ਪਿੰਡ ਹਲਵਾਨਾ ਜਿਲ੍ਹਾ ਕਰਨਾਲ {ਹਰਿਆਣਾ} ਵਿੱਚ ਸਿ਼ਕਲੀਗਰ ਸਿੱਖ
ਵੀਰਾਂ ਦੇ ਬਹੁਤ ਸਾਰੇ ਪਰਿਵਾਰ ਹਨ। ਪਰਚਾਰ ਦੀ ਘਾਟ ਕਾਰਣ ਬਹੁਤੇ ਪਰਿਵਾਰ ਨਿਰੰਕਾਰੀ ਬਣ
ਚੁਕੇ ਹਨ। ਇਸ ਇਲਾਕੇ ਵਿੱਚ ਬਿਨਾ ਸ਼ੱਕ ਤੋਂ ਸਿੱਖ ਸੰਗਤਾਂ ਦੀ ਬਹੁਤਾਤ ਵੀ ਹੈ, ਇਸ ਗੱਲ
ਤੋਂ ਇਨਕਾਰ ਨਹੀਂ ਕੀਤਾ ਜਾ ਸੱਕਦਾ। ਕੁੱਝ ਸਮਾਂ ਪਹਿਲਾਂ ਕਥਾਵਾਚਕ ਭਾਈ ਮੋਹਰ ਸਿੰਘ
ਇੰਗਲੈਂਡ ਵਾਲੇ ਅਤੇ ਕਥਾਵਾਚਕ ਭਾਈ ਦੀਪਿੰਦਰ ਸਿੰਘ ਜੀ ਅੰਬਾਲਾ ਵਾਲਿਆਂ ਨੇ ਇਸ ਪਿੰਡ
ਪਹੁੰਚ ਕੇ, ਕੁੱਝ ਸਥਾਨਕ ਵੀਰਾਂ ਨਾਲ ਸੰਪਰਕ ਕੀਤਾ, ਤਾਂ ਉਹਨਾ ਨੇ ਦੱਸਿਆ ਕਿ ਇਥੇ ਕਦੇ
ਕੋਈ ਪਰਚਾਰਕ ਵੀਰ ਨਹੀਂ ਆਇਆ। ਜਿਸ ਕਰਕੇ ਬਹੁਤੇ ਲੋਕ ਗੁਰਮਤ ਤੋਂ ਅਨਜਾਣ ਹਨ ਅਤੇ ਸਿੱਖ
ਜੀਵਨ ਜਾਚ ਤੋਂ ਦੂਰ ਜਾ ਚੁਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਲੋਕ ਆਏ ਜ਼ਰੂਰ, ਪਰ
ਸਿਰਫ ਸਾਡੀਆਂ ਤਸਵੀਰਾਂ ਖਿੱਚ ਕੇ ਲੈ ਗਏ, ਫਿਰ ਉਹ ਦੁਬਾਰਾ ਨਹੀਂ ਆਇ।
ਜਦ ਉਹਨਾਂ ਵੀਰਾਂ ਤੋਂ ਭਾਈ ਮੋਹਰ ਸਿੰਘ ਜੀ ਨੇ ਪੁੱਛਿਆ ਕੇ ਆਪ ਸਾਡੇ ਤੋਂ ਕੀ ਸਹਿਯੋਗ
ਚਾਹੁੰਦੇ ਹੋ, ਤਾਂ ਨਗਰ ਨਿਵਾਸੀਆਂ ਨੇ ਕਿਹਾ ਕਿ ਸਾਨੂੰ ਇੱਕ
ਐਸੇ ਪਰਚਾਰਕ ਦੀ ਜ਼ਰੂਰਤ ਹੈ, ਜੋ ਸਾਡੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਪੜ੍ਹਾਵੇ, ਨਾਲ
