Share on Facebook

Main News Page

ਗੁਰਮਤਿ ਪ੍ਰਚਾਰ ਖੇਤਰ ਵਿੱਚ ਪ੍ਰਸ਼ਨ-ਉੱਤਰ ਵਿਵਸਥਾ ਕਿਉਂ ਨਹੀਂ ?
-: ਤਰਲੋਕ ਸਿੰਘ ਹੁੰਦਲ

ਗੁਰਦੁਆਰਾ ਸਾਹਿਬ ਹੋਵੇ ਜਾਂ ਕੋਈ ਧਾਰਮਿਕ ਸਮਾਗਮ, ਰਾਗੀ/ਢਾਡੀ ਹੋਵੇ ਜਾਂ ਕਥਾ-ਵਾਚਕ, ਪ੍ਰਬੰਧਕਾਂ ਵਲੋਂ ਮਿਥੇ ਸਮੇਂ ਅਨੁਸਾਰ ਸਟੇਜ ਉੱਤੇ ਆਉਂਦਾ ਹੈ, ਆਪਣੀ ਡੀਉਟੀ ਯਾਨੀਂ ਕੀਰਤਨ ਕੀਤਾ, ਵਾਰਾਂ ਗਾਈਆਂ ਜਾਂ ਫਿਰ ਗੁਰੂ ਉਸਤਤੀ ਵਿੱਚ ਕਿਸੇ ਸਾਖੀ ਆਦਿ ਦਾ ਵਿਖਿਆਨ ਕੀਤਾ ਤੇ ਸਮਾਂ ਸਮਾਪਤੀ ਪੁਰ ਸਟੇਜ ਤੋਂ ਉਤਰਿਆ, ਪੋਲੇ ਜਹੇ ਸੰਗਤਾਂ ਵਲੋਂ ਭੇਂਟ ਮਾਇਆ ਖੀਸੇ’ਚ ਪਾਈ ਤੇ ਗੁਰੂ-ਚਰਨਾਂ ਵਿੱਚ ਢਿੱਲੀ ਜਹੀ ਨਮਸਕਾਰ ਕਰਕੇ ਦੀਵਾਨ ਹਾਲ ’ਚੋਂ ਚੁਪ-ਚਾਪ ਬਾਹਰ ਚਲਾ ਗਿਆ।ਸਿੱਖ ਸਟੇਜਾਂ ਉੱਤੇ ਅਜ ਕਲ ਇਹੋ ਰੀਤੀ ਭਾਰੂ ਹੈ।

ਰਹੀ ਗੱਲ ਸਟੇਜ ਤੋਂ ਕੀਤੇ ਗਏ ਪ੍ਰਚਾਰ ਵਿਸ਼ੇ ਦੀ- ਇਹ ਸੱਚ ਹੈ ਕਿ ਵਿਦਵਤਾ , ਲਗਨ, ਸ਼ਰਧਾ, ਗੁਰ-ਸ਼ਬਦ ਸਮਰਪਣ ਖੋਜ ਬਿਰਤੀ ਦੀ ਘਾਟ ਕਾਰਨ, ਪ੍ਰਚਾਰਕਾਂ ਦੀਆਂ ਕਹੀਆਂ ਗੱਲਾਂ ਅਤੇ ਸੁਣਾਈਆਂ ਸਾਖੀਆਂ ਹਾਜਰ ਸੰਗਤਾਂ ਦੇ ਮਨਾਂ ਵਿੱਚ ਸਹਿਜ-ਸੁਭਾਅ ਹੀ ਅਨੇਕਾਂ ਸ਼ੰਕੇ ਉਤਪੰਨ ਕਰ ਜਾਂਦੀਆਂ ਹਨ। ਸੱਚ ਇਹ ਵੀ ਹੈ ਕਿ ਹੁਣ ਸਾਧਾਰਨ ਸਿੱਖ ਵੀ ਜਾਗਰੂਕ ਹੈ,ਅਤੇ ਵਿਖਿਆਨਕਾਰ ਦੇ ਮੂੰਹੋਂ ਨਿਕਲੇ ਹਰ ਬੋਲ ਨੂੰ ਗਹੁ ਨਾਲ ਸੁਣਦਾ ਹੈ, ਤੇ ਨਾਲ ਦੀ ਨਾਲ ਉਸ ਨੂੰ ਪੂਰੀ ਸੂਝ-ਬੂਝ ਨਾਲ ਘੋਖਦਾ, ਵਿਚਾਰਦਾ ਵੀ ਚਲਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਰਾਗੀ/ਢਾਡੀ ਜਾਂ ਗੁਰੂ ਦੀ ਸਟੇਜ ਤੋਂ ਕਥਾ-ਵਾਚਕ ਦੀਆਂ ਕਹੀਆਂ ਗੱਲਾਂ ਵਿੱਚੋਂ ਫਿਰ ਉਨ੍ਹਾਂ ਸੋਚਵਾਨਾਂ ਦੇ ਮਨਾਂ ਵਿੱਚ ਗੁਰਮਤਿ ਅਨੁਸਾਰੀ ਉਪਜੇ ਸ਼ੰਕਿਆਂ ਦੀ ਨਵਿਰਤੀ ਕੌਣ ਕਰੇਗਾ?

ਹਰਗਿਜ਼ ਇਹ ਸੰਭਵ ਨਹੀਂ ਕਿ ਸਿੱਖ, ਗੁਰਦੁਆਰਾ ਸਾਹਿਬ ਕੋਲੋਂ ਲੰਘ ਰਿਹਾ ਹੋਵੇ ਤੇ ਨਤਮਸਤ ਨਾ ਹੋਏ। ਪਿਛਲੇ ਦਿਨ ਜਦੋਂ ਅਸੀਂ ਨਜਦੀਕ ਹੀ ਇੱਕ ਗੁਰਦੁਆਰਾ ਸਾਹਿਬ ਨਤਮਸਤ ਹੋਣ ਗਏ ਤਾਂ ਵੇਖਿਆ ਕਿ ਸਿੱਟੇ ਚੁੱਗਣ ਵਾਲੀ ਵਾਂਗ ਇੱਕ ਜੋਸ਼ੀਲੇ ਸਿੱਖ ਪ੍ਰਚਾਰਕ ਨੇ ਸਟੇਜ ਤੋਂ ਥੋੜੇ ਜਹੇ ਸਮੇਂ ਵਿੱਚ ਹੀ ਸਾਰਾ ਗੁਰੂ-ਕਾਲ ਦਾ ਇਤਿਹਾਸ ਫਰੋਲ ਮਾਰਿਆ। ਤੇਜ-ਤਰਾਰ ਪ੍ਰਚਾਰਕ ਦੇ ਵਿਖਿਆਨ ’ਚੋਂ ਹੋਰਨਾਂ ਵਾਕਫ਼ਕਾਰ ਸ਼ਰਧਾਲੂਆਂ ਵਾਂਗ, ਗੁਰਮਤਿ ਅਨੁਸਾਰੀ ਕੁਝ ਸ਼ੰਕੇ ਸਾਡੇ ਵੀ ਜਿਹਨ’ਚ ਪੈਦਾ ਹੋ ਗਏ।ਇੱਕ-ਦੂਸਰੇ ਨਾਲ ਮੂੰਹ ਜੋੜਕੇ ਪੰਡਾਲ’ਚੋਂ ਉਠਦੀ ਘੁਸਰ-ਮੁਸਰ ਦੇ ਮੱਦੇ-ਨਜ਼ਰ, ਬਾਅਦ ਵਿੱਚ ਦੋ-ਚਾਰ ਸੱਜਣਾਂ ਨਾਲ ਅਸੀਂ, ਉਸ ਪ੍ਰਚਾਰਕ ਭਾਈ ਨੂੰ ਮਿਲਣ ਦਾ ਯਤਨ ਕੀਤਾ ਤਾਂ ਆਪਾਂ “ਫੇਰ ਗੱਲ ਕਰਾਂਗੇ?”- ਆਖ ਕੇ ਉਹ ਖਿਸਕਦਾ ਬਣਿਆ। ਉਸ ਭੱਦਰਪੁਰਸ਼ ਦੇ ਵਿਖਿਆਨ ਨੇ ਅਜਬ ਕਿਸਮ ਦੀ ਬੇਚੈਨੀ ਪੈਦਾ ਕਰ ਰੱਖੀ ਹੈ, ਜਿਸ ਬਾਰੇ ਸਿੱਖ ਜਗਤ ਨਾਲ ਸਾਂਝ ਪਾਉਂਣੀ ਅਤੀ ਜਰੂਰੀ ਸਮਝਦਾ ਹਾਂ:-

