* ਵਿਵਾਦਤ ਮਾਮਲਿਆਂ ਨੂੰ ਮੀਡੀਆ ਵਿੱਚ ਉਛਾਲਣ ਦੀ ਬਜਾਏ ਸਿੱਖ ਪੰਥ
ਨਾਲ ਮਿਲ ਕੇ ਵਿਚਾਰਨ ਜਥੇਦਾਰ: ਸੁਖਦੇਵ ਸਿੰਘ ਭੌਰ
ਅੰਮ੍ਰਿਤਸਰ
(6 ਸਤੰਬਰ 2015): ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਬਾਬਾ ਵਡਭਾਗ ਸਿੰਘ ਦਾ ਜਨਮ
ਦਿਹਾੜਾ ਮਨਾਉਣ ਸਬੰਧੀ ਸਹਿਮਤੀ ਦੇਣ ’ਤੇ ਕੀਤੇ ਜਾ ਰਹੇ ਇਤਰਾਜ਼ ਨੂੰ ਬੇਮਾਅਨਾ ਦੱਸਣ
’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਟਿੱਪਣੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ
ਸੁਖਦੇਵ ਸਿੰਘ ਭੌਰ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ
ਕਿ ਵਡਭਾਗ ਸਿੰਘ ਵਰਗੇ ਵਿਵਾਦਤ ਮਸਲਿਆਂ ਨੂੰ ਮੀਡੀਆ ਵਿੱਚ ਉਛਾਲਣ ਦੀ ਬਜਾਏ ਉਹ ਸਿੱਖ
ਪੰਥ ਨਾਲ ਮਿਲ ਬੈਠ ਕੇ ਵਿਚਾਰਨ।
ਇੱਥੇ ਜਾਰੀ ਇਕ ਬਿਆਨ ਵਿੱਚ ਜਥੇਦਾਰ ਭੌਰ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼-ਵਿਦੇਸ਼ਾਂ ਤੋਂ
ਵੱਡੀ ਗਿਣਤੀ ਵਿੱਚ ਸਿੱਖ ਸੰਗਤ ਦੇ ਫੋਨ ਸੁਨੇਹੇ ਆ ਰਹੇ ਹਨ ਕਿ ਵਡਭਾਗ ਸਿੰਘ ਦਾ ਜਨਮ
ਦਿਹਾੜਾ ਸਿੱਖ ਪੰਥ ਕਿਵੇਂ ਮਨਾ ਸਕਦਾ ਹੈ। ਇਸ ਮਾਮਲੇ ਵਿੱਚ
ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ
ਜੇਕਰ ਵਡਭਾਗ ਸਿੰਘ ਨੇ ਅੰਮ੍ਰਿਤ ਛੱਕ ਲਿਆ ਸੀ, ਤਾਂ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ,
ਵੰਡੀ ਤੇ ਪ੍ਰਚਾਰੀ ਜਾਂਦੀ ‘ਸਿੱਖ ਰਹਿਤ ਮਰਿਆਦਾ’ ਮੁਤਾਬਕ ਧੀਰ ਮਲੀਏ ਤੇ ਰਾਮ ਰਾਈਏ ਨੂੰ
ਮਿਲਣਾ ਵਰਤਣਾ ਮਨ੍ਹਾ ਕਿਉਂ ਹੈ? ਉਨ੍ਹਾਂ ਕਿਹਾ ਕਿ ਵਡਭਾਗ ਸਿੰਘ ਲੰਬਾ ਸਮਾਂ
ਪਹਿਲਾਂ ਹੋਏ ਸਨ, ਪ੍ਰੰਤੂ ਸਿੱਖ ਰਹਿਤ ਮਰਿਆਦਾ 1936 ਵਿੱਚ ਬਹੁਤ ਲੰਬੀ ਵਿਚਾਰ ਉਪਰੰਤ
ਬਣੀ ਹੈ। ਜੇਕਰ ਵਡਭਾਗ ਸਿੰਘ ਨੇ ਅੰਮ੍ਰਿਤ ਛੱਕ ਲਿਆ ਸੀ, ਤਾਂ
ਫਿਰ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 31 ਭਾਗ(ਠ) 1 ਵਿੱਚ ਧੀਰ ਮਲੀਏ, ਰਾਮਰਾਈਏ ਆਦਿ
ਪੰਥਕ ਵਿਰੋਧੀਆਂ ਨਾਲ ਨਾ ਮਿਲਵਰਤਣ ਬਾਰੇ ਕਿਉਂ ਆਦੇਸ਼ ਕੀਤਾ ਗਿਆ ਸੀ।
ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੁੱਛਿਆ ਕਿ ਕੀ ਉਹ ਹੁਕਮ ਠੀਕ ਨਹੀਂ ਹੈ? ਉਨ੍ਹਾਂ
ਕਿਹਾ ਕਿ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰਿਆਂ ਵੱਲੋਂ ਇਸ ਸਬੰਧ ਵਿੱਚ ਹਰੇਕ
ਅੰਮ੍ਰਿਤਧਾਰੀ ਵਿਅਕਤੀ ਨੂੰ ਹਦਾਇਤ ਕੀਤੀ ਜਾਂਦੀ ਹੈ ਤੇ ਕੀ ਇਹ ਹਦਾਇਤ ਵੀ ਗ਼ਲਤ ਹੈ?
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਦਾ ਅਹੁਦਾ ਸਤਿਕਾਰਤ ਹੈ ਤੇ ਸਮੁੱਚੇ ਸਿੱਖ ਪੰਥ
ਨੂੰ ਹੁਕਮ ਦੇਣ ਵਾਲਾ ਹੈ, ਇਸ ਲਈ ਉਹ ਅਜਿਹੇ ਵਿਵਾਦਤ ਮਸਲਿਆਂ ਬਾਰੇ ਮੀਡੀਆ ਰਾਹੀਂ ਚਰਚਾ
ਕਰਨ ਦੀ ਬਜਾਏ ਸਿੱਖ ਪੰਥ ਨਾਲ ਮਿਲ-ਬੈਠ ਕੇ ਵਿਚਾਰਨ ਅਤੇ ਮਾਮਲੇ ਨੂੰ ਹੱਲ ਕਰਨ।
ਇੱਥੇ ਦੱਸਣਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ
ਸਿੰਘ ਨੇ ਹਾਲ ਹੀ ਵਿੱਚ ਆਖਿਆ ਹੈ ਕਿ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਉਣ ਵਿੱਚ ਕੋਈ
ਇਤਰਾਜ਼ ਨਹੀਂ ਹੈ ਕਿਉਂਕਿ ਉਸ ਨੇ ਅੰਮ੍ਰਿਤ ਛੱਕ ਲਿਆ ਸੀ। ਉਸ ਤੋਂ ਬਾਅਦ ਉਸ ਦੇ ਜਾਨਸ਼ੀਨ
ਬਾਬਾ ਸਵਰਨਜੀਤ ਸਿੰਘ ਵੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇ ਚੁੱਕੇ ਹਨ। ਦਿੱਲੀ
ਕਮੇਟੀ ਵੱਲੋਂ ਹਾਲ ਹੀ ਵਿੱਚ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ
ਗਿਆ ਸੀ, ਪਰ ਸਿੱਖ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦਿੱਲੀ
ਕਮੇਟੀ ਨੇ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ।