ਸੰਖੇਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸਿੱਖ ਨੂੰ
ਗੁਰਬਾਣੀ ਰਾਹੀਂ ਬਖਸ਼ੀ ਗਈ ਜੀਵਨ ਜੁਗਤਿ
ਜੀਵਨ ਮੁਕਤੁ ਜਾ ਸਬਦੁ ਸੁਣਾਏ
॥ ਸਚੀ ਰਹਤ ਸਚਾ ਸੁਖੁ ਪਾਏ ॥7॥
ਗੁਰੂ
ਨਾਨਕ ਸੱਚੇ ਪਾਤਸ਼ਾਹ ਜੀ ਨੇ ਬ੍ਰਾਹਮਣਵਾਦ ਦੇ ਪੈਦਾ ਕੀਤੇ ਹੋਏ ਧਰਮ ਨਾਮ ਹੇਠ ਕਰਮ ਕਾਂਡ
ਦੇ ਜਾਲ ਵਿਚ ਛੱਟਪਟਾ ਰਹੇ ਸਮਾਜ ਨੂੰ ਦੇਖ ਕੇ, ਮਨੁੱਖਤਾ ਲਈ ਗਿਆਨ ਰਾਹੀਂ ਧਰਮ ਨੂੰ ਸਮਝ
ਕੇ, ਸਰਲ ਸੁਖੀ ਅਤੇ ਵਿਗਾਸ ਭਰਿਆ ਜੀਵਨ ਜੀਉਣ ਦੀ ਇਨਕਲਾਬੀ ਲਹਿਰ ਦਾ ਆਰੰਭ ਕੀਤਾ, ਜੋ
ਗੁਰੂ ਬਣ ਬੈਠੇ ਬ੍ਰਾਹਮਣ ਲਈ ਵੱਡੀ ਚੁਣੌਤੀ ਸੀ। ਬਦਲੇ ਵਿੱਚ ਇਸ ਲਹਿਰ ਨੂੰ ਬਖੇਰਣ ਲਈ
ਉਸੇ ਦਿਨ ਤੋਂ ਬ੍ਰਾਹਮਣ ਸੋਚ ਵਲੋਂ ਸਮੇਂ ਸਮੇਂ ਨਾਲ ਗੁਰੂ ਵਿਰੋਧੀ ਸੋਚ ਨਾਲ ਟਕਰਾਓ ਪੈਦਾ
ਕੀਤਾ ਗਿਆ।
ਇਸ ਲਈ ਗੁਰੂ ਪ੍ਰਵਾਰਾਂ ਦੇ ਕਈ ਜੀਆਂ ਵਲੋਂ ਭੀ ਕਈ ਵਾਰ ਸਾਥ ਮਿਲਦਾ
ਰਿਹਾ, ਸ੍ਰੀ ਚੰਦ, ਪ੍ਰਿਥੀ ਚੰਦ, ਰਾਮ ਰਾਏ ਆਦਿ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੇਂ
ਤਾਂ ਸੋਢੀਆਂ ਵਲੋਂ ਬਾਈ ਮੰਜੀਆਂ {ਆਸਣ} ਲਾਕੇ ਇਸ ਲਹਿਰ ਨੂੰ ਬਖੇਰਣ ਦਾ ਵੱਡਾ ਹਮਲਾ ਕੀਤਾ
ਗਿਆ, ਪਰ {ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ
ਵੇ ਲਾਲੋ ॥} ਅਨੁਸਾਰ ਧੁਰ ਕੀ ਬਾਣੀ ਰੂਪ ਸ਼ਬਦ ਗੁਰੂ ਦੇ ਹੁਕਮ ਵਿੱਚ ਮਨੁੱਖੀ
ਜੀਵਨ ਨੂੰ ਸੇਧ ਦੇਕੇ, ਗੁਰੂ ਜੀ ਨੇ ਦਸਾਂ ਜਾਮਿਆਂ ਵਿੱਚ ਇਸ ਲਹਿਰ ਨੂੰ ਸੁਰਖਿਅਤ ਰੱਬੀ
ਪੰਥ {ਰਸਤੇ} 'ਤੇ ਚਲਦਾ ਰੱਖਿਆ। ਅਤੇ ਆਖਰ ਰੋਜ਼ ਦੇ ਇਸ ਖਤਰੇ ਨੂੰ ਭਾਂਪ ਕੇ ਗੁਰੂ
ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੂ ਪ੍ਰਥਾ ਖਤਮ ਕਰਕੇ, ਇਸ ਸਿੱਖੀ ਲਹਿਰ ਨੂੰ ਸ਼ਬਦ ਗੁਰੂ
{ਬਾਣੀ ਗੁਰੂ ਗੁਰੂ ਹੈ ਬਾਣੀ} ਦੀ ਅਗਵਾਈ ਵਿਚ
ਗੁਰਬਾਣੀ ਦੇ ਦੱਸੇ ਰਾਹਾਂ ਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ
॥ ਦਾ ਫੈਸਲਾ ਕੀਤਾ। ਇਹੋ ਕਾਰਣ
ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਹੀ ਜਦੋਂ ਖੰਡਾ, ਬਾਟਾ, ਪਾਣੀ ਅਤੇ ਪਤਾਸੇ
ਆਦਿ ਦੀ ਵਰਤੋਂ ਕਰਕੇ, ਕੇਵਲ ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਰਾਹੀਂ, ਬਾਣੀ ਅੰਮ੍ਰਿਤ
ਖਾਲਸੇ ਨੂੰ ਬਖਸ਼ਿਸ਼ ਕੀਤਾ, ਉਸ ਵੱਕਤ ਇਹ ਸਮਝਕੇ ਪੌਣੇ ਦੋ ਸੌ ਸਾਲ ਵਿੱਚ ਗੁਰੂ ਜਾਮਿਆਂ
ਅਤੇ ਭਗਤਾਂ ਰਾਹੀਂ ਇਕੱਤਰ ਕੀਤੀ ਇਹ ਅਕਾਲੀ ਬਾਣੀ ਹੀ ਮਨੁਖੀ ਜੀਵਨ ਲਈ ਅਸਲ ਰਹਿਤ ਨਾਮਾ
ਹੈ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਜੀਵਨ ਜੁਗਤ, ਰਹਿਤ ਨਾਮਾ, ਵਿਅਕਤੀ
ਗਤਿ ਆਪਣੇ ਵਲੋਂ ਲਿਖ, ਕੇ ਨਹੀਂ ਦਿਤਾ।
ਰਹਿਤ ਨਾਮਿਆਂ ਦੇ ਖੋਜੀ ਪ੍ਰੋ. ਪਿਆਰਾ ਸਿੰਘ ਪਦਮ ਭੀ ਏਹੋ ਗੱਲ ਲਿਖਦੇ ਹਨ “ਇਕ
ਗੱਲ ਸਾਫ ਹੈ ਕਿ ਕੋਈ ਰਹਿਤਨਾਮਾ ਸ੍ਰੀ ਮੁਖਵਾਕ ਜਾਂ ਗੁਰੂ ਗੋਬਿੰਦ ਸਿੰਘ- ਰਚਿਤ ਨਹੀਂ।”
{ਪਿਆਰਾ ਸਿੰਘ ਪਦਮ}
...ਅਤੇ ਇਸੇ ਫੈਸਲੇ ਅਨੁਸਾਰ ਹੀ 1708 ਵਿੱਚ ਜੋਤੀ ਜੋਤ ਸਮਾਉਣ ਸਮੇਂ ਗੁਰੂ ਗੋਬਿੰਦ
ਸਿੰਘ ਜੀ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਿੰਘਾਸਣ ਦੇ ਕੇ
ਸਰਬੱਤ ਖਾਲਸੇ ਨੂੰ ਸ਼ਬਦ ਗੁਰੂ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਜੀਵਨ ਜੀਉਣ
ਦਾ ਹੁਕਮ ਕੀਤਾ।
ਮੈਂ ਸਮਝਦਾ ਹਾਂ ਅਜੇ ਤਕ ਬ੍ਰਾਹਮਣਵਾਦ ਦੇ ਉਹ ਹਮਲੇ ਲਗਾਤਾਰ ਜਾਰੀ ਹਨ।
ਨਤੀਜੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਿਤੀ ਜੀਵਣ
ਜੁਗਤ ਰਹਿਤ ਮਰਿਆਦਾ ਨੂੰ ਨਾ ਸਮਝ ਕੇ ਅਤੇ ਸ਼ਬਦ ਗੁਰੂ ਦੀ ਮਰਿਆਦਾ ਵਲੋਂ ਮੁੰਹ ਮੋੜ ਕੇ,
ਆਪਣੀ ਆਪਣੀ ਹਉਮੈ ਅਧੀਨ, ਸਮੇਂ ਸਮੇਂ ਨਾਲ ਵਿਅੱਕਤੀਗਤ, ਸੰਪਰਦਾਈ, ਜਥਿਆਂ, ਟਕਸਾਲਾਂ ਅਤੇ
ਵੱਖ ਵੱਖ ਤਖਤਾਂ ਦੇ ਨਾਮ ਹੇਠ, ਵੱਖ ਵੱਖ ਰਹਿਤ ਮਰੀਆਦਾ ਬਣ ਗਈਆਂ ਅਤੇ ਬਣ ਰਹੀਆਂ ਹਨ,
ਜੋ ਆਪਸ ਵਿਚ ਭੀ ਨਹੀਂ ਮਿਲਦੀਆਂ, ਕਿਉਂਕਿ ਇਹ ਵਿਅੱਕਤੀਆਂ ਦੇ ਵਿਚਾਰ ਹਨ ਗੁਰੂ ਦੇ ਨਹੀਂ।
ਅਤੇ ਪਿਆਰਾ ਸਿੰਘ ਪਦਮ ਇਹ ਭੀ ਲਿਖਦੇ ਹਨ ਕੇ “ਮਲੂਮ ਹੁੰਦਾ
ਹੈ ਕਿ ਅਠਾਰਵੀਂ ਸਦੀ ਵਿੱਚ ਇਨ੍ਹਾ ਦੀ ਰਚਨਾ ਹੋਈ, ਲਿਖਣ ਵਾਲੇ ਹੋਰ ਬੁਧੀਮਾਨ ਸਿੱਖ ਹਨ,
ਪ੍ਰੰਤੂ ਇਨ੍ਹਾਂ ਨੂੰ ਪ੍ਰਮਾਣੀਕ ਬਣਾਉਣ ਲਈ ਗੁਰੂ ਦਸ਼ਮੇਸ਼ ਜੀ ਦੇ ਨਿਕਟ ਵਰਤੀ ਬਜ਼ੁਰਗ
ਸਿੱਖਾਂ ਨਾਲ ਸਬੰਧਿਤ ਕੀਤਾ ਗਿਆ, ਜਿਵੇਂ ਕੇ ਭਾਈ ਨੰਦਲਾਲ ਸਿੰਘ, ਭਾਈ ਦਯਾ ਸਿੰਘ, ਭਾਈ