(ੳ) ਸ੍ਰੀ ਗੁਰੂ ਨਾਨਕ ਸਾਹਿਬ, ਸਿੱਖ ਧਰਮ ਦੇ ਬਾਨੀ ਹਨ। ਆਪ ਜੀ ਦਾ ਆਗਮਨ 1469 ਈ: ਨੂੰ ਹੋਇਆ। ਲੋਕਾਈ ਨੂੰ ‘ਸੱਚ’ ਤੇ ਇਨਸਾਨੀਅਤ ਦਾ ਪਾਠ ਪੜ੍ਹਾਉਂਣ ਲਈ ਆਪ ਜੀ ਨੇ ਚਾਰ ਉਦਾਸੀਆਂ ਕੀਤੀਆਂ। ਪਾਵਨ ‘ਗੁਰ-ਬਚਨਾਂ’ ਦਾ ਪੋਥੀ ਸਾਹਿਬ ਵੀ ਤਿਆਰ ਕੀਤਾ। ਫਿਰ ਗੁਰਤਾ-ਗੱਦੀ ਦੇ ਨਾਲ ‘ਪੋਥੀ ਸਾਹਿਬ’, ਦੂਸਰੇ ਗੁਰੂ, ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਸਪੁਰਦ ਕੀਤਾ। ਕੋਈ ਅਠਾਰ੍ਹਾਂ ਕੁ ਵਰ੍ਹੇ ਕਰਤਾਰ ਪੁਰ (ਪਾਕਿ)’ਚ ਰਹਿ ਕੇ ਕਿਰਸਾਨੀ ਕੀਤੀ ਤੇ ਅੰਤ ਓਥੇ ਹੀ ਜੋਤੀ-ਜੋਤ ਸਮਾ ਗਏ। ਸਾਖੀ ਇਉਂ ਚਲੀ ਕਿ ‘ਮਨੁੱਖਾ ਦੇਹੀ ਰੂਪ’ ਵਿੱਚ ਗੁਰੂ ਸਾਹਿਬ ਨਹੀਂ ਮਿਲੇ, ਕੇਵਲ ਤੇ ਕੇਵਲ ਉਨ੍ਹਾਂ ਉਪਰ ਲਈ ਹੋਈ ਇੱਕ ਚਾਦਰ ਮਿਲੀ ਸੀ। ਇਹ ਵੀ ਸੁਣਾਇਆ ਗਿਆ ਕਿ ਓਥੇ ਹੀ ਆਪੋ-ਆਪਣਾ ਰਹਿਬਰ ਦੱਸ ਕੇ, ‘ਹਿੰਦੂ ਤੇ ਮੁਸਲਮਾਨ’ ਆਪਸ ਵਿੱਚ ਝਗੜ ਪਏ। ਅੰਤਮ ਸਹਿਮਤੀ ਮੁਤਾਬਕ ਉਸ ਚਾਦਰ ਦੇ ਦੋ ਟੁਕੜੇ ਕੀਤੇ ਗਏ, ਹਿੰਦੂਆਂ ਨੇ ਆਪਣੇ ਹਿਸੇ ਆਈ ਚਾਦਰ ਦਾ ਸਸਕਾਰ ਕਰ ਦਿੱਤਾ ਤੇ ਮੁਸਲਮਾਨਾਂ ਵਲੋਂ ਨਜਦੀਕ ਹੀ ਦਫ਼ਨਾ ਕੇ ਕਬਰ ਬਣਾ ਦਿੱਤੀ ਗਈ। ਮਨ ਵਿੱਚ ਸ਼ੰਕਾ ਪੈਦਾ ਹੋਇਆ ਸੀ ਕਿ ਉੱਥੇ ਕੋਈ ਸਿੱਖ ਨਹੀਂ ਸੀ? ਕੀ ਉਸ ਸਦੀਵੀ ਵਿਛੋੜੇ ਦੀ ਦੁਖਦਾਈ ਘੜੀ ਵੇਲੇ ਸ਼੍ਰੀ ਗੁਰੂ ਅੰਗਦ ਸਾਹਿਬ ਕਰਤਾਰ ਪੁਰ ਨਹੀਂ ਸਨ ਗਏ? ਜੇ ਗਏ ਸਨ ਤਾਂ ਫਿਰ ਹਿੰਦੂ ਤੇ ਮੁਸਲਮਾਨ’ਚ ਵਿਵਾਦ ਕਿਵੇਂ ਪੈਦਾ ਹੋਇਆ? ਵੇਈਂ ਇਸ਼ਨਾਨ (ਸੁਲਤਾਨਪੁਰ) ਉਪਰੰਤ ਆਪ ਜੀ ਦੇ ਮੁਖਾਰਬਿੰਦ ਵਿੱਚੋਂ ਨਿਕਲੇ ਇਲਾਹੀ ਬੋਲ ਕੋਈ ਹੋਰ ਨਹੀਂ, ਬਸ ਇਹੋ ਹੀ ਤਾਂ ਸਨ “ਨਾ ਕੋ ਹਿੰਦੂ ਨਾ ਮੁਸਲਮਾਨ”। ‘ਗੁਰੂ ਨਾਨਕ ਸਾਹਿਬ’ ਉਪਰਲੀ ਚਾਦਰ (ਸਾਹਿਬ ਜੀ ਦੇ ਸਰੀਰਕ ਪ੍ਰਤਿਬਿੰਬ) ਦਾ ਪਾੜ ਕੇ ਦੋ ਟੋਟੇ ਕਰਨਾ ਸਿੱਖ ਸੰਸਾਰ ਨੂੰ ਕੀ ਸੰਦੇਸ਼ ਦਿੰਦਾ ਹੈ? ਨਾਨਕ ਨਾਮ-ਲੇਵਾ ਭਾਰੀ ਸੰਗਤ ਕਿੱਥੇ ਲੁਕੀ ਰਹੀ?

