Share on Facebook

Main News Page

ਬਰੂਦ ਦੀ ਅੱਗ ਬਾਲਕੇ ਸੇਕਿਆਂ, ਕਦੇ ਨਿੱਘ ਨਹੀਂ ਮਿਲ ਸਕਦਾ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਦੁਨੀਆ ਦੇ ਇਤਿਹਾਸ ਵਿੱਚ ਕੋਈ ਐਸੀ ਮਿਸਾਲ ਨਹੀਂ ਹੈ, ਜਿੱਥੇ ਕਿਸੇ ਨੂੰ ਡਰ ਜਾਂ ਭੈਅ ਨਾਲ ਦਬਾਇਆ ਜਾ ਸਕਿਆ ਹੋਵੇ, ਬੇਸ਼ੱਕ ਵਕਤੀ ਅਸਰ ਜਰੂਰ ਹੁੰਦੇ ਹਨ, ਪਰ ਸਮਾਂ ਪਾ ਕੇ ਇਹ ਚੰਗਿਆੜੀ ਭਾਂਬੜ ਬਣਕੇ ਸਾਹਮਣੇ ਆਈ ਹੈ ਅਤੇ ਫਿਰ ਲੋਕਾਂ ਨੇ ਹੱਕਾਂ ਦੀ ਲੜਾਈ ਲੜਕੇ, ਅਨਿਆ ਅਤੇ ਬੇਇੰਸਾਫੀ ਵਾਲੇ ਨਿਜ਼ਾਮ ਤੋਂ ਪਾਈ ਪਾਈ ਦਾ ਹਿਸਾਬ ਲਿਆ ਹੈ। ਕਬੀਲਿਆਂ, ਦੇਸ਼ਾਂ ਅਤੇ ਕੌਮਾਂ ਵਿੱਚਕਾਰ ਵੱਡੇ ਵੱਡੇ ਵਿਵਾਦ ਹੋਏ ਹਨ, ਜਿਹੜੇ ਲੜਾਈਆਂ ਅਤੇ ਕਈ ਵਾਰੀ ਮਹਾਂਯੁੱਧ ਦਾ ਕਾਰਕ ਸਾਬਤ ਹੋਏ ਹਨ, ਜਿਸ ਵਿੱਚ ਸਮੇਂ ਦੀ ਤਕਨੀਕ ਅਨੁਸਾਰ ਮਾਰੂ ਹਥਿਆਰ ਵਰਤਕੇ, ਵੱਡੇ ਪੱਧਰ ਉੱਤੇ ਨਰ ਸੰਘਾਰ ਵੀ ਕੀਤਾ ਗਿਆ, ਲੇਕਿਨ ਨਤੀਜਾ ਇਹ ਨਿਕਲਿਆ ਕਿ ਆਮ ਲੋਕ, ਜਿਹੜੇ ਕਦੇ ਜੰਗ ਨਹੀਂ ਚਾਹੁੰਦੇ, ਸਿਰਫ ਅਮਨ ਵਾਸਤੇ ਅਰਦਾਸਾ ਕਰਦੇ ਹਨ, ਉਹਨਾਂ ਦਾ ਬੇਰਹਿਮੀ ਨਾਲ ਕਤਲੇਆਮ ਹੋਇਆ। ਹਾਲੇ ਕੱਲ ਦੇ ਇਤਿਹਾਸ ਦੇ ਪੰਨੇ ਫਰੋਲਕੇ ਵੇਖੋ, ਹੀਰੋ ਸੀਮਾ ਅਤੇ ਨਾਗਾ ਸਾਕੀ ਉੱਤੇ, ਆਪਣੀ ਹਉਂਮੇ ਅਤੇ ਹੰਕਾਰ ਨੂੰ ਪੱਠੇ ਪਾਉਣ ਵਾਸਤੇ, ਸੁੱਟੇ ਐਟਮ ਬੰਬਾਂ ਦੀ ਵਜਾ ਕਰਕੇ, ਅੱਜ ਵੀ ਅਪਾਹਜ਼ ਬੱਚੇ ਜਨਮ ਲੈ ਰਹੇ ਹਨ। ਮਨੁੱਖ ਨੇ ਆਪਣੀ ਕਿੜ ਕੱਢਦਿਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਹੀ ਖਤਮ ਕਰਕੇ ਰੱਖ ਦਿੱਤਾ ਹੈ। ਕੁਦਰਤ ਦੇ ਕਾਨੂੰਨ ਵਿੱਚ ਦਖਲ ਅੰਦਾਜੀ ਕਰਕੇ, ਤੰਦਰੁਸਤ ਜਨਮ ਲੈਣ ਦਾ ਅਧਿਕਾਰ ਹੀ ਖੋਹ ਲਿਆ ਹੈ।

