Share on Facebook

Main News Page

ਸਿੱਖਾਂ ਦੀ ਆਬਾਦੀ ਘੱਟਣ ਦਾ ਮੁੱਖ ਕਾਰਨ ?
-: ਤਰਲੋਕ ਸਿੰਘ ‘ਹੁੰਦਲ’

ਹਿੰਦੋਸਤਾਨ ਵਿੱਚ ਵਸਦੇ ਧਾਰਮਿਕ ਭਾਈਚਾਰਿਆਂ ਦੀ ਜਨ-ਗਣਨਾ ਸਬੰਧੀ ਕੇਂਦਰ ਸਰਕਾਰ ਵਲੋਂ ਪਹਿਲੀ ਵਾਰ ਜਾਰੀ ਅੰਕੜਿਆਂ ਅਨੁਸਾਰ ਸਿੱਖਾਂ ਦੀ ਆਬਾਦੀ ਚਿੰਤਾਜਨਕ ਦਰ ਨਾਲ ਘਟੀ ਹੈ।ਸੰਨ 2011 ਦੀ ਮਰਦ-ਸ਼ੁਮਾਰੀ ਅਨੁਸਾਰ ਦੇਸ਼ ਦੀ ਕੁਲ ਆਬਾਦੀ 121.09 ਕਰੋੜ ਵਿੱਚੋਂ ਸਿੱਖਾਂ ਦੀ ਗਿਣਤੀ 2.08 ਕਰੋੜ ਬਣਦੀ ਹੈ ਤੇ ਸਾਰੀ ਆਬਾਦੀ ਦਾ 1.7%ਹੈ। ਗ੍ਰਹਿ ਮੰਤਰਾਲੇ ਵਲੋਂ ਹੁਣੇ ਜਹੇ ਅਧਿਕਾਰਤ ਨਸ਼ਰ ਅੰਕੜਿਆਂ ਦੇ ਮੁਤਾਬਕ ਸੰਨ 2001-2011 ਦੇ ਦਹਾਕੇ ਵਿੱਚ ਸਿੱਖ ਭਾਈਚਾਰੇ ਦੀ ਆਬਾਦੀ 0.02% ਘਟੀ ਦਿਖਾਈ ਗਈ ਹੈ ਭਾਵੇਂ ਕਿ ਅੰਕੜੇ ਸਿੱਖਾਂ ਦੀ ਵਿਕਾਸ ਦਰ 8.4% ਦਸਦੇ ਹਨ।

ਸਿੱਖਾਂ ਦੇ ਸਿਰਮੌਰ ਤਖਤ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਕ ਬਿਆਨ ਰਾਹੀਂ ਸਿੱਖਾਂ ਦੀ ਘਟਦੀ ਆਬਾਦੀ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ, ਅਤੇ ਇਸ ਰੁਝਾਨ ਦਾ ਮੂਲ ਕਾਰਨ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਵਿਦੇਸ਼ ਚਲੇ ਜਾਣ ਦੀ ਰੁਚੀ ਨਾਲ ਜੋੜਦੇ ਹੋਏ ਹਰੇਕ ਸਿੱਖ ਪਰਿਵਾਰ ਨੂੰ ਤਿੰਨ, ਤਿੰਨ ਬੱਚੇ ਪੈਦਾ ਕਰਨ ਦਾ ਉਪਦੇਸ਼ ਦਿੱਤਾ ਹੈ। ਆਪ ਜੀ ਨੂੰ ਯਾਦ ਹੋਵੇਗਾ, ਕਿ ਪਿਛਲੇ ਸਾਲ,ਜਦੋਂ ਹਿੰਦੂ ਧਰਮ ਦੇ ਸੰਚਾਲਕਾਂ ਨੇ ਹਿੰਦੂ ਸਮੂਹ ਨੂੰ ਚਾਰ,ਚਾਰ ਅਤੇ ਫਿਰ ਦਸ, ਦਸ ਬੱਚੇ ਬਣਾਉਂਣ ਦੀ ਰਾਏ ਦਿੱਤੀ ਸੀ, ਤਦ ਏਸੇ ਗਿਆਨੀ ਜੀ ਨੇ ਸਿੱਖਾਂ ਨੂੰ ਚਾਰ ਚਾਰ ਨਿਆਣੇ ਪੈਦਾ ਕਰਨ ਦੀ ਸਲਾਹ ਦਿੱਤੀ ਸੀ। ਅਜ ਜੋ ਮਰਦ-ਸ਼ੁਮਾਰੀ ਕਮਿਸ਼ਨਰ ਵਲੋਂ ਜਾਰੀ ਅੰਕੜੇ ਸਾਹਮਣੇ ਹਨ, ਇਸ ਦੇ ਸੰਦਰਭ ਵਿੱਚ ਗਿਆਨੀ ਹੋਰਾਂ ਨੇ, ਸਿੱਖਾਂ ਨੂੰ ਬੱਚੇ ਪੈਦਾ ਕਰਨ ਦੀ ਗਿਣਤੀ ਦਰ, ਚਾਰ ਤੋਂ ਘੱਟ ਕੇ ਤਿੰਨ ਕਰ ਦਿੱਤੀ ਹੈ। ਸਿੱਖਾਂ ਨੂੰ ਉਪਦੇਸ਼ ਤਾਂ ਆਪ ਨੇ ਭਰੂਨ-ਹਤਿਆ ਵਿਰੁਧ ਵੀ ਦਿੱਤਾ ਸੀ, ਪਰ ਉਸ ਦੇ ਅਸਰ ਦਾ ਮੁਲਾਂਕਣ ਹੋਇਆ ਜਾਂ ਨਹੀਂ-ਇਹ ਉਹ ਹੀ ਜਾਣਦੇ ਹਨ।

ਲੰਮੇ ਸਮੇਂ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਪ੍ਰਮੁੱਖ ਥਾਵਾਂ ਤੇ ਨਵੰਬਰ-1984 ਵਿੱਚ ਹੋਏ ਸਿੱਖ ਕਤਲੇਆਮ ਸਬੰਧੀ ਕੇਸਾਂ ਦੀ ਅਦਾਲਤਾਂ’ਚ ਪੈਰਵਾਈ ਕਰਦੇ ਆ ਰਹੇ ਪ੍ਰਸਿੱਧ ਵਕੀਲ ਸ੍ਰ:ਐਚ.ਐਸ.ਫੂਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਪੱਤਰ ਲਿਖ ਕੇ ਸਿੱਖ ਮਰਦ:ਔਰਤ ਵਿਚਲੇ ਅਨੁਪਾਤਕ ਫ਼ਰਕ ਨੂੰ ਕਾਰਨ ਮੰਨਦਿਆਂ,ਸਿੱਖ ਕੌਮ ਨੂੰ ਉਤਸ਼ਾਹਤ ਕਰਨ ਹਿਤ ਫੁਰਮਾਨ ਜਾਰੀ ਕਰਨ ਦਾ ਮਸ਼ਵਰਾ ਦਿੱਤਾ ਹੈ। ਇਸ ਵਿਸ਼ੇ ਉੱਤੇ ਹੋਰ ਵੀ ਲੋਕਾਂ ਦੇ ਵਿਚਾਰ ਆਏ ਹਨ।ਖੈਰ!

ਇਤਿਹਾਸ ਦੇ ਵਰਕੇ ਫਰੋਲੀਏ ਤਾਂ ਦੇਸ਼ ਦੀ ਵੰਡ ਵੇਲੇ ਸਭ ਤੋਂ ਵੱਧ ਸੰਤਾਪ ਸਿੱਖ ਭਾਈਚਾਰੇ ਨੇ ਹੰਢਾਇਆ। ਸਿੱਖ ਧੀਆਂ, ਨੂਹਾਂ, ਬੱਚੀਆਂ, ਬੁੱਢੀਆਂ ਦੀ ਹਿਰਦੇਵੇਧਕ ਬੇਪਤੀ ਦੀ ਇੰਤਹਾ ਸੀ। ਦੂਸਰੇ ਸ਼ਬਦਾਂ ਵਿੱਚ ਰੌਲਿਆਂ ਵੇਲੇ ਵਾਪਰੀਆਂ ਘਟਨਾਵਾਂ ਨੂੰ ਸਿੱਖ ਬੀਬੀਆਂ ਪ੍ਰਤਿ ਅਣ-ਮਨੁੱਖੀ ਜ਼ੁਲਮ ਦਾ ਸਿਖਰ ਹੀ ਕਿਹਾ ਜਾ ਸਕਦਾ ਹੈ। ਆਜਾਦ ਭਾਰਤ ਵਿੱਚ ਜੂਨ-1984 ਆਇਆ। ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ’ਚ ਫਿਰ ਅਨ-ਗਿਣਤ ਸਿੱਖ ਸ਼ਰਧਾਲੂ ਔਰਤਾਂ, ਬੁੱਢੀਆਂ, ਨੱਢੀਆਂ ਉਤੇ ਕਹਿਰ ਵਰਤਾਇਆ ਗਿਆ। ਉਸੇ ਸਾਲ, ਨਵੰਬਰ-1984 ਵਿੱਚ ਰਾਜਧਾਨੀ ਦਿੱਲੀ, ਪ੍ਰਧਾਨ ਮੰਤਰੀ ਦੀ ਮੌਤ ਤੋਂ ਬਾਅਦ ਸਿੱਖ ਭਾਈਚਾਰਾ, ਖ਼ਾਸ ਕਰ ਸਿੱਖ ਬੀਬੀਆਂ,ਬੱਚੀਆਂ ਨਾਲ ਸ਼ਰੇਆਮ ਸਮੂਹਿਕ ਬਲਾਤਕਾਰ, ਦਰਦ-ਭਰੀ ਆਪਣੀ ਦਾਸਤਾਂ ਆਪ ਹੈ। ਸਿੱਖ ਵੀਰ ਮਾਰੇ ਗਏ, ਸਾੜੇ ਗਏ, ਸਿੱਖ ਔਰਤ ਦਾ ਪੁੱਜ ਕੇ ਨਿਰਾਦਰ ਕੀਤਾ ਗਿਆ। ਸੰਨ 1984 ਤੋਂ 1992-93 ਤਕ ਦਾ ਸਮਾਂ, ਜਿਥੇ ਸਿੱਖ ਨੌ-ਜੁਵਾਨ ਪੀੜੀ ਵਾਸਤੇ ਤਸ਼ੱਦਦ-ਭਰਿਆ ਸੀ, ਓਥੇ ਪੇਂਡੂ ਸਿੱਖ ਔਰਤ ਵਰਗ ਸਭ ਤੋਂ ਵੱਧ ਅਸਲੀ/ਨਕਲੀ ਦੋਵਾਂ ਕਿਸਮ ਦੇ ਖਾੜਕੂਆਂ ਦੇ ਜ਼ੁਲਮ ਦਾ ਸ਼ਿਕਾਰ ਹੋਇਆ-ਸਾਡੇ ਵਿੱਚੋਂ ਬਹੁਤਿਆਂ ਨੇ ਅੱਖੀ ਵੇਖਿਆ/ਸੁਣਿਆ ਹੋਵੇਗਾ। ਸਿੱਖ ਕੁੜੀਆਂ ਦੀਆਂ ਇਜ਼ਤਾਂ ਇਥੇ ਵੀ ਬਰਬਾਦ ਕੀਤੀਆਂ ਗਈਆਂ। ਡਾ: ਸੰਗਤ ਸਿੰਘ ਅਤੇ ਹੋਰ ਵਿਦਵਾਨ ਸਿੱਖਾਂ ਦੀਆਂ ਹਕੀਕਤ ਬਿਆਨ ਕਰਦੀਆਂ ਲਿਖਤਾਂ ਪੜ੍ਹੀਏ ਤਾਂ ਕਈ ਕਈ ਰਾਤਾਂ ਨੀਂਦ ਨਹੀਂ ਆਉਂਦੀ।