(ਅ) ਉਹ ਕਥਾਕਾਰ ਇਹ ਵੀ ਕਹਿ ਗਿਆ ਕਿ, ‘ਤਿਲਕ ਜੰਞੂ ਰਾਖਾ ਪ੍ਰਭ ਤਾ ਕਾ...’ ਉਸ ਦਾ ਇਸ਼ਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹੀਦੀ ਦੇ ਮੂਲ ਕਾਰਨ ਨੂੰ ਨਿਰਧਾਰਤ ਕਰਨਾ ਸੀ। ਨਾਲ ਹੀ ਵਿਖਿਆਨ ਦੌਰਾਨ, ਉਸ ਨੇ ਬੁੱਲੇਸ਼ਾਹ ਫ਼ਕੀਰ ਦਾ ਵੀ ਜ਼ਿਕਰ ਕੀਤਾ ਕਿ: ‘ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਦਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ’। ਫਿਰ ਉਸ ਨੇ ਲਾਲਾ ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ‘ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ’- ਬਾਰੇ ਕਿਤਾਬ ਦਾ ਵਿਸ਼ੇਸ਼ ਤੌਰ 'ਤੇ ਹਵਾਲਾ ਦਿੰਦੇ ਹੋਏ ਇਹ ਦੱਸਣ ਦਾ ਯਤਨ ਕੀਤਾ ਕਿ “ਹਿੰਦੂਆਂ ਦੀ ਉਸ ਹਾਲਤ ਦਾ ਵਰਣਨ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਨਮ ਦਿੱਤਾ” (ਉਕਤ ਪੁਸਤਕ ਦਾ ਮੁਖਬੰਧ)।

