Share on Facebook

Main News Page

ਅੰਮ੍ਰਿਤ ਕੀਰਤਨ, ਰਹਾਉ, ਕੀਰਤਨੀਏ
-: ਇਕਵਾਕ ਸਿੰਘ ਪੱਟੀ

ਅੱਜ ਜੇ ਦੇਖਿਆ ਜਾਵੇ ਤਾਂ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਾਡੇ ਇਤਿਹਾਸ, ਫਿਲਾਸਫੀ, ਸੱਭਿਆਚਾਰ, ਅਤੇ ਊਟ-ਪਟਾਂਗ ਸਾਖੀਆਂ, ਭਾਵ ਕਿ ਸਾਡੇ ਲਿਟਰੇਚਰ ਵਿੱਚ ਇਤਨੀ ਕੁ ਮਿਲਾਵਟ ਕਰ ਦਿੱਤੀ ਜਾ ਚੁੱਕੀ ਹੈ ਕਿ ਆਮ ਸਿੱਖ ਵਰਗ ਨੂੰ ਗੁਰਮਤਿ ਅਤੇ ਮਨਮੱਤ ਵਿੱਚ ਫਰਕ ਲੱਭਣਾ ਵੀ ਔਖਾ ਹੋਇਆ ਪਿਆ ਹੈ। ਉਤਨਾ ਲਿਟਰੇਚਰ ਗੁਰਮਤਿ ਦੇ ਪ੍ਰਚਾਰ ਲਈ ਲਿਖਿਆ ਅਤੇ ਛਪਿਆ ਨਹੀਂ ਹੋਣਾ ਜਿਤਨਾ ਸਾਡੇ ਵਿਰੋਧੀਆਂ ਵੱਲੋਂ ਗੁਰਮਤਿ ਦਾ ਘਾਣ ਕਰਨ ਵਾਲਾ, ਨਕਲੀ, ਮਿਥਿਹਾਸਕ, ਬ੍ਰਾਹਮਣਵਾਦੀ, ਗੁਰਮਤਿ ਸਿਧਾਂਤਾਂ ਨੂੰ ਖ਼ਤਮ ਕਰਨ ਵਾਲਾ ਲਿਟਰੇਚਰ ਮਾਰਕੀਟ ਵਿੱਚ ਸੁੱਟ ਦਿੱਤਾ ਗਿਆ ਹੈ।

ਅੱਜ ਪੈਰ-ਪੈਰ 'ਤੇ ਸਾਨੂੰ ਗੁਰਮਤਿ ਤੇ ਹਮਲੇ ਹੁੰਦੇ ਦਿਖਾਈ ਦੇ ਰਹੇ ਹਨ। ਪਰ ਸਾਡੀ ਕੌਮ ਦੀ ਬਦ-ਕਿਸਮਤੀ ਕਿ ਉਹਨਾਂ ਹਮਲਿਆਂ ਦਾ ਮੂੰਹ-ਤੋੜਵਾਂ ਜਵਾਬ ਦੇਣ ਲਈ ਕਦੇ ਵੀ ਕੋਈ ਠੋਸ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਅੱਜ ਜਿੰਨੇ ਹਮਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਤੇ (ਦਸ਼ਮ ਗ੍ਰੰਥ ਦਾ ਪ੍ਰਕਾਸ਼ ਕਰਵਾ ਕੇ), ਸਿੱਖ ਰਹਿਤ ਮਰਿਯਾਦਾ ਤੇ, ਸਿੱਖ ਫਿਲਾਸਫੀ, ਸੱਭਿਆਚਾਰ, ਸਿੱਖ ਵਿਰਸੇ ਉਪਰ ਅਖੌਤੀ ਸਾਧਾਂ-ਸੰਤਾਂ, ਪੁਜਾਰੀਆਂ, ਅਖੌਤੀ ਪੰਥਕ ਸਰਕਾਰਾਂ ਅਤੇ ਆਰ.ਐੱਸ. ਐੱਸ ਵੱਲੋਂ ਕੀਤੇ ਜਾ ਰਹੇ ਹਨ। ਵੇਖ ਕੇ ਹੀ ਕੰਬਣੀ ਛਿੜ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ (ਸਾਡੇ ਸਿੱਖਾਂ ਵੱਲੋਂ ਕੋਈ ਵੀ ਉਦਮ ਨਾ ਕੀਤੇ ਜਾਣ ਤੇ) ਬਾਬੇ ਨਾਨਕ ਦੀ ਵੀਚਾਰਧਾਰਾ ਅਤੇ ਸਿੱਖੀ ਦਾ ਕੀ ਬਣੇਗਾ ?

