Share on Facebook

Main News Page

ਦਲਿਤਾਂ ਦੀ ਬੇਗਾਨਗੀ ਲਈ ਕਿਸੇ ਹੱਦ ਤੱਕ ਜਾਤ ਅਭਿਮਾਨੀ ਸਿੱਖ ਭਾਈਚਾਰਾ ਵੀ ਹੈ ਜ਼ਿੰਮੇਵਾਰ
-: ਪਿਆਰਾ ਸਿੰਘ ਭੋਗਲ

ਜਾਤ-ਪਾਤ ਦਾ ਭਿੰਨ-ਭੇਦ ਸਾਰੇ ਭਾਰਤ ਲਈ ਲਾਅਨਤ ਹੈ, ਪਰ ਪੰਜਾਬ ਵਿਚ ਜਾਤ-ਪਾਤ ਕਾਇਮ ਰਹਿਣੀ ਵਿਸ਼ੇਸ਼ ਤੌਰ ‘ਤੇ ਮਿਹਣੇ ਵਾਲੀ ਗੱਲ ਹੈ। ਗੁਰੂ ਸਾਹਿਬਾਨ ਨੇ ਉੱਚੇ-ਨੀਵੇਂ ਦੀ ਵਰਗ-ਵੰਡ ਦਾ ਸਖ਼ਤ ਵਿਰੋਧ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਵੇਲੇ ਕਥਿਤ ਹੋਰ ‘ਤੇ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਦੇ ਸੰਤ ਮਹਾਂਪੁਸ਼ਾਂ ਅਤੇ ਕਬੀਰ ਜੀ ਤੇ ਗੁਰੂ ਰਵਿਦਾਸ ਜੀ ਦੀ ਬਾਣੀ ਬੜੇ ਸਤਿਕਾਰ ਨਾਲ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤੀ। ਸਾਰਾ ਪੰਥ ਇਸ ਮਹਾਨ ਗ੍ਰੰਥ ਨੂੰ ਆਪਣਾ ਗੁਰੂ ਮੰਨ ਕੇ ਮੱਥਾ ਟੇਕਦਾ ਆਇਆ ਹੈ। ਖਾਲਸਾ ਪੰਥ ਸਾਜਣ ਵੇਲੇ ਕਥਿਤ ਨੀਵਿਆਂ ਨੂੰ ਵੀ ਅੰਮ੍ਰਿਤ ਛਕਾਇਆ ਗਿਆ। ਨੀਵੀਆਂ ਜਾਤੀਆਂ ਨੂੰ ਉੱਚੀਆਂ ਜਾਤੀਆਂ ਦੇ ਬਰਾਬਰ ਬਿਠਾਉਣ ਦਾ ਇਹੋ ਜਿਹਾ ਯਤਨ ਪੂਰੇ ਭਾਰਤ ਵਿਚ ਹੋਰ ਕਿਸੇ ਰਾਜ ਵਿਚ ਨਹੀਂ ਹੋਇਆ। ਫਿਰ ਵੀ ਪੰਜਾਬ ਵਿਚ ਜਾਤ-ਪਾਤ ਦੀ ਸਮਾਜਿਕ-ਵੰਡ ਜਾਰੀ ਰਹਿਣੀ ਪੰਜਾਬ ਲਈ ਅਪਮਾਨ ਵਾਲੀ ਗੱਲ ਹੈ।

ਅਸਲ ਵਿਚ ਸਿੱਖ ਧਰਮ ਨਹੀਂ ਦੋਸ਼ੀ, ਸਿੱਖ ਭਾਈਚਾਰਾ ਦੋਸ਼ੀ ਹੈ। ਕਥਿਤ ਨੀਵੇਂ ਪੰਜਾਬ ਵਿਚ ਉੱਚਿਆਂ ਦੇ ਬਰਾਬਰ ਆਉਣ ਲਈ ਹਮੇਸ਼ਾ, ਆਸ਼ਾ ਭਰਪੂਰ ਯਤਨ ਕਰਦੇ ਰਹੇ। ਪਰ ਉਨ੍ਹਾਂ ਨੂੰ ਵਾਰ-ਵਾਰ ਨਿਰਾਸ਼ ਕੀਤਾ ਗਿਆ।

