Share on Facebook

Main News Page

ਕੇਸਗੜ੍ਹ ਸਾਹਿਬ ਦੀਆਂ ਕੰਧਾਂ ਕਮਜ਼ੋਰ ਕਿ ਸਾਡੇ ਕਿਰਦਾਰ ?
-: ਤਰਲੋਚਨ ਸਿੰਘ ਦੁਪਾਲਪੁਰ
001-408-915-1268

ਖ਼ਾਲਸੇ ਨੂੰ ਅੰਮ੍ਰਿਤ, ਅਨੰਦ ਅਤੇ ਸਿੱਖੀ ਕੇਸਾਂ-ਸਵਾਸਾਂ ਸੰਗ ਨਿਭਾਉਣ ਜਿਹੀਆਂ ਦਾਤਾਂ ਬਖ਼ਸ਼ਣ ਵਾਲ਼ੀ ਸ੍ਰੀ ਅਨੰਦਪੁਰ ਸਾਹਿਬ ਦੀ ਭਾਗ ਭਰੀ ਧਰਤੀ ’ਤੇ ਸੁਭਾਇਮਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚਿੰਤਾਜਨਕ ਖ਼ਬਰਾਂ ਆਈਆਂ ਨੇ। ਇਤਿਹਾਸਕ ਗੁਰਧਾਮਾਂ ਦੀ ਸੇਵਾ-ਸੰਭਾਲ਼ ਤੇ ਪ੍ਰਬੰਧ ਕਰ ਰਹੀ ਸੰਸਥਾ ਦੇ ਅਹੁਦੇਦਾਰਾਂ ਨੇ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਕੇਸਗੜ੍ਹ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਦੀਆਂ ਕੰਧਾਂ ‘ਕਾਫ਼ੀ ਕਮਜ਼ੋਰ’ ਹੋ ਗਈਆਂ ਹਨ। ਇਮਾਰਤਸਾਜ਼ੀ ਦੇ ਤਕਨੀਕੀ ਮਾਹਰਾਂ ਦੇ ਹਵਾਲੇ ਨਾਲ਼ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਇਹਨਾਂ ਕੰਧਾਂ ਦੀ ਫ਼ੌਰੀ ਤੌਰ ’ਤੇ ਮੁਰੰਮਤ ਨਾ ਕਰਵਾਈ ਗਈ ਤਾਂ ਭਵਿੱਖ ਵਿੱਚ ਕਾਫ਼ੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਕਰੋੜਾਂ ਰੁਪਏ ਦੇ ਫੰਡ ਜਾਰੀ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਇਹ ਸਾਰਾ ਕਾਰਜ ਕਾਰ-ਸੇਵਾ ਰਾਹੀਂ ਨੇਪਰੇ ਚਾੜ੍ਹਨ ਦਾ ਜਿੰਮਾ ਇੰਗਲੈਂਡ ਦੇ ‘ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ’ ਨੂੰ ਸੌਂਪਣ ਦਾ ਐਲਾਨ ਕੀਤਾ ਗਿਆ ਹੈ।

ਇਸ ਖ਼ਬਰ ਨੂੰ ‘ਚਿੰਤਾਜਨਕ’ ਕਹਿਣ ਪਿੱਛੇ ਕਾਰਨ ਇਹ ਹੈ ਕਿ ਗੁਰੂ ਕਾਲ ਤੋਂ ਬਣੇ ਹੋਏ ਇਤਿਹਾਸਕ ਅਸਥਾਨਾਂ ਦੀਆਂ ਕੰਧਾਂ ਦੇ ਕਮਜ਼ੋਰ ਹੋਣ ਦੀ ਸ਼ਾਇਦ ਇਹ ਪਹਿਲੀ ਖ਼ਬਰ ਹੋਵੇ। ਆਮ ਤੌਰ ’ਤੇ ਸੰਗਤ ਦੀ ਗਿਣਤੀ ਵਧਣ ਕਰ ਕੇ ਗੁਰਦੁਆਰਿਆਂ ਦੀਆਂ ਛੋਟੀਆਂ ਪਈਆਂ ਇਮਾਰਤਾਂ ਦੀ ਥਾਂ ਵੱਡੀਆਂ ਇਮਾਰਤਾਂ ਤਾਂ ਬਣਦੀਆਂ ਵੇਖੀਆਂ ਹਨ। ਪਰ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਕੰਧਾਂ ਦੀ ਕਮਜ਼ੋਰੀ...? ਇਹ ਗੱਲ ਹਜ਼ਮ ਕਰਨੀ ਔਖੀ ਜਾਪਦੀ ਹੈ।