ਚੌਪਾ ਸਿੰਘ, ਭਾਈ ਪ੍ਰਹਿਲਾਦ ਸਿੰਘ ਨਾਲ”।
ਸਿੰਘੋ ਇਹ ਸਭ ਵੱਖ ਵੱਖ ਰੂਪ ਵਿਚ ਬ੍ਰਾਹਮਣਵਾਦ ਦਾ ਮਾਰੂ ਹਮਲਾ ਹੈ। ਇਸੇ ਕਰਕੇ ਸਿੱਖੀ
ਵਿਚ ਵਿਚਾਰਾਂ ਦੇ ਰਾਹੀ ਵੰਡੀਆਂ ਪੈ ਰਹੀਆਂ ਹਨ, ਗੁਰੂ ਦੇ ਵਿਚਾਰ ਵੱਖ ਵੱਖ ਨਹੀਂ ਹੋ
ਸਕਦੇ {ਇਕਾ ਬਾਣੀ ਇਕ ਗੁਰੂ ਇਕੋ ਸਬਦ ਵੀਚਾਰ} ਹੀ ਏਕਤਾ ਹਨ। ਮੈਂ ਪੁਰ ਜ਼ੋਰ ਹੱਥ ਜੋੜ
ਬੇਨਤੀ ਕਰਨਾ ਚਾਹੁੰਦਾ ਹਾਂ, ਸਿੰਘੋ ਜੇ ਕੌਮ ਵਿਚ ਏਕਤਾ, ਸ਼ਕਤੀ, ਸਿੱਖ ਦਾ ਸਰਲ, ਸੁੱਚਾ,
ਜੀਵਣ ਚਾਹੁੰਦੇ ਹੋ, ਤਾਂ ਆਪਣੀ ਆਪਣੀ ਧਾਰੀ ਰਹਿਤ ਮਰਿਆਦਾ ਦੇ ਇਸ ਮੱਕੜ ਜਾਲ ਵਿਚੋਂ
ਨਿਕਲ ਕੇ, ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਮਿਲੀ ਜੀਵਣ ਰਹਿਤ
ਅਪਣਾਓ। ਸਿੱਖ ਰਹਿਤ ਮਰਿਯਾਦਾ ਸਮੇਂ ਦੇ ਵੀਰਾਂ ਦੀ ਵੱਡੀ ਘਾਲਣਾ ਹੈ,
ਪਰ ਇਸ ਵਿਚ ਬਹੁਤ ਸਾਰੀਆਂ ਗੱਲਾਂ
ਦੁਬਿਧਾ ਵਾਲੀ ਸੋਚ ਦੀਆਂ ਉਪਜ ਹਨ, ਜਿਹਨਾਂ ਵਿੱਚ ਸੋਧ ਹੋਣੀ ਜ਼ਰੂਰੀ ਹੈ।
ਇਸ ਦੁਬਿਧਾ ਕਾਰਣ ਹੀ ਇਹ ਸਿੱਖ ਰਹਿਤ ਮਰਿਯਾਦਾ ਸ਼੍ਰੋਮਣੀ ਕਮੇਟੀ ਸਮੇਤ ਸੰਪੂਰਣ ਸਿੱਖਾਂ
ਅਤੇ ਸਿੱਖ ਅਦਾਰਿਆਂ ਵਿਚ ਲਾਗੂ ਨਹੀਂ ਹੋ ਸੱਕੀ। ਕਿਉਂਕਿ ਸਿੱਖ ਲਈ ਜੀਵਨ ਜਾਚ {ਮਰਿਯਾਦਾ}
ਗੁਰੂ ਬਖਸ਼ਦਾ ਹੈ। ਦਸਮ ਪਾਤਸ਼ਾਹ ਜੀ ਦੇ
ਆਖਰੀ ਫੈਸਲੇ ਅਨੁਸਾਰ ਸਿੱਖ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ
ਗੁਰੂ ਸ਼ਬਦ ਹੈ। ਇਸ ਲਈ ਸਿੱਖ ਨੂੰ ਜੀਵਨ ਜਾਚ {ਮਰਿਯਾਦਾ} ਗੁਰਬਾਣੀ ਨੇ ਬਖਸ਼ਣੀ