ਗੁਰਬਾਣੀ ਦੀ ਸੰਥਿਆ ਕਰਾਵੇ ਅਤੇ ਸਿੱਖ ਧਰਮ ਫਿਲਾਸਫੀ, ਸਿੱਖ ਇਤਿਹਾਸ ਅਤੇ ਗੁਰਮਤਿ ਤੋਂ
ਜਾਣੂ ਕਰਾਵੇ, ਜਿਸ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਸਿੱਖੀ ਵਿੱਚ ਪਰਪੱਕ ਹੋ ਸੱਕਣ।
ਉਹਨਾਂ ਦੇ ਇਸ ਸਿੱਖੀ ਪਿਆਰ ਨੂੰ ਵੇਖਦਿਆਂ ਅਤੇ ਇੱਕ ਸਿੱਖ ਪਰਚਾਰਕ ਦੇ ਫਰਜਾਂ ਨੂੰ ਸਹੀ
ਮਾਇਨਿਆਂ ਵਿੱਚ ਨਿਭਾਉਦਿਆਂ ਹੋਇਆਂ ਕਥਾਵਾਚਕ ਭਾਈ ਮੋਹਰ ਸਿੰਘ
{ਯੂ.ਕੇ.} ਅਤੇ ਭਾਈ ਦੀਪਿੰਦਰ ਸਿੰਘ {ਅੰਬਾਲਾ} ਨੇ ਇਲਾਕਾ ਨਿਵਾਸੀ ਕੁੱਝ ਨੌਜਵਾਨਾਂ ਦੇ
ਸਹਿਯੋਗ ਨਾਲ ਇਸ ਪਿੰਡ ਵਿੱਚ ਗੁਰਮਤਿ ਦੀ ਕਲਾਸ ਸ਼ੁਰੂ ਕੀਤੀ, ਜਿਸ ਵਿੱਚ ਕਰੀਬ 25 ਬੱਚੇ
ਗੁਰਮਤਿ ਸਬੰਧੀ ਬੜੀ ਸਫਲਤਾ ਨਾਲ ਜਾਣਕਾਰੀ ਲੈ ਰਹੇ ਹਨ। ਇਸ ਕਲਾਸ ਵਿੱਚ ਗੁਰਮੁਖੀ
ਦੇ ਨਾਲ ਨਾਲ ਗੁਰਬਾਣੀ ਦੀ ਸੰਥਿਆ ਵੀ ਕਰਾਈ ਜਾ ਰਹੀ ਹੈ। ਇਨ੍ਹਾਂ ਸਾਰੇ ਬੱਚਿਆਂ ਨੂੰ
ਗੁਰਬਾਣੀ ਦੇ ਗੁਟਕੇ, ਪੈਨ, ਕਾਪੀਆਂ ਅਤੇ ਹੋਰ ਲੋੜੀਂਦਾ ਸਾਮਾਨ ਮੁਫ਼ਤ ਦਿੱਤਾ ਜਾਂਦਾ ਹੈ।
ਬੱਚਿਆਂ ਦੀ ਕਲਾਸ ੳ-ਅ ਤੋਂ ਸ਼ਰੂ ਕੀਤੀ ਸੀ,ਅੱਜ ਗੁਰੂ ਜੀ ਦੀ ਕਿਰਪਾ ਸਦਕਾ ਇਹ ਬੱਚੇ ਜਪੁ
ਜੀ ਅਤੇ ਸੋਦਰ ਰਹਿਰਾਸ ਸਾਹਿਬ ਦਾ ਪਾਠ ਆਪ ਕਰਦੇ ਹਨ। ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਬਾਣੀ ਦੀ ਸੰਥਿਆ ਦੀ ਕਲਾਸ ਬੜੀ ਸਫਲਤਾ ਨਾਲ ਚੱਲ ਰਹੀ ਹੈ।
ਇਸ ਕਾਰਜ ਲਈ ਇੱਕ ਵਿਦਵਾਨ ਪਰਚਾਰਕ ਵੀਰ ਅਮਨਪ੍ਰੀਤ ਸਿੰਘ ਜੀ