ਇਹਨਾਂ ਸਤਰਾਂ ਦੇ ਲੇਖਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਮੈਂਬਰ ਹੋਣ ਨਾਤੇ ਇਸ ਵਿਸ਼ੇ ਬਾਬਤ ਸ਼੍ਰੋਮਣੀ ਕਮੇਟੀ ਦੇ ਰਹਿ ਚੁੱਕੇ ਅਤੇ ਕੁਝ ਮੌਜੂਦਾ ਉੱਚ ਅਧਿਕਾਰੀਆਂ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਪੀੜ੍ਹੀਆਂ ਤੋਂ ਬਸ਼ਿੰਦੇ ਕਈ ਮੋਹਤਬਰ ਸੱਜਣਾਂ ਨਾਲ਼ ਫ਼ੋਨ ’ਤੇ ਗੱਲਬਾਤ ਕੀਤੀ। ਕਿਸੇ ਇੱਕ ਵਿਅਕਤੀ ਨੇ ਵੀ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨੂੰ ਉਚਿਤ ਨਹੀਂ ਠਹਿਰਾਇਆ। ਕੋਈ ਕਹਿ ਰਿਹਾ ਸੀ ਕਿ ਇਹ ਸਾਰਾ ਸਟੰਟ, ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੋਏ ਇੱਕ ਸਿਆਸੀ ਟੱਬਰ ਦੀ ਕਿਸੇ ਨਜ਼ਦੀਕੀ ਕੰਸਟਰਕਸ਼ਨ ਫਰਮ ਨੂੰ ਲਾਭ ਪਹੁੰਚਾਉਣ ਲਈ ਹੀ ਕੀਤਾ ਜਾ ਰਿਹਾ ਹੈ। ਮਾਇਆ ਨਾਲ਼ ‘ਹੱਥ ਰੰਗਣ’ ਦੇ ਅਜਿਹੇ ਹੀ ਦੋਸ਼ ਕਈ ਵਿਅਕਤੀ ਹੋਰ ਅਹੁਦੇਦਾਰਾਂ ਉੱਤੇ ਵੀ ਲਗਾ ਰਹੇ ਹਨ।

ਐਸ.ਜੀ.ਪੀ.ਸੀ. ਦੇ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਸਤਿਕਾਰਤ ਅਹੁਦੇ ’ਤੇ ਲੰਮਾ ਅਰਸਾ ਸੇਵਾ ਕਰਦੇ ਰਹੇ ਇੱਕ ਪੜ੍ਹੇ ਲਿਖੇ ਸੱਜਣ ਦਾ ਕਹਿਣਾ ਸੀ ਕਿ ਜਦੋਂ ਵੀ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਹੁੰਦੀ ਹੈ ਤਾਂ ਇਮਾਰਤਸਾਜ਼ੀ ਦੇ ਮਾਹਰਾਂ ਕੋਲ਼ੋਂ ਸਰੋਵਰ ਵਿਚਕਾਰ ਖੜ੍ਹੀ ਇਮਾਰਤ ਦੇ ਜਲ਼ ਵਿੱਚ ਰਹਿਣ ਵਾਲ਼ੇ ਹਿੱਸੇ ਦਾ ਨਿਰੀਖਣ ਕਰਵਾਇਆ ਜਾਂਦਾ ਹੈ। ਸਾਰੇ ਮਾਹਰ ਦੰਗ ਹੁੰਦੇ ਹੋਏ ਇਹੀ ਰਿਪੋਰਟ ਦਿੰਦੇ ਹਨ ਕਿ ਇਸ ਇਤਿਹਾਸਕ ਇਮਾਰਤ ਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ। ਸਦੀਆਂ ਤਕ ਇਹ ਆਪਣੇ ਇਸੇ ਰੂਪ ਵਿੱਚ ਕਾਇਮ ਰਹੇਗੀ। ਹਿੱਕ ਠੋਕਵੇਂ ਦਾਅਵੇ ਨਾਲ਼ ਇਸ ਸਿੰਘ ਨੇ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਕੰਧਾਂ ਦੀ ਪਕਿਆਈ ਦੀ ਤੁਲਨਾ ਸ੍ਰੀ ਦਰਬਾਰ ਸਾਹਿਬ ਨਾਲ਼ ਕਰਦਿਆਂ ਵਰਤਮਾਨ ਸ਼੍ਰੋਮਣੀ ਕਮੇਟੀ ਦੀ ‘ਕਚਿਆਈ’ ਸਿਰ ਭਾਂਡਾ ਭੰਨਿਆ।

ਸ੍ਰੀ ਅਨੰਦਪੁਰ ਸਾਹਿਬ ਦੇ ਇੱਕ ਕਾਲਜ ਵਿੱਚ ਲੈਕਚਰਾਰ ਰਹੇ ਇੱਕ ਪ੍ਰੋਫ਼ੈਸਰ ਸਾਹਿਬ ਨੇ ਪ੍ਰਸਤਾਵਿਤ ਕਾਰ ਸੇਵਾ ਦੀ ਅੱਧ-ਪਚੱਧੀ ਹਮਾਇਤ ਤਾਂ ਕੀਤੀ, ਪਰ ਉਹਨਾਂ ਕੰਧਾਂ ਦੀ ਕਮਜ਼ੋਰੀ ਦੀ ਥਾਂ ਉਸ ਇਤਿਹਾਸਕ ਅਸਥਾਨ ਉੱਪਰ ਕੀਤੀਆਂ ਜਾ ਰਹੀਆਂ ਨੰਗੀਆਂ-ਚਿੱਟੀਆਂ ਸਿਧਾਂਤਕ ਕਮਜ਼ੋਰੀਆਂ ਦਾ ਵੇਰਵਾ ਦੱਸ ਕੇ ਮੇਰੇ ਵੀ ਕਪਾਟ ਖੋਲ੍ਹ ਦਿੱਤੇ:

“....ਤੀਹ-ਚਾਲ਼ੀ ਮਜਬੂਤ ਕਮਰਿਆਂ ਦੇ ਉੱਪਰ ਬਣੀ ਹੋਈ ਤਖ਼ਤ ਸਾਹਿਬ ਦੀ ਇਮਾਰਤ ਦੀਆਂ ਬੁਨਿਆਦੀ ਕੰਧਾਂ ਦੀ ਕਮਜ਼ੋਰੀ ਤਾਂ ਸ਼੍ਰੋਮਣੀ ਕਮੇਟੀ ਨੂੰ ਬਹੁਤ ਅਸਾਨ ਨਜ਼ਰ ਆ ਗਈ, ਪਰ ਖ਼ਾਲਸਾ ਪੰਥ ਦੇ ਪ੍ਰਗਟ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੌਜੂਦਾ ਪ੍ਰਬੰਧਨ ਵਿੱਚ ਜੋ ਸਿਧਾਂਤਕ ਕਮਜ਼ੋਰੀਆਂ ਹਨ, ਉਹਨਾਂ ਨੂੰ ਦੂਰ ਕਰਨ-ਕਰਵਾਉਣ ਲਈ ਸਾਡੇ ਇਹਨਾਂ ਧਾਰਮਿਕ ਆਗੂਆਂ ਨੂੰ ਕੋਈ ‘ਵਿਸ਼ਾ-ਮਾਹਰ’ ਨਹੀਂ ਲੱਭਦਾ...।

ਪ੍ਰੋਫ਼ੈਸਰ ਸਾਹਿਬ ਦਾ ਕਹਿਣਾ ਸੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ’ਤੇ ਖ਼ਾਲਸਾ ਪੰਥ ਸਾਜਣ ਵਾਲ਼ੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਿੰਦੀ ਪੁੱਤਰਾਂ (ਭਾਵ ਚਾਰੇ ਸਾਹਿਬਜ਼ਾਦੇ) ਨਾਲ਼ੋਂ ਨਾਦੀ-ਪੁੱਤਰਾਂ (ਭਾਵ ਪੰਥ ਖ਼ਾਲਸਾ) ਨਾਲ ਮੋਹ ਨੂੰ ਪਹਿਲ ਦਿੱਤੀ। ਬਕੌਲ ਵਿਧਾਤਾ ਸਿੰਘ ‘ਤੀਰ’, ਗੁਰੂ ਜੀ ਨੇ ਚਮਕੌਰ ਵਿੱਚੋਂ ਤਾੜੀ ਮਾਰ ਕੇ ਜਾਣ ਵੇਲ਼ੇ ਆਪਣੇ ਵੱਡੇ ਪੁੱਤਰਾਂ ਦੀਆਂ ਬੇਖ਼ਫ਼ਨ ਲਾਸ਼ਾਂ ਕੋਲ਼ ਰੁਕੇ ਭਾਈ ਦਇਆ ਸਿੰਘ ਨੂੰ ਲਲਕਾਰ ਕੇ ਕਿਹਾ ਸੀ:

ਮੈਨੂੰ ਰਤੀ ਪ੍ਰਵਾਹ ਨਹੀਂ ਜੱਗ ਸਾਰਾ
ਭਾਵੇਂ ਲੱਖ ਵਾਰੀ ਰਣ ਦਾ ਚੋਰ ਸਮਝੇ
ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ
‘ਸਿੱਖ ਹੋਰ’ ਸਮਝੇ ਤੇ ‘ਪੁੱਤ ਹੋਰ’ ਸਮਝੇ।

ਪੁੱਤਰਾਂ ਨਾਲ਼ੋਂ ਆਪਣੇ ਸਿੱਖਾਂ ਪ੍ਰਤੀ ਵੱਧ ਤਿਹ-ਮੋਹ ਰੱਖਣ ਵਾਲ਼ੇ ਸਾਹਿਬ ਦਸਮੇਸ਼ ਪਿਤਾ ਦੀ ਇਸ ਬਖ਼ਸ਼ਿਸ਼ ’ਤੇ ਅਟੱਲ ਪਹਿਰਾ ਦਿੰਦਿਆਂ ਸਾਡੇ ਵਡਾਰੂਆਂ ਨੇ ‘ਅਰਦਾਸ’ ਵਿੱਚ ਪਹਿਲ ‘ਪੰਜ ਪਿਆਰਿਆਂ’ ਨੂੰ ਦਿੱਤੀ, ਜਦਕਿ ਚਾਰ ਸਾਹਿਬਜ਼ਾਦਿਆਂ ਦਾ ਸਥਾਨ ਬਾਅਦ ਵਿੱਚ ਰੱਖਿਆ।

