪਣਾ’ ਦੌਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਭਾਵੇਂ ਇਸ ਦੌਰ ਵਿਚ ਕੁਰਬਾਨੀਆਂ ਬਹੁਤਾ ਕਰਕੇ ਸਿੱਖਾਂ ਦੀਆਂ ਹੀ ਹਨ, ਪਰ ਸਿੱਖਾਂ ਦੀਆਂ ਇਹ ਕੁਰਬਾਨੀਆਂ ਸਿੱਖੀ ਦੇ ਹੱਕ ਵਿਚ ਨਹੀਂ ਜਾ ਸਕੀਆਂ। ਇੱਥੋਂ ਤੱਕ ਕਿ ਬੱਬਰ ਅਕਾਲੀ ਲਹਿਰ ਦੌਰਾਨ ਬਦਲੇ ਦੇ ਰੂਪ ਵਿਚ ਹੋਈਆਂ ਮਹਾਨ ਕੁਰਬਾਨੀਆਂ ਵੀ ਖਾਲਸੇ ਦੀ ਪ੍ਰਭੂਸਤਾ ਸਥਾਪਤ ਕਰਨ ਵੱਲ ਅੱਗੇ ਨਹੀਂ ਵਧ ਸਕੀਆਂ, ਘੱਟੋ ਘੱਟ ਰੂਹ ਦੀ ਸ਼ਕਲ ਵਿਚ ਅੱਗੇ ਨਹੀਂ ਵਧ ਸਕੀਆਂ। ਕਿਉਂ ਨਹੀਂ ਵਧ ਸਕੀਆਂ? ਇਹ ਸਵਾਲ ਸਾਡੀਆਂ ਨੀਂਦਰਾਂ ‘ਤੇ ਬੋਝ ਬਣਨਾ ਚਾਹੀਦਾ ਹੈ, ਪਰ ਬਣ ਨਹੀਂ ਰਿਹਾ।

ਹੁਣ ਜ਼ਰਾ ਆਪਣੀ ਕੌਮ ਦੇ ਰਾਜਨੀਤਕ, ਧਾਰਮਕ ਤੇ ਸੱਭਿਆਚਾਰਕ ਰੰਗ ਢੰਗਾਂ ਨੂੰ ਇੱਕ ਤਰਦੀ ਨਜ਼ਰ ਨਾਲ ਦੇਖੋ-ਇੱਕ ਅਜਿਹੀ ਨਜ਼ਰ ਨਾਲ ਦੇਖੋ, ਜਿਸ ਵਿਚ ਸੁਹਿਰਦਤਾ ਵੀ ਹੋਵੇ ਤੇ ਜ਼ਿੰਦਗੀ ਨੂੰ ਜਾਨਣ ਵਾਲੀ ਜਗਿਆਸਾ ਤੇ ਸੰਜੀਦਗੀ ਵੀ ਹੋਵੇ। ਕੀ ਆਪਾਂ ਸਭਨਾਂ ਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਇਨ੍ਹਾਂ ਸੰਸਥਾਵਾਂ ਨਾਲ ਜੁੜੇ ਆਗੂ ਸਿਰ ਤੋਂ ਪੈਰਾਂ ਤੱਕ ਦੁਨੀਆਦਾਰਾਂ ਵਾਲੀ ਖੇਡ ਵਿਚ ਮਸਤ ਹਨ? ਕੀ ਉਹ ਮਾਹੌਲ ਪੈਦਾ ਕਰਨ ਦੀ ਰੀਝ ਕਿਤਿਓਂ ਲੱਭਦੀ ਹੈ, ਜਿਸ ਵਿਚ ਕੌਮ ਦੀ ਹੋਣੀ ਦੇ ਸਵਾਲਾਂ ‘ਤੇ ਵਿਵੇਕ ਬਹਿਸ ਹੋ ਸਕਦੀ ਹੈ? ਖਾੜਕੂ ਲਹਿਰ ਨੇ ਹਥਿਆਰਬੰਦ ਹੋ ਕੇ ਬਦਲੇ ਲੈਣ ਦਾ ਜੋ ਤਰੀਕਾ ਅਖ਼ਤਿਆਰ ਕੀਤਾ, ਉਹ ਉਸ ਵਿਚ ਏਨੇ ਨਿਪੁੰਨ, ਏਨੇ ਸਾਵਧਾਨ, ਏਨੇ ਤਜਰਬੇਕਾਰ ਅਤੇ ਏਨੇ ਸਿਆਣੇ ਸਾਬਤ ਹੋਏ ਕਿ ਇਤਿਹਾਸ ਦਾ ਇਹ ਕਾਂਡ ਬੇਮਿਸਾਲ ਹੈ। ਪਰ ਨਾਲ ਦੀ ਨਾਲ ਇਸ ਕੌੜੀ ਸੱਚਾਈ ਨੂੰ ਵੀ ਸਵੀਕਾਰ ਕਰਨਾ ਪਵੇਗਾ ਕਿ ਉਹ ਆਪਣੇ ਬਦਲੇ ਦਾ ਉਚੇਰਾ ਰਾਜਨੀਤਕ ਰੂਪ ਕਦੇ ਵੀ ਨਾ ਸਿਰਜ ਸਕੇ। ਇਹੋ ਕਾਰਨ ਹੈ ਕਿ ਖਾੜਕੂ ਲਹਿਰ ਦੇ ਕਮਜ਼ੋਰ ਹੋਣ ਪਿੱਛੋਂ ਰਾਜਨੀਤਕ ਮੈਦਾਨ ਉਨ੍ਹਾਂ ਹੀ ਲੋਕਾਂ ਦੇ ਹੱਥਾਂ ਵਿਚ ਚਲਾ ਗਿਆ ਹੈ, ਜੋ ਹਰ ਹੀਲੇ ਚੋਣ ਜਿੱਤ ਕੇ ਸੱਤਾ ‘ਤੇ ਕਾਬਜ਼ ਹੋਣ ਅਤੇ ਸੱਤਾ ਨੂੰ ਆਪਣੇ ਸਵਾਰਥੀ ਉਦੇਸ਼ਾਂ ਲਈ ਵਰਤਣ ਦੇ ਮਾਹਰ ਬਣ ਚੁੱਕੇ ਹਨ। ਸਿੱਖਾਂ ਦੇ ਅੰਦਰ ਇਸ ਮਾੜੇ ਰੁਝਾਨ ਵਿਰੁੱਧ ਜਿਹੜੇ ਵੀਰ ਜੱਦੋ ਜਹਿਦ ਕਰ ਵੀ ਰਹੇ ਹਨ, ਉਨ੍ਹਾਂ ਦੇ ਚਿਹਰਿਆਂ ਤੋਂ ਵੀ ਮੂਲ ਰੂਪ ਵਿਚ ਇਸ ਤਰ੍ਹਾਂ ਦੇ ਰੁਝਾਨ ਪੈਦਾ ਹੋਣ ਦੀਆਂ ਸੰਭਾਵਨਾਵਾਂ ਅਗਾਊਂ ਹੀ ਪੜ੍ਹੀਆਂ ਜਾ ਸਕਦੀਆਂ ਹਨ। ਇਹ ਭਿਆਨਕ ਖਿਲਾਅ ਹੀ ਸਿੱਖ ਕੌਮ ਦਾ ਸਭ ਤੋਂ ਵੱਡਾ ਦਰਦ ਹੈ।

ਹੁਣ ਇੱਕ ਆਖ਼ਰੀ ਨਜ਼ਰ ਅੰਤਰਰਾਸ਼ਟਰੀ ਮੰਚ ਵੱਲ ਸੁੱਟੀਏ ਅਤੇ ਇਸ ਮੰਚ ‘ਤੇ ਨਿੱਤ ਬਦਲਦੇ ਉਤਰਾਵਾਂ ਚੜ੍ਹਾਵਾਂ ਨੂੰ ਸੁਤੰਤਰ ਨਜ਼ਰੀਏ ਤੋਂ ਵੀ ਵੇਖਣ ਦਾ ਯਤਨ ਕਰੀਏ ਅਤੇ ਇਨ੍ਹਾਂ ਦਾ ਸਿੱਖ ਨਜ਼ਰੀਏ ਤੋਂ ਵੀ ਵਿਸ਼ਲੇਸ਼ਣ ਕਰਨ ਦਾ ਯਤਨ ਕਰੀਏ। ਸੋਵੀਅਤ ਯੂਨੀਅਨ ਵਿਚ ਸਮਾਜਵਾਦ ਦੇ ਡਿੱਗ ਜਾਣ ਪਿੱਛੋਂ ਅਤੇ ਕੰਪਿਊਟਰ-ਯੁੱਗ ਦੀ ਮਹਾਨ ਚੜ੍ਹਤਲ ਨਾਲ ਦੁਨੀਆ ਭਰ ਦੇ ਸਮਾਜਾਂ ਅਤੇ ਕੌਮਾਂ ਵਿਚ ਕੀ ਫ਼ਰਕ ਆਏ ਹਨ? ਕੀ ਦੁਨੀਆ ਦੀ ਸਰਦਾਰੀ ਹਾਸਲ ਕਰਨ ਲਈ ਸੱਤਾ ਦੇ ਕੇਂਦਰ ਬਦਲ ਰਹੇ ਹਨ? ਕੀ ਸਟੇਟ-ਨੇਸ਼ਨਜ਼ ਮੁਰਝਾ ਗਈਆਂ ਹਨ ਅਤੇ ਆਪਣੀ ਹੋਂਦ ਦੀ ਆਖ਼ਰੀ ਲੜਾਈ ਲੜ ਰਹੀਆਂ ਹਨ? ਜੇ ਸਟੇਟ-ਨੇਸ਼ਨਜ਼ ਇਸ ਧਰਤੀ ਤੋਂ ਅਲੋਪ ਹੋ ਰਹੀਆਂ ਹਨ ਤਾਂ ਇਨ੍ਹਾਂ ਦੇ ਸਮਾਨਾਂਤਰ ਬਦਲ ਕਿਹੋ ਜਿਹੇ ਹੋਣਗੇ ਜਾਂ ਹੋ ਸਕਦੇ ਹਨ? ਕੀ ਸੈਮੂਅਲ ਹਟਿੰਕਟਨ ਦੀ ਥਿਊਰੀ ਜਿਸ ਨੂੰ ਉਹ ਸੱਭਿਆਤਾਵਾਂ ਦਾ ਭੇੜ ਕਹਿੰਦਾ ਹੈ, ਸੱਚਮੁੱਚ ਹੀ ਆਪਣੇ ਰੰਗ ਵਿਖਾਏਗੀ? ਕੀ ਇਹ ਸਾਰਾ ਖਿਲਾਰਾ ਭਿਆਨਕ ਰੂਪ ਵੀ ਅਖ਼ਤਿਆਰ ਕਰ ਸਕਦਾ ਹੈ? ਸੂਚਨਾ ਇਨਕਲਾਬ ਦਾ ਬੰਬ ਰਾਜਨੀਤੀ ਵਿਚ ਕੀ ਤਬਦੀਲੀਆਂ ਲਿਆਵੇਗਾ? ਕੀ ਦੁਨੀਆ ਉਸ ਦੌਰ ਵਿਚ ਦਾਖ਼ਲ ਹੋ ਗਈ ਹੈ, ਜਿਸ ਨੂੰ ਜੇਮਜ਼ ਡਾਲੀ ਡੇਵਿਡਸਨ ਅਤੇ ਵਿਲੀਅਮ ਰੀਜ਼-ਮੌਗ ਨੇ ਆਪਣੀ ਚਰਚਿਤ ਪੁਸਤਕ ਵਿਚ ‘ਮਨੁੱਖੀ ਸਮਾਜ ਦਾ ਚੌਥਾ ਦੌਰ’ ਕਿਹਾ ਹੈ? ਕੀ ਮੌਜੂਦਾ ਸਨਅਤੀ ਦੌਰ ਜਾਂ ਯੁੱਗ ਖ਼ਤਮ ਹੋਣ ਦੇ ਕਿਨਾਰੇ ‘ਤੇ ਹੈ? ਸਾਨੂੰ ਇਨ੍ਹਾਂ ਸਾਰੇ ਸਵਾਲਾਂ ਬਾਰੇ ਬੜੀ ਗੰਭੀਰਤਾ ਨਾਲ ਵਿਚਾਰਨ ਦੀ ਅੱਜ ਜਿੰਨੀ ਲੋੜ ਹੈ, ਇੰਨੀ ਇਤਿਹਾਸ ਦੇ ਕਿਸੇ ਦੌਰ ਵਿਚ ਨਹੀਂ ਸੀ।