ਲੜਕੀ ਵਾਲਿਆਂ ਪਾਸੋਂ ਵੱਧ ਦਾਜ ਦੀ ਲਾਲਸਾ ਵਰਗੇ ਮਸਲੇ ਇੱਕ ਪਾਸੇ ਰੱਖ ਕੇ ਸੰਜੀਦਗੀ ਨਾਲ ਸੋਚੀਏ ਤਾਂ ਪੰਜਾਬ’ਚ ਵਸਦੇ ਸਿੱਖ ਭਾਈਚਾਰੇ ਵਿੱਚ ਭਰੂਨ-ਹਤਿਆ ਦਾ ਮੁੱਖ ਕਾਰਨ ‘ਬੱਚੀਆਂ’ ਦੀ ਜੀਵਨ ਸੁਰਖਿਆ ਦਿਸਦਾ ਹੈ। ਖਾੜਕੂ ਲਹਿਰ ਤੋਂ ਬਾਅਦ ਹੰਕਾਰੀ ਰਾਜਨੀਤਕ ਤਾਣੇ-ਬਾਣੇ ਦੀ ਬਦੌਲਤ, ਪੰਜਾਬ ਦੇ ਹਾਲਾਤ ਇਸ ਕਦਰ ਬਦਲ ਗਏ, ਕਿ ਦੋ ਸਾਲ ਦੀ ਬੱਚੀ ਤੋਂ ਖੂੰਡੀ ਸਹਾਰੇ ਤੁਰਦੀ ਅੱਸੀ ਸਾਲਾਂ ਦੀ ਬੁੱਢੀ ਮਾਈ ਦੀ ਵੀ ਇੱਜਤ ਮਹਿਫੂਜ ਨਹੀਂ ਹੈ। ਇੱਕਲੀ-ਦੁੱਕਲੀ ਲੜਕੀ ਬਜ਼ਾਰ ਜਾਣੋਂ ਡਰਦੀ ਹੈ। ਗਲੀਆਂ, ਮੁਹਲਿਆਂ, ਰਾਹਾਂ, ਚੌਰਸਤਿਆਂ ਵਿੱਚ ਟੋਲੇ ਬੰਨ੍ਹ ਕੇ ਖੜ੍ਹੀ ਅਮੀਰ-ਸ਼ਹਿਜ਼ਾਦਿਆਂ ਦੀ ਨਸ਼ੇੜੀ ਮੰਡੀਰ, ਕੋਈ ਪਤਾ ਨਹੀਂ, ਭੁੱਖੇ ਬਾਜ ਵਾਂਗ ਕਦੋਂ ਕਿਸ ਉੱਤੇ ਝਟਪ ਪਏ ਅਤੇ ਵੇਹੰਦਿਆਂ ਹੀ ਵੇਹੰਦਿਆਂ ਉਸ ਦੀ ਅਜ਼ਮਤ ਤਾਰ ਤਾਰ ਕਰ ਦਏ।ਨਾ ਫਿਰ ਉਹ ਜੀਉਂਦਿਆ’ਚ ਤੇ ਨਾ ਮੋਇਆ’ਚ। ਬੇਸ਼ਕ ਉਸ ਦੇ ਮਾਂ, ਪਿਓ, ਭਰਾ, ਚਾਚੇ, ਤਾਏ ਵੀ ਨਾਲ ਹੋਵਣ, ਹੁਲੜ-ਬਾਜ ਦਰਿੰਦਿਆਂ ਸਾਹਮਣੇ ਸਾਰੇ ਬੇਵੱਸ ਹੋ ਜਾਂਦੇ ਹਨ। ਸਰਕਾਰੇ,ਦਰਬਾਰੇ ਕੋਈ ਸੁਣਵਾਈ ਨਹੀਂ।‘ਜਿੰਨੇ ਪੰਜਾਬ ਦੇ ਵੈਲੀ ਮੁੰਡੇ, ਤੇਰੀ ਸਰਕਾਰ ਦੀ ਸਭਨਾਂ ਨਾਲ ਯਾਰੀ’।ਨੰਨ੍ਹੀ ਛਾਂ ਦੇ ਢੰਕਵੌਜ ਥੱਲੇ,ਧੀਆਂ ਦੀ ਖਿੱਚ ਧੁਹ, ਮਾਰ-ਕੁਟਾਈ, ਕਪੜੇ ਪਾੜ ਦੇਣੇ, ਇਥੋਂ ਤਕ ਕਿ ਤੁਹਾਡੇ ਆਕਾਵਾਂ ਦੀਆਂ ਬੇ-ਲਗਾਮ ਚਲਦੀਆਂ ਮੋਟਰ-ਗੱਡੀਆਂ ਵਿੱਚੋਂ ਮਾਵਾਂ,ਧੀਆਂ ਨੂੰ ਬਾਹਰ ਸੁੱਟ ਕੇ ਮਾਰ ਦੇਣਾ ਆਮ ਗੱਲ ਹੋ ਗਈ ਹੈ। ਗੁਰੁ ਕੀ ਨਗਰੀ ਸ੍ਰੀ ਅੰਮ੍ਰਿਤਸਰ ਲਾਗ, ਕਾਨੂੰਨ ਦੇ ਰਾਖੇ ਪੁਲੀਸ ਮੁਲਾਜਮ ਨੂੰ ਆਪਣੀ ਧੀ ਦੀ ਇੱਜ਼ਤ ਬਚਾਉਂਣ ਲਈ ਭੂਤਰੇ ਗੁੰਡਿਆਂ ਵਲੋਂ ਸ਼ਰੇ-ਬਾਜ਼ਾਰ ਮਾਰ ਦੇਣਾ ਤਾਂ ਤੁਹਾਨੂੰ ਯਾਦ ਹੀ ਹੋਵੇਗਾ? ਵੱਡਾ ਦੁਖ ਇਹ ਹੈ, ਕਿ ਗੂੜ੍ਹੀ ਰਾਜਸੀ ਛੱਤਰ-ਛਾਇਆ ਹੇਠ ਵਿਚਰਦੇ ਇਹ ਲੋਕ, ਹੁੰਦੇ ਵੀ ਆਂਢੀ-ਗੁਵਾਂਢੀ ਸਿੱਖਾਂ ਦੇ ਮੁੰਡੇ ਹਨ। ਜਿਸ ਮਾਂ ਦੀ ਤਿੰਨ/ਚਾਰ/ਪੰਜ ਸਾਲਾਂ ਦੀ ਧੀ ਨੂੰ ਮਨੁੱਖੀ ਬਘਿਆੜਾਂ ਨੇ ਉਸ ਦੇ ਸਾਹਮਣੇ ਰਤੋ-ਰੱਤ ਕਰਕੇ ਪਾੜ੍ਹ ਸੁਟਿਆ ਹੋਵੇ, ਦੱਸ ਫਿਰ ਗੁਰਬਚਨ ਸਿੰਹਾ! ਓਹ ਮਾਂ ਤਿੰਨ ਧੀਆਂ (ਬੱਚੇ) ਕਿਵੇਂ ਜੰਮੂਗੀ?

ਸਿੱਖ ਗਿਣਤੀ ਵਿੱਚ ਨਹੀਂ, ਇਖਲਾਕ, ਕਿਰਦਾਰ ਤੇ ਚੰਗੇ ਜੀਵਨ ਦੇ ਧਾਰਨੀ ਹੋਣੇ ਚਾਹੀਦੇ ਹਨ.ਜਿਹੜੇ ਭਾਰੀ ਗੁਰਦਾਸ ਜੀ ਦੇ ਕਥਨ ਅਨੁਸਾਰ ‘ਦੇਖਿ ਪਰਾਈਆ ਚੰਗੀਆਂ, ਮਾਵਾਂ, ਧੀਆਂ, ਭੈਣਾਂ ਜਾਣੈ’। (ਵਾਰ 29,ਪਉੜੀ 11) ਅਤੇ ਹੋਰ ‘ਪਰ ਬੇਟੀ ਕੋ ਬੇਟੀ ਜਾਨੇ। ਪਰ ਇਸਤ੍ਰੀ ਕੋ ਮਾਤ ਬਖਾਨੇ।(ਰਹਤਨਾਮਾ, ਭਾਈ ਨੰਦ ਲਾਲ ਜੀ ਕਾ)।ਆਦਰਸ਼ ਸਿੱਖ ਸਮਾਜ ਕੇਵਲ ਆਪਣੀਆਂ ਹੀ ਨਹੀਂ, ਗੈਰਾਂ ਦੀਆਂ ਧੀਆਂ,ਭੈਣਾਂ ਦੀ ਇੱਜ਼ਤ ਦਾ ਪਹਿਰੇਦਾਰ ਹੁੰਦਾ ਹੈ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਉਨ੍ਹਾਂ ਨੂੰ ਵੀ ਬਰਾਬਰ ਸੁਰਖਿਅਤ ਛੱਤਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਹਕੂਮਤ ਕਹਿਣ ਨੂੰ ਰਾਜ,ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਦੇਣ ਦਾ ਦਾਹਵਾ ਕਰਦੀ ਹੈ।