Share on Facebook

Main News Page

ਸਿੱਖ ਸਦਭਾਵਨਾ ਦਲ ਨੇ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਦਿੱਤਾ ਸ਼ਾਂਤਮਈ ਧਰਨਾ

* ਮੁੱਖ ਸਕੱਤਰ ਲਗਾਉਣ ਦਾ ਕੀਤਾ ਵਿਰੋਧ
* ਗੁਰਬਚਨ ਸਿੰਘ ਨੂੰ ਦਿੱਤਾ ਮੰਗ ਪੱਤਰ


ਟਿੱਪਣੀ: ਜਿਸ ਤਰ੍ਹਾਂ ਮੁੱਲਾਂ ਦੀ ਦੌੜ ਮਸੀਤ ਤੱਕ, ਉਸੇ ਤਰ੍ਹਾਂ ਸਿੱਖ ਅਖਵਾਉਣ ਵਾਲਿਆਂ ਦੀ ਦੌੜ ਪੱਪੂ ਤੱਕ ਹੀ ਹੈ। ਇਹ ਲੋਕ ਉਸ ਤਰ੍ਹਾਂ ਤਾਂ ਜਾਗੇ ਹੋਣ ਦਾ ਭਰਮ ਪਾਲੀ ਬੈਠੇ ਹਨ, ਪਰ ਹਨ ਗ਼ੁਲਾਮ ਮਾਨਸਿਕਤਾ ਦੇ ਮਾਲਿਕ। ਹਾਲੇ ਅੰਨ੍ਹੇ ਨੂੰ ਵੀ ਦਿਖ ਸਕਦਾ ਹੈ, ਪਰ ਸਿੱਖ ਅਖਵਾਉਣ ਵਾਲੇ ਅੰਨ੍ਹੇ ਹੋਣ ਦੇ ਨਾਲ ਨਾਲ, ਅੰਨੀਆਂ ਅੱਖਾਂ 'ਤੇ ਵੀ ਪੱਟੀ ਬੰਨ੍ਹੀ ਫਿਰਦੇ ਹਨ। ਕਦੋਂ ਅੱਖਾਂ ਖੁਲਣਗੀਆਂ ਇਨ੍ਹਾਂ ਲੋਕਾਂ ਦੀਆਂ??? - ਸੰਪਾਦਕ ਖ਼ਾਲਸਾ ਨਿਊਜ਼