ਹੈ, ਪਰ ਜਾਪਦਾ ਹੈ, ਸਿੱਖ ਰਹਿਤ ਮਰਿਯਾਦਾ ਦੀ ਸੰਪਾਦਨਾ ਵੇਲੇ ਬੜੀ ਸਾਜਿਸ਼ ਨਾਲ ਬਹੁਤੀ
ਥਾਈਂ ਗੁਰਬਾਣੀ ਦੀ ਅਗਵਾਈ ਨੂੰ ਅਖੋਂ ਪਰੋਖੇ ਕਰਕੇ।
1932 ਤੋਂ 1945 ਵਿੱਚ ਆਪਸੀ ਟਕਰਾਓ ਦੇ ਮਾਹੌਲ ਦੀਆਂ ਹੋਈਆਂ ਮੀਟਿੰਗਾ ਦੀ ਦੇਣ "ਜਬ
ਇਨਿ ਅਪੁਨੀ ਅਪਨੀ ਧਾਰੀ ॥ ਤਬ ਇਸ ਕਉ ਹੈ ਮੁਸਕਲੁ
ਭਾਰੀ ॥" ਅਤੇ ਆਖਰ ਆਪਣੀ ਆਪਣੀ ਧਾਰੀ ਦੇ ਟਕਰਾਓ ਦੀ ਮੁਸ਼ਕਲ ਵਿਚੋਂ ਨਿਕਲਣ ਲਈ
ਸਮਝੌਤਾ ਵਾਦੀ ਦੁਬਿਧਾ ਪ੍ਰਵਾਨ ਕਰ ਲਈ ਗਈ।
ਇਸੇ ਦੇ ਨਤੀਜੇ ਵਜੋਂ ਸਿੱਖ ਦੇ
ਨਿੱਤਨੇਮ ਅਤੇ ਅੰਮ੍ਰਿਤ ਦੀ ਤਿਆਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ
ਮਿਲਾ ਕੇ, ਬਚਿੱਤਰ ਨਾਟਕ ਦੀਆਂ ਰਚਨਾਵਾਂ ਅਤੇ ਅਰਦਾਸ ਵਿਚ "ਭਗਉਤੀ-ਦੁਰਗਾ ਦੇਵੀ" ਦੀ
ਉਪਾਸ਼ਨਾ ਸਿੱਖੀ ਦੇ ਗੱਲ ਪਾ ਦਿਤੀਆਂ ਗਈਆਂ। ਅਤੇ ਬਾਅਦ ਵਿੱਚ ਭੀ ਕਈ ਵਾਰ ਸਿੱਖ
ਦੁਸ਼ਮਣ ਸੋਚ ਦੇ ਪ੍ਰਭਾਵ ਹੇਠ ਬਹੁਤ ਕੁੱਝ ਪ੍ਰਵੇਸ਼ ਕਰ ਗਿਆ। ਜੇਕਰ ਇਕਾ ਬਾਣੀ ਇਕੁ ਗੁਰੂ
ਇਕੋ ਸਬਦੁ ਵੀਚਾਰਿ ॥ ਦੀ ਅਗਵਾਈ ਵਿਚ ਫੈਸਲੇ ਕੀਤੇ ਜਾਂਦੇ, ਤਾਂ ਕਦੀ ਦੁਬਿਧਾ ਨਾ ਪੈਂਦੀ
ਅਤੇ ਕਿਸੇ ਨੂੰ ਆਪਣੀ ਆਪਣੀ ਵੱਖ ਵੱਖ ਰਹਿਤ ਮਰਿਯਾਦਾ ਬਨਾਉਣ ਦਾ ਮੌਕਾ ਨਾ ਮਿਲਦਾ।
ਅੱਜ ਨਤੀਜਾ ਸਾਹਮਣੇ ਹੈ ਕਿ
ਸਿੱਖੀ ਗੁਰਬਾਣੀ ਦੀ ਅਗਵਾਈ ਨਾਲੋਂ ਟੁਟ ਕੇ "ਆਪਣੈ ਭਾਣੈ ਜੋ
ਚਲੈ ਭਾਈ ਵਿਛੁੜਿ ਚੋਟਾ ਖਾਵੈ ॥" ਦੀ ਗੰਭੀਰ ਹਾਲਤ ਵਿਚ ਹੈ। ਕਿਉਂਕਿ ਇਸ