ਅਸੀਂ ਜਾਨਣਾ ਚਾਹੁੰਦੇ ਸੀ ਕਿ ਸਿੱਖ ਵਿਦਵਾਨ ਭਾਈ ਸਾਹਿਬ, ਭਾਈ ਕਾਨ੍ਹ ਸਿੰਘ ਜੀ ਨੂੰ ‘ਹਮ ਹਿੰਦੂ ਨਹੀਂ’ ਨਾਮੀਂ ਕਿਤਾਬ ਕਿਉਂ ਲਿਖਣੀ ਪਈ? ਅਤੇ ਸਿੱਖ ਧਰਮ ਫਿਰ, ਵਿਲੱਖਣ ਕਿਵੇਂ ਹੋਇਆ? ਦੱਸਣਾ ਬਣਦਾ ਹੈ ਕਿ ਲਾਲਾ ਦੌਲਤ ਰਾਏ ਇੱਕ ਪ੍ਰਸਿੱਧ ਤੇ ਕੱਟੜ ਆਰੀਆ ਸਮਾਜੀ ਕਾਰਕੁੰਨ ਹੋਇਆ ਹੈ। ਇਸ ਦੀ ਵਿਚਾਰ-ਅਧੀਨ ਪੁਸਤਕ ਸ਼੍ਰੋਮਣੀ ਕਮੇਟੀ ਸਮੇਤ ਪ੍ਰਮੱਖ ਸਿੱਖ ਸਾਹਿਤ ਵਿਕਰੇਤਾ ਕੋਲੋਂ ਆਮ ਮਿਲ ਜਾਂਦੀ ਹੈ। ਇਸ ਦੀ ਪੇਸ਼ਕਾਰੀ ਪਹਿਲੀ ਨਜ਼ਰੇ, ਬੜੀ ਰਸੀਲੀ, ਸੁਆਦਲੀ ਤੇ ਚਟਪਟੀ ਲਗਦੀ ਹੈ, ਪਰ ਜੇ ਗੁਰਮਤਿ ਦੇ ਨਜ਼ਰੀਏ ਤੋਂ, ਇਸ ਲਿਖਤ ਨੂੰ ਧਿਆਨ ਨਾਲ ਪੜ੍ਹਿਆ ਜਾਏ ਤਾਂ ਹੈਰਾਨ, ਪ੍ਰੇਸ਼ਾਨ ਹੋ ਜਾਈਦਾ ਹੈ, ਜਦੋਂ ਲਾਲਾ ਜੀ ਦੇ ਦਸਮੇਸ਼ ਪਿਤਾ ਜੀ ਬਾਰੇ ਉਪਰੋਤਕ (ਮੁਖਬੰਧ) ਵਿਚਾਰ ਪੜ੍ਹਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ “ਕੇਵਲ ਤੇ ਕੇਵਲ”-ਹਿੰਦੂਆਂ ਦੀ ਹਾਲਤ ਹੀ ਸੀ?

ਲਾਲਾ ਜੀ ਤਾਂ ਇਹ ਵੀ ਲਿਖਦੇ ਹਨ:-

(1) ਗੁਰੂ ਗੋਬਿੰਦ ਸਿੰਘ ਜੀ ਨੇ ‘ਲੋਹੇ ਨੂੰ ਲੋਹਾ’ ਦੇ ਕਥਨ ਅਨੁਸਾਰ, ਇਸ ਤਰ੍ਹਾਂ ਦੇ ਆਦਮੀ ਪੈਦਾ ਕੀਤੇ, ਜਿਨ੍ਹਾਂ ਦੀ ਸਖਤ ਲੋੜ ਸੀ। ਕ੍ਰਿਸ਼ਨ ਜੀ ਨੇ ਜੋ ਉਪਦੇਸ਼, ਅਰਜਨ ਨੂੰ ਮਹਾਂਭਾਰਤ ਦੀ ਰਣ-ਭੂਮੀ ਵਿੱਚ ਕੀਤਾ, ਭੀਸ਼ਮ ਨੇ ਜੋ ਉਪਦੇਸ਼, ਯੁਧਿਸ਼ਟਰ ਨੂੰ ਜਿਤ ਪਿੱਛੋਂ ਗੱਦੀ ਦੇ ਤਿਆਗ ਸਮੇਂ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੇ, ਉਸ ਨੂੰ ਅੱਖਰ, ਅੱਖਰ ਆਪਣੇ ਸਾਹਮਣੇ ਪੂਰਾ ਕੀਤਾ’(ਪੰਨਾ-232)- ਕੀ ਕਲਗੀਧਰ ਪਿਤਾ ਜੀ ਨੇ ਹਿੰਦੂ ਮਹਾਂਰਥੀਆਂ ਤੋਂ ਅਗਵਾਈ ਲਈ ਹੋਵੇਗੀ ਅਤੇ ਉਨ੍ਹਾਂ ਦੇ ਨਕਸ਼ੇ-ਕਦਮਾਂ ਤੇ ਚਲੇ? ਸਿੱਖ ਜਗਤ ਲਈ ਵਿਚਾਰਨਯੋਗ ਹੈ।

(2) ਇਕ ਹੋਰ-ਸਿੰਘ, ਆਪਣੀ ਭਾਵਨਾ “ਲੋਹੇ” ਨਾਲ ਜੋੜਨਗੇ ਤੇ ਉਸ ਨੂੰ ਹੀ ਆਪਣੀਆਂ ਰਿਧੀਆਂ, ਸਿੱਧੀਆਂ ਦਾ ਦਾਤਾ ਸਵੀਕਾਰ ਕਰਨਗੇ। ਸ਼ਸਤਰ ਧਾਰਨ ਕਰਨਾ, ਸ਼ਸਤਰ ਚਲਾਣਾ ਤੇ ਯੁੱਧ ਕਰਨਾ ਸਿੰਘਾਂ ਦਾ ਪਰਮ-ਧਰਮ ਹੋਵੇਗਾ। (ਪੰਨਾ-147) ਜ਼ਰਾ ਸੋਚੋ! ਲਾਲਾ ਜੀ, ਸਿੰਘ ਦਾ ਪਰਮ-ਧਰਮ ਕਿਸ ਨੂੰ ਆਖ ਰਹੇ ਹਨ?

(3) ਗੁਰੂ ਜੀ ਨੇ ਦੋ ਮਕਸਦ ਆਪਣੇ ਸਾਹਮਣੇ ਰੱਖ ਕੇ ਖਾਲਸਾ ਧਰਮ ਦੇ ਮਹਿਲ ਦੀ ਉਸਾਰੀ ਦੀ ਬੁਨਿਆਦ ਰੱਖੀ: ‘(1) ਵੱਖ ਵੱਖ ਹਿੰਦੂ ਆਪਸ ਵਿੱਚ ਮਿਲ ਕੇ ਇੱਕ ਹੋ ਜਾਣ’।ਕੀ ਸਿੱਖ ਧਰਮ ਦੀ ਸਥਾਪਨਾ ਦਾ ਮਕਸਦ ਇਹੋ ਹੀ ਸੀ? ਸਿੱਖ ਭਾਈਚਾਰੇ ਲਈ ਗੰਭੀਰਤਾ ਨਾਲ ਵਿਚਾਰਨਾ ਅਤਿ ਜਰੂਰੀ ਹੈ। ਇਹੋ ਜਿਹੀਆਂ ਧਾਰਨਾਵਾਂ ਲਾਲਾ ਦੌਲਤ ਰਾਏ ਵਲੋਂ, ਖੰਡ ਲਪੇਟੀ ਹਿੰਦਵੀ ਜ਼ਹਿਰ ਦਾ ਮੰਤਵ ਨਿਰਧਾਰਤ ਕਰਦੀ ਹੈ, ਜਿਸ ਬਾਰੇ ਸਿਖ ਜਗਤ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ।

