Share on Facebook

Main News Page

ਪਿੰਡ ਦੀ ਸੱਥ
-: ਨਿਰਮਲ ਸਿੰਘ ਕੰਧਾਲਵੀ

ਸਾਰੀ ਰਾਤ ਮੀਂਹ ਪੈਂਦਾ ਰਿਹਾ ਸੀ ਤੇ ਸਵੇਰ ਸਾਰ ਮੀਂਹ ਰੁਕਣ ਨਾਲ ਬੜੀ ਸੱਜਰੀ ਸਵੇਰ ਚੜ੍ਹੀ ਸੀ ਤੇ ਨਾਲ਼ ਹੀ ਸੂਰਜ ਦੇਵਤਾ ਨੇ ਆਪਣਾ ਜਲਵਾ ਆਣ ਬਿਖੇਰਿਆ। ਮੌਸਮ ਸੋਹਣਾ ਹੋਣ ਕਰ ਕੇ ਅੱਜ ਸੱਥ ਵਿਚ ਵੀ ਖੂਬ ਰੌਣਕ ਸੀ। ਮਾਸਟਰ ਹਕੀਕਤ ਸਿੰਘ ਦਾ ਇੰਤਜ਼ਾਰ ਹੋ ਰਿਹਾ ਸੀ ਜਿਸ ਨੇ ਅਖ਼ਬਾਰ ਪੜ੍ਹ ਕੇ ਖ਼ਬਰਾਂ ਸੁਣਾਉਣੀਆਂ ਸਨ।

ਸਾਰਿਆਂ ਦੀ ਘੁਸਰ ਮੁਸਰ ਨੂੰ ਲੱਛੂ ਅਮਲੀ ਨੇ ਤੋੜਿਆ, “ਬਈ ਮਾਹਟਰ ਨੇ ਜਦੋਂ ਦੀ ਆਹ ਸਕੂਟੀ ਜਿਹੀ ਲਈ ਆ ਇਹਦਾ ਪਤਾ ਈ ਨਈਂ ਲਗਦਾ ਕਦੋਂ ਆ ਖੜ੍ਹਦੈ। ਅੱਗੇ ਮੀਲ ਤੋਂ ਈ ਇਹਦੇ ਫਿਟਫਟੀਏ ਦੀ ਗੜੈਂ ਗੜੈਂ ਸੁਣ ਪੈਂਦੀ ਸੀ” ਚਾਰੇ ਪਾਸੇ ਹਾਸਾ ਮਚ ਗਿਆ।

ਬਿੱਕਰ ਨੇ ਗੱਲ ਭੁੰਜੇ ਨਹੀਂ ਪੈਣ ਦਿਤੀ ਤੇ ਬੋਲਿਆ “ਆਹ ਸਕੂਟੀ ਜਿਹੀ ਤਾਂ ਬੁੜ੍ਹੀਆਂ ਦੇ ਚਲਾਉਣੇ ਆਲ਼ੀ ਆ, ਹੁਣ ਬੰਦੇ ਵੀ ਘੜੀਸੀ ਫਿਰਦੇ ਆ”

ਰਾਮੂ ਭਈਆ ਬੋਲਿਆ, “ਕਲਯੁਗ ਬਰਤ ਰਿਐ ਸਰਦਾਰ ਜੀ”

“ਓਏ ਸਹੁਰੀ ਦਿਆ ਕਲਯੁਗ ਇਥੇ ਕਿੱਥੇ ਆ ਗਿਆ, ਇਹ ਸਾਲ਼ਾ ਮੱਝ ਦੀ ਬਜਾਇ ਝੋਟੇ ਹੇਠ ਜਾ ਵੜਦੈ” ਫੌਜੀ ਪਾਖਰ ਸਿੰਘ ਨੇ ਭਈਏ ਦੀ ਛੋਈ ਲਾਹ ਦਿਤੀ। ਭਈਆ ਹੋਰ ਵੀ ਗੁੱਛੂ ਮੁੱਛੂ ਜਿਹਾ ਹੋ ਕੇ ਵਾੜ ‘ਚ ਫ਼ਸੇ ਬਿੱਲੇ ਵਾਂਗ ਸਭ ਵਲ ਦੇਖਣ ਲੱਗਾ।

