ਪੂਰਨ
ਗੁਰਸਿੱਖ ਬਾਬਾ ਬੁੱਢਾ ਜੀ ਸਿੱਖ ਇਤਿਹਾਸ ਵਿੱਚ ਇਕ
ਅਜੇਹੀ ਮਹਾਨ ਸਖ਼ਸ਼ੀਅਤ ਹੋਏ ਹਨ, ਜਿਨ੍ਹਾਂ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੀ ਸਾਖ਼ਸ਼ਤ ਰੂਪ
ਵਿੱਚ ਚਰਨਛੋਹ ਪ੍ਰਾਪਤ ਕਰਨ ਅਤੇ ਸੇਵਾ ਕਰਨ ਦਾ ਮੌਕਾ ਮਿਲਣ ਤੋਂ ਇਲਾਵਾ ਦੂਸਰੀ ਪਾਤਸ਼ਾਹੀ
ਤੋਂ ਛੇਵੀਂ ਪਾਤਸ਼ਾਹੀ ਤੱਕ ਨੂੰ ਗੁਰਿਆਈ ਸੌਂਪਣ ਦੀ ਰਸਮ ਖ਼ੁਦ ਆਪਣੇ ਹੱਥੀਂ ਨਿਭਾਉਣ,
ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਆਪਣੇ
ਹੱਥੀਂ ਕਰਨ ਦਾ ਮਾਣ ਹਾਸਲ ਹੋਣ ਦੇ ਨਾਲ ਨਾਲ ਪਹਿਲੀਆਂ ਸਤ ਪਾਤਸ਼ਾਹੀਆਂ ਅਤੇ ਨੌਵੀਂ
ਪਾਤਸ਼ਾਹੀ ਭਾਵ ਅੱਠ ਪਾਤਸ਼ਾਹੀਆਂ ਦੇ ਸਰੀਰਕ ਰੂਪ ਵਿੱਚ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ
ਹੋਇਆ।
ਐਸੀ ਮਹਾਨ ਸਖ਼ਸ਼ੀਅਤ ਦਾ ਜਨਮ 1563 ਬਿਕਰਮੀ/1506 ਈ: ਨੂੰ ਪਿੰਡ
ਗੱਗੋਨੰਗਲ, ਜਿਲਾ ਅੰਮ੍ਰਿਤਸਰ ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ,
ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ
ਰੱਖਿਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ
ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ
ਬੁੱਢਾ ਜੀ ’ਤੇ ਵੀ ਪਿਆ। ਕੁਝ ਚਿਰ ਮਗਰੋਂ ਉਨ੍ਹਾਂ ਦੇ ਮਾਪੇ ਪਿੰਡ ਰਮਦਾਸ ਆ ਵੱਸੇ। ਉਹ
ਬਾਅਦ ਵਿੱਚ ਮੱਝਾਂ ਦੇ ਵਾਗੀ ਬਣੇ। ਜਦ ਉਹ ਬਾਰਾਂ-ਤੇਰਾਂ ਕੁ ਵਰਿਆਂ ਦੇ ਹੀ ਸਨ, ਤਦ ਗੁਰੂ
ਨਾਨਕ ਸਾਹਿਬ ਜੀ ਰਮਦਾਸ ਪਿੰਡ ਦੇ ਪਾਸ ਆ ਟਿਕੇ। ਬੂੜਾ ਜੀ ਮੱਝਾਂ ਚਾਰਦੇ ਉੱਥੇ ਆ ਗਏ ਅਤੇ
ਉਨ੍ਹਾਂ ਗੁਰੂ ਜੀ ਦਾ ਉਪਦੇਸ ਸੁਣਿਆ। ਬਾਅਦ ਵਿੱਚ ਉਹ ਰੋਜ ਗੁਰੂ ਜੀ ਕੋਲ ਆਉਂਦੇ ਅਤੇ
ਉਹਨਾਂ ਦਾ ਉਪਦੇਸ ਸੁਣਦੇ ਅਤੇ ਉਹਨਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ। ਇੱਕ ਦਿਨ ਗੁਰੂ
ਜੀ ਨੇ ਬੂੜਾ ਜੀ ਨੂੰ ਉਨ੍ਹਾਂ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਬੂੜਾ ਜੀ ਦੇ ਜਵਾਬ ਸੁਣ
ਕੇ ਕਿਹਾ ਕਿ ‘ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ
ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।‘
ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ‘ ਪੈ ਗਿਆ।
ਸਿੱਖ ਉਹਨਾਂ ਨੂੰ ਪਿਆਰ ਨਾਲ ਬਾਬਾ ਬੁੱਢਾ ਜੀ ਆਖਦੇ ਹਨ।
ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਿੱਸ ਬਣ ਗਏ। ਉਹ ਸਾਰਾ
ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਵੀ ਨਿਭਾਉਂਦੇ
ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣਾ ਜੀਵਨ ਸੰਗਤਾਂ ਦੀ ਸੇਵਾ ਵਿਚ ਲਗਾਇਆ ਅਤੇ
ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ’ ਦੇ ਉਪਦੇਸ ਨੂੰ ਕਮਾ ਕੇ ਦਿਖਾਇਆ।
ਗੁਰੂ ਨਾਨਕ ਸਾਹਿਬ ਜੀ ਉਨ੍ਹਾਂ ਉੱਪਰ ਬਹੁਤ ਪ੍ਰਸੰਨ ਸਨ।
ਬਾਬਾ ਬੁੱਢਾ ਦਾ ਵਿਆਹ ਸੰਮਤ 1590 ਨੂੰ ਅਚੱਲ ਪਿੰਡ ਦੇ ਜ਼ਿਮੀਂਦਾਰ
ਦੀ ਲੜਕੀ ਮਿਰੋਆ ਨਾਲ ਹੋ ਗਿਆ। ਆਪ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ। ਕੁਝ ਸਮੇਂ ਬਾਅਦ
ਉਨ੍ਹਾਂ ਦੇ ਪਿਤਾ ਅਚਾਨਕ ਚਲਾਣਾ ਕਰ ਗਏ। ਅਜੇ ਉਨ੍ਹਾਂ ਦੀ ਸਤਾਰਵੀਂ ਵੀ ਨਹੀਂ ਹੋਈ ਸੀ
ਕਿ ਮਾਤਾ ਗੌਰਾਂ ਵੀ ਆਪਣੇ ਪਤੀ ਦੇ ਮਗਰ ਹੀ ਤੁਰ ਗਈ। ਮਾਂ-ਬਾਪ ਦੇ ਅਕਾਲ ਚਲਾਣਾ ਕਰ ਜਾਣ
ਉਪਰੰਤ ਕਬੀਲਦਾਰੀ ਦੀ ਸਾਰੀ ਜ਼ਿੰਮੇਵਾਰੀ ਗੁਰੂ ਨਾਨਕ ਜੀ ਵਲੋਂ ਦਸਤਾਰ ਭੇਂਟ ਕਰਕੇ ਬਾਬਾ
ਬੁੱਢਾ ਜੀ ਦੇ ਸਿਰ ਰੱਖ ਦਿੱਤੀ ਗਈ। ਉਨ੍ਹਾਂ ਨੇ ਆਪਣੇ ਗ੍ਰਹਿਸਥ ਜੀਵਨ ਅਤੇ ਗੁਰੂ ਘਰ ਦੀ
ਸੇਵਾ ਦਾ ਕੰਮ ਪੂਰੀ ਸ਼ਰਧਾ ਨਾਲ ਨਿਭਾਇਆ। ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕਰਤਾਰਪੁਰ
ਵਿਖੇ ਹੀ ਗੁਰੂ ਦੀ ਸੇਵਾ ਲਈ ਪੁੱਜ ਗਏ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਗੁਰੂ
ਅੰਗਦ ਸਾਹਿਬ ਜੀ ਨੂੰ ਸੌਂਪੀ, ਤਾਂ ਉਨ੍ਹਾਂ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ
ਅਦਾ ਕਰਵਾਈ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸਾਹੀ ਨੂੰ ਗੁਰਤਾ ਦੀ ਰਸਮ ਵੀ
ਬਾਬਾ ਬੁੱਢਾ ਜੀ ਹੀ ਕਰਦੇ ਰਹੇ।
ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ
ਸਮਾਉਣ ’ਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਆ ਕੇ ਰਹਿਣ ਲੱਗੇ। ਉਨ੍ਹਾਂ
ਆਪਣੇ ਆਪ ਨੂੰ ਲੋਕਾਂ ਤੋਂ ਛੁਪਾ ਕੇ ਇਸ ਨੂੰ ਰਾਜ਼ ਹੀ ਰੱਖੇ ਜਾਣ ਦਾ ਬਚਨ ਲਿਆ। ਸੰਗਤਾਂ
ਗੁਰੂ ਦੀ ਤਲਾਸ਼ ਕਰ ਰਹੀਆਂ ਸਨ। ਉਸ ਸਮੇਂ ਲੋਕਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ
ਤੇ ਉਨ੍ਹਾਂ ਖਡੂਰ ਸਾਹਿਬ ਜਾ ਕੇ ਮਾਈ ਭਿਰਾਈ ਦੇ ਘਰੋਂ ਗੁਰੂ ਅੰਗਦ ਸਾਹਿਬ ਜੀ ਨੂੰ ਸੰਗਤ
ਅੱਗੇ ਪ੍ਰਗਟ ਕਰਨ ਦਾ ਕਾਰਜ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਗੋਇੰਦਵਾਲ ਸਾਹਿਬ ਵਿਖੇ
ਬਾਊਲੀ ਦੇ ਆਰੰਭ ਕਰਵਾਉਣ ਤੇ ਸਿਰੇ ਚੜਾਉਣ ਦੇ ਕੰਮ ਵਿਚ ਹਿੱਸਾ ਪਾਇਆ।
ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਗੁਰਗੱਦੀ
ਗੁਰੂ ਅਮਰਦਾਸ ਜੀ ਨੂੰ ਸੌਂਪੀ ਤਾਂ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਦਾਤੂ ਅਤੇ ਦਾਸੂ
ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਗੁਰੂ ਅਮਰਦਾਸ ਜੀ ਬਿਨਾਂ ਕਿਸੇ ਨੂੰ ਦੱਸਿਆਂ ਗੋਇੰਦਵਾਲ