ਦੀ ਪੱਕੇ ਤੌਰ 'ਤੇ ਸੇਵਾ ਲਗਾਈ ਗਈ ਹੈ, ਪਰਚਾਰਕ ਵੀਰ ਦੀ ਤਨਖਾਹ ਦੀ ਸੇਵਾ ਸਿੰਘ ਸਭਾ
ਇੰਟਰਨੈਸ਼ਨਲ {ਯੂ.ਕੇ.} ਵੱਲੋਂ ਕੀਤੀ ਜਾ ਰਹੀ ਹੈ। ਇਹਨਾ ਸਾਰੇ ਬੱਚਿਆਂ ਨੂੰ,
ਨਵੇਂ ਸਕੂਲ ਬੈਗ, ਜੋਮੈਟਰੀ ਬਾੱਕਸ ਅਤੇ ਹੋਰ ਸਕੂਲੀ ਸਾਮਾਨ “ਸਿੰਘ ਸਭਾ ਇੰਟਰਨੈਸ਼ਨਲ”
ਵੱਲੋਂ ਇਨਾਮ ਤੌਰ 'ਤੇ ਵੰਡਿਆ ਗਿਆ। ਜਿਸ ਨਾਲ ਬੱਚਿਆਂ ਅੰਦਰ ਬਹੁਤ ਹੀ ਖੁਸ਼ੀ ਅਤੇ ਭਾਰੀ
ਉਤਸ਼ਾਹ ਵੇਖਣ ਨੂੰ ਮਿਲਿਆ। ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਇਹਨਾ ਸਾਰੇ ਬੱਚਿਆਂ ਨੂੰ
ਇਕ ਇੱਕ ਸਕੂਲ ਦੀ ਵਰਦੀ ਦਿੱਤੀ ਜਾਇਗੀ, ਅਤੇ ਹੋਰ ਲੋੜੀਂਦਾ ਸਹਿਯੋਗ ਲਗਾਤਾਰ ਕੀਤਾ ਜਵੇਗਾ।
ਇਸ ਢੰਗ ਨਾਲ ਪਰਚਾਰਕ ਖੇਤਰ ਵਿੱਚ ਵਿਚਰ ਕੇ ਕੌਮ ਦੀ ਸੇਵਾ ਕਰਨ ਵਾਲੇ ਪਰਚਾਰਕ ਵੀਰਾਂ ਦੀ
ਸਿੱਖ ਕੌਮ ਨੂੰ ਬਹੁਤ ਵੱਡੀ ਲੋੜ ਹੈ, ਜਿੰਨ੍ਹਾਂ ਦੇ ਸੀਨੇ ਅੰਦਰ ਪੰਥ ਲਈ ਦਰਦ ਹੈ। ਹਰ
ਪੰਥ ਦਰਦੀ ਨੂੰ ਚਾਹੀਦਾ ਹੈ ਐਸੇ ਪਰਚਾਰਕ ਵੀਰਾਂ ਦਾ ਐਸੇ ਪੰਥਕ ਕਾਰਜਾਂ ਵਾਸਤੇ ਵੱਧ ਤੋਂ
ਵੱਧ ਸਹਿਯੋਗ ਕੀਤਾ ਜਾਵੇ।
ਭਾਈ ਮੋਹਰ ਸਿੰਘ ਜੀ ਅੱਜ ਕੱਲ ਸ੍ਰੀ ਗੁਰੂ ਨਾਨਕ
ਸਿੱਖ ਸੈਂਟਰ ਗਲੀਡਨ ਰੋੜ ਬਰੈਂਪਟਨ {ਕੈਨੇਡਾ} ਵਿਖੇ ਕਥਾ ਦੀ ਸੇਵਾ ਨਿਭਾ ਰਹੇ ਹਨ।
ਵਧੇਰੇ ਜਾਣਕਾਰੀ ਲਈ +1 647 280 8110 'ਤੇ ਭਾਈ ਮੋਹਰ ਸਿੰਘ
ਨਾਲ ਗੱਲ ਕੀਤੀ ਜਾ ਸੱਕਦੀ ਹੈ।