ਤਦੇ ਮਾਸਟਰ ਹਕੀਕਤ ਸਿੰਘ ਨੇ ਆ ਦਿਖਾਈ ਦਿਤੀ ਤੇ ਥੈਲੇ ‘ਚੋਂ ਅਖ਼ਬਾਰ ਕੱਢ ਕੇ ਉਹ ਵੀ ਖੁੰਢ ‘ਤੇ ਬਹਿ ਗਿਆ।

“ਲੈ ਬਈ ਮਾਹਟਰਾ ਛੇਤੀ ਛੇਤੀ ਸੁਣਾ ਦੇ ਸੁਰਖੀਆਂ ਫੇਰ ਕੋਈ ਕੰਮ ਧੰਦਾ ਕਰੀਏ,” ਲੱਛੂ ਬੋਲਿਆ

“ਲਉ ਬਈ ਸੱਜਣੋਂ, ਕੱਲ ਜਲੰਧਰ ‘ਚ ਕਿਸਾਨਾਂ ਨੇ ਦੁਖਿਆਂ ਹੋਇਆਂ ਨੇ ਆਲੂਆਂ ਦੀ ਭਰੀ ਹੋਈ ਟਰਾਲੀ ਲੋਕਾਂ ਨੂੰ ਮੁਫ਼ਤ ‘ਚ ਵੰਡ ਦਿਤੀ”

“ਕਾਹੇ ਕੋ ਸਰਦਾਰ ਜੀ?” ਰਾਮੂ ਨੇ ਬੜੇ ਅਚੰਭੇ ਨਾਲ਼ ਪੁੱਛਿਆ।

“ਰੋਸ ਪ੍ਰਗਟ ਕਰਨ ਲਈ ਤੇ ਸਰਕਾਰਾਂ ਦੇ ਕੰਨ ਖੋਲ੍ਹਣ ਲਈ ਬਈ ਕਿਸਾਨ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ ਜਿਹੜੇ ਭਾਅ ਆੜ੍ਹਤੀਏ ਖਰੀਦਣਾ ਚਾਹੁੰਦੇ ਆ। ਕਿਸਾਨ ਤੋਂ ਦੋ ਤਿੰਨ ਰੁਪਏ ਕਿੱਲੋ ਖਰੀਦਿਆ ਹੋਇਆ ਆਲੂ ਮੰਡੀ ‘ਚ ਪੰਦਰਾਂ ਵੀਹ ਰੁਪਈਏ ਕਿੱਲੋ ਵਿਕਦੈ। ਆੜ੍ਹਤੀਆ ਗੱਦੀ ‘ਤੇ ਬੈਠਾ ਈ ਕਰੋੜਾਂਪਤੀ ਬਣੀ ਜਾਂਦੈ ਤੇ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਫ਼ਸਲਾਂ ਪੈਦਾ ਕਰਨ ਵਾਲ਼ਾ ਕਿਸਾਨ ਖੁਦਕਸ਼ੀਆਂ ਕਰਨ ਲਈ ਮਜਬੂਰ ਆ ਤੇ ਉੱਪਰੋਂ ਕੇਂਦਰ ‘ਚ ਬੈਠੇ ਵਜੀਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਵੀ ਮਜ਼ਾਕ ਉਡਾਉਂਦੇ ਐ”।

“ਮਾਸਟਰ ਜੀ ਲੋਕ ਸਭਾ ਦੀਆਂ ਕੰਟੀਨਾਂ ‘ਚ ਸਸਤਾ ਰਾਸ਼ਨ ਖਾ ਖਾ ਕੇ ਇਹਨਾਂ ਵਜੀਰਾਂ ਦੇ ਦਿਮਾਗ ਹਿੱਲ ਗਏ ਹੋਏ ਆ, ਤਾਹੀਉਂ ਗੱਲਾਂ ਆਉਂਦੀਆਂ ਏਹਨਾਂ ਨੂੰ” ਬਿੱਕਰ ਨੇ ਨਜ਼ਲਾ ਝਾੜਿਆ।

“ਗੱਲ ‘ਕੱਲੀ ਆਲੂਆਂ ਦੀ ਨਹੀਂ।ਕਣਕ ਦਾ ਕੀ ਹਾਲ ਕੀਤਾ ਸੀ ਸਰਕਾਰਾਂ ਨੇ? ਅਜੇ ਤਾਈਂ ਕਈ ਲੋਕਾਂ ਨੂੰ ਪੈਸੇ ਨਈਂ ਮਿਲ਼ੇ। ਐਤਕੀਂ ਕਿਸਾਨਾਂ ਨੇ ਗੰਨਾ ਵਧੇਰੇ ਬੀਜ ਲਿਆ, ਸਰਕਾਰ ਕਹਿੰਦੀ ਜੁ ਆ ਪਈ ਕਣਕ ਝੋਨੇ ਦੇ ਫ਼ਸਲੀ ਚੱਕਰ ‘ਚੋਂ ਨਿੱਕਲੋ ਪਰ ਹੁਣ ਮਿੱਲਾਂ ਵਾਲ਼ਿਆਂ ਨੇ ਗੰਨਾ ਚੁੱਕਣ ਤੋਂ ਜਵਾਬ ਦੇ ਦਿਤੈ, ਕਿਸਾਨ ਡਿਗੇ ਤਾਂ ਕਿਹੜੇ ਖੂਹ ਖਾਤੇ ਡਿਗੇ। ਕਿਸੇ ਸਾਲ ਕਹਿਣਗੇ ਟਮਾਟਰ ਲਾਉ, ਫਿਰ ਮੰਡੀਆਂ ‘ਚ ਟਮਾਟਰ ਰੁਲ਼ਦੈ। ਆੜ੍ਹਤੀਆ ਮਰਜੀ ਦਾ ਭਾਅ ਲਾਉਂਦਾ, ਕਣਕ ਝੋਨੇ ਨੂੰ ਤਾਂ ਕਿਸਾਨ ਕੁਝ ਚਿਰ ਰੱਖ ਵੀ ਲਊ ਟਮਾਟਰਾਂ ਨੂੰ ਭਲਾ ਕੀ ਕਰੂ। ਮਜਬੂਰਨ ਮਿੱਟੀ ਦੇ ਭਾਅ ਮੰਡੀ ‘ਚ ਸੁੱਟ ਕੇ ਆਉਣੇ ਪੈਂਦੇ ਆ। ਆੜ੍ਹਤੀਏ ਦੇ ਰਾਹੀਂ ਉਹੀਓ ਟਮਾਟਰ ਫੇਰ ਸੋਨੇ ਦੇ ਭਾਅ ਵਿਕਦੇ ਆ।ਏਵੇਂ ਹੀ ਹੋਰ ਸਬਜ਼ੀਆਂ ਦਾ ਹਾਲ ਹੁੰਦੈ।ਲੁੱਟ ਕੀਹਨੇ ਮਚਾਈ? ਆੜ੍ਹਤੀਏ ਨੇ!” ਮਾਸਟਰ ਹਕੀਕਤ ਸਿੰਘ ਨੇ ਭਰੇ ਪੀਤੇ ਨੇ ਸਭ ਕਹਿ ਸੁਣਾਇਆ ਕਿਉਂਕਿ ਉਹਨਾਂ ਨੇ ਆਪ ਵੀ ਇਸ ਵਾਰੀ ਆਲੂ ਕਾਫ਼ੀ ਬੀਜ ਲਏ ਸਨ ਤੇ ਹੁਣ ਗਾਹਕ ਨਹੀਂ ਸੀ ਲੱਭ ਰਿਹਾ।