ਸਾਹਿਬ ਤੋਂ ਬਾਸਰਕੇ ਆ ਗਏ ਅਤੇ ਜਿੱਥੇ ਹੁਣ ਗੁਰਦੁਆਰਾ ਸੰਨ੍ਹ ਸਾਹਿਬ ਹੈ, ਉੱਥੇ ਦਰੱਖਤਾਂ
ਦੇ ਝੁੰਡ ਵਿੱਚ ਇਕ ਕੱਚਾ ਕੋਠਾ ਸੀ ਜਿਸ ਵਿੱਚ ਗੁਰੂ ਅਮਰਦਾਸ ਜੀ ਭਜਨ-ਬੰਦਗੀ ਕਰਨ ਲੱਗ
ਪਏ। ਉਨ੍ਹਾਂ ਬਾਹਰ ਲਿਖ ਦਿੱਤਾ ਕਿ ਜਿਹੜਾ ਵੀ ਬੂਹਾ ਖੋਲੇਗਾ, ਉਹ ਗੁਰੂ ਦਾ ਸਿੱਖ ਹੀਂ
ਹੋਵੇਗਾ। ਜਿਵੇਂ ਹੀ ਸੰਗਤਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਗੁਰੂ
ਜੀ ਦੀ ਭਾਲ ਕਰਨ ਲਈ ਕਿਹਾ। ਬਾਬਾ ਬੁੱਢਾ ਜੀ ਦੇ ਨਾਲ ਸੰਗਤਾਂ ਬਾਸਰਕੇ ਆ ਪਹੁੰਚੀਆਂ।
ਬਾਬਾ ਬੁੱਢਾ ਜੀ ਨੇ ਬੂਹਾ ਖੋਲਣ ਦੀ ਥਾਂ ਸੰਨ੍ਹ ਲਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ
ਸੰਗਤਾਂ ਨੂੰ ਦਰਸ਼ਨ ਕਰਵਾਏ।
ਜਦੋਂ ਤੀਜੀ ਪਾਤਸਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸਾਹ
ਅਕਬਰ ਵੱਲੋਂ ਚਿਤੌੜ ਦਾ ਕਿਲਾ ਫਤਹਿ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ
ਨੂੰ ਭੇਟ ਕੀਤੇ ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਾਗੀਰ ਦਾ ਕਾਰ ਮੁਖਤਾਰ ਬਣਾ
ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ
ਦੇ ਵਿਚਕਾਰ ਇੱਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾ ਲਿਆ। ਇਸ ਜੰਗਲ ਜਿਹੇ ਅਸਥਾਨ ’ਤੇ
ਅੱਜ ਮੰਗਲ ਬਣਿਆ ਹੋਇਆ ਹੈ। ਇਹ ਉਹ ਅਸਥਾਨ ਹੈ, ਜਿੱਥੇ ਪੰਜਵੀਂ ਪਾਤਸਾਹੀ ਸ੍ਰੀ ਗੁਰੂ
ਅਰਜੁਨ ਸਾਹਿਬ ਜੀ ਦੀ ਸਪੁੱਤਨੀ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਵੱਲੋਂ ਪੁੱਤਰ ਹੋਣ
ਦੀ ਦਾਤ ਬਖਸ਼ੇ ਜਾਣ ਸਬੰਧੀ ਕਿਹਾ ਜਾਂਦਾ ਹੈ।
ਗੁਰੂ ਅਮਰਦਾਸ ਜੀ ਦੇ ਸਮੇਂ ਉਨ੍ਹਾਂ ਦੀ ਨਿਗਰਾਨੀ ਹੇਠ ਹੀ 1552
ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਬਾਉਲੀ ਟੱਕ ਲਗਾ ਕੇ ਤਾਮੀਰ ਕੀਤੀ ਗਈ। ਗੁਰੂ ਅਮਰਦਾਸ
ਜੀ ਦੇ ਸਮੇਂ ਜਦੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਿਯਮਬੱਧ ਤਰੀਕੇ ਨਾਲ 22
ਮੰਜੀਆਂ ਦੀ ਸਥਾਪਨਾ ਹੋਈ ਤਾਂ ਇਨ੍ਹਾਂ ਦੇ ਪ੍ਰਮੁੱਖ ਪ੍ਰਬੰਧਕ ਦੀ ਸੇਵਾ ਵੀ ਬਾਬਾ ਬੁੱਢਾ
ਜੀ ਨੇ ਹੀ ਬਾਖ਼ੂਬੀ ਨਿਭਾਈ। ਅਕਬਰ ਬਾਦਸ਼ਾਹ ਦੇ ਗੁਰੂ ਦਰਬਾਰ ਵਿੱਚ ਆਉਣ ‘ਤੇ ਉਸ ਨੂੰ
ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਬਾਬਾ ਬੁੱਢਾ ਜੀ ਨੇ ਹੀ ਮੁਹੱਈਆ ਕਰਵਾਈ ਸੀ। ਗੁਰੂ
ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਆਖ਼ਰੀ ਰਸਮਾਂ ਬਾਬਾ ਜੀ ਨੇ ਹੀ ਆਪਣੇ ਹੱਥੀਂ
ਨਿਭਾਈਆਂ ਸਨ। ਗੁਰੂ ਰਾਮਦਾਸ ਜੀ ਵੱਲੋਂ ਰਾਮਦਾਸਪੁਰ (ਅੰਮ੍ਰਿਤਸਰ) ਦੀ ਸਥਾਪਨਾ
ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਸ਼ਾਨਦੇਹੀ ’ਤੇ ਸਰੋਵਰ ਖੁਦਵਾਉਣ ਤੇ
ਸ਼ਹਿਰ ਵਸਾਉਣ ਲਈ ਸਭ ਤੋਂ ਪਹਿਲਾਂ ਬਾਬਾ ਜੀ ਨੇ ਹੀ ਮੋਹੜੀ ਗੱਡੀ ਸੀ। ਫਿਰ ਜਦੋਂ
ਅੰਮ੍ਰਿਤਸਰ ਸਰੋਵਰ ਤੇ ਦਰਬਾਰ ਸਾਹਿਬ ਦੀ ਸੇਵਾ ਆਰੰਭ ਹੋਈ ਤਾਂ ਬਾਬਾ ਜੀ ਨੇ ਆਪਣੇ
ਪੁੱਤ-ਪੋਤਰਿਆਂ ਸਮੇਤ ਸੇਵਾ ਵਿਚ ਹਿੱਸਾ ਲਿਆ। ਬਾਬਾ ਬੁੱਢਾ ਜੀ ਨੇ ਇੱਕ ਬੇਰੀ ਜੋ ਦਰਬਾਰ
ਸਾਹਿਬ ਦੀ ਪ੍ਰਕਰਮਾਂ ਦੇ ਚੜ੍ਹਦੇ ਪਾਸੇ ਘੰਟਾ ਘਰ ਵਾਲੇ ਦਰਵਾਜ਼ੇ ਵਾਲੀ ਸਾਈਡ ਸਥਿਤ ਹੈ;
ਹੇਠ ਪੱਕੇ ਡੇਰੇ ਲਾ ਦਿੱਤੇ ਤੇ ਸਰੋਵਰ ਦਾ ਕੰਮ ਮੁਕੰਮਲ ਕਰਵਾਇਆ। ਇਸ ਬੇਰੀ ਨੂੰ ਅੱਜ
ਕੱਲ ਬੇਰ ਬਾਬਾ ਬੁੱਢਾ ਜੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ।
ਸੰਮਤ 1661 ਬਿਕ੍ਰਮੀ ਨੂੰ ਗੁਰੂ ਅਰਜਨ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ
ਜਦੋਂ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਕਾਸ਼ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ
ਪਹਿਲੇ ਗ੍ਰੰਥੀ ਬਣਾ ਕੇ ਸਤਿਕਾਰ ਬਖ਼ਸ਼ਿਆ।
ਗੁਰੂ ਅਰਜੁਨ ਸਾਹਿਬ ਜੀ ਨੇ
ਬਚਪਨ ਵਿਚ ਬਾਲ ਹਰਿਗੋਬਿੰਦ ਨੂੰ ਹਰ ਪੱਖੋਂ ਨਿਪੁੰਨ ਅਤੇ ਸੂਰਬੀਰ ਯੋਧਾ ਬਣਾਉਣ ਦੀ ਸੇਵਾ
ਵੀ ਬਾਬਾ ਬੁੱਢਾ ਜੀ ਤੋਂ ਲਈ । ਬਾਅਦ ਵਿੱਚ ਗੁਰਗੱਦੀ ਦੀ ਜਿੰਮੇਵਾਰੀ ਸੌਂਪੇ ਜਾਣ ਸਮੇਂ
ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਬਾਬਾ ਬੁੱਢਾ ਜੀ ਨੇ ਹੀ ਪਹਿਨਾਈਆਂ। 1608 ਈਸਵੀ
ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਅਕਾਲ ਬੁੰਗਾ (ਅਕਾਲ ਤਖ਼ਤ ਸਾਹਿਬ) ਦੀ
ਉਸਾਰੀ ਕੀਤੀ। ਇਸ ਦਾ ਨੀਂਹ ਪੱਥਰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਰੱਖਿਆ ਸੀ। ਗੁਰੂ
ਹਰਗੋਬਿੰਦ ਸਾਹਿਬ ਦੀ ਗਵਾਲੀਅਰ ਦੇ ਕਿਲੇ ਵਿਚ ਨਜ਼ਰਬੰਦੀ ਦੌਰਾਨ ਸਿੱਖਾਂ ਦੀ ਅਗਵਾਈ ਬਾਬਾ
ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕੀਤੀ ਸੀ। ਜਨਵਰੀ 1620 ਈਸਵੀ ਦੇ ਆਖ਼ਰੀ ਦਿਨਾਂ ਵਿਚ
ਬਾਦਸ਼ਾਹ ਜਹਾਂਗੀਰ ਨਾਲ ਹੋਈ ਮੁਲਾਕਾਤ ਵਿਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਅਤੇ ਬਾਲੂ
ਰਾਇ ਨੇ ਅਹਿਮ ਭੂਮਿਕਾ ਨਿਭਾਈ ਸੀ। ਬਾਬਾ ਬੁੱਢਾ ਜੀ ਦੇ ਚਾਰ ਸਪੁੱਤਰ ਸਨ। ਉਨ੍ਹਾਂ ਦੇ
ਵੰਸ਼ ਵਿੱਚੋਂ ਹੀ ਭਾਈ ਰਾਮ ਕੰਵਰ, ‘ਖੰਡੇ ਦੀ ਪਾਹੁਲ’ ਲੈ ਕੇ ਗੁਰਬਖਸ਼ ਸਿੰਘ ਨਾਮ ਨਾਲ
ਪ੍ਰਸਿੱਧ ਹੋਇਆ। ਬਾਬਾ ਜੀ ਦਾ ਵੰਸ਼ ਅੱਜ-ਕੱਲ ਵੀ ਕੱਥੂ ਨੰਗਲ ਦੇ ਆਸ-ਪਾਸ ਰਹਿੰਦਾ ਹੈ।
ਬਾਬਾ ਬੁੱਢਾ ਜੀ ਸੰਮਤ 1688 ਬਿਕ੍ਰਮੀ/1631ਈ: ਨੂੰ ਪਿੰਡ
ਰਮਦਾਸ (ਜ਼ਿਲਾ ਅੰਮ੍ਰਿਤਸਰ) ਵਿਖੇ 125 ਸਾਲ ਦੀ ਲੰਬੀ ਉਮਰ ਭੋਗ ਕੇ ਜੋਤੀ ਜੋਤ ਸਮਾ ਗਏ।
ਉਨ੍ਹਾਂ ਦਾ ਸਸਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ। ਇਸ ਜਗਾ (ਰਾਮਦਾਸ)
ਇਕ ਕਾਫ਼ੀ ਵੱਡਾ ਸਰੋਵਰ ਹੈ।
ਬਾਬਾ ਬੁੱਢਾ ਜੀ ਨੇ ਕਈ ਬਿਖੜੇ ਸਮਿਆਂ ਵਿਚ ਆਪਣੀ ਦੂਰਦ੍ਰਿਸ਼ਟੀ ਅਤੇ
ਤੀਖਣ ਬੁੱਧੀ ਰਾਹੀਂ ਸੇਧ ਦੇ ਕੇ ਸਿੱਖਾਂ ਨੂੰ ਇੱਕ ਝੰਡੇ ਹੇਠ ਰੱਖਿਆ ਸੀ। ਬਾਬਾ ਬੁੱਢਾ
ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ
ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਘਰ ਤੋਂ ਵਰੋਸਾਏ ਹੋਏ ਇਸ ਜੀਉੜੇ ਦਾ ਨਾਂ
ਹਮੇਸ਼ਾਂ ਸਿੱਖ ਇਤਿਹਾਸ ਵਿਚ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ।
ਇਹ ਗੱਲ ਵਿਸ਼ੇਸ਼
ਤੌਰ ’ਤੇ ਨੋਟ ਕਰਨ ਵਾਲੀ ਹੈ ਕਿ ਇਸ ਮਹਾਨ ਸਖ਼ਸ਼ੀਅਤ ਨੂੰ ਸਿੱਖ ਇਤਿਹਾਸ ਵਿੱਚ
ਕੇਵਲ ਬਾਬਾ ਬੁੱਢਾ ਜੀ ਦੇ ਨਾਮ ਹੇਠ ਹੀ ਲਿਖਿਆ ਅਤੇ ਯਾਦ ਕੀਤਾ ਜਾ ਰਿਹਾ ਹੈ ਅਤੇ ਕਿਧਰੇ
ਵੀ ਉਨ੍ਹਾਂ ਦੇ ਨਾਮ ਨਾਲ ਮਹਾਂਪੁਰਖ, ਸੰਤ, ਬ੍ਰਹਮਗਿਆਨੀ
ਆਦਿਕ ਵਿਸ਼ੇਸ਼ਣ ਨਹੀਂ ਲੱਗਾ ਹੋਇਆ; ਜਦ ਕਿ ਪਿਛਲੇ ਸਮਿਆਂ ਤੋਂ ਅਨੇਕਾਂ ਵਿਅਕਤੀ
ਐਸੇ ਉੱਭਰ ਰਹੇ ਹਨ ਜਿਨ੍ਹਾਂ ਦੀ ਸਿੱਖ ਧਰਮ ਨੂੰ ਰੱਤਾ ਭਰ ਵੀ ਦੇਣ ਨਹੀਂ ਹੈ, ਸਗੋਂ
ਮਖੱਟੂ ਹੋ ਕੇ ਆਪਣੀ ਰੋਜ਼ੀ ਰੋਟੀ ਅਤੇ ਐਸ਼ ਪ੍ਰਸ਼ਤੀ ਦੇ ਸਾਧਨ ਜਟਾਉਣ ਦੇ ਵਸੀਲੇ ਵਜੋਂ ਆਪਣੇ
ਡੇਰੇ ਸਥਾਪਤ ਕਰਕੇ ਆਪਣੇ ਆਪ ਨੂੰ ਕੇਵਲ ਮਹਾਂਪੁਰਖ, ਸੰਤ ਮਹਾਰਾਜ, ਪੂਰਨ ਬ੍ਰਹਮ ਗਿਆਨੀ,
ਸ਼੍ਰੀ ਸ਼੍ਰੀ 108 ਜਾਂ 1008 ਆਦਿਕ ਵਿਸ਼ੇਸ਼ਣਾਂ ਨਾਲ ਸੰਬੋਧਨ ਹੀ ਨਹੀਂ ਕਰ ਅਤੇ ਕਰਵਾ ਰਹੇ,
ਸਗੋਂ ਗੁਰੂ ਘਰ ਦੇ ਸ਼ਰੀਕ ਬਣਨ ਦੇ ਰਾਹ ਵੀ ਤੁਰੇ ਹੋਏ ਹਨ। ਅਜੇਹੀ ਬ੍ਰਿਤੀ ਦੇ ਮਾਲਕ ਹੀ
ਗੁਰੂਘਰ ਦੇ ਕਿਸੇ ਵਿਰੋਧੀ ਲੇਖਕ ਵੱਲੋਂ ਲਿਖੀ ਪੁਸਤਕ ‘ਗੁਰ
ਬਿਲਾਸ ਪਾਤਸ਼ਾਹੀ ਛੇਵੀਂ’ ਦੇ ਪ੍ਰਚਾਰ ਪਾਸਾਰ ਵਿੱਚ ਆਪਣਾ ਸਿਰਤੋੜ ਯਤਨ ਨਿਭਾ ਰਹੇ
ਹਨ।
ਬਾਬਾ
ਬੁੱਢਾ ਜੀ ਆਪਣੀ ਜਿੰਦਗੀ ਦੇ ਗਿਆਰਾਂ ਦਹਾਕਿਆਂ ਤੋਂ ਵੱਧ ਸਮੇਂ ਤੱਕ ਛੇ ਗੁਰੂ ਸਾਹਿਬਾਨ
ਦੀ ਸੰਗਤ ਵਿੱਚ ਰਹਿ ਕੇ ਇਸ ਸਿਧਾਂਤ: ‘ਗੁਰ ਨਾਲਿ ਤੁਲਿ ਨ
ਲਗਈ; ਖੋਜਿ ਡਿਠਾ ਬ੍ਰਹਮੰਡੁ ॥’ (ਸਿਰੀਰਾਗੁ, ਮ 5, ਅੰਕ 50)
ਭਾਵ ‘ਮੈਂ ਸਾਰਾ ਸੰਸਾਰ
ਭਾਲ ਕੇ ਵੇਖ ਲਿਆ ਹੈ, ਕੋਈ ਭੀ ਗੁਰੂ ਦੇ ਬਰਾਬਰ ਦਾ ਨਹੀਂ ਹੈ।’
ਪਰ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਦਾ
ਕੁਟਲ ਲਿਖਾਰੀ ਹਰ ਪੱਖੋਂ ਉਸੇ ਬਾਬਾ ਬੁੱਢਾ ਜੀ ਦੀ ਮਹਿਮਾ ਗੁਰੂ ਸਾਹਿਬ ਨਾਲੋਂ ਵੱਧ ਦਰਸਾ
ਕੇ ਗੁਰਮਤਿ ਦੇ ਇਸ ਸਿਧਾਂਤ ਦੀ ਖੰਡਣਾ ਕਰ ਰਿਹਾ ਹੈ।
ਲਿਖਾਰੀ ਲਿਖਦਾ ਹੈ:-
ਸਤਿਗੁਰੂ ਜੀ ਦੇ ਬਚਨ ਮੰਨ ਕੇ ਪੁੱਤਰ ਦੀ ਪਿਆਰੀ ਇੱਛਾ
ਸਹਿਤ ਮਾਤਾ ਗੰਗਾ ਜੀ ਬਹੁਤ ਸਾਰੇ ਦਾਸ, ਕਈ ਦਾਸੀਆਂ, ਸ਼ਿਗਾਰੇ ਹੋਏ ਘੋੜੇ ਤੇ ਰਥ.