ਅਪ੍ਰੇਸ਼ਨ ਬਲਿਊ ਸਟਾਰ ਨੇ ਸਾਡੇ ਦਿਲਾਂ ਵਿਚ ਸਾਡੇ ਦੁਸ਼ਮਣਾਂ ਅਤੇ ਦੋਸਤਾਂ ਬਾਰੇ ਇੱਕ ਡੂੰਘੀ ਲਕੀਰ ਖਿੱਚੀ ਸੀ, ਪਰ ਸਾਡੇ ਦਿਮਾਗ਼ ਅਜੇ ਜਿਉਂ ਦੇ ਤਿਉਂ ਹਨ। ਇਨ੍ਹਾਂ ਨੂੰ ਤਰੋ ਤਾਜ਼ਾ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿਚ ਨਵੇਂ ਰਾਹ ਸਿਰਜਣ ਬਾਰੇ ਸਾਨੂੰ ਸਿਰ ਜੋੜ ਕੇ ਬੈਠਣਾ ਪਵੇਗਾ।

ਸਾਨੂੰ ਆਪਣੇ ਵਰਤਮਾਨ ਆਗੂਆਂ ‘ਤੇ ਬਹੁਤਾ ਯਕੀਨ ਨਹੀਂ ਰੱਖਣਾ ਚਾਹੀਦਾ। ਜੇ ਉਨ੍ਹਾਂ ‘ਤੇ ਉਮੀਦਾਂ ਦੇ ਪੁਲ ਉਸਾਰਦੇ ਰਹੇ ਜਾਂ ਉਨ੍ਹਾਂ ‘ਤੇ ਹੀ ਟੇਕ ਰੱਖੀ ਤਾਂ ਆਉਣ ਵਾਲੇ ਇਤਿਹਾਸਕਾਰ ਇਨ੍ਹਾਂ ਆਗੂਆਂ ਬਾਰੇ ਇਹੋ ਜਿਹੀਆਂ ਹੀ ਟਿੱਪਣੀਆਂ ਕਰਿਆ ਕਰਨਗੇ, ਜਿਵੇਂ ਸੰਸਾਰ-ਸੱਭਿਆਤਾਵਾਂ ਦੇ ਉਤਰਾਵਾਂ ਚੜ੍ਹਾਵਾਂ ਦੇ ਮਹਾਨ ਗਿਆਤਾ ਵਿਲ ਡਿਊਰਾਂ ਨੇ ਆਪਣੀ ਪੁਸਤਕ ਵਿਚ ਫ਼ਰਾਂਸ ਦੇ ਇਨਕਲਾਬ ਤੋਂ ਪਹਿਲਾਂ ਵਾਲੀ ਹਾਲਤ ਦਾ ਜ਼ਿਕਰ ਕਰਦਿਆਂ ਉਸ ਵਕਤ ਦੇ ਬਾਦਸ਼ਾਹਾਂ ਬਾਰੇ ਇਹ ਟਿੱਪਣੀ ਕੀਤੀ: "ਉਹ ਆਪਣੇ ਮੰਤਰੀਆਂ ਨੂੰ ਜਾਨਣ ਤੋਂ ਵੱਧ ਆਪਣੇ ਸ਼ਿਕਾਰੀ ਕੁੱਤਿਆਂ ਬਾਰੇ ਜਾਣਦੇ ਸਨ।" ਇਸ ਲਈ ਅੱਜ ਇਹ ਐਲਾਨ ਕਰਨ ਦੀ ਲੋੜ ਹੈ ਕਿ ਸਾਡੇ ਆਗੂ ਸਾਨੂੰ ਨਹੀਂ ਜਾਣਦੇ। ਅਸੀਂ ਆਪਣੇ ਵਿਚੋਂ ਨਵੇਂ ਆਗੂਆਂ ਨੂੰ ਜਨਮ ਦੇਵਾਂਗੇ। ਸਾਡੇ ਡੂੰਘੇ ਦਰਦ ਦਾ ਜਵਾਬ ਅੱਜ ਇਹੋ ਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top