ਸਿੱਖ ਧਰਮ ਦੇ ਸਿੱਖੀ ਸਿਧਾਤਾਂ ਪ੍ਰਤਿ ਅਪਣਾਏ ਹੋਏ ਪ੍ਰਚਾਰਕ ਢਾਂਚੇ ਵਿੱਚ ਪ੍ਰਸ਼ਨ-ਉੱਤਰ ਵਿਵਸਥਾ ਜੋੜ ਕੇ, ਇਨਕਲਾਬੀ ਤਬਦੀਲੀ ਦੀ ਸਖ਼ਤ ਲੋੜ ਹੈ ਤਾਂ ਜੁ ਅਜੋਕੇ ਪ੍ਰਚਾਰਕਾਂ ਦੀ ਗੈਰ-ਸਿਧਾਂਤਕ ਗੁਰਮਤਿ ਵਿਰੋਧੀ ਰੂਚੀ ਨੂੰ ਠੱਲ ਪਾਈ ਜਾ ਸਕੇ।


ਟਿੱਪਣੀ: ਸ. ਤਰਲੋਕ ਸਿੰਘ ਜੀ, ਆਪ ਜੀ ਦੇ ਵੀਚਾਰ ਬਹੁਤ ਆਲਾ ਹਨ। ਜਿਸ ਦਿਨ ਗੁਰਦੁਆਰੇ "ਗੁਰੂ ਦੁਆਰੈ ਹੋਇ ਸੋਝੀ ਪਾਇਸੀ" ਵਾਲੇ ਕੇਂਦਰ ਬਣ ਗਏ, ਤੇ ਕੀਰਤਨੀਏ, ਕਥਾਕਾਰ, ਢਾਡੀਆਂ ਆਦਿ ਨੂੰ ਇਹ ਨਿਰਦੇਸ਼ ਦਿੱਤੇ ਜਾਣ ਲੱਗੇ ਕਿ ਭਾਈ ਸਾਹਿਬ ਜੋ ਤੁਸੀਂ ਕਹਿਣਾ ਹੈ, ਉਸ ਦੇ ਬਾਅਦ ਸੰਗਤ ਨੇ ਤੁਹਾਨੂੰ ਉਸੇ ਸੰਬੰਧ 'ਚ ਸਵਾਲ ਵੀ ਪੁੱਛਣੇ ਹਨ... ਸ਼ਰਤੀਆ ਹੈ, ਉਸੇ ਦਿਨ 99% ਇਹ ਰਾਗੀ, ਢਾਡੀ, ਕਥਾਕਾਰ ਇਹ ਕੰਮ ਛੱਡ ਕੇ, ਕੋਈ ਹੱਥੀਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਸੇ ਦਿਨ ਗੱਪ ਕਹਾਣੀਆਂ ਸੁਣਾਉਣ ਵਾਲੇ ਸਟਜ 'ਤੇ ਚੜ੍ਹਨ ਤੋਂ ਡਰਿਆ ਕਰਣਗੇ... ਪਰ "ਦਿਲ ਕੇ ਖੁਸ਼ ਰਖਨੇ ਕੋ ਗ਼ਾਲਿਬ ਯੇ ਖ਼ਿਆਲ ਅੱਛਾ ਹੈ"... ਪ੍ਰਬੰਧਕ ਆਪਣੀ ਚੱਲ ਰਹੀ ਦੁਕਾਨ 'ਤੇ ਲੱਤ ਕਿਉਂ ਮਾਰਣਗੇ !!!

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top