ਖੀਰ ਖੰਡ ਅਤੇ ਕਈ ਤਰ੍ਹਾਂ ਦੇ ਪਕਵਾਨ ਨਾਲ ਲੱਦੀਆਂ ਸੁੰਦਰ ਬਹਿੰਗੀਆਂ ਵਾਲੇ ਸੇਵਕ (ਵਡੇ
ਪ੍ਰਭਾਵਸ਼ਾਲੀ ਜਲੂਸ਼ ਦੀ ਸ਼ਕਲ ਵਿਚ) ਨਾਲ ਤੁਰ ਪਏ।
ਸ਼ਹੀਦ ਭਾਈ ਮਨੀ ਸਿੰਘ ਜੀ ਦੀ ਜ਼ਬਾਨੀ
ਉਚਾਰੀ ਦਰਸਾਈ ਚੌਪਈ ਵਿਚੋਂ ਬਾਬਾ ਬੁਢਾ ਜੀ ਦੀ ਬੀੜ ਵੱਲ ਜਾਂਦੇ ਮਾਤਾ ਗੰਗਾ ਜੀ
ਦੇ ਜਲੂਸ ਦਾ ਉਪਰੋਕਤ ਵੇਰਵਾ ਪੜ੍ਹ ਕੇ ਬੜੀ ਸਖ਼ਤ ਹੈਰਾਨੀ ਹੋਈ ਕਿ, ਰਜਵਾੜਿਆਂ ਵਾਂਗ
ਤਿਆਰ ਕੀਤੇ ਸੁਆਦਿਸ਼ਟ ਪਕਵਾਨ ਨਾਲ ਲੱਦੀਆਂ ਹੋਈਆਂ ਵਧੀਆ ਬਹਿੰਗੀਆਂ, ਬਹੁਤ ਸਾਰੇ ਦਾਸ
ਦਾਸੀਆਂ ਦੇ ਝੁਰਮਟ ਵਿੱਚ ਬੜੇ ਕੀਮਤੀ ਸੁੰਦਰ ਹਾਰ ਸ਼ਿੰਗਾਰ ਨਾਲ ਸ਼ਿੰਗਾਰੇ ਘੋੜਿਆਂ ਨਾਲੇ
ਖਿਚੇ ਜਾ ਰਹੇ ਰਥ ਵਿੱਚ ਬੈਠੇ ਮਾਤਾ ਗੰਗਾ ਜੀ? ਗ਼ਰੀਬ ਕਿਰਤੀਆਂ ਦੀ ਮਾਮੂਲੀ ਆਮਦਨ ਦੇ
ਦਸਵੰਧ ਦੇ ਆਸਰੇ ‘ਸੰਤ ਸਿਪਾਹੀ’ ਦੀ ਸਿਰਜਣਾ ਕਰਨ ਦੇ ਯਤਨਾ ਵਿੱਚ ਰੁੱਝੇ ਹੋਏ, ਸਾਦਗੀ
ਗ਼ਰੀਬੀ ਸਹਿਨਸ਼ੀਲਤਾ ਦੇ ਪੂਰਨੇ ਪਾ ਰਹੇ, ਜਿਸ ਗੁਰਦੇਵ ਪਿਤਾ ਜੀ ਦੇ ਉਪਦੇਸ਼ ਦਾ ਧੁਰਾ ਹੀ
ਸੰਤੋਖ ਵਾਲਾ ਜੀਵਨ ਅਤੇ ਸਾਦਾ ਜੀਵਨ ਬਿਤਾਉਣਾ ਹੋਵੇ:- ‘ਨਾਮੁ
ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥’ ਅਤੇ ਉੱਚੇ ਆਚਰਨ ਨੂੰ ਘੋੜੇ ਬਣਾ ਕੇ
ਚੱਲਣ ਦਾ ਹੋਵੇ: ‘ਸੁਣਿ ਸਾਸਤ ਸਉਦਾਗਰੀ; ਸਤੁ ਘੋੜੇ ਲੈ ਚਲੁ
॥’ (ਸੋਰਠਿ, ਮਹਲਾ 1, ਘਰੁ 1॥ ਅੰਕ 595)।
ਕੀ ਉਨ੍ਹਾਂ ਦੇ ਮਹਿਲ ਮਾਤਾ ਗੰਗਾ ਜੀ ਉਪ੍ਰੋਕਤ ਦੱਸੀ ਸ਼ਾਨੋ ਸ਼ੌਕਤ
ਨਾਲ ਜਾ ਸਕਦੇ ਹਨ? ਜਾਂ ਲਿਖਾਰੀ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪ੍ਰਵਾਰ ’ਤੇ ਇਹ ਦੋਸ਼
ਲਾਉਣਾ ਚਾਹੁੰਦਾ ਹੈ ਕਿ ਅੱਜ ਦੇ ਪ੍ਰਚਾਰਕਾਂ ਵਾਂਗ ਗੁਰੂ ਸਾਹਿਬਾਨਾਂ ਦਾ ਪ੍ਰਚਾਰ ਵੀ
ਸਿਰਫ ਦੂਸਰਿਆਂ ਨੂੰ ਉਪਦੇਸ਼ ਦੇਣ ਲਈ ਹੀ ਸੀ ਅਤੇ ਉਹ ਖ਼ੁਦ ਉਸ ’ਤੇ ਅਮਲ ਨਹੀਂ ਕਰਦੇ ਸਨ?
