Share on Facebook

Main News Page

ਦਿੱਲ੍ਹੀ ਕਮੇਟੀ, ਜਥੇਦਾਰ ਤੇ ਪ੍ਰਚਾਰਕਾਂ ਦੀ ਗੁਰੂ ਦੋਖੀਆਂ ਨੂੰ ਮਾਨਤਾ
-: ਅਵਤਾਰ ਸਿੰਘ ਮਿਸ਼ਨਰੀ 510 432 5827

ਅਖੌਤੀ ਭੂਤਾਂ ਦੇ ਨਾਂ ਤੇ ਜਨਤਾ ਨੂੰ ਡਰਾ ਕੇ ਲੁੱਟਣ ਵਾਲੇ ਪੰਥ ਦੋਖੀ ਵਡਭਾਗ (ਦੁਰਭਾਗ) ਸਿੰਘ ਦਾ 300 ਸਾਲਾ ਜਨਮ ਦਿਨ ਬੰਗਲਾ ਸਾਹਿਬ ਜੀ ਦੇ ਗੁਰਦੁਆਰੇ ਮਨਾਉਣਾਂ ਤੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਅਤੇ ਹੈੱਡ ਗ੍ਰੰਥੀ ਗਿ. ਰਣਜੀਤ ਸਿੰਘ ਦਾ ਇਸ ਕੂੜ ਸਮਾਗਮ ਵਿੱਚ ਸ਼ਾਮਲ ਹੋਣ ਲਈ ਇਸ਼ਤਿਹਾਰ ਵਿੱਚ ਫੋਟੋਆਂ ਸਮੇਤ ਨਾਮ ਦੇਣਾ, ਸਮੁੱਚੀ ਸਿੱਖ ਕੌਮ ਦਾ ਮੂੰਹ ਚਿੜਾਉਣਾ, ਦੇਹਧਾਰੀ ਦੰਬੀਆਂ ਨੂੰ ਮਾਣਤਾ ਦੇਣੀ ਅਤੇ ਮਸੰਦਪੁਣਾ ਸਾਬਤ ਕਰਨਾ ਹੈ। ਗਿ. ਰਣਜੀਤ ਸਿੰਘ ਤਾਂ ਸਭ ਕੁਝ ਜਾਣਦਾ ਹੋਇਆ ਕਰ ਰਿਹਾ ਹੈ ਮਿਸ਼ਨਰੀ ਕਾਲਜ ਰੋਪੜ ਤੋਂ ਧਰਮ ਵਿਦਿਆ ਪੜ੍ਹਿਆ ਹੈ ਜਿਹੜਾ ਕਾਲਜ ਦੰਬੀਆਂ, ਪਾਖੰਡੀਆਂ ਅਤੇ ਗੁਰੂ ਦੋਖੀਆਂ ਦੇ ਵਿਰੁੱਧ ਪ੍ਰਚਾਰ ਕਰਦਾ ਅਤੇ ਵਿਦਿਆਰਥੀਆਂ ਨੂੰ ਸਿਖਿਆ ਦਿੰਦਾ ਹੈ ਪਰ ਓਥੋਂ ਪੜ੍ਹੇ ਤੇ ਡੇਰਿਆਂ ਅਤੇ ਰਾਜਨੀਤਕ ਪਾਰਟੀਆਂ ਨਾਲ ਮਿਲ ਕੇ ਮਸ਼ਹੂਰੀ ਅਤੇ ਮਾਇਆ ਖਾਤਰ ਗਿ. ਪਿੰਦਰਪਾਲ ਸਿੰਘ ਵਰਗੇ ਵੀ- ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ ਪੰਨਾ 1376 (ਗੁਰੂ ਗ੍ਰੰਥ) ਅਜਿਹਾ ਸਭ ਕੁਝ ਕਰੀ ਕਰਾਈ ਜਾ ਰਹੇ ਹਨ। ਇਸ ਵਿੱਚ ਮਿਸ਼ਨਰੀ ਕਾਲਜ ਦਾ ਸਿਰਫ ਏਨਾਂ ਹੀ ਕਸੂਰ ਹੈ ਕਿ ਉਸ ਨੇ ਪ੍ਰਚਾਰਕ ਬਹੁਤ ਬਣਾ ਦਿੱਤੇ ਹਨ, ਪਰ ਉਨ੍ਹਾਂ ਨੂੰ ਸੰਭਾਲਿਆ ਅਤੇ ਵਿਉਂਤਬੰਦੀ ਨਾਲ ਗੁਰਮਤਿ ਕੰਟਰੋਲ ਵਿੱਚ ਨਹੀਂ ਰੱਖਿਆ ਇਸ ਲਈ ਉਹ ਆਪ ਮੁਹਾਰੇ ਹੋ ਕੇ, ਗੁਰਮਤਿ ਵਿਰੋਧੀ ਗਤੀ ਵਿਧੀਆਂ ਵਿੱਚ ਵੀ ਸ਼ਾਮਲ ਹੋ ਜਾਂਦੇ ਹਨ।

ਜਦ ਹੁਣ ਜੀ ਕੇ ਵਾਲੀ ਦਿੱਲ੍ਹੀ ਕਮੇਟੀ, ਮੱਕੜ ਵਾਲੀ ਸ਼੍ਰੋਮਣੀ ਕਮੇਟੀ ਅਤੇ ਉਨ੍ਹਾਂ ਦੇ ਤਨਖਾਹਦਾਰ ਜਥੇਦਾਰ ਸਾਰੇ ਚੋਰ ਤੇ ਕੁੱਤੀ ਰਲ ਜਾਣ ਦੀ ਕਹਾਵਤ ਨੂੰ ਪੂਰਾ ਕਰਦੇ ਹੋਏ, ਪੰਥ ਵਿਰੋਧੀ ਡੇਰੇਦਾਰਾਂ ਨੂੰ ਮਾਨਤਾ ਦੇਣ ਲੱਗ ਜਾਣ ਤਾਂ ਸਮੂੰਹ ਗੁਰਸਿੱਖ ਜਥੇਬੰਦੀਆਂ ਨੂੰ ਛੋਟੇ ਮੋਟੇ ਮਤਭੇਦ ਭੁਲਾ ਕੇ, ਇਨ੍ਹਾਂ ਮਸੰਦਾਂ ਦੀ ਤਿਕੜੀ ਨੂੰ ਰੋਕਣਾ ਚਾਹੀਦਾ ਹੈ। ਘੱਟ ਤੋਂ ਘੱਟ ਜਾਗਰੂਕ ਧਿਰਾਂ ਤਾਂ ਇੱਕ ਹੋ ਕੇ ਇਨ੍ਹਾਂ ਮਸੰਦਾਂ ਖਿਲਾਫ ਬਿਆਨ ਦੇਣ ਨਾਂ ਕਿ ਆਪਸ ਵਿੱਚ ਹੀ ਇੱਕ ਦੂਜੇ ਦੇ ਪੈਰ ਖਿੱਚੀ ਜਾਣ।

ਕਿਸੇ ਨਾਂ ਕਿਸੇ ਤਰੀਕੇ ਗੁਰਦੁਆਰਾ ਪ੍ਰਬੰਧ ਵਿੱਚ ਆਉਣ ਤਾਂ ਹੀ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਜਾਚਕ ਜੀ ਵਰਗੇ ਕਦਾਵਰ ਧਾਰਮਿਕ ਪ੍ਰਚਾਰਕ ਜੇ ਘੱਟ ਤੋਂ ਘੱਟ ਪ੍ਰਚਾਰਕ ਵਰਗ ਨੂੰ ਹੀ ਨਾਲ ਲੈ ਕੇ ਚੱਲ ਪੈਣ ਅਤੇ ਗੁਰਮੱਤੀ ਪ੍ਰਚਾਰਕਾਂ ਨੂੰ ਸਮਝਾਉਣ ਕਿ ਲਾਲਚ ਵਿੱਚ ਜਾਂ ਪਾਰਟੀ ਸਪੋਟ ਕਰਕੇ ਗੁਰਮਤਿ ਵਿਰੋਧੀ ਸਮਾਗਮਾਂ ਵਿੱਚ ਨਾਂ ਜਾਣ ਤਾਂ ਕਮੇਟੀਆਂ ਨੂੰ ਵੀ ਸੁਰਤਿ ਆ ਸਕਦੀ ਹੈ। ਰੱਜੇ ਪੁੱਜੇ ਪ੍ਰਚਾਰਕਾਂ ਨੂੰ ਤਾਂ ਲਾਲਚ ਨਹੀਂ ਕਰਨਾ ਚਾਹੀਦਾ, ਚਲੋ ਆਰਥਕ ਤੌਰ ਤੇ ਪਛੜਿਆ ਪ੍ਰਚਾਰਕ ਤਾਂ ਰੋਜੀ ਰੋਟੀ ਲਈ ਕਰ ਬੈਠਦਾ ਹੈ, ਪਰ ਗਿ. ਰਣਜੀਤ ਸਿੰਘ ਦਿੱਲ੍ਹੀ ਅਤੇ ਗਿ. ਗੁਰਬਚਨ ਸਿੰਘ ਨੂੰ ਤਾਂ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਜਥੇਦਾਰ ਅਤੇ ਹੈੱਡ ਗ੍ਰੰਥੀ ਹੋ ਕੇ ਕਰ ਰਹੇ ਹਨ।

ਹਾਂ ਜਾਂ ਤਾਂ ਸਾਰਾ ਪੰਥ ਸਾਂਝੇ ਤੌਰ 'ਤੇ ਪੰਥ ਦੋਖੀ ਅਤੇ ਵੱਖਰੀ ਭਗਵੀ ਮਰਯਾਦਾ ਵਾਲੇ ਸਿੱਖ ਕਹਾਉਣ ਵਾਲੇ ਡੇਰਿਆਂ ਨੂੰ ਹੁਕਮਨਾਮਾ ਜਾਰੀ ਕਰਕੇ ਕਹਿਣ ਕਿ ਪਹਿਲੇ ਸਾਰੇ ਡੇਰੇਦਾਰ ਗੁਰੂ ਪੰਥ ਤੋਂ ਗੁਰੂ ਘਰ ਨਾਲ ਕੀਤੇ ਧੋਖਿਆਂ ਦੀ ਮੁਆਫੀ ਮੰਗਣ ਅਤੇ ਆਪੋ ਆਪਣੀ ਮਰਯਾਦਾ ਅਤੇ ਗੱਦੀਆਂ ਬੰਦ ਕਰਕੇ ਇੱਕ ਗੁਰੂ ਗ੍ਰੰਥ ਪੰਥ ਦੀ ਮਰਯਾਦਾ ਵਿੱਚ ਸ਼ਾਮਲ ਹੋ ਜਾਣ। ਜਿਹੜੇ ਹੁੰਦੇ ਹਨ ਉਨ੍ਹਾਂ ਦੇ ਸਮਾਗਮਾਂ 'ਤੇ ਜਾਓ ਤੇ ਬਾਕੀਆਂ ਦਾ ਬਾਈਕਾਟ ਕਰੋ। ਜੇ ਪ੍ਰਬੰਧਕ ਨਹੀਂ ਵੀ ਮੰਨਦੇ ਤਾਂ ਕਿਰਤੀ ਸਿੱਖ ਸੰਗਤਾਂ ਅਤੇ ਗੁਰਮੱਤੀ ਪ੍ਰਚਾਰਕ ਹੀ ਇਕੱਠੇ ਹੋ ਕੇ ਹੰਭਲਾ ਮਾਰਨ, ਜਿਹੜੀਆਂ ਗੁਰਦੁਆਰਾ ਕਮੇਟੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਬੰਦ ਨਹੀਂ ਕਰਦੀਆਂ, ਓਥੇ ਓਥੇ ਗੋਲਕਾਂ ਭਰਨੀਆਂ ਬੰਦ ਕਰ ਦੇਣ ਤਾਂ ਹੀ ਗੁਰਮਤਿ ਵਿਰੋਧੀ ਕਾਰਵਾਈਆਂ ਕਰਨ ਵਾਲੇ ਪ੍ਰਬੰਧਕ ਸੁਧਰ ਸਕਦੇ ਹਨ ਵਰਨਾ ਡੇਰਵਾਦੀ ਪਾਰਟੀਬਾਜ ਪ੍ਰਬੰਧਕਾਂ ਅਤੇ ਲਾਲਚੀ ਪ੍ਰਚਾਰਕਾਂ ਚੋਂ ਮਸੰਦਪੁਣਾ ਦੂਰ ਨਹੀਂ ਹੋਣਾ।

ਅਰਦਾਸਿ ਹੈ ਗੁਰੂ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਸੁਮਤਿ ਬਖਸ਼ੇ ਕਿ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਸਿਖਿਆਵਾਂ ਦਾ ਹੀ ਪ੍ਰਚਾਰ ਕਰਨ।


ਨੋਟ: ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਰਮਤਿ ਸਮਾਗਮ ਬੰਗਲਾ ਸਾਹਿਬ ਤੋਂ ਹਟਾ ਕੇ ਕਵਾਤਰਾ ਟੈਂਟ, ਰਾਜਾ ਗਾਰਡਨ, ਨਵੀਂ ਦਿੱਲੀ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਇਸ ਵਿੱਚ ਕਿੰਨੀ ਸੱਚਾਈ ਹੈ, ਇਸ ਬਾਰੇ ਹਾਲੇ ਪੂਰੀ ਜਾਣਕਾਰੀ ਨਹੀਂ, ਪਰ ਬੰਗਲਾ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਬਾਰੇ ਪਰਮਜੀਤ ਸਿੰਘ ਰਾਣਾ ਨੇ ਕਿਹਾ ਹੈ ਕਿ ਇਹ ਸਮਾਗਮ ਇਥੇ ਨਹੀਂ ਹੋ ਰਿਹਾ।
- ਸੰਪਾਦਕ ਖ਼ਾਲਸਾ ਨਿਊਜ਼

ਬੰਗਲਾ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਦਾ ਪੋਸਟਰ

ਬਦਲੇ ਹੋਏ ਸਥਾਨ ਨਾਲ ਸਮਾਗਮ ਦਾ ਪੋਸਟਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top