ਅੰਮ੍ਰਿਤਸਰ 20 ਅਗਸਤ (ਜਸਬੀਰ ਸਿੰਘ ਪੱਟੀ): ਸਿੱਖ ਸਦਭਾਵਨਾ ਦਲ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੁੱਖ ਸਕੱਤਰ ਲਗਾਏ ਜਾਣ ਦਾ ਵਿਰੋਧ ਕਰਦਿਆ ਕਰੀਬ ਦੋ ਘੰਟੇ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਧਰਨਾ ਦੇਣ ਉਪਰੰਤ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੁਆਰਾ ਲਗਾਏ ਜਾ ਰਹੇ ਮੁੱਖ ਸਕੱਤਰ ਦੀ ਨਿਯੁਕਤੀ ਪੂਰੀ ਤਰ੍ਹਾਂ ਗੈਰ ਕਨੂੰਨੀ 'ਤੇ ਗੈਰ ਸੰਵਿਧਾਨਕ ਹੈ ਜਿਸ ਨੂੰ ਤੁਰੰਤ ਰੋਕਿਆ ਜਾਵੇ, ਜਦ ਕਿ ਜਥੇਦਾਰ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧ ਵਿੱਚ ਸ਼ਰੋਮਣੀ ਕਮੇਟੀ ਪ੍ਰਧਾਨ ਨਾਲ ਗੱਲਬਾਤ ਕਰਨਗੇ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸ੍ਰੀ ਦਰਬਾਰ ਸਾਹਿਬ ਵਿਖੇ ਸੀਨੀਅਰ ਹਜੂਰੀ ਰਾਗੀ ਤੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਗੁਰੂਦੁਆਰਾ ਐਕਟ ਵਿੱਚ ਮੁੱਖ ਸਕੱਤਰ ਦਾ ਕੋਈ ਵੀ ਅਹੁਦਾ ਨਹੀਂ ਹੈ, ਤੇ ਸਿਰਫ ਸਕੱਤਰ ਦਾ ਹੀ ਆਹੁਦਾ ਬਣਾਇਆ ਗਿਆ ਹੈ ਅਤੇ ਇਸ ਵੇਲੇ ਸ਼ਰੋਮਣੀ ਕਮੇਟੀ ਕੋਲ ਤਿੰਨ ਸਕੱਤਰ ਪਹਿਲਾਂ ਹੀ ਕੰਮ ਕਰ ਰਹੇ ਹਨ ਤੋ ਹੋਰ ਕਿਸੇ ਵੀ ਸਕੱਤਰ ਦੀ ਜਰੂਰਤ ਨਹੀਂ ਹੈ, ਪਰ ਮੁੱਖ ਸਕੱਤਰ ਲਗਾ ਕੇ ਜਿਥੇ ਦੀ ਗੁਰੂ ਦੀ ਗੋਲਕ ਦੀ ਲੁੱਟ ਹੋਵੇਗੀ ਉਥੇ ਪਿਛਲੇ 90 ਸਾਲਾਂ ਦੇ ਸ਼ਰੋਮਣੀ ਕਮੇਟੀ ਦੇ ਇਤਿਹਾਸਕ ਪ੍ਰਬੰਧ ‘ਤੇ ਵੀ ਪ੍ਰਸ਼ਨ ਚਿੰਨ ਲੱਗ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਨਾਮਵਾਰ ਤੇ ਨੁੰਮਇੰਦਾ ਸੰਸਥਾ ਹੈ ਤੇ ਇਸ ਦੇ ਅਧੀਨ ਹੁਣ ਤੱਕ ਸਿਖਿਆ, ਸਿਹਤ ਤੇ ਹੋਰ ਧਾਰਮਿਕ ਅਦਾਰੇ ਵੀ ਚੱਲਦੇ ਹਨ ਜਿਹੜੇ ਸਮਾਜ ਲਈ ਵਰਦਾਨ ਸਿੱਧ ਹੋ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਅਦਾਰਿਆ ਦੀਆ ਆਪਣੀਆ ਪ੍ਰਬੰਧਕ ਕਮੇਟੀਆ ਬਾਖੂਬੀ ਕੰਮ ਕਰ ਰਹੀਆ ਹਨ।

ਉਹਨਾਂ ਕਿਹਾ ਕਿ ਉਹਨਾਂ ਦਾ ਧਰਨਾ ਪੂਰੀ ਤਰ੍ਹਾਂ ਜਾਬਤੇ ਵਿੱਚ ਰਹਿ ਕੇ ਸੀ ਤੇ ਉਹਨਾਂ ਨੇ ਕਿਸੇ ਦੇ ਖਿਲਾਫ ਕੋਈ ਨਾਅਰੇਬਾਜੀ ਨਹੀਂ ਕੀਤੀ ਤੇ ਉਹਨਾਂ ਨੇ ਪੂਰੀ ਤਰ੍ਹਾਂ ਸ਼ਾਂਤਮਈ ਰੋਸ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਧਰਨਿਆ ਦੀ ਰਾਜਨੀਤੀ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਪਰ ਉਹ ਇਸ ਸਮੇਂ ਇਸ ਤੋ ਸਿਵਾਏ ਹੋਰ ਕੁਝ ਉਹ ਕਰ ਵੀ ਨਹੀਂ ਸਕਦੇ ਸੀ।