ਅਸੂਲ, ਬੰਦਾ ਸਿੰਘ ਜੀ ਬਹਾਦਰ ਵਰਗੇ ਦਸਦੇ ਹਨ, ਪਰ ਅੱਖੀਆਂ ਖੋਲ੍ਹ ਕੇ ਵੇਖੀਏ ਤਾਂ ਸਿੱਖਾਂ ਅੰਦਰ ਵਰਤਦੀ ਰਾਜਸੀ ਕਾਂਗ ਦੇ ਦੌਰ ਅੰਦਰ, ਗਰੀਬ ਤੇ ਮਜਲੂਮ ਸਿੱਖ ਜਗਤ ਦੇ ਉਹ ਦਿਨ ਸੁਪਨਾ ਹੋ ਗਏ ਹਨ, ਜਦੋਂ ਕਿਹਾ ਕਰਦੇ ਸਨ, ‘ਆ ਗਏ ਨਿਹੰਗ,ਬੂਹਾ ਖੋਲ੍ਹ ਦੇ ਨਿਸ਼ੰਗ’। ਉਕਤ ਕੁਕਰਮ ਤੋਂ ਹੁਣ ਤੇ ਜਥੇਦਾਰੋ! ਸਾਡੇ ਪੱਵਿਤਰ ਗੁਰਦੁਆਰੇ ਵੀ ਸੁਰਖਿਅਤ ਨਹੀਂ ਰਹੇ। ਤੁਹਾਡੇ ਕੋਲ, ਇੱਕ ਨਿਧਾਨ ਰਾਗੀ ਦੇ ਘਰ,ਉਸ ਦੀ ਪਤਨੀ ਨਾਲ ਛੇੜਖਾਨੀ ਕਰਨ ਵਾਲੇ ਨਾਮੀ ਪ੍ਰਚਾਰਕ ਦੀਆਂ ਘਿਨਾਉਂਣੀਆਂ ਕਰਤੂਤਾਂ ਦੀ ਚਿੱਠੇ, ਜਿੰਦਾ ਮਿਸਾਲ ਹਨ। ਅਬਦਾਲੀਆਂ ਤੋਂ ਦੂਸਰਿਆਂ ਦੀਆਂ ਧੀਆਂ, ਭੈਣਾਂ ਛੁਡਵਾਉਂਣ ਵਾਲੇ,ਅਜ ਕੀ ਕੜੀ ਘੋਲਦੇ ਹਨ? ਕਿਸੇ ਕੋਲੋਂ ਲੁਕੀ-ਛਿਪੀ ਨਹੀਂ। ਉਹ ਸਮਾਂ ਦੂਰ ਨਹੀਂ, ਜਦੋਂ ਸਿੱਖ ਪੰਥ ਸ਼ਰਮਿੰਦਗੀ’ਚ ਗਰਕ ਜਾਵੇਗਾ ਕਿ ਇਸ ਰਾਜ ਨੇ ਸਾਰੇ ਸਿੱਖ ਸਿਧਾਂਤ ਉਧੇੜ ਕੇ ਰੱਖ ਦਿੱਤੇ ਹਨ। ਪਾਏਦਾਰ ਸਿੱਖ ਸਮਾਜ ਉਸਾਰਨ ਲਈ, ਰਾਜਨੀਤਕ ਆਗੂਆਂ ਅਤੇ ਉਨ੍ਹਾਂ ਦੀ ਸਰਪ੍ਰਸਤੀ ਥੱਲੇ ਡਾਢੀ ਵਿਕਸਿਤ ਹੋਈ, ਉਨ੍ਹਾਂ ਦੇ ਪਿੱਠੂਆਂ ਦੀ ਬੇ-ਲਗਾਮ, ਬੇ-ਗੈਰਤ ਔਲਾਦ ਨੂੰ ਸਮਝਾਵਣੀ ਦੇਣ ਦੀ ਲੋੜ ਹੈ। ਅਸਲ ਵਿੱਚ ਔਰਤ ਦੀ ਸੁਰਖਿਆ, ਇਜਤ, ਮਾਨ-ਸਨਮਾਨ ਵਿੱਚ ਸਿੱਖ ਆਬਾਦੀ ਦਾ ਵਿਕਾਸ ਛੁਪਿਆ ਹੋਇਆ ਹੈ। ਸੋ, ਧਿਆਨ ਦੇਣ ਦੀ ਏਧਰ ਲੋੜ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top