ਜਦੋਂ ਸਾਡੇ ਦੁਸ਼ਮਣਾਂ ਨੇ ਸਾਮ, ਦਾਮ, ਦੰਡ, ਭੇਦ ਸਾਰੇ ਤਰੀਕਿਆ ਨੂੰ ਵਰਤ ਕੇ ਕੌਮ ਦੀ ਵੀਚਾਰਧਾਰਾ ਅਤੇ ਸਿੱਖਾਂ ਤੇ ਅਤਿ ਦਾ ਅੱਤਿਆਚਾਰ ਕਰਕੇ ਵੀ ਸਿੱਖਾਂ ਅਤੇ ਸਿੱਖੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਿਆ ਤਾਂ ਬਿਪਰ ਦੇ ਤੇਜ਼ ਤਰਾਰ ਦਿਮਾਗ ਨੇ ‘ਕਲਮ’ ਦੀ ਕਾਢ ਕੱਢ ਮਾਰੀ ਅਤੇ ਹੌਲੀ-ਹੋੌਲੀ ਕਲਮ ਨਾਲ ਸਾਨੂੰ ਖ਼ਤਮ ਕੀਤਾ ਜਾਣ ਲੱਗਾ। ਅਤੇ ਅਸੀਂ (ਸਿੱਖਾਂ ਨੇ) ਗੁਰਦੁਆਰਿਆਂ ਦੀ ਅਲੀਸ਼ਾਨ ਬਿਲਡਿੰਗਾਂ, ਸ਼ਤਾਬਦੀਆਂ, ਜਲੂਸਾਂ, ਨਗਰ ਕੀਰਤਨਾਂ, ਕੀਰਤਨ ਦਰਬਾਰਾਂ, 36 ਪ੍ਰਕਾਰ ਦੇ ਲੰਗਰਾਂ, ਖਾਲਸਾ ਮਾਰਚਾਂ, ਅਤੇ ਜਾਗ੍ਰਿਤੀ ਯਾਤਰਾਵਾਂ ਕੱਢ ਕੇ ਹੀ ਸਮਝ ਲਿਆ ਕਿ ਸਿੱਖੀ ਬੜੀ ਚੜ੍ਹਦੀ ਕਲਾ ਵਿੱਚ ਜਾ ਰਹੀ ਹੈ। ਪਰ ਸਾਡਾ ਦੁਸ਼ਮਣ ਸਾਨੂੰ ਖ਼ਤਮ ਕਰਨ ਲਈ ਕੀ ਕੁੱਝ ਕਰ ਰਿਹਾ ਸੀ ਅਸੀਂ ਚਿੰਤਾ ਨਹੀਂ ਕੀਤੀ। ਅਤੇ ਸਾਡੇ ਦੁਸ਼ਮਣਾਂ ਨੇ ਗੁਰਬਾਣੀ ਵਿੱਚੋਂ ਹੀ ਗੁਰ ਫ਼ੁਰਮਾਣ ਚੋਰੀ ਕਰਕੇ ਉਹਨਾਂ ਦੇ ਮਨ-ਮਰਜ਼ੀ ਨਾਲ ਅਰਥ ਕਰਕੇ ਗੁਰਮਤਿ ਸਿਧਾਂਤਾਂ ਨੂੰ ਤੋੜ ਮਰੋੜ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ ਹੈ। ਮਿਸਾਲ ਦੇ ਤੌਰ 'ਤੇ ਕੁੱਝ ਟੁੱਕੜ ਬੋਚ ਲੇਖਕਾਂ, ਸਾਧਾਂ ਸੰਤਾਂ, ਡੇਰੇਦਾਰਾਂ ਨੇ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਕੁਝ ਕਿਤਾਬਾਂ ਲਿਖ ਮਾਰੀਆਂ। ਕੁੱਝ ਸੰਪਰਦਾਵਾਂ ਅਤੇ ਡੇਰੇਦਾਰ ਆਪਣੇ ਮਹੀਨਾਵਾਰੀ ਰਸਾਲੇ ਵੀ ਕੱਢ ਰਹੇ ਹਨ ਜ੍ਹਿਨਾਂ ਦਾ ਮਕਸਦ ਹੀ ਸ਼ਬਦ ਗੁਰੂ ਨਾਲ ਤੋੜ ਕੇ ਆਪਣੇ ਨਾਲ ਜੋੜਨਾ ਹੈ।