ਪਰ ਹੁਣ ਇਸ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਜੀ ਦਾ ‘ਪੁੱਤਰ ਮੋਹ’ ਸੁਣ ਲਓ। ਇੱਥੇ ‘ਸਿੰਘ ਸਾਹਿਬ’ ਨਿਯੁਕਤ ਹੋਣ ਤੋਂ ਪਹਿਲਾਂ ਇਹ ਸ੍ਰੀਮਾਨ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗ੍ਰੰਥੀ ਸਿੰਘ ਦੇ ਅਹੁਦੇ ’ਤੇ ਸਨ। ਜਿਉਂ ਹੀ ਇਹਨਾਂ ਨੂੰ ਕੇਸਗੜ੍ਹ ਸਾਹਿਬ ਦਾ ‘ਜਥੇਦਾਰ’ ਬਣਾਇਆ ਗਿਆ ਤਾਂ ਇਹਨਾਂ ਖ਼ਾਲੀ ਹੋਏ ਅਹੁਦੇ ’ਤੇ ਆਪਣੇ ਪੁੱਤਰ ਨੂੰ ਸ੍ਰੀ ਦਰਬਾਰ ਸਾਹਿਬ ਦਾ ਗਰੰਥੀ ਨਿਯੁਕਤ ਕਰਵਾ ਦਿੱਤਾ। ਜਦਕਿ ਉਹ ਓਥੋਂ ਦੀਆਂ ਸ਼ਰਤਾਂ ਵੀ ਪੂਰੀਆਂ ਨਹੀਂ ਸੀ ਕਰਦਾ। ਸ਼੍ਰੋਮਣੀ ਕਮੇਟੀ ਦੇ ਕਾਇਦੇ ਕਨੂੰਨ ਅਤੇ ਦਰਬਾਰ ਸਾਹਿਬ ਦੀ ਮਰਯਾਦਾ ਮੁਤਾਬਿਕ ਚਾਲ਼ੀ ਸਾਲ ਦੀ ਉਮਰ ਤੋਂ ਘੱਟ ਦਾ ਕੋਈ ਵਿਅਕਤੀ ਓਥੇ ਗਰੰਥੀ ਨਹੀਂ ਲਾਇਆ ਜਾ ਸਕਦਾ। ਪਰ ਸਿੰਘ ਸਾਹਿਬਾਨਾਂ ਦੇ ‘ਪੁੱਤਰ ਸਾਹਿਬਾਨਾਂ’ ਲਈ ਕਾਇਦੇ-ਕਨੂੰਨ ਜਾਂ ਰਵਾਇਤਾਂ ਕੋਈ ਮਾਅਨੇ ਨਹੀਂ ਰੱਖਦੇ। ਇਹ ਵੱਖਰੀ ਗੱਲ ਹੈ ਕਿ ਇਹ ਗਰੰਥੀ ਜੀ ਸ੍ਰੀ ਦਰਬਾਰ ਸਾਹਿਬ ਵਿਖੇ ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਇੱਕ-ਦੋ ਵਾਰੀ ਭੁੱਲ ਗਏ। ਟੀ.ਵੀ. ਰਾਹੀਂ ਸ੍ਰੀ ਦਰਬਾਰ ਸਾਹਿਬ ਨਾਲ਼ ਜੁੜੇ ਹੋਏ ਹਜ਼ਾਰਾਂ-ਲੱਖਾਂ ਸ਼ਰਧਾਲੂ-ਜਨਾਂ ਦੇ ਆਪਣੇ ਮੁਕੱਦਸ ਅਸਥਾਨ ’ਤੇ ਉੱਕਦੇ-ਭੁੱਲਦੇ ਗਰੰਥੀ ਨੂੰ ਵੇਖ ਕੇ ਜੇ ਮਨਾਂ ਨੂੰ ਠੇਸ ਲੱਗਦੀ ਹੈ ਤਾਂ ਲੱਗੀ ਜਾਵੇ। ਅਜਿਹੀਆਂ ‘ਠੇਸਾਂ-ਠੂਸਾਂ’ ਬਾਰੇ ਵਿਚਾਰ ਕਰਨ ਨਾਲ਼ੋਂ ਸਿੰਘ ਸਾਹਿਬ ਦਾ ਲੜਕਾ ‘ਅਡਜਸਟ’ ਕਰਨਾ ਅਤਿਅੰਤ ਜ਼ਰੂਰੀ ਹੁੰਦਾ ਹੈ।

ਹੁਣ ਵਾਰੀ ਆ ਗਈ ਇਸੇ ਸਿੰਘ ਸਾਹਿਬ ਜੀ ਦੇ ਦੂਸਰੇ ਲੜਕੇ ਦੀ। ਉਹਦੇ ਕੋਲ਼ ਤਾਂ ਵੀ ਤਖ਼ਤ ਦੇ ਜਥੇਦਾਰ ਦਾ ਪੁੱਤਰ ਹੋਣ ਦੀ ‘ਯੋਗਤਾ’ ਬਣ ਹੀ ਗਈ ਸੀ। ਜਥੇਦਾਰ ਜੀ ਨੂੰ ‘ਲੋੜ’ ਪੈ ਗਈ ਪੀ.ਏ. ਰੱਖਣ ਦੀ। ਇਹ ਕਿਵੇਂ ਹੋ ਸਕਦਾ ਸੀ ਕਿ ‘ਕਿਸੇ ਹੋਰ ਸਿੱਖ’ ਦਾ ਪੁੱਤ, ਉਸ ਦੇ ‘ਪਿਤਾ ਸ੍ਰੀ’ ਦਾ ਪੀ.ਏ. ਲੱਗ ਜਾਂਦਾ? ਸੋ ਜਥੇਦਾਰ ਜੀ ਨੇ ਪੀ.ਏ. ਦੀ ਅਸਾਮੀ ਲਈ ਯੋਗਤਾ ਪੂਰੀ ਰੱਖਣ ਵਾਲ਼ੇ ‘ਜੀਵਤ ਕਈ ਹਜ਼ਾਰ’ ਵਿੱਚੋਂ ‘ਆਪਣਾ ਪੁੱਤ’ ਚੁਣ ਲਿਆ।

