Share on Facebook

Main News Page

ਭੱਠ ਪਵੇ ਸੋਨਾ, ਜੋ ਕੰਨਾਂ ਨੂੰ ਖਾਵੇ
-: ਵਤਾਰ ਸਿੰਘ ਉੱਪਲ 94637-87110

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹ ਮੰਨਣਾ ਕਿ ਉਹਨਾਂ ਦੇ ਸੰਦੇਸ਼ ਨੂੰ ਨਾ ਸਰਕਾਰ ਮੰਨਦੀ ਹੈ ਅਤੇ ਨਾ ਹੀ ਕੌਮ ਮੰਨਦੀ ਹੈ ਸਾਬਤ ਕਰਦਾ ਹੈ ਕਿ ਕੌਮ ਵਿੱਚ ਲਗਾਤਾਰ ਜਾਗਰੂਕਤਾ ਆ ਰਹੀ ਹੈ। ਉਹ ਜਥੇਦਾਰ ਵੱਲੋਂ ਨਿਭਾਏ ਜਾ ਰਹੇ ਰੋਲ ਨੂੰ ਬਾਖੂਬੀ ਸਮਝਦੇ ਹਨ ਕਦੇ ਸਮਾਂ ਸੀ ਜਦ ਕਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਜਾਂ ਸੰਦੇਸ਼ ਨੂੰ ਸਿੱਖ ਕੌਮ ਸਤਿਕਾਰ ਨਾਲ ਮੱਥੇ ਨਾਲ ਲਾ ਕੇ ਚੁੰਮਦੇ ਸਨ ਅਤੇ ਉਸ ਉੱਤੇ ਅਮਲ ਕਰਨਾ ਆਪਣਾ ਧਾਰਮਿਕ ਫਰਜ ਸਮਝਦੇ ਸਨ, ਪਰ ਅੱਜ ਅਜਿਹਾ ਕਿ ਹੋ ਗਿਆ ਹੈ ਕਿ ਜਥੇਦਾਰ ਦੇ ਸੰਦੇਸ਼ ਨੂੰ ਕੋਈ ਵੀ ਮੰਨਣ ਲਈ ਤਿਆਰ ਨਹੀਂ ਹੈ ਸਮੁੱਚੇ ਪੰਥ ਲਈ ਸੋਚਣ ਵਿਚਾਰਨ ਦਾ ਵਿਸ਼ਾ ਹੈ।

ਅਸਲ ਵਿੱਚ ਜਥੇਦਾਰ ਦੀ ਅਜਿਹੀ ਅਸਹਾਇ ਸਥਿਤੀ ਲਈ ਜਥੇਦਾਰ ਆਪ ਖੁਦ ਜਿੰਮੇਵਾਰ ਹੈ, ਸਾਰੀ ਸਿੱਖ ਕੌਮ ਜਥੇਦਾਰ ਤੋਂ ਆਸ ਉਮੀਦ ਰੱਖਦੀ ਹੈ ਕਿ ਉਹ ਕੰਮ ਦੀ ਅਗਵਾਈ ਕਰੇ, ਕੌਮ ਦੀ ਆਵਾਜ ਬਣੇ ਦੁਨੀਆਂ ਵਿੱਚ ਉਸਦੀ ਆਵਾਜ ਨੂੰ ਕੌਮ ਦੀ ਆਵਾਜ ਸਮਝਿਆ ਜਾਵੇ ਅਤੇ ਉਹ ਸਿੱਖ ਮਸਲਿਆਂ ਦੇ ਹੱਲ ਲਈ ਉਸਾਰੂ ਯੋਗ ਭੂਮਿਕਾ ਕਿਸੇ ਪਾਰਟੀ ਧੜੇਬੰਦੀ ਤੋਂ ਉੱਪਰ ਉੱਠ ਕੇ ਨਿਭਾਏ, ਕੌਮ ਹਰ ਔਖੇ-ਸੌਖੇ ਵੇਲੇ ਜਥੇਦਾਰ ਵੱਲ ਯੋਗ ਅਗਵਾਈ ਦੀ ਉਮੀਦ ਰੱਖਦੀ ਹੈ। ਜਥੇਦਾਰ, ਜਿਸਨੂੰ ਅਕਾਲੀ ਦਲ ਬਾਦਲ ਵੀ ਸਿੱਖ ਕੌਮ ਦੀ ਸਿਰਮੌਰ ਹਸਤੀ ਦੱਸਦਾ ਹੈ, ਪਰ ਇਸਦੀ ਜਮੀਨੀ ਹਕੀਕਤ ਕੀ ਹੈ, ਜਥੇਦਾਰ ਸ਼੍ਰੋਮਣੀ ਕਮੇਟੀ ਦੇ ਦੂਸਰੇ ਮੁਲਾਜਮਾਂ ਦੀ ਤਰ੍ਹਾਂ ਇੱਕ ਆਮ ਮੁਲਾਜਮ ਤੋਂ ਵੱਧ ਕੁਝ ਨਹੀਂ ਹੈ, ਜਿਸਦੀ ਨਿਯੁਕਤੀ, ਉਸਦੀ ਹੋਂਦ ਜਾਂ ਬਰਖਾਸਤਗੀ ਅਕਾਲੀ ਦਲ ਬਾਦਲ ਸੁਪ੍ਰੀਮੋ ਉੱਪਰ ਨਿਰਭਰ ਕਰਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਨ ਲਈ ਯੋਗਤਾ ਕੀ ਹੈ, ਕਿੰਨੇ ਸਮੇਂ ਲਈ ਨਿਯੁਕਤੀ ਹੈ, ਉਸਨੂੰ ਹਟਾਉਣ ਦਾ ਤਰੀਕਾ ਕੀ ਹੈ ਇਸ ਬਾਰੇ ਕਮੇਟੀ ਵਿਧਾਨ ਚੁੱਪ ਹੈ। ਇਸਦਾ ਸਿੱਧਾ ਮਤਲਬ ਹੈ ਕਿ ਜਥੇਦਾਰ ਦੀ ਹੋਂਦ ਅਕਾਲੀ ਦਲ ਸੁਪ੍ਰੀਮੋ ਦੀ ਇੱਛਾ ਸ਼ਕਤੀ ਉੱਪਰ ਹੀ ਟਿਕੀ ਹੋਈ ਹੈ। ਇਸ ਲਈ ਜਥੇਦਾਰ ਬਾਦਲ ਦੇ ਹਰ ਉੱਚਿਤ ਜਾਂ ਅਣਉੱਚਿਤ ਹੁਕਮ ਨੂੰ ਮੰਨਣ ਲਈ ਮਜਬੂਰ ਹੈ। ਬਾਹਰੋਂ ਦੇਖਣ ਨੂੰ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਥੇਦਾਰਾਂ ਦੀ ਨਿਯੁਕਤੀ ਕਰਦਾ ਹੈ, ਪਰ ਅਜਿਹਾ ਅਸਲ ਵਿੱਚ ਹੈ ਨਹੀਂ ਕਿਉਂਕਿ ਕਮੇਟੀ ਪ੍ਰਧਾਨ ਆਪ ਬਾਦਲ ਦੇ ਲਿਫਾਫੇ ਵਿੱਚ ਨਿਕਲਿਆ ਹੋਇਆ ਹੈ, ਜਿਸਦੀ ਆਪਣੀ ਪ੍ਰਧਾਨਗੀ ਕਿਸੇ ਦੇ ਅਹਿਸਾਨ ਦੀ ਮੁਥਾਜ ਹੋਵੇ, ਉਸਦੀ ਆਪਣੀ ਮਰਜੀ ਜਾਂ ਹੈਸੀਅਤ ਹੀ ਕੀ ਰਹਿ ਜਾਂਦੀ ਹੈ।

ਅਕਾਲੀ ਦਲ ਬਾਦਲ ਦੀ ਆਪਣੀ ਵਾਗਡਗੋਰ ਆਰ.ਐੱਸ.ਐੱਸ. ਦੇ ਹੱਥਾਂ ਵਿੱਚ ਹੈ ਇਸ ਕਰਕੇ ਸਾਡੀਆਂ ਧਾਰਮਿਕ ਸੰਸ਼ਥਾਵਾਂ, ਸਮੇਤ ਜਥੇਦਾਰਾਂ ਦੇ ਅਸਿੱਧੇ ਰੂਪ ਵਿੱਚ ਆਰ.ਐੱਸ.