ਦੂਸਰੀ ਗੱਲ ਹੈ ਕਿ ਗੁਰੂ ਸਾਹਿਬ ਜੀ ਦਾ
ਉਪਦੇਸ਼ ਹੈ:
1. ਉਹ ਸੱਚਾ ਸੁਆਮੀ ਖ਼ੁਦ ਹੀ ਸਿਰਜਣਹਾਰ ਹੈ। ਉਹ ਕਰਤਾਰ ਆਪ
ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਮਾਰ ਕੇ ਜਿਵਾਲਦਾ ਹੈ (ਭਾਵ, ਮਾਰਦਾ ਭੀ
ਆਪ ਹੀ ਹੈ, ਪੈਦਾ ਭੀ ਕਰਦਾ ਆਪ ਹੀ ਹੈ)। ਉਸ ਤੋਂ ਬਿਨਾ ਕੋਈ ਹੋਰ ਇਸ ਸਮਰਥਾ ਵਾਲਾ
ਨਹੀਂ ਹੈ: ‘ਆਪੇ ਕਰਤਾ, ਸਚਾ ਸੋਈ ॥ ਆਪੇ ਮਾਰਿ ਜੀਵਾਲੇ,
ਅਵਰੁ ਨ ਕੋਈ ॥’ (ਮਾਰੂ, ਸੋਲਹੇ, ਮ: ੩ ਅੰਕ 1069)
2. ਭਾਂਤ ਭਾਂਤ ਦੇ ਸਰੀਰ ਬਣਾ ਬਣਾ ਕੇ ਪ੍ਰਭੂ ਆਪ ਹੀ ਜੀਵਾਂ
ਨੂੰ (ਜਗਤ ਵਿਚ) ਘੱਲਦਾ ਹੈ ਤੇ (ਫਿਰ ਇਥੋਂ) ਲੈ ਜਾਂਦਾ ਹੈ: ‘ਜਿਨਸਿ
ਥਾਪਿ, ਜੀਆ ਕਉ ਭੇਜੈ; ਜਿਨਸਿ ਥਾਪਿ, ਲੈ ਜਾਵੈ ॥’ (ਆਸਾ, ਮ: ੫, ਅੰਕ
326)
3. ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ
ਹੈ, ਮਨੁੱਖ ਦੇ ਵੱਸ ਕੁਝ ਨਹੀਂ ਹੈ: ‘ਮਾਰੈ, ਰਾਖੈ, ਏਕੋ
ਆਪਿ ॥ ਮਾਨੁਖ ਕੈ, ਕਿਛੁ ਨਾਹੀ ਹਾਥਿ ॥’ (ਗਉੜੀ, ਸੁਖਮਨੀ, ਮ: ੫, ਅੰਕ
281)
ਫਿਰ ਉਪ੍ਰੋਕਤ
ਗੁਰ ਉਪਦੇਸ਼ਾਂ ਦੀ ਅਣਦੇਖੀ ਕਰਕੇ ਗੁਰੂ ਘਰ ਦੇ ਅੰਨਿਨ ਸ਼੍ਰਧਾਲੂ ਬਾਬਾ ਬੁੱਢਾ ਜੀ ਕਿਸ
ਤਰ੍ਹਾਂ ਮਾਤਾ ਜੀ ਨੂੰ ਇਹ ਵਰ ਦੇ ਸਕਦੇ ਹਨ ਕਿ ਤੇਰੀ ਕੁੱਖ ਤੋਂ ਅਜੇਹਾ ਸੂਰਬੀਰ ਯੋਧਾ
ਪੈਦਾ ਹੋਵੇਗਾ, ਜੋ ਵੈਰੀਆਂ ਦੇ ਸਿਰ ਇਉਂ ਭੰਨੇਗਾ ਜਿਵੇਂ ਉਨ੍ਹਾਂ (ਬਾਬਾ ਬੁੱਢਾ ਜੀ) ਨੇ
ਆਪਣੀਆਂ ਦੋਵਾਂ ਤਲੀਆਂ ਵਿੱਚ ਰਗੜ ਕੇ ਗੰਢਾ ਭੰਨ ਦਿੱਤਾ ਹੈ।
ਬਾਬਾ ਬੁੱਢਾ ਜੀ ਦੇ ਵਰ ਨਾਲ ਬਾਲ
ਹਰਿਗੋਬਿੰਦ ਸਾਹਿਬ ਜੀ ਦੇ ਜਨਮ ਹੋਣ ਦੀ ਐਸੀ ਮਨੌਤ ਦਾ ਤਾਂ ਗੁਰੂ ਅਰਜੁਨ ਸਾਹਿਬ ਜੀ ਖ਼ੁਦ
ਹੀ ਖੰਡਨ ਕਰਦੇ ਹੋਏ ਲਿਖ ਰਹੇ ਹਨ:
ਆਸਾ ਮਹਲਾ ੫ ॥ ਸਤਿਗੁਰ ਸਾਚੈ ਦੀਆ
ਭੇਜਿ ॥ ਚਿਰੁ ਜੀਵਨੁ ਉਪਜਿਆ ਸੰਜੋਗਿ ॥
ਉਦਰੈ ਮਾਹਿ ਆਇ ਕੀਆ ਨਿਵਾਸੁ ॥
ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥
ਮਿਟਿਆ ਸੋਗੁ ਮਹਾ ਅਨੰਦੁ ਥੀਆ ॥
ਗੁਰਬਾਣੀ ਸਖੀ ਅਨੰਦੁ ਗਾਵੈ ॥
ਸਾਚੇ ਸਾਹਿਬ ਕੈ ਮਨਿ ਭਾਵੈ ॥੨॥
ਵਧੀ ਵੇਲਿ ਬਹੁ ਪੀੜੀ ਚਾਲੀ ॥
ਧਰਮ ਕਲਾ ਹਰਿ ਬੰਧਿ ਬਹਾਲੀ ॥
ਮਨ ਚਿੰਦਿਆ ਸਤਿਗੁਰੂ ਦਿਵਾਇਆ ॥
ਭਏ ਅਚਿੰਤ ਏਕ ਲਿਵ ਲਾਇਆ ॥੩॥
