Share on Facebook

Main News Page

ਲਿਫਾਫਿਆਂ ਦੀ ਖੇਡ (ਇਕ ਵਿਅੰਗ)
-: ਇੰਦਰਜੀਤ ਸਿੰਘ, ਕਾਨਪੁਰ

ਅੱਜ ਅਖਬਾਰ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾਂ ਜੀ ਦਾ ਇਹ ਬਿਆਨ ਪੜ੍ਹ ਕੇ ਹਾਸਾ ਵੀ ਆਇਆ ਤੇ ਹੈਰਾਨਗੀ ਵੀ ਬਹੁਤ ਹੋਈ, ਜਿਸ ਵਿੱਚ ਉਨ੍ਹਾਂ ਨੇ ਕਹਿਆ ਹੈ ਕਿ, "ਆਸ਼ੂਤੋਸ਼ ਦੇ ਚਰਣਾਂ ਵਿੱਚ ਬੈਠ ਕੇ ਗੁਰਬਾਣੀ ਦਾ ਨਿਰਾਦਰ ਕਰਣ ਵਾਲੇ ਬਲਬੀਰ ਸਿੰਘ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ।"

ਸਰਨਾ ਸਾਹਿਬ ਜੀ ! ਜੇ ਬਲਬੀਰ ਸਿੰਘ ਨੂੰ ਸਕੱਤਰੇਤ (ਅਕਾਲ ਤਖਤ ਨਹੀਂ) ਵਿੱਚ ਤਲਬ ਕਰ ਵੀ ਲਿਆ ਗਿਆ ਤੇ ਫਿਰ ਕੀ ਹੋ ਜਾਵੇਗਾ? ਤੁਸੀਂ ਸਕੱਤਰੇਤ ਵਿੱਚ ਤਲਬ ਕੀਤੇ ਜਾਣ ਨੂੰ ਕਿਸੇ ਤੋਪ ਦੇ ਮੂੰਹ 'ਤੇ ਬੰਨ੍ਹ ਕੇ ਗੋਲਾ ਮਾਰ ਦੇਣਾ ਸਮਝਦੇ ਹੋ ? ਤੁਸੀ ਤਾਂ ਸੱਤ ਅੱਠ ਵਾਰ ਉੱਥੇ ਪੇਸ਼ ਹੋ ਆਏ ਹੋ, ਤੁਹਾਡੇ ਨਾਲੋਂ ਜਿਆਦਾ ਤਜੁਰਬਾ "ਸਕੱਤਰੇਤ" ਵਿੱਚ ਪੇਸ਼ ਹੋਣ ਦਾ, ਹੋਰ ਕਿਸਨੂੰ ਹੋਣਾਂ ਹੈ ? ਬਲਬੀਰ ਸਿੰਘ ਵੀ ਤਾਂ ਉੱਸੇ ਆਕਾ ਦਾ ਇਕ ਪਿਆਦਾ ਹੈ, ਜਿਸ ਆਕਾ ਦੇ ਪਿਆਦੇ, ਇਹ ਤਨਖਾਹ ਯੋਗ ਪੁਜਾਰੀ ਹਨ ।