ਬਰੂਦ ਕਦੇ ਚੁੱਲਿਆਂ ਦੀ ਅੱਗ ਨਹੀਂ ਬਾਲਦਾ, ਨਾ ਹੀ ਇਸ ਦੀ ਅੱਗ ਤੋਂ ਇਨਸਾਨ ਨਿੱਘ ਲੈ ਸਕਦਾ ਹੈ, ਨਾ ਇਸ ਨਾਲ ਅਮਨ ਪੈਦਾ ਕੀਤਾ ਜਾ ਸਕਦਾ ਹੈ। ਇਸ ਬਰੂਦ ਦੀ ਅੱਗ ਤਾਂ ਕਾਦਰ ਦੇ ਹਿਰਦੇ ਕੁਦਰਤ ਨੂੰ ਵੀ ਲੂਹ ਜਾਂਦੀ ਹੈ ਅਤੇ ਇਸ ਦੀ ਵਰਤੋਂ ਵਾਲਾ ਇਨਸਾਨ ਹੈਵਾਨ ਦੀ ਕਤਾਰ ਵਿੱਚ ਖੜ੍ਹਾ ਹੋ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਅਨਪੜ੍ਹਤਾ ਅਤੇ ਸਮਾਜ ਵਿੱਚ ਜੰਗਲੀ ਬਿਰਤੀ ਦੀ ਭਰਮਾਰ ਕਰਕੇ, ਲੋਕ ਲੜ੍ਹਦੇ ਸਨ, ਜਿਸ ਨਾਲ ਬਰਬਾਦੀ ਹੁੰਦੀ ਸੀ, ਲੇਕਿਨ ਅੱਜ ਦਾ ਸੰਸਾਰ ਪੜਿਆ ਲਿਖਿਆ ਅਤੇ ਜਾਗਰੂਕ ਦੇ ਬਾਵਜੂਦ ਵੀ, ਸਮਾਜ ਨੂੰ ਜੰਗਲ ਤੋਂ ਬਗੀਚੇ ਵਿੱਚ ਨਹੀਂ ਬਦਲ ਸਕਿਆ। ਬਾਹਰੀ ਸਫਾਈ ਬਹੁਤ ਹੈ, ਵੱਡੇ ਵੱਡੇ ਨੇਤਾ ਝਾੜੂ ਫੜ੍ਹਕੇ ਸਫਾਈ ਮੁਹਿੰਮ ਦਾ ਆਗਾਜ਼ ਤਾਂ ਜਰੂਰ ਕਰਦੇ ਹਨ, ਪਰ ਆਪਣੇ ਜਿਹਨ ਦੀ ਗੰਦਗੀ ਨੂੰ ਕਦੇ ਨਹੀਂ ਵੇਖਦੇ ਕਿ ਉਸ ਦਾ ਢੇਰ ਦਿਨ-ਬ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਜਿਸ ਕਰਕੇ ਉਸ ਗੰਦਗੀ ਦੀ ਦੁਰਗੰਧ ਵਿੱਚ ਹੀ ਅਜੋਕਾ ਮਨੁੱਖ ਜਨੂੰਨੀ ਹੋਇਆ, ਕਿਸੇ ਦੇ ਨੁਕਸਾਨ ਨੂੰ ਦੇਸ਼ ਪ੍ਰੇਮ ਜਾਂ ਕੌਮ ਪ੍ਰਸਤੀ ਦਾ ਨਾਮ ਦੇ ਕੇ, ਆਪਣੇ ਆਪ ਨਾਲ ਧੋਖਾ ਕਰ ਰਿਹਾ ਹੈ। ਇਹ ਬਿਮਾਰੀ ਕਿਸੇ ਇੱਕ ਦੇਸ਼ ਵਿੱਚ ਨਹੀਂ ਸਗੋਂ ਹੁਣ ਪੂਰੇ ਸੰਸਾਰ ਨੂੰ ਆਪਣੇ ਸਿਕੰਜੇ ਵਿੱਚ ਜਕੜ ਬੈਠੀ ਹੈ।