ਏਥੇ ਗੱਲ ਪਹੁੰਚੀ ਤਾਂ ਮੈਂ ਪ੍ਰੋਫ਼ੈਸਰ ਨੂੰ ਟੋਕਦਿਆਂ ਪੁੱਛਿਆ ਜਥੇਦਾਰ ਵੱਲੋਂ ਆਪਣਾ ਮੁੰਡਾ ਪੀ.ਏ. ਰੱਖਣ ਵਾਲ਼ੀ ਗੱਲ ਤਾਂ ਕੋਈ ਜੱਗੋਂ ਤੇਰ੍ਹਵੀਂ ਨਹੀਂ। ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਰਤਮਾਨ ਜਥੇਦਾਰ ਦੀ ਰੀਸ ਕਰਦਿਆਂ ਕੇਸਗੜ੍ਹ ਸਾਹਿਬ ਵਾਲ਼ੇ ਜਥੇਦਾਰ ਨੇ ਵੀ ਆਪਣੇ ਲੜਕੇ ਦੇ ਰੁਜ਼ਗਾਰ ਦਾ ਪ੍ਰਬੰਧ ਕਰ ਲਿਆ। ਤਦ ਫਿਰ ਕੀ ਪਹਾੜ ਢਹਿ ਪਿਆ?

ਪ੍ਰੋਫ਼ੈਸਰ ਜੀ ਦੀਆਂ ਗੱਲਾਂ ਦੀ ਤਸਦੀਕ ਕਰਨ ਹਿੱਤ ਮੈਂ ਅਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਵਿੱਚ ਮੁਲਾਜ਼ਮਤ ਕਰ ਰਹੇ ਇੱਕ ਹੋਰ ਜਾਣੂ ਨਾਲ਼ ਰਾਬਤਾ ਬਣਾਇਆ। ਉੱਪਰ ਲਿਖੀ ਗਈ ਇੱਕ-ਇੱਕ ਗੱਲ ’ਤੇ ਸਹੀ ਹੋਣ ਦਾ ਠੱਪਾ ਲਾਉਂਦਿਆਂ ਉਸ ਨੇ ਆਪਣਾ ਨਾਂ ਨਾ ਜ਼ਾਹਰ ਕੀਤੇ ਜਾਣ ਦੀ ਸ਼ਰਤ ’ਤੇ ਕੇਸਗੜ੍ਹ ਸਾਹਿਬ ਦੀਆਂ ਕੰਧਾਂ ਦੀ ਕਮਜ਼ੋਰੀ ਨੂੰ ਸਿਰੇ ਤੋਂ ਨਕਾਰਦਿਆਂ, ਇੱਕ ਹੋਰ ਸਿਧਾਂਤਕ ਕਮਜ਼ੋਰੀ ਜਾਂ ਅਵੱਗਿਆ ਦੀ ਦੱਸ ਪਾਈ।