“ਭਰਾਵੋ, ਸਰਮਾਏਦਾਰੀ ਰਾਜ ‘ਚ ਇਹੀ ਕੁਝ ਹੋਣਾ, ‘ਕੱਲਾ ਏਥੇ ਈ ਨਹੀਂ ਇੰਜ ਹੁੰਦਾ, ਇੰਗਲੈਂਡ ‘ਚ ਡੇਅਰੀ ਫਾਰਮਾਂ ਵਾਲ਼ੇ ਰੋਂਦੇ ਆ, ਉਹਨਾਂ ਨੂੰ ਦੁੱਧ ਦਾ ਮੁੱਲ ਨਹੀਂ ਮਿਲ਼ਦਾ।ਚੇਨ-ਸਟੋਰਾਂ ਵਾਲ਼ੇ ਕਹਿੰਦੇ ਆ ਅਸੀਂ ਤਾਂ ਆਪਣੀ ਮਰਜੀ ਦੇ ਭਾਅ ਚੁੱਕਣੈ। ਜਲੰਧਰ ‘ਚ ਆਲੂ ਮੁਫ਼ਤ ਵੰਡਣ ਵਾਂਗ ਹੀ ਇੰਗਲੈਂਡ ਦੇ ਕਈ ਡੇਅਰੀ ਫਾਰਮ ਵਾਲ਼ਿਆਂ ਨੇ ਸਟੋਰਾਂ ‘ਚੋਂ ਦੁੱਧ ਖਰੀਦ ਕੇ ਰੋਸ ਦੇ ਤੌਰ ‘ਤੇ ਲੋਕਾਂ ਨੂੰ ਮੁਫ਼ਤ ਵੰਡਿਆ ਤੇ ਸਟੋਰਾਂ ਦੇ ਵੱਡੇ ਵੱਡੇ ਗੁਦਾਮਾਂ ‘ਤੇ ਮੁਜਾਹਰੇ ਕੀਤੇ। ਉਹਨਾਂ ਦੀ ਵੀ ਇਹੋ ਮਜਬੂਰੀ ਐ ਕਿ ਸਬਜ਼ੀਆਂ ਵਾਂਗ ਹੀ ਦੁੱਧ ਨੂੰ ਬਹੁਤਾ ਚਿਰ ਰੱਖ ਨਹੀਂ ਸਕਦੇ, ਉਹਨਾਂ ਦੀ ਏਸੇ ਮਜਬੂਰੀ ਦਾ ਫ਼ਾਇਦਾ ਸਟੋਰਾਂ ਵਾਲ਼ੇ ਚੁੱਕਦੇ ਐ।” ਕਾਮਰੇਡ ਤ੍ਰਿਲੋਚਨ ਨੇ ਖੁਲਾਸਾ ਕੀਤਾ।

“ਦੁੱਧ ਦੀ ਖੀਰ ਬਣਾ ਲਿਆ ਕਰਨ ਸਾਰੇ ਦੀ” ਲੱਛੂ ਅਮਲੀ ਦਾ ਪੋਤਾ ਬੋਲਿਆ।

“ਕਰ ‘ਤੀ ਨਾ ਆਪਣੇ ਬਾਬੇ ਵਾਲ਼ੀ ਗੱਲ, ਬਾਬਾ ਤੇਰਾ ਵੀ ਏਦਾਂ ਦੀਆਂ ਈ ਲੱਲ ਵਲੱਲੀਆਂ ਜਿਹੀਆਂ ਮਾਰਦੈ ਹੁੰਦੈ” ਬਿੱਕਰ ਨੇ ਬਾਬੇ ਪੋਤੇ ਦੋਹਾਂ ਦੀ ਝੰਡ ਕਰ ਦਿਤੀ।

“ਤੈਨੂੰ ਜਾਣਦਾਂ ਓਏ ਮੈਂ ਵੱਡੇ ਧਨੰਤਰ ਵੈਦ ਨੂੰ, ਆਹ ਝੰਡੂ ਕੇ ਵਿਆਹ ‘ਚ ਬੁੜ੍ਹਾ ਤੁਹਾਡਾ ਚਟਣੀ ਨਾਲ਼ ਗੁਲਾਬ ਜਾਮਣਾਂ ਖਾਂਦਾ ਦੇਖਿਆ ਮੈਂ, ਗੱਲਾਂ ਮਾਰਦੈਂ ਤੂੰ ਸੱਥ ‘ਚ ਬਹਿ ਕੇ, ਢੱਕਿਆ ਰਹਿ ਵੱਡਾ ਨਾਢੂ ਖਾਨ” ਲੱਛੂ ਅਮਲੀ ਨੇ ਝੱਟ ਹੀ ਨਹਿਲੇ ‘ਤੇ ਦਹਿਲਾ ਮਾਰ ਦਿਤਾ।

“ਓ ਯਾਰ, ਕਾਮਰੇਟ ਬੜੀਆਂ ਕੰਮ ਦੀਆਂ ਗੱਲਾਂ ਦੱਸ ਰਿਹਾ ਸੀ ਆਹ ਸਹੁਰੀ ਦੇ ਵਿਚੇ ਹੀ ਕੜ੍ਹੀ ਘੋਲ਼ ਕੇ ਬਹਿ ਗਏ ਆ, ਕਾਮਰੇਟਾ ਨਾਲ਼ੇ ਕਹਿੰਦੇ ਆ ਕਿ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਕਿਸਾਨ ਜੂਨੀਅਨ ਬਣੀ ਹੋਈ ਆ ਤੇ ਸਰਕਾਰ ਨੇ ਉਹਦੇ ਪ੍ਰਧਾਨ ਨੂੰ ਵਜੀਰ ਦਾ ਦਰਜਾ ਦਿਤਾ ਹੋਇਐ” ਸ਼ਾਮੇ ਕਿਆਂ ਦਾ ਬਜ਼ੁਰਗ ਚੰਨਣ ਸਿਉਂ ਖੰਗੂਰਾ ਮਾਰ ਕੇ ਬੋਲਿਆ।