ਕੁੱਝ ਦੇਸ਼ਾਂ ਦੇ ਸਰਹੱਦੀ ਝਗੜੇ ਹਨ, ਕੁੱਝ ਦੇ ਵਿਉਪਾਰ ਨੂੰ ਲੈਕੇ ਝਗੜੇ ਹਨ, ਪਰ ਭਾਰਤ ਇੱਕ ਐਸਾ ਦੇਸ਼ ਹੈ, ਜਿੱਥੇ ਆਪਣੇ ਜਮਾਤੀ ਹੰਕਾਰ ਨੂੰ ਲੈਕੇ ਝਗੜੇ ਹਨ। ਅਜੋਕਾ ਭਾਰਤੀ ਨਿਜ਼ਾਮ ਇੱਥੋਂ ਦੀ ਬਹੁਗਿਣਤੀ ਤੋਂ ਬਿਨਾਂ ਬਾਕੀ ਸਭ ਨੂੰ ਕੈਰੀ ਅੱਖ ਨਾਲ ਵੇਖਦਾ ਹੈ, ਉਹਨਾਂ ਵਿੱਚੋਂ ਸਿੱਖ ਅਜਿਹੀ ਕੌਮ ਹੈ, ਜਿਹੜੀ ਭਾਰਤੀ ਨਿਜ਼ਾਮ ਦੀ ਅੱਖ ਵਿੱਚ ਲੋਹੇ ਦੇ ਕਣ ਵਾਂਗੂੰ ਰੜ੍ਹਕਦੀ ਹੈ ਕਿਉਂਕਿ ਸਿੱਖਾਂ ਦੇ ਹੁੰਦੇ, ਭਾਰਤੀ ਨਿਜ਼ਾਮ ਦੂਜੀਆਂ ਘੱਟ ਗਿਣਤੀਆਂ ਦੀ ਨਸਲਕੁਸ਼ੀ ਕਰਨ ਤੋਂ ਅਸਮਰਥ ਹੈ, ਉਸ ਨੂੰ ਖਦਸ਼ਾ ਹੈ ਕਿ ਸਿੱਖ ਇੱਕ ਅਜਿਹੀ ਕੌਮ ਹੈ, ਜਿਸ ਦੀ ਗਵਾਹੀ ਇਤਿਹਾਸ ਭਰਦਾ ਹੈ ਕਿ ਜੇ ਕਿਸੇ ਦੇ ਵੀ ਧਰਮ ਉੱਤੇ ਭੀੜ ਬਣੇ ਤਾਂ ਇਹ ਕੌਮ ਆਪਣੇ ਸਿਰ ਦੇਕੇ, ਕਿਸੇ ਦੇ ਕੁਦਰਤੀ ਹੱਕ ਜਾਂ ਧਰਮ ਨੂੰ ਬਚਾਉਣ ਦਾ ਹੁਨਰ ਬਖੂਬੀ ਜਾਣਦੀ ਹੈ, ਇਸ ਕਰਕੇ ਸਿੱਖ ਕੌਮ ਦੇ ਹੁੰਦਿਆਂ ਕਿਸੇ ਦੀ ਨਸਲੀ ਸਫਾਈ ਖਤਰਨਾਕ ਹੋ ਸਕਦੀ ਹੈ, ਕਿਉਂ ਨਾਂ ਪਹਿਲਾਂ ਸਿੱਖਾਂ ਦਾ ਹੀ ਮਲੀਆਮੇਟ ਕੀਤਾ ਜਾਵੇ।

ਕੁੱਝ ਲੋਕ ਕਾਂਗਰਸ ,ਬੀ.ਜੇ.ਪੀ. ਜਾਂ ਕਿਸੇ ਹੋਰ ਪਾਰਟੀ ਨੂੰ ਦੋਸ਼ ਦਿੰਦੇ ਹਨ ਕਿ ਫਲਾਣੀ ਪਾਰਟੀ ਨੇ ਸਿੱਖਾਂ ਦਾ ਨੁਕਸਾਨ ਕੀਤਾ, ਪਰ ਸਚਾਈ ਇਹ ਹੈ ਕਿ ਇੱਥੇ ਕੋਈ ਵੀ ਦੇਸ਼ ਵਿਆਪੀ ਪਾਰਟੀ ਸਿੱਖਾਂ ਦੇ ਹਿੱਤ ਵਿੱਚ ਨਹੀਂ ਹੈ ਅਤੇ ਨਾ ਹੀ ਹੋਵੇਗੀ। ਅੱਜ ਕਿਸੇ ਨਿਗੂਣੀ ਪ੍ਰਾਪਤੀ ਨੂੰ ਲੈ ਕੇ, ਕੁੱਝ ਥਿੜਕੂ ਸਿੱਖ ਆਮ ਆਦਮੀ ਪਾਰਟੀ ਦੇ ਸੋਹਲੇ ਵੀ ਗਾ ਰਹੇ ਹਨ ਅਤੇ ਸੱਤਾ ਦੀ ਭੁੱਖ ਕਰਕੇ, ਜਿਸ ਕਿਸੇ ਦਾ ਹੋਰ ਕਿਤੇ ਦਾਅ ਲੱਗਦਾ ਨਜਰ ਨਹੀਂ ਆਉਂਦਾ, ਉਹ ਆਪ ਆਪ ਕਰਦਾ ਭੱਜਿਆ ਫਿਰਦਾ ਹੈ, ਲੇਕਿਨ ਸਮਾਂ ਪਾ ਕੇ ਇਹ ਵੀ ਕਾਂਗਰਸ ਜਾਂ ਬੀ.ਜੇ.ਪੀ. ਦੀ ਮਾਮੇ ਮਾਸੀ ਦੀ ਧੀ ਹੀ ਸਾਬਿਤ ਹੋਣੀ ਹੈ ਕਿਉਂਕਿ ਇਹਨਾਂ ਸਭ ਲੋਕਾਂ ਦਾ ਧਰਮ ਇੱਕ ਹੈ ਸੋਚ ਇੱਕ ਹੈ, ਸਿਰਫ ਜੇ ਲੜਾਈ ਹੈ ਤਾਂ ਸੱਤਾ ਪਰਵਰਤਨ ਦੀ ਹੈ ਕਿ ਉੱਤਰ ਕਾਟੋ ਮੈਂ ਚੜ੍ਹਾ, ਸਿੱਖਾਂ ਬਾਰੇ ਮੁੱਖ ਨੀਤੀ ਉਸ ਤਰ੍ਹਾਂ ਦੀ ਹੀ ਹੈ ਅਤੇ ਰਹੇਗੀ ਵੀ, ਸ਼ਾਤਰਪੁਨੇ ਵਿੱਚ ਕੋਈ ਕਦੇ ਸਾਡੇ ਜਖਮਾਂ ਉੱਤੇ ਨਕਲੀ ਅੱਥਰੂ ਕੇਰ ਕੇ, ਸਾਨੂੰ ਭਰਮਾਉਣ ਦਾ ਯਤਨ ਜਰੂਰ ਕਰਦਾ ਹੈ, ਸਿੱਖਾਂ ਨਾਲ ਜੋ ਕੁੱਝ ਆਜ਼ਾਦੀ ਤੋਂ ਲੈ ਕੇ ਵਾਪਰ ਰਿਹਾ ਹੈ ਇੱਕ ਖੂੰਨੀ ਇਤਿਹਾਸ ਬਣ ਚੁੱਕਾ ਹੈ।

ਭਾਰਤੀ ਨਿਜ਼ਾਮ ਨੇ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਮੰਨਣਾ ਤਾਂ ਦੂਰ ਦੀ ਗੱਲ ਕਦੇ ਵਿਚਾਰਨਾ ਵੀ ਜਰੂਰੀ ਨਹੀਂ ਸਮਝਿਆ, ਹਮੇਸ਼ਾਂ ਸਿੱਖਾਂ ਨੂੰ ਦਬਾਉਣ ਵਾਸਤੇ, ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਮ ਹੇਠ, ਪੰਜਾਬ ਦੀ ਧਰਤੀ ਉੱਤੇ ਬਰੂਦ ਦਾ ਛਾਣਾ ਦੇਣਾ ਹੀ ਠੀਕ ਸਮਝਿਆ ਹੈ। ਜਿੱਥੇ ਸਰਕਾਰੀ ਬੰਦੂਕਾਂ ਦੇਸ਼ ਭਗਤ ਸਿੱਖਾਂ ਦੀਆਂ ਛਾਤੀਆਂ ਛਾਨਣੀ ਕਰਦੀਆਂ ਰਹੀਆਂ ਹਨ,ਉਥੇ ਇਸ ਦੀ ਡਰਾਉਣੀ ਆਵਾਜ਼ ਪੰਜਾਬ ਵੱਸਦੀ ਭਾਰਤੀ ਬਹੁਗਿਣਤੀ ਵਾਲੀ ਜਮਾਤ ਵਿੱਚ ਇੱਕ ਸਹਿਮ ਪੈਦਾ ਕਰਦੀ ਰਹੀ ਹੈ ਕਿ ਜੇ ਇਹ ਗੜਗੜਾਹਟ ਬੰਦ ਹੋ ਗਈ ਤਾਂ ਸ਼ਾਇਦ ਸਾਡਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ, ਇਸ ਕਰਕੇ ਪੰਜਾਬ ਵਿੱਚ ਦੋ ਦਹਾਕੇ ਅੰਨੇਵਾਹ ਬਰੂਦ ਦੀ ਵਰਖਾ ਹੁੰਦੀ ਰਹੀ ਹੈ। ਸਿੱਖਾਂ ਦਾ ਜਾਨੀ, ਮਾਲੀ ਨੁਕਸਾਨ ਹੋਇਆ, ਬਹੁਗਿਣਤੀ ਲੋਕ ਦਹਿਸ਼ਤ ਦੇ ਸਾਏ ਹੇਠ ਸਾਹ ਲੈਂਦੇ ਰਹੇ, ਰਾਜਸੀ ਲੋਕ ਕੁਰਸੀਆਂ ਦਾ ਅਨੰਦ ਮਾਣਦੇ ਰਹੇ, ਅਫਸਰਸ਼ਾਹੀ ਚਿੱਟੇ ਦਿਨ ਲੁੱਟਦੀ ਰਹੀ, ਪਰ ਪੰਜਾਬ ਦਾ ਮਹੌਲ ਭਾਰਤੀ ਨਿਜ਼ਾਮ ਦੀਆਂ ਨਜ਼ਰਾਂ ਵਿੱਚ ਫਿਰ ਵੀ ਠੀਕ ਨਹੀਂ ਹੋਇਆ, ਕਿਉਂਕਿ ਮਹੌਲ ਤਾਂ ਇੱਥੇ ਖਰਾਬ ਹੈ ਹੀ ਨਹੀਂ? ਜੇ ਖਰਾਬ ਹੈ ਤਾਂ ਸਿਰਫ ਭਾਰਤੀ ਨਿਜ਼ਾਮ ਦੀ ਨੀਅਤ ਅਤੇ ਸਰਕਾਰੀ ਨੀਤੀਆ ਹਨ, ਜਿਹੜੀਆਂ ਸਭ ਨੂੰ ਬਰਾਬਰ ਨਿਆ ਨਹੀਂ ਦਿੰਦੀਆਂ, ਜਿਸ ਕਰਕੇ ਲੋਕ ਹੱਕ ਮੰਗਦੇ ਹਨ, ਨਿਆ ਮੰਗਦੇ ਹਨ, ਉਹਨਾਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ, ਮਹੌਲ ਖਰਾਬ ਹੋਣ ਦਾ ਨਾਹਰਾ ਦਿੱਤਾ ਜਾਂਦਾ ਹੈ ਅਤੇ ਮਹੌਲ ਨੂੰ ਠੀਕ ਕਰਨ ਵਾਸਤੇ ਬਰੂਦ ਇਸਤੇਮਾਲ ਕੀਤਾ ਜਾਂਦਾ ਹੈ।