ਸੰਪਾਦਨਾ ਦੇ ਬਹੁਤ ਸਾਰੇ ਫੈਸਲੇ ਗੁਰਬਾਣੀ ਸਿਧਾਂਤ ਤੋਂ ਕੋਹਾਂ ਦੂਰ ਗੁਰੂ ਸ਼ਬਦ ਸਿਧਾਂਤ
ਦੇ ਵਿਰੁਧ ਹਨ। ਬਲਕਿ ਬ੍ਰਾਹਮਣਵਾਦ ਦੀ ਸੋਚ ਅਨੁਸਾਰ “ਸਿਖਾ
ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥” ਦੀ ਸਾਜਿਸ਼ 'ਤੇ ਚਲਦਿਆਂ ਸਿੱਖੀ ਨੂੰ ਆਪਣਾ
ਗੁਲਾਮ ਰਖਣ ਲਈ, ਗੁਰਬਾਣੀ ਦੇ ਅਨਰਥ ਕਰਕੇ, ਪੰਜ ਸਿਘ ਸਹਿਬਾਨ, ਗੁਰੂ ਪੰਥ, ਗੁਰੂ ਸੰਗਤ,
ਆਦਿ ਅਨੇਕਾਂ ਲਫਜ਼ਾਂ ਵਿੱਚ ਉਲਝਾ ਕੇ, ਸ਼ਬਦ ਗੁਰੂ ਦੀ ਥਾਵੇਂ ਦੇਹ ਧਾਰੀ ਗੁਰੂ ਦੀ ਸਥਾਪਨਾ
ਕਰ ਲਈ ਗਈ ਹੈ।
ਹਾਲਾਂਕਿ ਗੁਰੂ ਆਖ ਰਿਹਾ ਹੈ: "ਅੰਧੇ ਅਕਲੀ ਬਾਹਰੇ ਕਿਆ ਤਿਨ
ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ
ਨਿਰਬਹੀਐ ॥2॥" ਇਹੋ ਕਾਰਨ ਹੈ ਸਿੱਖ ਬਾਣੀ ਗੁਰੂ ਕੋਲੋਂ ਜੀਵਨ ਦੀ ਕਿਸੇ ਉਲਝਣ
ਲਈ ਅਗਵਾਈ ਲੈਣ ਦੀ ਥਾਵੇਂ, ਸਿਆਸੀ ਕੁਰਸੀਆਂ 'ਤੇ ਬੈਠੇ ਆਪੂਂ ਬਣੇ ਪੰਥ ਕੋਲੋਂ ਦੇਹਧਾਰੀ
ਸਿੰਘ ਸਹਿਬਾਨ ਜਾਂ ਗੁਰਦਵਾਰੇ ਦੇ ਹਾਲ ਵਿਚ ਬੈਠੀ ਇਕਤਰਤਾ ਕੋਲੋਂ ਫੈਸਲੇ ਅਗਵਾਈ ਲੈ ਰਿਹਾ
ਹੈ। ਗੁਰੂ ਆਖ ਰਿਹਾ ਹੈ “ਸਤਿਗੁਰ ਬਾਝਹੁ ਸੰਗਤਿ ਨ ਹੋਈ
॥ ਬਿਨੁ ਸਬਦੇ ਪਾਰੁ ਨ ਪਾਏ ਕੋਈ ॥" ਪਰ
ਸਿੱਖ ਦੇਹਧਾਰੀ ਪੰਥ ਦਾ ਗੁਲਾਮ ਬਣ ਚੁਕਾ ਹੈ, ਉਨ੍ਹਾਂ ਵੱਲੋਂ ਰਹਿਤ ਮਰਿਯਾਦਾ ਦੇ ਨਾਮ
ਹੇਠ ਰਚੀ ਸਾਜਿਸ਼ ਸਫਲ ਹੋ ਰਹੀ ਹੈ। ਇਨ੍ਹਾਂ ਦੇਹਧਾਰੀ ਗੁਰੂਆਂ ਨੇ ਸਿੱਖ ਨੂੰ ਬਾਣੀ ਗੁਰੂ
ਨਾਲੋਂ ਤੋੜ ਕੇ ਸਿਵਿਆਂ ਦੇ ਰਾਹ ਪਾ ਲਿਆ ਹੈ।