ਅੱਜ ਬਾਜ਼ਾਰ ਵਿੱਚ ਖ਼ਾਸ ਸ਼ਬਦਾਂ, ਬਾਣੀਆਂ ਦੇ ਗੁਟਕੇ ਜ੍ਹਿਨਾਂ ਵਿੱਚ ਗਿਣਤੀਆਂ-ਮਿਣਤੀਆਂ ਦੇ ਪਾਠਾਂ ਨਾਲ ਮਨ ਇੱਛਤ ਫ਼ਲ ਪ੍ਰਾਪਤ ਕਰਨ ਬ੍ਰਾਹਮਣਵਾਦੀ ਰੀਤ ਪ੍ਰਚੰਡ ਕੀਤੀ ਗਈ ਹੈ, ਆਮ ਮਿਲ ਜਾਂਦੇ ਹਨ। ਜੋ ਗੁਰਬਾਣੀ ਅਤੇ ਸਿੱਖ ਸਾਹਿਤ ਤੇ ਸਭ ਤੋਂ ਵੱਡਾ ਹਮਲਾ ਹੈ। ਇਸ ਤੋਂ ਇਲਾਵਾ ਨਿੱਜੀ ਪ੍ਰਕਾਸ਼ਨਾਵਾਂ ਵੱਲੋਂ ਛਪੀਆਂ ਕਿਤਾਬਾਂ ਪੜ੍ਹ ਕੇ ਵੇਖ ਲਉ। ਬੱਸ ਬੁਰਾ ਹੀ ਹਾਲ ਹੈ।

ਖੈਰ! ਇੱਕ ਦਿਨ ਮਨ ਵਿੱਚ ਵਿਚਾਰ ਆ ਰਿਹਾ ਸੀ ਕਿ ਸਾਡੇ ਬਹੁਤੇ ਰਾਗੀ/ਕੀਰਤਨੀਏ ਸਿੰਘ ਰਹਾਉ ਵਾਲੀਆਂ ਪੰਗਤੀਆਂ ਨੂੰ ਟੇਕ ਬਣਾ ਕੇ ਕੀਰਤਨ ਕਿਉਂ ਨਹੀਂ ਕਰਦੇ, ਜਿਸ ਵਿੱਚੋਂ ਕੁੱਝ ਕਾਰਣ ਬੜੇ ਸਪੱਸ਼ਟ ਰੂਪ ਵਿੱਚ ਆਏ, ਇੱਕ ਤਾਂ ਹੋ ਸਕਦੈ ਵੱਡੀ ਗਿਣਤੀ ਵਿੱਚ ਇਹ ਤਬਕਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਤੋਂ ਪੂਰੀ ਤਰ੍ਹਾਂ ਅਣਜਾਣ ਹੈ ਜਾਂ ਨਿੱਜੀ ਲਾਭ ਹਿੱਤ ਅਣਜਾਣ ਬਣਿਆ ਹੋਇਆ ਹੈ, ਜਦਕਿ ਰਹਾਉ ਵਾਲੀ ਪੰਗਤੀ ਨੂੰ ਅਧਾਰ ਬਣਾ ਕੇ ਹੀ ਕੀਰਤਨ ਕਰਨਾ ਹੁੰਦਾ ਹੈ ਕਿਉਂਜੁ ਉਸ ਵਿੱਚ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ‘ਰਹਾਉ॥ਦਾ ਮਤਲਬ ਹੀ ਠਹਿਰਾਉ ਹੈ, ਕਿ ਰੁਕੋ ਵਿਚਾਰੋ ਅਤੇ ਅੱਗੇ ਚੱਲੋ ਤੇ ਪੂਰੇ ਸ਼ਬਦ ਦਾ ਭਾਵ ਸਮਝੋਦੂਜਾ ਕਾਰਣ ਇਹ ਬਣਦਾ ਹੈ ਕਿ ਸ਼ਾਇਦ ਇਹਨਾਂ ਕਿਸੇ ਚੰਗੇ ਉਸਤਾਦ ਨੇ ਦੱਸਿਆ ਹੀ ਨਾ ਹੋਵੇ ਅਤੇ ਤੀਜਾ ਇੱਕ ਹੋਰ ਮਹੱਤਵਪੂਰਣ ਕਾਰਣ ਜੋ ਸਾਹਮਣੇ ਆਇਆ ਉਹ ਹੈ ‘ਅੰਮ੍ਰਿਤ ਕੀਰਤਨ’ ਨਾਮੀ ਪੋਥੀ, ਜਿਸ ਵਿੱਚ ਵੀ ਬਹੁਤੇ ਸ਼ਬਦਾਂ ਨੂੰ ਗਾਉਣ ਵਾਲੀਆਂ ਦੀ ਸਹੂਲਤ ਲਈ ਸ਼ਬਦ ਦੀਆਂ ਕੁੱਝ ਪੰਗਤੀਆਂ (ਰਹਾਉ ਨੂੰ ਛੱਡ ਕੇ) ਅੰਡਰਲਾਈਨ ਕੀਤੀਆਂ ਗਈਆਂ ਹਨ ਤਾਂ ਕਿ ਉਹਨਾਂ ਨੂੰ ਟੇਕ ਬਣਾਇਆ ਜਾਵੇ ਤੇ ਉਹੀ ਪ੍ਰਚੱਲਣ ਹੁਣ ਤੱਕ ਚੱਲਿਆ ਆ ਰਿਹਾ ਹੈ।