ਅੱਜ ਫਿਰ ਤਿੰਨ ਦਹਾਕੇ ਪਹਿਲਾਂ ਕੀਤੀਆਂ ਗਲਤੀਆਂ ਨੂੰ ਦੁਹਰਾਉਣ ਦਾ ਅਮਲ ਆਰੰਭ ਹੋ ਚੁੱਕਿਆ ਹੈ। ਦੀਨਾਨਗਰ ਵਿੱਚ ਵਾਪਰੀ ਇੱਕ ਅਚਨਚੇਤੀ ਘਟਨਾ ਨੂੰ ਅਧਾਰ ਬਣਾਕੇ, ਭਾਰਤੀ ਖੁਫੀਆ ਤੰਤਰ ਅਤੇ ਭਾਰਤੀ ਨਿਜ਼ਾਮ ਵੱਲੋਂ, ਆਪਣੇ ਦੇਸ਼ ਦੀ ਰਾਖੀ ਨਾ ਕਰ ਸਕਣ ਦੀ ਕਮਜ਼ੋਰੀ ਅਤੇ ਨਲਾਇਕੀ ਨੂੰ ਛੁਪਾਉਣ ਲਈ, ਹੁਣ ਉਸ ਹਮਲੇ ਨੂੰ ਏਨਾ ਤੂਲ ਦਿੱਤਾ ਜਾ ਰਿਹਾ ਹੈ ਕਿ ਸਾਰਾ ਭਾਂਡਾ ਕਿਸੇ ਤਰੀਕੇ ਸਿੱਖਾਂ ਦੇ ਸਿਰ ਭੰਨਕੇ, ਪੰਜਾਬ ਵਿੱਚ ਸਿੱਖਾਂ ਨੂੰ ਕੁੱਟਣ ਦਾ ਰਾਹ ਪੱਧਰਾ ਕਰ ਲਿਆ ਜਾਵੇ, ਜਿਸ ਦੀ ਸ਼ੁਰੁਆਤ ਹੋ ਚੁੱਕੀ ਹੈ, ਅਮ੍ਰਿਤਸਰ ਸਾਹਿਬ ਨੂੰ ਇੰਡੋ ਤਿਬਤੀਅਨ ਫੋਰਸ ਦੇ ਹਵਾਲੇ ਕਰ ਦਿੱਤਾ ਹੈ, ਪੰਜਾਬ ਵਿੱਚ ਫਿਰ ਉਹ ਹੀ ਸੀ.ਆਰ.ਪੀ.ਐਫ. ਤਾਇਨਾਤ ਕੀਤੀ ਜਾ ਰਹੀ ਹੈ, ਦਿਨ ਦਿਹਾੜੇ ਦਹਿਸ਼ਤ ਦਾ ਮਹੌਲ ਬਣੇਗਾ, ਸਿੱਖ ਨੌਜਵਾਨਾਂ ਨੂੰ ਸ਼ੱਕ ਦੀ ਨਜਰ ਨਾਲ ਵੇਖਿਆ ਜਾਵੇਗਾ ਅਤੇ ਫੜ੍ਹ ਫੜ੍ਹਾਈ ਆਰੰਭ ਹੋਵੇਗੀ,ਜਦੋਂ ਕੋਈ ਸਰਕਾਰੀ ਜ਼ੁਲਮ ਤੋਂ ਬਚਣ ਵਾਸਤੇ ਆਸੇ ਪਾਸੇ ਹੋਣ ਦਾ ਯਤਨ ਕਰੇਗਾ ਤਾਂ ਭਗੌੜਾ ਗਰਦਾਨ ਦਿੱਤਾ ਜਾਵੇਗਾ, ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾਵੇਗਾ, ਫਿਰ ਸਿਰ ਉੱਤੇ ਇਨਾਮ ਰੱਖੇ ਜਾਣਗੇ, ਕਈ ਪਿੰਕੀ ਕੈਟ ਫਿਰ ਸਿੱਖ ਬੱਚਿਆਂ ਦਾ ਸ਼ਿਕਾਰ ਕਰਨ ਵਾਸਤੇ ਸਾਹਮਣੇ ਆਉਣਗੇ, ਅਖਬਾਰਾਂ ਨੂੰ ਸੁਰਖੀਆਂ ਮਿਲਣਗੀਆਂ, ਕਿ ਫਲਾਣੀ ਨਹਿਰ ਦੇ ਪੁਲ ਤੇ ਨਾਕਾ ਸੀ ਅਤੇ ਸੀ.ਆਰ.ਪੀ. ਨਾਲ ਮੁੱਠਭੇੜ ਵਿੱਚ ਦੋ ਸਿੱਖ ਅੱਤਵਾਦੀ ਮਾਰੇ ਗਏ। ਬਾਰੂਦ ਦੀ ਬਦਬੂ ਮਨੁੱਖਤਾ ਦਾ ਜਿਉਣਾ ਦੁੱਭਰ ਕਰ ਦੇਵੇਗੀ।