ਬਲਬੀਰ ਸਿੰਘ "ਸਕੱਤਰੇਤ" ਵਿੱਚ ਹਸਦਾ ਖੇਡਦਾ ਜਾਵੇਗਾ, ਵੱਡਾ ਖਲੀਫਾ ਪੱਪੂ ਉਸਨੂੰ ਕਹੇਗਾ

"ਭਾਈ ਸਾਹਿਬ ਤੁਸਾਂ ਇਸ ਉਮਰ ਵਿੱਚ ਵੀ ਕੋਈ ਅੱਕਲ ਨਹੀਂ ਸਿੱਖੀ ? ਜ਼ਮਾਨਾ ਇੰਟਰਨੈਟ ਦਾ ਹੈ, ਡਿਜਿਟਲ ਕੈਮਰਿਆਂ ਦਾ ਹੈ, ਤੁਹਾਡੀ ਮੁੱਛ ਦਾ ਇਕ ਇਕ ਵਾਲ ਟੀ.ਵੀ. 'ਤੇ ਗਿਣਿਆ ਜਾ ਸਕਦਾ ਹੈ। ਹਰ ਥਾਂ 'ਤੇ ਸੀ. ਸੀ ਟੀ ਕੈਮਰੇ ਲੱਗੇ ਹੁੰਦੇ ਹਨ। ਤੁਸਾਂ ਜ਼ਰੂਰ ਸਿਖਰ ਦੁਪਹਿਰੇ ਆਸ਼ੂਤੋਸ਼ ਕੋਲ ਜਾਂਣਾਂ ਸੀ ? ਚਲੋ, ਕਿਸੇ ਲਾਲਚ ਵੱਸ ਤੁਸੀਂ ਉਸ ਕੋਲ ਚਲੇ ਹੀ ਗਏ ਸਾਉ, ਤੇ ਜ਼ਰੂਰ ਉਸ ਦੇ ਚਰਣਾਂ ਵਿੱਚ ਬਹਿ ਕੇ ਵਾਜਾ ਵਜਾਉਣਾ ਸੀ!!! ਚਲੋ ਕੋਈ ਨਹੀਂ, ਜੇ ਵਾਜਾ ਵਜਾਉਣਾਂ ਹੀ ਸੀ, ਤਾਂ ਜ਼ਰੂਰ ਗੁਰਬਾਣੀ ਹੀ ਗਾ ਕੇ ਉਸਨੂੰ ਸੁਨਾਉਣੀ ਸੀ ? ਕੋਈ ਫਿਲਮੀ ਗਾਣਾ ਨਹੀਂ ਸੁਣਾਂ ਸਕਦੇ ਸੀ ? ਬੇੜਾ ਤਰ ਜਾਵੇ ਤੁਹਾਡਾ ? ਤੁਹਾਡੀ ਉਮਰ ਮੁੱਕਣ ਵਾਲੀ ਹੈ ਤੁਸੀਂ, ਤਾਂ ਮਰਣ ਤੋਂ ਪਹਿਲਾਂ ਹੀ ਮਰ ਗਏ ? ਕੀ ਬਚਿਆ ਤੁਹਾਡਾ ਹੁਣ ? ਜਿੰਨੇ ਪੈਸੇ ਤੁਸੀ ਆਸ਼ੂਤੋਸ਼ ਕੋਲੋਂ ਲਿਆਏ ਹੋ, ਉਸ ਤੋਂ ਵੱਧ ਪੈਸੇ ਤਾਂ ਤੁਹਾਨੂੰ "ਹੁੜ ਦਬੰਗ ਦਬੰਗ, ਬਾਗੜਦੰਗ ਬਾਜੇ" ਸੁਣਾ ਕੇ ਭੇਡੂ ਸਿੱਖਾਂ ਕੋਲੋਂ ਮਿਲ ਜਾਂਣੇ ਸਨ। ਸਾਰੀ ਉਮਰ "ਹੁੜ ਦਬੰਗ ਦਬੰਗ..." ਸੁਣਾ ਸੁਣਾ ਕੇ ਤੁਹਾਡੀ ਅਕਲ ਦਾ ਵੀ ਜਾਗੜਦੰਗ ਵੱਜ ਗਿਆ ਹੈ।"

ਅਗੋਂ ਬਲਬੀਰ ਸਿੰਘ ਕਹੇਗਾ, "ਸਿੰਘ ਸਾਹਿਬ ਜੀ ਕੀ ਕਰਾਂ ਲਿਫਾਫਾ ਬਹੁਤ ਮੋਟਾ ਸੀ, ਲਾਲਚ ਲੈ ਗਿਆਂ ਆਸ਼ੂਤੋਸ਼ ਕੋਲ" ਖੁਸ਼ਾਮਦ ਕਰਣ ਲਈ ਉਸਦੇ ਚਰਣਾਂ ਵਿੱਚ ਤਾਂ ਬਹਿਣਾਂ ਹੀ ਸੀ, ਉਸ ਦੀ ਕੁੱਛੜ ਵਿੱਚ ਤਾਂ ਬਹਿ ਨਹੀਂ ਸੀ ਜਾਂਣਾ ?