“ਬਾਪੂ ਜੀ, ਤੁਸੀਂ ਵੀ ਬੜੇ ਭੋਲ਼ੇ ਆਂ। ਸਿਆਣੇ ਕਹਿੰਦੇ ਆ ‘ਜਿਹਦਾ ਖਾਈਏ ਅੰਨ, ਉਹਦੇ ਆਈਏ ਕੰਮ’ ਯੂਨੀਅਨ ਦੇ ਪ੍ਰਧਾਨ ਨੇ ਸਰਕਾਰ ਦਾ ਈ ਪੱਖ ਪੂਰਨੈ। ਆਹ ਪਿੱਛੇ ਜਿਹੇ ਖ਼ਬਰਾਂ ਨਹੀਂ ਸੀ ਪੜ੍ਹੀਆਂ ਪਈ ਪ੍ਰਧਾਨ ਦੇ ਦਫ਼ਤਰ ਲਈ ਮੇਜ ਕੁਰਸੀਆਂ ਹੀ ਲੱਖਾਂ ਰੁਪਈਏ ਦੀਆਂ ਆਈਆਂ। ਹਜਾਰਾਂ ਰੁਪਈਆਂ ਦਾ ਤੇਲ ਉਹਦੀ ਸਰਕਾਰੀ ਕਾਰ ਫੂਕਦੀ ਐ ਰੋਜ਼। ਤੁਸੀਂ ਭੋਲੇ ਲੋਕ ਤਾਂ ਬਾਦਲ ਨੂੰ ਵੀ ਕਿਸਾਨ ਸਮਝੀ ਜਾਂਦੇ ਹੋ। ਇਹ ਭਾਈ, ਸਾਰੇ ਵਪਾਰੀ ਲੋਕ ਐ। ਕਿਸੇ ਸਿਆਣੇ ਨੇ ਕਿਹਾ ਸੀ ਕਿ ਜਿਸ ਰਾਜ ਵਿਚ ਰਾਜਾ ਵਪਾਰੀ ਹੋਊ ਉੱਥੇ ਦੀ ਪਰਜਾ ਭਿਖਾਰੀ ਹੋਊ। ਏਹੀ ਹਾਲ ਏਥੇ ਹੋ ਰਿਹੈ। ਜਿੱਧਰ ਦੇਖੋ ਸਰਕਾਰਾਂ ‘ਚ ਵਪਾਰੀ ਬੈਠੇ ਆ। ਉਹਨੀਂ ਆਪਣਾ ਫ਼ਾਇਦਾ ਪਹਿਲਾਂ ਦੇਖਣੈ। ਹੁਣ ਤਾਂ ਤੁਹਾਡਾ ਪ੍ਰਧਾਨ ਮੰਤਰੀ ਵੀ ਵਪਾਰੀਆਂ ਦੀ ਮਿਹਰਬਾਨੀ ਨਾਲ਼ ਹੀ ਬਣਿਆ। ਸੋ ਹੁਣ ਤਾਂ ਵਪਾਰੀਆਂ ਦੀ ਹੀ ਚੱਲੂ।

ਮੈਂ ਹੁਣ ਚੱਲਿਆਂ ਸ਼ਹਿਰ ਨੂੰ, ਕੰਮ ਆਂ ਉਥੇ, ਬਾਕੀ ਗੱਲਾਂ ਬਾਤਾਂ ਕੱਲ੍ਹ ਨੂੰ ਕਰਾਂਗੇ” ਕਾਮਰੇਡ ਨੇ ਆਪਣਾ ਪ੍ਰੋਗਰਾਮ ਦੱਸਿਆ ਤੇ ਸਾਰਿਆਂ ਨੂੰ ਸੋਚਾਂ ‘ਚ ਪਾ ਕੇ ਬੱਸ ਅੱਡੇ ਵਲ ਨੂੰ ਤੁਰ ਪਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top