ਪਰ ਇਸ ਵਿੱਚੋਂ ਨਿਕਲੇਗਾ ਉਹ ਹੀ ਕੁੱਝ, ਜੋ ਹੁਣ ਤੱਕ ਨਿੱਕਲਿਆ ਹੈ। ਜੇ ਭਾਰਤੀ ਨਿਜ਼ਾਮ ਸਿੱਖਾਂ ਅਤੇ ਪੰਜਾਬੀਆਂ ਨੂੰ ਬਰਾਬਰ ਦਾ ਹੱਕ ਦੇਵੇ ਅਤੇ ਉਹਨਾਂ ਦੇ ਮਸਲੇ ਹੱਲ ਕਰੇ ਤਾਂ ਇਸ ਦੇਸ਼ ਨੂੰ ਕੋਈ ਖਤਰਾ ਨਹੀਂ ਹੋ ਸਕਦਾ, ਸਿੱਖ ਦੀ ਬੜ੍ਹਕ ਵਿੱਚ ਬਰੂਦ ਤੋਂ ਜਿਆਦਾ ਦਮ ਹੈ, ਜੇ ਨਹੀਂ ਯਕੀਨ ਤਾਂ ਜਮਰੌਦ ਦੀ ਧਰਤੀ ਉੱਤੇ ਜਾ ਕੇ ਪਤਾ ਕਰ ਲਵੋ, ਜਿੱਥੇ ਪਠਾਣੀਆਂ ਅੱਜ ਵੀ ਸ਼ਰਾਰਤੀ ਬੱਚੇ ਨੂੰ ਚੁਪ ਕਰਵਾਉਣ ਵਾਸਤੇ ਆਖਦੀਆਂ ਹਨ ਕਿ ‘‘ ਹਰੀਆ ਰਾਂਗਲੇ ’’ ਭਾਵ ਚੁੱਪ ਹੋ ਜਾਹ ਨਹੀਂ ਤਾਂ ਸਿੱਖ ਜਰਨੈਲ ਸ. ਹਰੀ ਸਿੰਘ ਨਲੂਆ ਆ ਜਾਊਂਗਾ? ਸੋ ਪੰਜਾਬ ਦੀ ਧਰਤੀ ਉੱਤੇ ਬਰੂਦ ਬੀਜਕੇ ਕਦੇ ਅਮਨ ਦੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਬਰੂਦ ਦੀ ਅੱਗ ਬਾਲਕੇ ਸੇਕਿਆਂ ਨਿੱਘ ਮਿਲ ਸਕਦਾ ਹੈ। ਭਾਰਤੀ ਨਿਜ਼ਾਮ ਭਾਰਤ ਦੇ ਅੰਦਰਲੀ ਸਥਿਤੀ ਠੀਕ ਕਰੇ, ਇੱਥੋਂ ਦੇ ਲੋਕ ਦੁਸ਼ਮਣ ਵਾਸਤੇ ਬਰੂਦ ਬਣ ਜਾਣਗੇ, ਲੋਕਾਂ ਨੂੰ ਹੱਕ ਦਿਓ, ਸੰਤੁਸ਼ਟ ਕਰੋ, ਫਿਰ ਦੇਸ਼ ਨੂੰ ਕੋਈ ਖਤਰਾ ਨਹੀਂ ਹੋਵੇਗਾ, ਖਤਰਾ ਅੰਦਰੋਂ ਹੈ ਅਤੇ ਉਹ ਵੀ ਗੰਦੀ ਰਾਜਨੀਤੀ ਤੋਂ, ਜੇ ਸਿੱਖ ਅਠਾਨਵੇ ਫੀ ਸਦੀ ਕੁਰਬਾਨੀਆਂ ਆਜ਼ਾਦੀ ਵਾਸਤੇ ਕਰ ਸਕਦੇ ਹਨ ਤਾਂ ਇਸ ਆਜ਼ਾਦੀ ਨੂੰ ਸਲਾਮਤ ਰੱਖਣ ਦਾ ਹੁਨਰ ਵੀ ਜਾਣਦੇ ਹਨ, ਪਰ ਬਰੂਦ ਦੇ ਛਾਣੇ ਨਾਲ ਨਹੀਂ ਪਿਆਰ ਦੇ ਦੋ ਲਫਜਾਂ ਨਾਲ ਸਿੱਖ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top