ਅੱਗੋਂ ਪਟਨੇ ਵਾਲਾ ਪੁਜਾਰੀ ਕਹੇਗਾ "ਭਾਈ ਜੀ, ਤੁਸੀ ਪੈਂਤ੍ਹੀ ਵਰ੍ਹੇ ਐਵੇਂ ਹੀ ਵਾਜਾ ਤੋੜਦੇ ਰਹੇ, ਤੁਹਾਨੂੰ ਇਕ ਲਿਫਾਫਾ ਲੈਣ ਦਾ ਢੰਗ ਵੀ ਨਹੀਂ ਆਇਆ, ਕਿ ਲਿਫਾਫਾ ਕਿਵੇਂ ਲਿਆ ਜਾਂਦਾ ਹੈ ? ਵੇਖੋ ! ਅਸੀਂ ਪੀਪਲੀ ਵਾਲੇ ਨੂੰ "ਰਾਜਾ ਜੋਗੀ" ਦੀ ਉਪਾਧੀ ਦਿੱਤੀ, ਕਿਸੇ ਨੂੰ ਪਤਾ ਲੱਗਾ ਕਿ ਸਾਨੂੰ ਉਸ ਕੋਲੋਂ ਕੀ ਮਿਲਿਆ ? ਅਸੀਂ ਉਸ ਦੀ ਘਰਵਾਲੀ ਨੂੰ "ਰਾਣੀ ਮਾਤਾ" ਅਤੇ ਉਸ ਦੇ ਪੁੱਤਰ ਨੂੰ "ਭਾਈ ਸਾਹਿਬ" ਦੀ ਉਪਾਧੀ ਦੇ ਆਏ, ਕਿਸੇ ਨੂੰ ਪਤਾ ਲੱਗਾ ਕਿ ਉਸਨੇ ਸਾਨੂੰ ਕੀ ਦਿੱਤਾ ? ਉਹ ਸਾਡਾ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ ਸੀ, ਜੋ ਅਸੀਂ ਉਸਨੂੰ ਮੁਫਤ ਵਿੱਚ ਇਨੀਆਂ ਡਿਗਰੀਆਂ ਦੇ ਆਏ ? ਕਈ ਵਾਰ ਥਾਈਲੈਂਡ ਅਤੇ ਸਿੰਗਾਪੁਰ ਦੀਆਂ ਸੈਰਾਂ ਵੀ ਕਰ ਆਏ, ਪਰ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਚਲਿਆ ।

ਇੰਨੀ ਦੇਰ ਨੂੰ ਨਾਂਦੇੜ ਵਾਲਾ ਛੁਟਕਾ ਪੱਪੂ ਹਿੰਦੀ ਵਿੱਚ ਬੋਲੇਗਾ, "ਦੇਖੋ ਹਮਨੇ" ਪੀਪਲੀ ਵਾਲੇ ਕੋ ਨੀਲੇ ਘੋੜੇ ਕੀ ਅੰਸ਼ ਮੇਂ ਸੇ , ਏਕ ਪੂਰਾ ਘੋੜਾ ਹੀ ਉਪਹਾਰ ਮੈਂ ਦੇ ਦਿਆ, ਤੋ ਕਿਸੀ ਕੋ ਪਤਾ ਲਗਾ, ਕਿਆ ਉਸਨੇ ਹਮਕੋ ਇਸਕੇ ਬਦਲੇ ਮੈਂ ਕਿਆ ਕਿਆ ਦਿਆ ?

ਵੱਡਾ ਖਲੀਫਾ ਕਹੇਗਾ "ਤੁਸੀਂ ਜਾਗੜਦੰਗ ਬਾਗੜਦੰਗ ਬਾਜੇ..." ਤੋਂ ਅਲਾਵਾਂ ਕੀ ਸਿਖਿਆ ਅੱਜ ਤਕ ? ਨਾਂ ਤੁਸਾਂ ਆਪ ਕੁੱਝ ਖੱਟਿਆ ਤੇ ਨਾਂ ਕੌਮ ਨੂੰ ਕੁੱਝ ਸਮਝ ਆਉਣ ਦਿੱਤੀ। ਮੈਨੂੰ ਵੇਖੋ ਮੈਂ ਇਨ੍ਹਾਂ ਦੱਸ ਸਾਲਾਂ ਵਿੱਚ ਇੰਨੇ ਲਿਫਾਫੇ ਇਕੱਠੇ ਕਰ ਲੲੇ ਕਿ ਇਕ ਤਿੰਨ ਤਾਰਾ ਹੋਟਲ ਵੀ ਖੜਾ ਕਰ ਲਿਆ। ਤੁਸੀਂ ਤਾਂ ਪੈਂਤੀਹ ਵਰ੍ਹੇ ਵਾਜਾ ਵਜਾ ਵਜਾ ਕੇ ਇਕ ਢਾਬਾ ਵੀ ਖੋਲ੍ਹ ਨਹੀਂ ਸਕੇ । ਮੈਂ ਤਾਂ ਡੇਰਿਆਂ ਤੇ ਬਾਬਿਆਂ ਦੀਆਂ ਬਰਸੀਆਂ ਵਿੱਚ ਜਾ ਜਾ ਕੇ ਲਿਫਾਫਿਆਂ ਦੇ ਨਾਲ ਨਾਲ, ਸੋਨੇ ਦੇ ਖੰਡੇ ਵੀ ਇਕੱਠੇ ਕਰਦਾ ਰਿਹਾ, ਕੌਮ ਲਈ ਮੈਂ ਅੱਜ ਤੱਕ ਕੱਖ ਨਹੀਂ ਕੀਤਾ, ਲੇਕਿਨ ਆਪਣਾ ਘਰ ਤਾਂ ਭਰ ਲਿਆ।

ਹੁਣ ਕੀ ਹੋਵੇਗਾ ਖਲੀਫਾ ਸਾਹਿਬ ਮੇਰਾ ? ਬਲਬੀਰ ਸਿੰਘ ਕਹੇਗਾ।

ਨਾਂਦੇੜ ਵਾਲਾ ਛੁਟਕਾ ਪੱਪੂ ਕਹੇਗਾ "ਅਬ ਔਰ ਤੁਮ੍ਹਾਰਾ ਕਿਆ ਹੋਨਾ ਹੈ ? ਤੁਮ੍ਹਾਰਾ ਬੇੜਾ ਤੋ ਗਰਕ ਹੋ ਹੀ ਚੁਕਾ ਹੈ, ਅੱਬ ਡੂਬਨਾਂ ਬਾਕੀ ਹੈ, ਡੂਬ ਜਾਉ, ਚੁੱਲੂ ਭਰ ਪਾਨੀ ਮੇਂ। ਅੱਬ ਕੀਰਤਨ ਛੋੜ ਕਰ ਨਾਗਪੁਰ ਚਲੇ ਜਾਉ, ਵਹਾਂ ਤੁਮਹੇਂ ਕਾਮ ਜ਼ਰੂਰ ਮਿਲ ਜਾਏਗਾ, ਯਾ ਪੂਰਨ ਸਿੰਘ ਕੀ ਤਰ੍ਹਾਂ ਘੁਟਨੇ ਦਰਦ ਕੀ ਦਵਾ ਬੇਚਨਾਂ ਸ਼ੁਰੂ ਕਰ ਦੋ" ਜੋ ਸਾਰੀ ਉਮਰ ਨਾਗਪੁਰ ਵਾਲੋਂ ਕੇ ਕਹਿਨੇ ਪਰ ਗੁਰੂ ਸਾਹਿਬਾਨ ਕੋ ਲੱਵ ਔਰ ਕੁਸ਼ ਕੀ ਔਲਾਦ ਕਹਤਾ ਰਹਾ। ਤੁਮਸੇ ਜਿਆਦਾ ਮਾਲ ਤੋ ਉਸਨੇ ਕਮਾ ਲਿਆ, ਅੱਬ ਅਰਾਮ ਸੇ ਬੈਠ ਕੇ ਖਾ ਰਹਾ ਹੈ।

ਖਲੀਫਾ ਜੀ, ਸਰਨਾ ਸਾਹਿਬ ਦੇ ਕਹਿਣ ਤੇ ਤੁਸਾਂ ਮੈਨੂੰ ਸਕੱਤਰੇਤ ਵਿੱਚ ਤਾਂ ਬੁਲਾ ਲਿਆ, ਹੁਣ ਕਰਣਾਂ ਕੀ ਹੈ ?

ਖਲੀਫਾ ਪੱਪੂ ਕਹੇਗਾ, "ਲਿਫਾਫਾ ਲਿਆਏ ਹੋ ?"

ਜੀ ਮੈਨੂੰ , ਤੁਹਾਡੇ ਪੀ.ਏ. ਨੇ ਜੋ ਕਹਿਆ ਸੀ, ਉਹ ਮੈਂ ਲੈ ਆਇਆ ਹਾਂ ।

ਠੀਕ ਹੈ, ਫਿਰ ਘਬਰਾਉਣ ਦੀ ਕੋਈ ਗਲ ਨਹੀਂ ? ਖਲੀਫਾ ਇਕ ਅਰਦਲੀ ਨੂੰ ਬੁਲਾ ਕੇ ਕਹੇਗਾ, "ਜਾ 51 ਰੁਪਈਏ ਵਾਲੀ ਦੇਗ ਲੈ ਆ, ਜੋਗਾ ਸਿੰਘ ਨੂੰ ਕਹੀ ਕਿ ਭਾਈ ਸਾਹਿਬ ਨੂੰ ਬਖਸ਼ਣ ਦੀ ਅਰਦਾਸ ਕਰ ਦੇਣ। ਹਾਂ ਜਾਂਦਾ ਜਾਂਦਾ ਪੰਜ ਛੇ ਕਪ ਚਾਹ ਭੇਜ ਦੇਵੀਂ। ਚਲੋ ਭਾਈ ਬਲਬੀਰ ਸਿੰਘ ਜੀ, ਸ਼੍ਰੋਮਣੀ ਰਾਗੀ ਜੀ ਸਾਡੇ ਵਲੋਂ ਤਾਂ ਤੁਸੀਂ ਬਖਸ਼ੇ ਗਏ, ਹੁਣ ਸੰਗਤ ਤੋਂ ਕਿਸ ਤਰ੍ਹਾਂ ਬਖਸ਼ੇ ਜਾਉਗੇ ? ਇਹ ਸਲਾਹ ਤੁਸੀਂ "ਲਾਡੀ" ਰਾਗੀ ਨਾਲ ਕਰ ਲੈਣਾ। ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਸਾਰੇ ਠਹਾਕੇ ਮਾਰ ਮਾਰ ਕੇ ਹਸਣਗੇ। ਇਸ ਤੋਂ ਵੱਧ ਕੀ ਹੋਣਾ ਹੈ ਸਰਨਾ ਸਾਹਿਬ !!!

ਜੋ ਕੰਮ ਇਸ ਅਖੌਤੀ ਰਾਗੀ ਨੇ ਕੀਤਾ ਹੈ, ਇਸ ਪੰਥਿਕ ਜੁਰਮ ਦੀ ਕੋਈ ਮਾਫੀ ਨਹੀਂ ਹੈ। ਅਜ ਤੋਂ 32 ਵਰ੍ਹੇ ਪਹਿਲਾਂ ਨਿਰੰਕਾਰੀ ਵੀ "ਗੁਰਬਾਣੀ" ਦਾ ਅਪਮਾਨ ਹੀ ਤਾਂ ਕਰਦੇ ਸਨ। ਕਿੰਨਾਂ ਖੂਨ ਖਰਾਬਾ ਹੋਇਆ ? ਕਿੰਨ੍ਹੇ ਫਸਾਦ ਹੋਏ ? ਕਿੰਨਾਂ ਸਿੱਖ ਮਾਰਿਆ ਗਿਆ ? ਉਹੀ ਕੰਮ ਇਸ ਅਖੌਤੀ ਰਾਗੀ ਨੇ ਕੀਤਾ ਹੈ। ਕੀ ਇਸਨੂੰ ਸਿਰਫ ਇਸ ਲਈ 51 ਰੁਪਈਏ ਦਾ ਪ੍ਰਸ਼ਾਦ ਕਰਾਕੇ ਮੁਆਫ ਕਰ ਦਿੱਤਾ ਜਾਵੇਗਾ, ਕਿਉਂਕਿ ਇਸ ਕੋਲ ਬੁਰਛਾਗਰਦਾਂ ਦੀ ਦਿੱਤੀ ਹੋਈ "ਸ਼੍ਰੋਮਣੀ ਰਾਗੀ" ਦੀ ਡਿਗਰੀ ਹੈ ? ਕੀ ਇਹ ਡਿਗਰੀਆਂ ਅਤੇ ਉਪਾਧੀਆਂ ਵਾਲੇ ਬਹਿਰੂਪੀਏ, ਇੱਸੇ ਤਰ੍ਹਾਂ ਗੁਰਮਤਿ ਦਾ ਘਾਂਣ ਕਰਦੇ ਰਹਿਣਗੇ ਤੇ, ਇੱਸੇ ਤਰ੍ਹਾਂ ਬਖਸ਼ੇ ਜਾਂਦੇ ਰਹਿਣਗੇ ? ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਅਤੇ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਵਰਗੇ ਪੰਥ ਰਤਨ, ਸਕੱਤਰੇਤ ਜੂੰਡਲੀ ਵਲੋਂ ਸੁਣਵਾਈ ਤੋਂ ਬਗੈਰ ਹੀ ਪੰਥ ਤੋਂ ਛੇਕੇ ਜਾਂਦੇ ਰਹਿਣਗੇ, ਜਿਨ੍ਹਾਂ ਦਾ ਅਪਰਾਧ ਕੀ ਹੈ, ਇਹ ਉਨ੍ਹਾਂ ਭੋਲਿਆਂ ਨੂੰ ਤਾਂ ਆਪ ਵੀ ਨਹੀਂ ਪਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top