ਸਿੱਖ ਚਿੰਤਕ ਸ੍ਰ ਬਲਵਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਸ਼ੋਮਣੀ ਕਮੇਟੀ ਇੱਕ ਧਾਰਮਿਕ ਅਦਾਰਾ ਹੈ, ਪਰ ਕੁਝ ਲੋਕ ਇਸ ਅਦਾਰੇ ਕਾਰਪੋਰੇਟ ਸੈਕਟਰ ਵਾਂਗ ਚਲਾਉਣਾ ਚਾਹੁੰਦੇ ਹਨ ਜੋ ਪੂਰੀ ਤਰ੍ਹਾਂ ਗਲਤ ਸਿੱਧ ਹੋਵੇਗਾ। ਉਹਨਾਂ ਕਿਹਾ ਕਿ ਉਹਨਾਂ ਦਾ ਰੋਸ ਕਿਸੇ ਵਿਸ਼ੇਸ਼ ਵਿਅਕਤੀ ਨਾਲ ਨਹੀਂ ਸਗੋ ਜਿਹੜੀਆਂ ਸ਼ਕਤੀਆਂ ਇਸ ਧਾਰਮਿਕ ਸੰਸਥਾ ਨੂੰ ਕਾਰਪੋਰੇਟ ਅਦਾਰਾ ਬਣਾਉਣਾ ਚਾਹੁੰਦੀਆਂ ਹਨ ਉਹਨਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਧਰਮ ਤੇ ਸਿਆਸਤ ਅਲੱਗ ਹਨ ਤੇ ਇਹ ਇੱਕ ਦੂਜੇ ਦੇ ਸਮਾਨਾਂਤਰ ਤਾਂ ਚੱਲ ਸਕਦੇ ਹਨ, ਪਰ ਰਲਗੱਡ ਕਰਨ ਨਾਲ ਧਰਮ ਦਾ ਨੁਕਸਾਨ ਹੁੰਦਾ ਹੈ ਅਤੇ ਮੁੱਖ ਸਕੱਤਰ ਦੀ ਨਿਯੁਕਤੀ ਪੂਰੀ ਤਰ੍ਹਾਂ ਸਿਆਸਤ ਪ੍ਰੇਰਤ ਹੈ ਜਿਸ ਨੂੰ ਸਿੱਖ ਸੰਗਤਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੀਆ ।

ਧਰਨੇ ਤੋਂ ਬਾਅਦ ਸਮੂਹ ਸੰਗਤ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਦੇ ਪੂਰੀ ਤਰ੍ਹਾਂ ਉਲਟ ਹੈ ਤੇ ਇਸ ਨਿਯੁਕਤੀ ਨੂੰ ਤੁਰੰਤ ਰੱਦ ਕਰਵਾਇਆ ਜਾਵੇ। ਜਥੇਦਾਰ ਅਕਾਲ ਤਖਤ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧ ਵਿੱਚ ਸ਼ਰੋਮਣੀ ਕਮੇਟੀ ਪ੍ਰਧਾਨ ਨਾਲ ਗੱਲਬਾਤ ਕਰਨਗੇ ਤੇ ਉਹਨਾਂ ਨੂੰ ਸੰਗਤਾਂ ਦੀਆ ਭਾਵਨਾਵਾਂ ਅਨੁਸਾਰ ਚੱਲਣ ਲਈ ਹਦਾਇਤ ਕਰਨਗੇ।

ਭਾਰੀ ਗਿਣਤੀ ਧਰਨਾਕਾਰੀ ਸ੍ਰੀ ਗੁਰੂ ਅਰਜਨ ਦੇਵ ਸਰਾਂ ਤੋਂ ਵੀ ਬਾਹਰ ਬੈਠੇ ਸਨ ਜਿਹਨਾਂ ਵਿੱਚ ਬੀਬੀਆ ਵੀ ਸ਼ਾਮਲ ਸਨ ਤੇ ਉਹਨਾਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ, ਜਿਹਨਾਂ ਉਪਰ ਕਈ ਪ੍ਰਕਾਰ ਦੇ ਨਾਅਰੇ ਲਿਖੇ ਹੋਏ ਸਨ। ਇਹਨਾਂ ਬੈਨਰਾਂ ਉਪਰ ਗੁਰੂ ਕੀ ਗੋਲਕ ‘ਤੇ ਤਰਸ ਕਰੋ, ਸਿਆਸੀ ਦਖਲਅੰਦਾਜੀ ਬੰਦ ਕਰੋ, ਮੁੱਖ ਸਕੱਤਰ ਦੀ ਨਿਯੁਕਤੀ ਰੱਦ ਕਰੋ, ਗੁਰੂ ਕੀ ਸੰਗਤ- ਜਿੰਦਾਬਾਦ, ਆਪਣੇ ਸਕੱਤਰਾਂ ਦੇ ਕੰਮ ਕਾਜ ‘ਤੇ ਭਰੋਸਾ ਕਰੋ ਆਦਿ ਨਾਅਰੇ ਲਿਖੇ ਹੋਏ ਸਨ। ਇਸ ਸਮੇਂ ਬੀਬੀ ਗੁਰਦੇਵ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਅਦਾਰਾ ਹੈ, ਜਿਸ ਨੂੰ ਕਿਸੇ ਵੀ ਕਾਰਪੋਰੇਟ ਅਦਾਰੇ ਨਾਲ ਜੋੜ ਕੇ ਵੇਖਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਮੁੱਖ ਸਕੱਤਰ ਦੀ ਨਿਯੁਕਤੀ ਸ਼ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਕਾਰਪੋਰੇਟ ਅਦਾਰੇ ਵੱਲ ਲੈ ਕੇ ਜਾਵੇਗੀ, ਜਿਹੜਾ ਧਰਮ ਦੀ ਬਰਬਾਦੀ ਦਾ ਕਾਰਨ ਬਣੇਗਾ। ਇਹ ਧਰਨਾ ਉਸ ਵੇਲੇ ਦਿੱਤਾ ਜਾ ਰਿਹਾ ਸੀ, ਜਦੋ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਮੁੱਖ ਸਕੱਤਰ ਰੱਖਣ ਦੀ ਇੰਟਰਵਿਊ ਲਈ ਜਾ ਰਹੀ ਸੀ।

ਸ਼ੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਪ੍ਰਬੰਧ ਨੂੰ ਲੈ ਕੇ 2002 ਤੋ ਬਾਅਦ ਪਹਿਲੀ ਵਾਰੀ ਧਰਨਾ ਦਿੱਤਾ ਗਿਆ ਹੈ। 2002 ਵਿੱਚ ਸ਼ਰੋਮਣੀ ਖਾਲਸਾ ਪੰਚਾਇਤ ਦੇ ਆਗੂ ਧਰਨਾ ਲਗਾਉਣ ਤੇ ਆਪਣਾ ਮੰਗ ਪੱਤਰ ਦੇਣ ਲਈ ਜਦੋਂ ਸ਼੍ਰੋਮਣੀ ਕਮੇਟੀ ਦੇ ਦਫਤਰ ਵੱਲ ਜਾ ਰਹੇ ਸਨ ਤਾਂ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ, ਮੁਲਾਜਮਾਂ ਤੇ ਲੱਠਮਾਰਾਂ ਨੇ ਅੰਮਿਤਧਾਰੀ ਸਿੰਘਾਂ ਦੀ ਕੁੱਟਮਾਰ ਹੀ ਨਹੀਂ ਕੀਤੀ ਸੀ ਸਗੋ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨ ਦੇ ਨਾਲ ਨਾਲ ਉਹਨਾਂ ਦੇ ਗਾਤਰੇ ਵੀ ਵੱਢ ਸੁੱਟ ਤੇ ਚੋਲੇ ਤੇ ਕਛਿਹਰੇ ਪਾੜ ਦਿੱਤੇ ਸਨ। ਉਸ ਸਮੇ ਮਰਿਆਦਾ ਦਾ ਉਲੰਘਣ ਕਰਨ ਵਿੱਚ ਸ਼ਰੋਮਣੀ ਕਮੇਟੀ ਨੇ ਜ਼ਕਰੀਆ ਖਾਂ ਨੂੰ ਵੀ ਮਾਤ ਪਾ ਦਿੱਤਾ ਸੀ। ਅੱਜ ਧਰਨੇ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰੀ ਪ੍ਰਤਾਪ ਸਿੰਘ ਸ਼ਾਂਤ ਚਿੱਤ ਮੌਕੇ 'ਤੇ ਮੌਜੂਦ ਸਨ, ਪਰ ਉਹ ਹਾਲਾਤ ‘ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਸਨ, ਪਰ ਧਰਨਾ ਸ਼ਾਂਤਮਈ ਤਰੀਕੇ ਨਾਲ ਖਤਮ ਹੋਣ ਉਪਰੰਤ ਹੀ ਉਹਨਾਂ ਸੁੱਖ ਦਾ ਸਾਹ ਲਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top