ਐੱਸ. ਦੇ ਕਬਜੇ ਥੱਲੇ ਜਾ ਚੁੱਕੀਆਂ ਹਨ। ਪਿਛਲੇ ਲੰਮੇਂ ਸਮੇਂ ਤੋਂ ਜਥੇਦਾਰ ਕੇਵਲ ਇੱਕ ਖਾਸ ਸਿਆਸੀ ਪਾਰਟੀ ਦੇ ਬੁਲਾਰੇ ਬਣ ਕੇ ਰਹਿ ਗਏ, ਬਾਦਲ ਵਿਰੋਧੀਆਂ ਨੂੰ ਪੰਥ ਵਿੱਚੋਂ ਛੇਕਣ ਦਾ ਕੋਈ ਮੌਕਾ ਨਹੀਂ ਗਵਾਉਂਦੇ ਸਗੋਂ ਸਿੱਖ ਵਿਰੋਧੀ ਕਾਰਵਾਈਆਂ ਕਰਕੇ ਬਾਦਲ ਨੂੰ ‘ਫਖਰ ਏ ਕੌਮ’, ਪੰਥ ਰਤਨ ਨਾਲ ਸਨਮਾਨਿਤ ਕਰ ਦਿੱਤਾ। ਜਿਸ ਨਾਲ ਸਿੱਖ ਕੌਮ ਆਪਣੇ-ਆਪ ਨੂੰ ਠੱਗੀ ਹੋਈ ਮਹਿਸੂਸ ਕਰ ਰਹੀ ਹੈ। ਇਹਨਾਂ ਨੇ ਕੌਮੀ ਮਸਲਿਆਂ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ, ਸਰਕਾਰੀ ਸ਼ਹਿ 'ਤੇ ਸਿੱਖ ਦੁਸ਼ਮਣ ਤਾਕਤਾਂ ਜੋ ਕੌਮ ਵਿੱਚ ਵੰਡੀਆਂ ਪਾ ਰਹੀਆਂ ਹਨ ਉਹਨਾਂ ਵੱਲ ਨਾ ਸਗੋਂ ਅਣਦੇਖੀ ਕਰ ਰਹੇ ਹਨ ਸਗੋਂ ਉਤਸਾਹਿਤ ਵੀ ਕਰ ਰਹੇ ਹਨ। ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਜੋ ਡੇਰੇ, ਸੰਪਰਦਾਵਾਂ ਅਤੇ ਟਕਸਾਲਾਂ ਮੰਨਣ ਤੋਂ ਇਨਕਾਰੀ ਹਨ, ਜਥੇਦਾਰ ਨਾ ਕੇਵਲ ਉਹਨਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਸਗੋਂ ਉਹਨਾਂ ਨੂੰ ਸਨਮਾਨਿਤ ਵੀ ਕਰ ਰਹੇ ਹਨ। ਪਿਛਲੇ ਸਮੇਂ ਭਾਈ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ ਜਦ ਸਾਰੀ ਕੌਮ ਇੱਕਜੁੱਟਤਾ ਨਾਲ ਸੜਕਾਂ ਉੱਪਰ ਸੰਘਰਸ਼ ਕਰ ਰਹੀ ਸੀ ਤਾਂ ਉਸ ਸਮੇਂ ਵੀ ਜਥੇਦਾਰ ਕੌਮ ਨੂੰ ਨਿਰਾਸ਼ ਹੀ ਕੀਤਾ, ਉਹਨਾਂ ਸੰਘਰਸ਼ ਨੂੰ ਕਮਜੋਰ ਕਰਨ ਲਈ ਭਾਈ ਰਾਜੋਆਣ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਲ ਅਤੇ ਚੋਲਾ ਦੇ ਕੇ ਫਾਂਸੀ ਤੇ ਚੜ੍ਹਨ ਵਾਸਤੇ ਕਹਿ ਕੇ ਅਤੇ ਕੌਮ ਨੂੰ ਘਰਾਂ ਵਿੱਚ ਰਹਿ ਕੇ ਚੌਪਈ ਸਾਹਿਬ ਦੇ ਪਾਠ ਕਰਨ ਅਤੇ ਕੇਸਰੀ ਝੰਡੇ ਘਰਾਂ ਉੱਪਰ ਝੁਲਾਣ ਦੇ ਆਦੇਸ਼ ਦੇ ਕੇ ਆਪਣੇ ਕੌਮੀ ਫਰਜਾਂ ਨੂੰ ਪੂਰਿਆਂ ਕਰ ਦਿੱਤਾ। ਸਮੇਂ-2 'ਤੇ ਜਥੇਦਾਰ ਨੇ ਸਿੱਖਾਂ ਵੱਲੋਂ ਕੀਤੇ ਸੰਘਰਸ਼ ਨੂੰ ਹਮੇਸ਼ਾ ਅਗਵਾਈ ਤਾਂ ਕੀ ਦੇਣੀ ਸੀ ਸਗੋਂ ਕਮਜੋਰ ਹੀ ਕੀਤਾ ਹੈ। 80 ਦੇ ਦਹਾਕੇ ਦੌਰਾਨ ਪੁਲਿਸ ਹੱਥੋਂ ਮਾਰੇ ਗਏ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਸਜਾਵਾਂ ਦੁਆਉਣ ਲਈ ਵੀ ਇਹ ਕੋਈ ਸਾਰਥਕ ਰੋਲ ਨਹੀਂ ਨਿਭਾਅ ਸਕੇ।

ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਵੱਲੋਂ ਵਿੱਢੇ ਸੰਘਰਸ਼ ਵਿੱਚ ਵੀ ਜਥੇਦਾਰ ਦਾ ਰੋਲ ਜ਼ੀਰੋ ਹੀ ਨਹੀਂ ਸਗੋਂ ਨਾਂਹ-ਪੱਖੀ ਹੀ ਹੈ, ਅਜਿਹੇ ਵਿੱਚ ਜਥੇਦਾਰ ਆਪਣਾ ਮਾਨ-ਸਤਿਕਾਰ ਕੌਮ ਦੇ ਦਿਲਾਂ ਵਿੱਚੋਂ ਗਵਾਉਂਦੇ ਜਾ ਰਹੇ ਹਨ ਇਸ ਲਈ ਉਹ ਆਪ ਹੀ ਜਿੰਮੇਵਾਰ ਹਨ। ਕੌਮ ਦਾ ਇਹਨਾਂ ਜਥੇਦਾਰਾਂ ਤੋਂ ਮੋਹ ਭੰਗ ਹੋ ਗਿਆ ਹੈ, ਜਦੋਂ ਜਥੇਦਾਰ ਦੇ ਮਗਰ ਕੌਮ ਹੀ ਨਹੀਂ ਖੜੀ ਹੋਵੇਗੀ ਤਾਂ ਸਰਕਾਰਾਂ ਵੀ ਉਸਦੀ ਗੱਲ ਵੱਲ ਤਵੱਜੋਂ ਕਿਊਂ ਦੇਣਗੀਆਂ। ਸੋਨਾਂ ਭਾਵੇਂ ਜੋ ਇੱਕ ਕੀਮਤੀ ਧਾਤੂ ਹੈ, ਬਾਰੇ ਕਹਾਵਤ ਹੈ ‘ਭੱਠ ਪਵੇ ਸੋਨਾ, ਜੋ ਕੰਨਾਂ ਨੂੰ ਖਾਵੇ’ ਭਾਵ ਜੋ ਕੀਮਤੀ ਵਸਤੂ ਹੋਣ ਦੇ ਬਾਵਜੂਦ ਸਰੀਰ ਨੂੰ ਕਸ਼ਟ ਦੇਵੇ, ਅਜਿਹੀ ਧਾਤੂ ਭੱਠ ਪਵੇ ਅਰਥਾਤ ਅਜਿਹੀ ਵਸਤੂ ਦਾ ਤਿਆਗ ਹੀ ਬੇਹਤਰ ਹੈ। ਜਥੇਦਾਰਾਂ ਦਾ ਰੁਤਬਾ ਤਾਂ ਬਹੁਤ ਹੀ ਉੱਚਾ-ਸੁੱਚਾ ਸੀ, ਪਰ ਜੇਕਰ ਜਥੇਦਾਰ ਨੇ ਕੌਮ ਨੁੰ ਕੋਈ ਸੇਧ, ਯੋਗ ਅਗਵਾਈ ਜਾਂ ਸੱਚ ਤੇ ਪਹਿਰੇਦਾਰੀ ਨਹੀਂ ਕਰਨੀ ਤਾਂ ਅਜਿਹੇ ਅਖੌਤੀ ਜਥੇਦਾਰਾਂ ਤੋਂ ਕੌਮ ਨੂੰ ਛੁਟਕਾਰਾ ਪਾ ਲੈਣਾ ਹੀ ਬਿਹਤਰ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top