ਜੇ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਇੱਕ ਗੱਲ ਹੋਰ ਸਪਸ਼ਟ ਹੁੰਦੀ ਹੈ ਕਿ ਰਾਗੀ ਸਿੰਘਾਂ ਦੇ ਰਾਹੀਂ ਅਖੌਤੀ ਦਸ਼ਮ ਗ੍ਰੰਥ ਦੀ ਬਾਣੀ ਦਾ ਪ੍ਰਚਲਣ ਵੀ ਇਸ ਅੰਮ੍ਰਿਤ ਕੀਰਤਨ ਨਾਮੀ ਪੋਥੀ ਦੇ ਰਾਹੀਂ ਪਿਛਲੇ ਅੱਧੀ ਸਦੀ ਦੇ ਵੱਧ ਸਮੇਂ ਤੋਂ ਹੋਇਆ ਹੈ, ਕਿਉਂਕਿ ਬਹੁਤੇ ਕੀਰਤਨੀਆਂ ਨੇ ਇਸੇ ਪੋਥੀ ਵਿੱਚੋਂ ਬਹੁਤੇ ਸ਼ਬਦ ਗਾਏ ਹਨ, ਜਦਕਿ ਬਹੁਤੇ ਪ੍ਰਚੱਲਿਤ ਸ਼ਬਦ ਜਿੰਨ੍ਹਾਂ ਦਾ ਕੀਰਤਨ ਸਿਆਣੇ ਕੀਰਤਨੀਏ ਕਰਦੇ ਹਨ ਉਹ ਇਸ ਪੋਥੀ ਵਿੱਚ ਸ਼ਾਮਲ ਨਹੀਂ ਹਨ, ਪਰ ਅਖੌਤੀ ਦਸ਼ਮ ਗ੍ਰੰਥ ਵਿੱਚੋਂ ਬਹੁਤੇ ਵਿਵਾਦਤ ਸ਼ਬਦਾਂ ਦਾ ਰਲਾ ਗੁਰਬਾਣੀ ਦੇ ਨਾਲ ਕਾਫੀ ਵੱਡੀ ਗਿਣਤੀ ਵਿੱਚ ਪਿਆ ਹੋਇਆ ਹੈ ਅਤੇ ਸਦਕੇ ਜਾਈਏ ਉਹਨਾਂ ਮਹਾਨ ਕੀਰਤਨੀਆਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਛੱਡ ਕੇ ਕੇਵਲ ਇਸ ਇੱਕ ਪੋਥੀ ਨੂੰ ਅਧਾਰ ਬਣਾ ਕੇ ਹੀ ਕੀਰਤਨ ਕੀਤਾ ਅਤੇ ਇਸ ਤੋਂ ਬਾਹਰ ਜਾਣਾ ਜ਼ਰੂਰੀ ਨਾ ਸਮਝਿਆ। ਪਰ ਜਿਨ੍ਹਾਂ ਨੇ ਸਤਿਗੁਰੂ ਦੇ ਭਾਉ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਨਿਰੋਲ ਕੀਤਾ ਉਹਨਾਂ ਨੂੰ ਮੇਰਾ ਸਿਜਦਾ ਹੈ।

ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਅਜਿਹੇ ਗ੍ਰੰਥਾਂ, ਪੋਥੀਆਂ, ਕਿਤਾਬਾਂ ਜਾਂ ਗੁਟਕਿਆਂ ਬਾਰੇ ਸਪੱਸ਼ਟ ਹੋਈਏ ਜਿਹੜੇ ਗੁਰਬਾਣੀ ਛਾਪ ਕੇ ਨਾਲ ਵੱਖ-ਵੱਖ ਫਲ ਦੱਸ ਕੇ ਕੌਮ ਨੂੰ ਭੰਬਲਭੂਸੇ ਵਿੱਚ ਪਾ ਰਹੇ ਹਨ ਅਤੇ ਹੋਰ ਰਚਨਾਵਾਂ ਨੂੰ ਇਹਨਾਂ ਰਾਹੀ ਪ੍ਰਚਾਰ ਕੇ ਗੁਰਬਾਣੀ ਗੁਰੂ ਤੋਂ ਸਾਨੂੰ ਦੂਰ ਕਰਨ ਲਈ ਯਤਨਸ਼ੀਲ ਹਨ।

ਗੁਰੂ ਰਾਖਾ !!

"ਰਹਾਉ" ਨੂੰ ਛੱਡ ਕੇ ਹਰ ਤੁਕਾਂ ਨੂੰ ਅੰਡਰਲਾਈਨ ਕਰਕੇ, ਪ੍ਰਚਾਰਣ ਦਾ ਯਤਨ... ਨਾਲੇ ਆਹ ਜਗਵਣੀਕੌਣ ਸੀ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top