Share on Facebook

Main News Page

4 ਅਗਸਤ ਨੂੰ ਸਿੱਖ ਕੌਮ ਸਧਾਰਨ ਨਾ ਲਵੇ, ਇਸ ਦੀ ਅਹਿਮੀਅਤ ਨੂੰ ਸਮਝੋ ਤੇ ਦਿੱਲੀ ਵੱਲ ਕੂਚ ਕਰੋ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਕੱਲ ਨੂੰ 4 ਅਗਸਤ ਹੈ, ਇਹ ਓਹ ਦਿਨ ਹੈ ਜਦੋਂ ਸਿੱਖ ਲੀਡਰਸ਼ਿਪ ਨੇ ਸਿੱਖ ਹੱਕਾਂ ਜਾਂ ਇਹ ਕਹਿ ਲਿਆ ਜਾਵੇ ਕਿ ਸਿੱਖਾਂ ਦੀਆਂ ਜਾਇਜ ਮੰਗਾਂ ਦੇ ਨਾਲ ਨਾਲ, ਸਰਬਤ ਦੇ ਭਲੇ ਦੇ ਸਿਧਾਂਤ ਉੱਤੇ ਚੱਲਦਿਆਂ ਅਮਰੀਕਾ ਜਾਂ ਹੋਰ ਦੇਸ਼ਾਂ ਵਾਂਗੂੰ, ਭਾਰਤ ਵਿੱਚ ਇੱਕ ਫੈਡਰਲ ਸਿਸਟਮ ਦੀ ਕਾਇਮੀ ਵਾਸਤੇ, ਅਨੰਦਪੁਰ ਸਾਹਿਬ ਦੇ ਮਤੇ ਨੂੰ ਅਧਾਰ ਬਣਾਕੇ, ਧਰਮਯੁੱਧ ਮੋਰਚਾ ਆਰੰਭ ਕੀਤਾ ਸੀ। ਉਸ ਮੋਰਚੇ ਦਾ ਕੀਹ ਹਸ਼ਰ ਹੋਇਆ ਜਾਂ ਉਸ ਵਿੱਚੋਂ ਸਿੱਖਾਂ ਨੇ ਕੀਹ ਖੱਟਿਆ, ਇਹ ਸਭ ਕੁੱਝ ਦਾਸ ਦੋ ਦਿਨ ਪਹਿਲਾਂ ਇੱਕ ਲੇਖ ਵਿੱਚ ਜ਼ਿਕਰ ਕਰ ਚੁੱਕਿਆ ਹੈ, ਇਸ ਵਾਸਤੇ ਹੱਥਲੇ ਲੇਖ ਵਿੱਚ ਦੁਬਾਰਾ ਫਿਰ ਉਸ ਨੂੰ ਦੁਹਰਾਉਣਾ ਵਾਜਿਬ ਨਹੀਂ, ਲੇਕਿਨ ਇੱਕ ਗੱਲ ਜਰੂਰ ਹੈ ਕਿ ਦਰਬਾਰ ਸਾਹਿਬ ਦਾ ਸਾਕਾ, ਦਿੱਲੀ ਦਾ ਸਿੱਖ ਕਤਲੇਆਮ, ਪੰਜਾਬ ਵਿੱਚ ਬੇਗੁਨਾਹ ਸਿੱਖ ਗਭਰੂਆਂ ਦੇ ਸਰਕਾਰੀ ਤੌਰ ਤੇ ਕਤਲੇਆਮ, ਇਹ ਸਭ ਦੁਖਾਂਤ, ਜਿਹੜੇ ਭਾਰਤੀ ਨਿਜ਼ਾਮ ਨੇ ਵਰਤਾਏ, ਧਰਮਯੁੱਧ ਮੋਰਚੇ ਤੋਂ ਬਾਅਦ ਵਿੱਚ ਹੀ ਵਾਪਰੇ, ਜਿਸ ਨੂੰ ਸਿੱਧੇ ਅਤੇ ਸਪਸ਼ਟ ਲਫਜਾਂ ਵਿੱਚ ਅਸੀਂ ਇਹ ਕਹਿ ਸਕਦੇ ਹਾ ਕਿ ਇੱਕ ਤਰਾਂ ਨਾਲ ਭਾਰਤੀ ਨਿਜ਼ਾਮ ਨੇ ਸਾਡੀ ਲੋਕ ਪੱਖੀ ਨੀਤੀ ਜਾਂ ਹਕੂਮਤੀ ਬੋਲੀ ਵਿੱਚ ਉਹਨਾਂ ਦਾ ਲੋਕਾਂ ਦੀ ਲੁੱਟ ਅਤੇ ਦੁਬੇਲ ਬਣਾਕੇ ਰੱਖਣ ਵਾਲੀ ਨੀਤੀ ਵਾਲਾ, ਗਲਬਾ ਖਤਮ ਕਰਨ ਦੀ ਕੋਸ਼ਿਸ਼ ਤੋਂ ਚਿੜ ਕੇ, ਸਾਡੇ ਨਾਲ ਜੱਗੋਂ ਤੇਰਵੀਂ ਕੀਤੀ ਸੀ।

ਇਸ ਕਰਕੇ 4 ਅਗਸਤ ਦਾ ਦਿਨ ਸਧਾਰਨ ਨਹੀਂ ਹੈ, ਇਹ ਸਿੱਖਾਂ ਦਾ ਇੱਕ ਇਤਿਹਾਸਿਕ ਦਿਨ ਹੈ, ਜਿਸ ਦਿਨ ਭਾਰਤ ਨੂੰ ਫੈਡਰਲ ਭਾਰਤ ਵਿੱਚ ਤਬਦੀਲ ਕਰਨ ਲਈ ਸਿੱਖ ਪੰਥ ਨੇ ਹੰਭਲਾ ਮਾਰਿਆ ਸੀ। ਕੁੱਝ ਆਪਣੀਆਂ ਅਤੇ ਕੁੱਝ ਉਹਨਾਂ, ਜਿਹਨਾਂ ਤੋਂ ਹਮਾਇਤ ਦੀ ਉਮੀਦ ਸੀ, ਉਹਨਾਂ ਦੀ ਬੇਈਮਾਨੀ ਅਤੇ ਹਰਾਮਖੋਰੀ ਨੇ ਸਾਨੂੰ ਸਫਲਤਾ ਦੇ ਮੁਕਾਮ ਤੇ ਨਹੀਂ ਪਹੁੰਚਣ ਦਿੱਤਾ, ਸਗੋਂ ਜਿਸ ਵੇਲੇ ਹਕੂਮਤ ਸਾਡੀ ਇਸ ਕਵਾਇਦ ਤੋਂ, ਪੰਥ ਉੱਤੇ ਕਹਿਰਵਾਨ ਹੋਈ ਤਾਂ ਇਹਨਾਂ ਭਦਰ ਪੁਰਸ਼ਾਂ ਨੇ ਹਾਅ ਦਾ ਨਾਹਰਾ ਤਾਂ ਕੀਹ ਮਾਰਨਾ ਸੀ ,ਇਹ ਵੀ ਉਸ ਭੀੜ ਨਾਲ ਹਮਰਾਹੀ ਹੋ ਗਏ, ਜਿਹੜੀ ਸਾਡੀ ਦੇਸ਼ ਭਗਤੀ ਅਤੇ ਲੋਕ ਪ੍ਰਸਤੀ ਨੂੰ ਅੱਤਵਾਦ ਅਤੇ ਵੱਖਵਾਦ ਗਰਦਾਨ ਰਹੀ ਸੀ, ਜਿਸ ਨਾਲ ਸਾਡਾ ਕੋਈ ਵੀ ਬੇਲੀ ਨਾ ਰਿਹਾ, ਗਲੀਆਂ ਦੇ ਕੱਖ ਵੀ ਦੁਸ਼ਮਨ ਬਣ ਖਲੋਤੇ, ਪਰ ਸੱਚ ਤਾਂ ਸੱਚ ਹੀ ਹੁੰਦਾ ਹੈ, ਝੂਠ ਦੇ ਕਾਫਲੇ ਬੇਸ਼ਕ ਵੱਡੇ ਵੀ ਕਿਉਂ ਨਾ ਹੋਣ, ਇੱਕ ਦਿਨ ਮਿਟ ਜਾਂਦੇ ਹਨ ਅਤੇ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਵੀ ਇਤਿਹਾਸ ਦੇ ਪੰਨਿਆਂ ਉੱਤੇ ਕਾਇਮ ਨਹੀਂ ਰਹਿੰਦੇ, ਲੇਕਿਨ ਜੋ ਕੁੱਝ ਅਸੀਂ ਮੰਗਿਆ ਜਾਂ ਅਸੀਂ ਉਭਾਰਿਆ, ਅੱਜ ਸੰਸਾਰ ਭਰ ਵਿੱਚ ਜਿੱਥੇ ਵੀ, ਉਸ ਤਰਾਂ ਦਾ ਨਿਜ਼ਾਮ ਹੈ, ਪਰਜਾ ਸੁਖੀ ਹੈ। ਇਸ ਵਾਸਤੇ 4 ਅਗਸਤ ਨੂੰ ਸਮਝਣਾ ਬੜਾ ਹੀ ਜਰੂਰੀ ਹੈ।

ਭਲਕੇ ਜਿਹੜਾ 4 ਅਗਸਤ ਦਾ ਦਿਨ ਹੈ, ਉਹ ਸਿਰਫ 4 ਅਗਸਤ 1984 ਦੀ ਵਰੇ ਗੰਢ ਜਾਂ ਯਾਦ ਮਨਾਉਣ ਵਾਲਾ ਦਿਨ ਹੀ ਨਹੀਂ ਹੈ, ਸਗੋਂ ਇੱਕ ਵਾਰੀ ਫਿਰ ਪੰਥ ਨੇ ਹਿੰਮਤ ਕੀਤੀ ਹੈ ਕਿ ਤਿੰਨ ਦਹਾਕਿਆਂ ਬਾਅਦ ਵੀ ਸਾਡੇ ਮਸਲੇ, ਜਿਹੜੇ ਜਿਉਂ ਦੇ ਤਿਉਂ ਲਟਕ ਰਹੇ ਹਨ, ਉਹਨਾਂ ਦੇ ਹੱਲ ਵਾਸਤੇ ਭਾਰਤੀ ਨਿਜ਼ਾਮ ਨੂੰ ਚੇਤਾ ਕਰਵਾਇਆ ਜਾਵੇ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਨਿਜ਼ਾਮ ਨੂੰ ਸਾਡੇ ਦੁੱਖਾਂ ਦਰਦਾਂ ਦਾ ਪਤਾ ਨਾ ਹੋਵੇ ਜਾਂ ਸਾਡੇ ਮਸਲਿਆਂ ਬਾਰੇ ਪੂਰੀ ਜਾਣਕਾਰੀ ਨਾ ਹੋਵੇ, ਪਤਾ ਸਭ ਕੁੱਝ ਹੈ, ਪਰ ਇਹ ਨਿਜ਼ਾਮ ਬੋਲਾ ਹੈ, ਇਸ ਦੇ ਕੰਨਾਂ ਨੂੰ ਖੋਣ ਵਾਸਤੇ ਲੋਕਾਂ ਨੂੰ ਆਪਣੀ ਅਵਾਜ਼ ਉਚੀ ਕਰਨੀ ਪੈਂਦੀ ਹੈ, ਇਹ ਆਵਾਜ਼ ਬੁਲੰਦ ਕਰਨ ਵਾਸਤੇ, ਸਾਨੂੰ ਗੁਰੂ ਨੇ ਪੰਥ ਨਾਮ ਦੀ ਜਥੇਬੰਦੀ ਬਖਸ਼ਿਸ਼ ਕੀਤੀ ਹੈ, ਜਿਸ ਉੱਤੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਰਿਵਾਰ ਦਾ ਕਬਜਾ ਨਹੀਂ ਹੁੰਦਾ, ਸਗੋਂ ਇਸ ਦੀ ਅਗਵਾਈ ਗੁਰੂ ਸਾਹਿਬ ਖੁਦ ਕਰਦੇ ਹਨ, ਬੜੀ ਸੋਚ ਵਿਚਾਰ ਉਪਰੰਤ ਪੰਥ ਦਰਦੀਆਂ ਨੇ ਇਹ ਫੈਸਲਾ ਲਿਆ ਹੈ ਕਿ 4 ਅਗਸਤ ਨੂੰ ਸਿਰਫ ਪੁਰਾਣੀਆਂ ਯਾਦਾਂ ਨੂੰ ਚੇਤੇ ਕਰਕੇ, ਕੇਵਲ ਬੇਵਸੀ ਦੇ ਅਥਰੂ ਹੀ ਨਾ ਵਹਾਏ ਜਾਣ, ਸਗੋਂ ਕੋਈ ਉਦਮ ਉਪਰਾਲਾ ਕੀਤਾ ਜਾਵੇ ਅਤੇ ਭਾਰਤੀ ਨਿਜ਼ਾਮ ਦੇ ਨਾਲ ਨਾਲ ਦੁਨੀਆਂ ਨੂੰ ਵੀ ਪਤਾ ਲੱਗੇ ਕਿ ਭਾਰਤੀ ਆਜ਼ਾਦੀ ਵਾਸਤੇ ਅਠਾਨਵੇਂ ਫੀ ਸਦੀ ਜਾਨਾਂ ਵਾਰਨ ਵਾਲੇ ਸਿੱਖਾਂ ਨਾਲ ਕਿਵੇ ਘੋਰ ਅਨਿਆ ਹੋ ਰਿਹਾ ਹੈ।

ਬਹੁਤ ਸਾਰੇ ਸਿੱਖ ਇਸ ਗੱਲੋਂ ਭੁਲੇਖੇ ਵਿੱਚ ਰਹਿੰਦੇ ਹਨ ਕਿ ਪੰਥਕ ਲੋਕਾਂ ਦੀ ਗਿਣਤੀ ਅਤੇ ਉਹਨਾਂ ਲੋਕਾਂ, ਜਿਹੜੇ ਪੰਥ ਵੇਚਕੇ ਰਾਜ ਕਰ ਰਹੇ, ਦੀ ਗਿਣਤੀ ਵਿੱਚ ਵੱਡਾ ਫਰਕ ਹੈ, ਉਹਨਾਂ ਲੋਕਾਂ ਨਾਲ ਭਾਰਤੀ ਨਿਜ਼ਾਮ ਚਟਾਨ ਵਾਂਗੂੰ ਖੜਾ ਹੈ ਆਦਿ, ਦਾਸ ਦੀ ਅਜਿਹੇ ਸਿੱਖਾਂ ਨੂੰ ਬੇਨਤੀ ਹੈ ਕਿ ਇਤਿਹਾਸ ਦੇ ਪੰਨੇ ਪਰਤਕੇ ਵੇਖੋ, ਕਿਸੇ ਵੇਲੇ ਓਹ ਲੋਕ, ਜਿਹਨਾਂ ਦਾ ਨਾਹਰਾ ਸੀ ਕਿ ਸਾਡੇ ਰਾਜ ਵਿਚ ਸੂਰਜ ਨਹੀਂ ਛਿੱਪਦਾ, ਸਿੱਖਾਂ ਨੂੰ ਬਰਬਾਦ ਕਰਨ ਵਾਸਤੇ ਅੱਗੇ ਆਏ ਸਨ ਅਤੇ ਸਿੱਖਾਂ ਦੇ ਗੁਰਦਵਾਰਿਆਂ ਉੱਤੇ ਆਪਣੇ ਪਿੱਠੁ ਮਹੰਤਾਂ ਦਾ ਜਬਰੀ ਕਬਜਾ ਵੀ ਕਰਵਾ ਦਿੱਤਾ ਸੀ, ਸਰਕਾਰ ਦੀ ਸਿਰਫ ਸ਼ਹਿ ਹੀ ਨਹੀਂ ਸੀ, ਹਰ ਤਰੀਕੇ ਦੀ ਮੱਦਦ ਵੀ ਸੀ, ਇੱਕ ਵਾਰ ਅਜਿਹਾ ਲੱਗਦਾ ਸੀ ਕਿ ਹੁਣ ਕਿਹੜਾ ਮਾਈ ਦਾ ਲਾਲ ਮਹੰਤਾਂ ਤੋਂ ਕਬਜਾ ਛੁੱਡਵਾ ਸਕਦਾ ਹੈ। ਜਿਹਨਾਂ ਦੀ ਪਿੱਠ ਉੱਤੇ ਅੰਗ੍ਰੇਜ਼ੀ ਹਕੂਮਤ ਪਰਛਾਵੇਂ ਦੀ ਤਰਾਂ ਪਹਿਰਾ ਦੇ ਰਹੀ ਹੈ ,ਲੇਕਿਨ ਜਦੋਂ ਕੁੱਝ ਸਿੰਘਾਂ ਨੇ ਗੁਰੂ ਵਲ ਮੁੰਹ ਕਰਕੇ ਆਪਣੇ ਆਪ ਨੂੰ ਪੰਥ ਦਾ ਹਿੱਸਾ ਬਣਾ ਲਿਆ ਤਾਂ ਫਿਰ ਗੁਰੂ ਹਿਰਦਿਆਂ ਵਿੱਚ ਵੱਸ ਗਿਆ, ਕਲਾ ਵਰਤ ਗਈ, ਨਾ ਹਕੂਮਤਾਂ ਨਾ ਮਹੰਤ, ਕਿਸੇ ਦੀ ਪੇਸ਼ ਨਾ ਗਈ, ਗੁਰਦਵਾਰੇ ਰਾਤੋ ਰਾਤ ਖਾਲੀ ਹੋਣੇ ਆਰੰਭ ਹੋ ਗਏ।

ਸਿਰਫ ਗੁਰਦਵਾਰਿਆਂ ਤੋਂ ਕਬਜਾ ਹੀ ਨਾ ਹਟਿਆ, ਸਗੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਗੁਰਦਵਾਰਾ ਐਕਟ 1925 ਵੀ ਹੋਂਦ ਵਿੱਚ ਆ ਗਏ, ਜਿਹਨਾਂ ਬਾਰੇ ਕਦੇ ਕਿਆਸਿਆ ਵੀ ਨਹੀਂ ਜਾ ਸਕਦਾ ਸੀ। ਕਿੰਨੇ ਕੁ ਸੁਹਿਰਦ ਸਿੱਖ ਚਿਹਰੇ ਸਨ, ਇਕ ਪਾਸੇ ਭਾਈ ਲਛਮਣ ਸਿੰਘ ਧਾਰੋਕੀ ਅਤੇ ਉਹਨਾਂ ਨਾਲ ਸ਼ਹੀਦ ਹੋਣ ਸੁਰਮੇ ਸਨ, ਜਿਹਨਾਂ ਦੀਆਂ ਸ਼ਹਾਦਤਾਂ ਨੇ ਏਡੀ ਵੱਡੀ ਸਲਤਨਤ ਅਤੇ ਮਹੰਤਾਂ ਦੀ ਰੂਹ ਕੰਬਣ ਲਾ ਦਿੱਤੀ ਅਤੇ ਦੂਜੇ ਪਾਸੇ ਸਿਰਫ ਪੋਟਿਆਂ ਉੱਤੇ ਗਿਣੇ ਜਾਣ ਵਾਲੇ, ਸ. ਕਰਤਾਰ ਸਿੰਘ ਝੱਬਰ ਵਰਗੇ ਕੁੱਝ ਆਗੂ ਸਨ, ਪਰ ਉਹਨਾਂ ਦੀ ਕੁਰਬਾਨੀ ਅਤੇ ਝੱਬਰ ਹੁਰਾਂ ਦੀ ਸੁਹਿਰਦਤਾ ਨੇ ਰੰਗ ਲਿਆ ਦਿੱਤੇ। ਅੱਜ ਧਿਆਨ ਮਾਰੋ! ਕੁਰਬਾਨੀਆਂ ਰੋਜ਼ ਹੋ ਰਹੀਆਂ ਹਨ, ਫਿਰ ਖੋਟ ਕਿੱਥੇ ਹੈ? ਕਿਉਂ ਨਹੀਂ ਪੰਥਕ ਰੰਗ ਉਘੜ ਰਿਹਾ ,ਸਿਰਫ ਇਸ ਕਰਕੇ ਕਿ ਸਾਡੇ ਵਿੱਚੋਂ ਸੁਹਿਰਦਤਾ ਖਤਮ ਹੋ ਚੁੱਕੀ ਹੈ, ਸ. ਕਰਤਾਰ ਸਿੰਘ ਝੱਬਰ ਦੇ ਪਿਓ ਦਾਦੇ ਕੋਈ ਮੁੱਖ ਮੰਤਰੀ ਜਾਂ ਕੇਂਦਰੀ ਵਜ਼ੀਰ ਨਹੀਂ ਸਨ, ਉਹ ਵੀ ਤਾਂ ਸਾਡੇ ਵਰਗੇ ਇੱਕ ਕਿਰਤੀ ਸਿੱਖ ਸਨ, ਪਰ ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਭੈਅ ਅਤੇ ਪੰਥਕ ਜਜਬਾ ਸੀ, ਜਿਸ ਕਰਕੇ ਉਹਨਾਂ ਉੱਤੇ ਗੁਰੂ ਨੇ ਕਾਮਯਾਬੀ ਦੀ ਬਖਸ਼ਿਸ਼ ਕਰ ਦਿੱਤੀ ਸੀ। ਅੱਜ ਵੀ ਛੇ ਮਹੀਨਿਆਂ ਤੋਂ ਬਾਪੂ ਸੂਰਤ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਜਬਰ ਦਾ ਟਾਕਰਾ ਕਰ ਰਹੇ ਹਨ ਅਤੇ ਇੱਕ ਦਿਨ ਉਹਨਾਂ ਨੇ ਵੀ ਕਾਮਯਾਬੀ ਦੇ ਮੁਕਾਮ ਨੂੰ ਹਾਸਲ ਕਰ ਜਾਣਾ ਹੈ।

ਸਾਨੂੰ ਕੀਹ ਹੋਇਆ ਹੈ, ਅਸੀਂ ਕਿਸੇ ਨਾਮਵਰ ਆਗੂ ਦੀ ਆਸ ਕਿਉਂ ਲਾਈ ਬੈਠੇ ਹਾਂ? ਸਾਨੂੰ ਗੁਰੂ ਉੱਤੇ ਭਰੋਸਾ ਨਹੀਂ ਰਿਹਾ ਜਾਂ ਅਸੀਂ ਸਿੱਖ ਇਤਿਹਾਸ ਦੇ ਲਹੁ ਭਿੱਜੇ ਪੱਤਰਿਆਂ ਉੱਤੇ ਨਜਰ ਮਾਰਨ ਦਾ ਹੀਆ ਹੀ ਨਹੀਂ ਕਰਦੇ ਜਾਂ ਅਸੀਂ ਕਿਸੇ ਜੋਤਿਸ਼ੀ ਤੋਂ ਮਹੂਰਤ ਕਢਵਾਉਣਾ ਚਾਹੁੰਦੇ ਹਾ, ਜਿਹੜਾ ਕੋਈ ਸ਼ੁਭ ਦਿਨ ਜਾਂ ਘੜੀ ਦੱਸੇਗਾ, ਜਦੋਂ ਅਸੀਂ ਪੰਥ ਦੀ ਚੜਦੀਕਲਾ ਵਾਸਤੇ ਕਮਰਕੱਸਾ ਕਰਨਾ ਹੈ। ਆਓ! ਹੁਣ ਵੇਲਾ ਹੈ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ, ਜਿੰਨੇ ਬਚੇ ਹਨ ਚੁੱਗਕੇ ਝੋਲੀ ਵਿੱਚ ਪਾ ਲਈਏ, 4 ਅਗਸਤ ਨੂੰ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਦਿੱਲੀ ਪਹੁੰਚੇ ਜਿੱਥੋਂ ਕੁੱਝ ਪੰਥ ਦਰਦੀਆਂ ਨੇ ਸਿੱਖਾਂ ਦੇ ਹੱਕਾਂ ਦਾ ਇੱਕ ਖਰਾ ਭਾਰਤੀ ਨਿਜ਼ਾਮ ਦੇ ਦੋਹਾਂ ਹਾਉਸਾਂ ਨੂੰ ਸੌਂਪਣ ਜਾਣਾ ਹੈ। ਜਿੱਥੋਂ ਫਿਰ ਸਿੱਖਾਂ ਦੀ ਕਿਸਮਤ ਦਾ ਯੁੱਧ ਆਰੰਭ ਹੋਣਾ ਹੈ, ਜਿੱਤ ਸਾਡੀ ਨੀਅਤ ਦੀ ਹੋਣੀ ਹੈ। ਕੌਮੀ ਜਜਬਾਤਾਂ ਦੇ ਦਰਿਆਵਾਂ ਨੂੰ ਜਬਰ ਜਾਂ ਕੂਟਨੀਤੀ ਦਾ ਬੰਨ ਲਾ ਕੇ ਵਕਤੀ ਤੌਰ ਉੱਤੇ ਠੱਲਿਆ ਤਾਂ ਜਾ ਸਕਦਾ ਹੈ, ਲੇਕਿਨ ਹਕੂਮਤਾਂ ਦੇ ਜਬਰ ਕੌਮਾਂ ਦੇ ਵਹਿਣ ਨਹੀਂ ਮੋੜ ਸਕਦੇ, ਜਦੋਂ ਕੌਮ ਦੇ ਵਾਰਿਸ ਜਾਗ ਪੈਣ ਤਾਂ ਸਭ ਕੁੱਝ ਵਹਾਅ ਕੇ ਲੈ ਜਾਂਦੇ ਹਨ।

ਆਓ! ਅੱਜ ਤੋਂ ਫਿਰ ਲੋਕ ਤੰਤਰਿਕ ਕਦਰਾਂ ਕੀਮਤਾਂ ਦੇ ਜਾਬਤੇ ਵਿੱਚ ਰਹਿੰਦਿਆਂ ਜਬਰ ਦਾ ਟਾਕਰਾ ਸਬਰ ਨਾਲ ਕਰਨ ਵਾਸਤੇ, ਪੰਥ ਬਣਕੇ ਖੜੇ ਹੋਈਏ, ਬਾਕੀ ਸਭ ਚਿੰਤਾਵਾਂ ਗੁਰੂ ਆਸਰੇ ਛੱਡ ਦੇਈਏ, ਫਿਰ ਆਪੇ ਆਪਣੇ ਪੰਥ ਦਾ ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top