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥
ਬੁਲਾਇਆ ਬੋਲੈ ਗੁਰ ਕੈ ਭਾਣਿ ॥
ਗੁਝੀ ਛੰਨੀ ਨਾਹੀ ਬਾਤ ॥
ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥ (ਆਸਾ,
ਮ: ੫, ਅੰਕ 396)
ਜੇ ਕਰ ਗੁਰ ਬਿਲਾਸ ਦੀ ਪ੍ਰਚਾਰੀ ਜਾ ਰਹੀ ਮਨ ਘੜਤ ਕਹਾਣੀ ਸੱਚੀ
ਹੁੰਦੀ ਤਾਂ ਗੁਰੂ ਅਰਜੁਨ ਸਾਹਿਬ ਜੀ ‘ਸਤਿਗੁਰ ਸਾਚੈ ਦੀਆ ਭੇਜਿ ॥’ ਦੀ ਥਾਂ ਜਰੂਰ ਲਿਖਦੇ
‘ਬਾਬੇ ਬੁੱਢੈ ਦੀਆ ਭੇਜਿ ॥’ ਅਤੇ ‘ਗੁਰੁ ਨਾਨਕੁ ਤੁਠਾ, ਕੀਨੀ ਦਾਤਿ’ ਦੀ ਥਾਂ ਲਿਖ ਦਿੰਦੇ:
‘ਬਾਬਾ ਬੁੱਢਾ ਤੁਠਾ, ਕੀਨੀ ਦਾਤਿ’ ਪਰ ਐਸਾ ਨਹੀਂ ਲਿਖਿਆ ਕਿਉਂਕਿ ਐਸਾ ਹੋ ਹੀ ਨਹੀਂ ਸਕਦਾ।
ਸੋ ਅਜੇਹੀ ਗੁਰਮਤਿ ਵਿਰੋਧੀ ਝੂਠੀ-ਕਹਾਣੀ
ਭਾਈ ਮਨੀ ਸਿੰਘ ਜੀ ਦੇ ਮੂੰਹੋਂ ਸੁਣਾਈ ਦਰਸਾਉਂਣ ਦਾ ਅਪਰਾਧ ਕਰਨ ਵਾਲਾ ਲਿਖਾਰੀ
ਨਿਰਸੰਦੇਹ, ਗੁਰਮਤਿ-ਸਿਧਾਂਤ ਦਾ ਵੈਰੀ ਕੋਈ ਬਿਪਰ ਸੀ। ਅਤੇ ਐਸੀ ਸਾਖੀ ਦਾ
ਪ੍ਰਚਾਰ ਕਰਨ ਵਾਲੇ ਡੇਰੇਦਾਰਾਂ ਦਾ ਮਕਸਦ ਹੈ ਭੋਲੀਆਂ ਸੰਗਤਾਂ ਦੇ ਮਨ ਵਿੱਚ ਇਹ ਬਿਠਾਉਣਾ
ਕਿ ਕੋਈ (ਉਨ੍ਹਾਂ ਵਰਗਾ) ਪਹੁੰਚਿਆ ਹੋਇਆ ਸੰਤ ਆਪਣੀ ਮੌਜ਼ ਵਿੱਚ ਆਇਆ ਬਾਬਾ ਬੁੱਢਾ ਜੀ
ਵਾਂਗ ਕੋਈ ਵੀ ਵਰ ਦੇ ਸਕਦਾ ਹੈ ਅਤੇ ਕਿਸੇ ਵਜਾ ਸ਼੍ਰਧਾਲੂ ਨਾਲ ਨਰਾਜ਼ ਹੋਇਆ ਸਰਾਪ ਵੀ ਦੇ
ਸਕਦਾ ਹੈ ਜਿਵੇਂ ਕਿ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਸਰਾਪ ਦਿੰਦਿਆਂ ਕਹਿ ਦਿੱਤਾ
ਸੀ ਕਿ ‘ਗੁਰੂ ਕਿਆਂ ਨੂੰ ਕੀ ਭਾਝੜਾਂ ਪੈ ਗਈਆਂ’।
ਸੋ ਸਾਨੂੰ ਗੁਰਬਾਣੀ ਅਤੇ ਬਾਬਾ ਬੁੱਢਾ ਜੀ ਦੇ
ਉੱਚੇ ਸੁੱਚੇ ਜੀਵਨ ਤੋਂ ਸੇਧ ਹੀ ਸਾਧ ਲੈਣੀ ਚਾਹੀਦੀ ਹੈ, ਨਾ ਕਿ ਗੁਰਬਿਲਾਸ ਵਰਗੀ ਪੁਸਤਕ
ਦੀਆਂ ਮਨਘੜਤ ਕਹਾਣੀਆਂ ਵਿੱਚ ਬਿਨਾਂ ਗੁਰਬਾਣੀ ਦੀ ਕਸਵੱਟੀ ’ਤੇ ਪਰਖਿਆਂ ਵਿਸ਼ਵਾਸ਼ ਕਰਨਾ।
ਟਿੱਪਣੀ: ਸ. ਕਿਰਪਾਲ ਸਿੰਘ
ਜੀ, ਆਪਜੀ ਦੇ ਵੀਚਾਰ ਬਹੁਤ ਹੀ ਉੱਚ ਪਾਏ ਦੇ ਹਨ, ਗੁਰਮਤਿ ਅਨੁਕੂਲ ਹਨ, ਪਰ ਬਹੁਤੇ ਸਿੱਖ
ਅਖਵਾਉਣ ਵਾਲੇ ਲੋਕ ਭਰਮਗਿਆਨੀਆਂ ਦੀ ਗੱਲ ਜ਼ਿਆਦਾ ਸੁਣਦੇ ਹਨ, ਗੁਰੂ ਗ੍ਰੰਥ ਸਾਹਿਬ ਨੂੰ
ਸਿਰਫ ਇੱਕ ਮੂਰਤੀ ਵਾਂਗ ਹੀ ਪੂਜਦੇ ਤੇ ਮੱਥੇ ਟੇਕਦੇ ਹਨ, ਗੁਰੂ ਦੀ ਮੰਨਦੇ ਨਹੀਂ। ਗੁਰੂ
ਸੁਮੱਤ ਬਖਸ਼ੇ।
- ਸੰਪਾਦਕ ਖ਼ਾਲਸਾ ਨਿਊਜ਼