ਉਸ ਦਾ ਕਹਿਣਾ ਸੀ ਕਿ ਜਿਸ ਅਸਥਾਨ ’ਤੇ ਗੁਰੂ ਦਸਮੇਸ਼ ਜੀ ਨੇ ਜਾਤਿ-ਗੋਤ ਮਿਟਾ ਕੇ ਖ਼ਾਲਸਾ ਸਾਜਿਆ; ਪੰਜਾਂ ਪਿਆਰਿਆਂ ’ਚੋਂ ਇੱਕ ਭਾਈ ਧਰਮ ਸਿੰਘ ਨੂੰ ‘ਜੱਟਪੁਣਾ’ ਤਿਆਗਣ ਦੀ ਹਦਾਇਤ ਕਰਦਿਆਂ ਮੋਹ ਨਾਲ਼ ਆਖਿਆ ਸੀ ਕਿ ‘ਤੂੰ ਵੀ ਨਹੀਓਂ ਜੱਟ, ਮੈਂ ਵੀ ਸੋਢੀ ਨਹੀਂਓਂ ਰਹਿ ਗਿਆ।’ ਪਰ ਅੱਜ ਓਸੇ ਅਨੰਦਪੁਰ ਸਾਹਿਬ ਦੇ ਗੁਰਧਾਮਾਂ ਦਾ ਮੈਨੇਜਰ ਖ਼ੁਦ ਨੂੰ ‘ਗਰੇਵਾਲ ਸਾਹਬ’ ਅਖਵਾਉਂਦਾ ਹੈ।

ਭਾਈ ਸਾਹਿਬ ਜੇ ਸਾਰੇ ਗੁਰਦੁਆਰਿਆਂ ਦਾ ਪ੍ਰਧਾਨ ਗੋਤ ਨੂੰ ਗਲ਼ ਨਾਲ਼ ਲਾ ਕੇ ‘ਮੱਕੜ ਸਾਹਬ’ ਅਖਵਾਉਂਦਾ ਹੈ ਤਾਂ ਅਨੰਦਪੁਰ ਸਾਹਿਬ ਦੇ ਇੱਕ ਗੁਰਦੁਆਰੇ ਦਾ ਮੈਨੇਜਰ ‘ਗਰੇਵਾਲ ਸਾਹਬ’ ਨਹੀਂ ਹੋ ਸਕਦਾ..?

ਮੇਰੇ ਇਸ ਸਵਾਲ ਨੂੰ ਅਣਸੁਣਿਆ ਜਿਹਾ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਵਾਲ਼ੇ ਮੁਲਾਜ਼ਮ ਨੇ ਅਖੀਰ ਇਹ ‘ਤੋੜਾ’ ਝਾੜਿਆ:

ਵੇਖੋ ਜੀ, ਕੇਸਗੜ੍ਹ ਸਾਹਿਬ ਦੀਆਂ ਕੰਧਾਂ ਵਿੱਚ ਕੋਈ ਕਮਜ਼ੋਰੀ ਨਹੀਂ ਆਈ। ਕਮਜ਼ੋਰੀ ਤਾਂ ਸਾਡੇ ਕਿਰਦਾਰ ਵਿੱਚ ਆਈ ਹੈ। ਸਿਤਮ ਦੀ ਗੱਲ ਹੈ ਕਿ ਕੰਧਾਂ ਦੀ ਕਮਜ਼ੋਰੀ ਲੱਭਣ ਭੱਜ ਪਏ, ਪਰ ਆਹ ਜੋ ਸਭ ਦੇ ਸਾਹਮਣੇ ਸਿੱਖ ਫਲਸਫੇ ਦੀ ਜੱਗ ਹਸਾਈ ਹੋ ਰਹੀ ਹੈ, ਉਹਦੇ ਵੱਲ ਵੇਖ ਕੇ ਘੇਸਲ ਵੱਟ ਲੈਂਦੇ ਨੇ ਸਾਰੇ। ਉੱਪਰ ਤੋਂ ਲੈ ਕੇ ਹੇਠਾਂ ਸਭ ਨੇ ਕੰਨਾਂ ਵਿੱਚ ਪਾ ਲਿਆ ਐ ਕੌੜਾ ਤੇਲ ਤੇ ਅੱਖਾਂ ’ਚ ਸਿਲਾਈਆਂ ਫੇਰ ਲਈਆਂ ਨੀਲੇ ਥੋਥੇ ਦੀਆਂ। ਧਰਮ ਪਿਆਰਾ ਨਹੀਂ, ਬੱਸ ਲਿਫਾਫੇ ਪਿਆਰੇ ਹੋ ਗਏ...।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top