ਸਾਨੂੰ ਇਕ ਬਹੁਤ ਪ੍ਰਸਿੱਧ ਮਿਸਾਲ ਯਾਦ ਆ ਰਹੀ ਹੈ। ਜਦੋਂ 1870 ਤੋਂ ਬਾਅਦ ਸਿੰਘ ਸਭਾ ਲਹਿਰ ਸ਼ੁਰੂ ਹੋਈ, ਤਾਂ ਇਸ ਦੇ ਪਹਿਲੇ ਵੱਡੇ ਪ੍ਰਚਾਰਕ ਗਿ: ਦਿੱਤ ਸਿੰਘ ਸਨ। ਉਹ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਨੇ ਸਿੱਖ ਧਰਮ ਦੇ ਸਿਧਾਂਤਾਂ ਦੇ ਮੁਤਾਬਿਕ ਸਿੱਖ-ਭਾਈਚਾਰੇ ਦੇ ਸੁਧਾਰ ਲਈ ਬਹੁਤ ਜੋਸ਼ ਨਾਲ ਲਹਿਰ ਚਲਾਈ, ਅਖ਼ਬਾਰ ਕੱਢੇ। ਪੁਸਤਕਾਂ ਲਿਖੀਆਂ, ਭਾਸ਼ਣ ਦਿੱਤੇ। ਉਨ੍ਹਾਂ ਦਿਨਾਂ ਵਿਚ ਬਾਬਾ ਖੇਮ ਸਿੰਘ ਬੇਦੀ ਵੀ ਇਸ ਲਹਿਰ ਵਿਚ ਹਿੱਸਾ ਲੈ ਰਹੇ ਸਨ। ਉਨ੍ਹਾਂ ਦਾ ਸਬੰਧ ਗੁਰੂ ਨਾਨਕ ਸਾਹਿਬ ਦੇ ਖਾਨਦਾਨ ਨਾਲ ਸੀ। ਇਸ ਕਰਕੇ ਉਹ ਗੁਰਦੁਆਰਿਆਂ ਵਿਚ ਆਪਣੀ ਗੱਦੀ ਲਾ ਕੇ ਬੈਠਦੇ ਸਨ। ਪਰ ਗਿ: ਦਿੱਤ ਸਿੰਘ ਨੇ ਇਨ੍ਹਾਂ ਗੱਦੀਧਾਰੀਆਂ ਦੀ ਆਲੋਚਨਾ ਕੀਤੀ। ਪਰ ਸਿੱਖ ਭਾਈਚਾਰੇ ਦੇ ਸ਼ੁੱਭ-ਚਿੰਤਕ ਸਿਆਣਿਆਂ ਨੂੰ ਇਹ ਦੇਖ ਕੇ ਅਫ਼ਸੋਸ ਹੋਇਆ ਕਿ ਗਿ: ਦਿੱਤ ਸਿੰਘ ਜਿਹੇ ਉੱਚ-ਕੋਟੀ ਦੇ ਵਿਦਵਾਨ ਤੇ ਸੁਧਾਰਕ ਸਿੱਖ ਨੂੰ ਵੀ ਰਵਾਇਤ-ਪਸੰਦ ਸਿੱਖਾਂ ਵੱਲੋਂ ‘ਨੀਵਾਂ’ ਹੀ ਗਿਣਿਆ ਜਾਂਦਾ ਰਿਹਾ। ਇਕ ਵਾਰ ਪ੍ਰਬੰਧਕਾਂ ਦੇ ਸੱਦੇ ‘ਤੇ ਗਿਆਨੀ ਦਿੱਤ ਸਿੰਘ ਫਿਰੋਜ਼ਪੁਰ ਭਾਸ਼ਣ ਦੇਣ ਗਏ। ਜਦੋਂ ਪਿੱਛੋਂ ਦੇਗ ਵਰਤਾਈ ਗਈ ਤਾਂ ਪ੍ਰਸ਼ਾਦ ਵੰਡਣ ਵਾਲੇ ਸੱਜਣ ਨੇ ਗਿਆਨੀ ਜੀ ਦੀ ਬੁੱਕ ਉੱਤੇ ਦੂਰੋਂ ਪ੍ਰਸ਼ਾਦ ਇਉਂ ਸੁੱਟਿਆ, ਜਿਵੇਂ ਉਨ੍ਹਾਂ ਦੀ ਭਿੱਟ ਤੋਂ ਡਰਦਾ ਹੋਵੇ।

ਇਕ ਹੋਰ ਘਟਨਾ ਤਾਂ ਸਾਡਾ ਇਤਿਹਾਸ ਬਣ ਚੁੱਕੀ ਹੈ। ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਬਹੁਤ ਸਾਰੇ ਦਲਿਤ ਭਰਾ ਅੰਮ੍ਰਿਤ ਛਕ ਕੇ ਆਪਣੇ-ਆਪ ਨੂੰ ‘ਖਾਲਸੇ’ ਕਹਾਉਣ ਲੱਗੇ। ਉਨ੍ਹਾਂ ਨੇ ‘ਖਾਲਸਾ ਬਰਾਦਰੀ’ ਬਣਾ ਲਈ। ਇਸ ਖਾਲਸਾ ਬਰਾਦਰੀ ਦਾ ਇਕ ਇਕੱਠ ਜਲ੍ਹਿਆਂਵਾਲੇ ਬਾਗ ਵਿਚ 1920 ਵਿਚ ਹੋਇਆ। ਇਥੇ ਵੀ ਅੰਮ੍ਰਿਤ ਸੰਚਾਰ ਹੋਇਆ। ਇਹ ਸਿੰਘ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਹਰਿਮੰਦਰ ਸਾਹਿਬ ਗਏ। ਉਸ ਸਮੇਂ ਦੇ ਪੁਜਾਰੀਆਂ ਨੇ ਦੇਗ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਨਾਲ ਉਸ ਸਮੇਂ ਦੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਦੋ ਪ੍ਰਸਿੱਧ ਵਿਦਵਾਨ ਪ੍ਰੋ: ਤੇਜਾ ਸਿੰਘ ਤੇ ਪ੍ਰੋ: ਬਾਵਾ ਹਰਕਿਸ਼ਨ ਸਿੰਘ ਵੀ ਗਏ ਸਨ। ਜਦੋਂ ਪੁਜਾਰੀ ਅਰਦਾਸ ਕਰਨ ਲਈ ਨਾ ਮੰਨੇ ਤਾਂ ਬਾਵਾ ਹਰਕਿਸ਼ਨ ਸਿੰਘ ਨੇ ਅਰਦਾਸ ਕਰਨ ਦੀ ਪੇਸ਼ਕਸ਼ ਕੀਤੀ। ਪਰ ਗਰਮ ਖਿਆਲ ਸੱਜਣ ਅੜ ਗਏ। ਪੁਜਾਰੀ ਕਿਉਂ ਨਾ ਅਰਦਾਸ ਕਰਨ? ਅਖੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ‘ਹੁਕਮ’ ਲੈਣ ਦਾ ਫ਼ੈਸਲਾ ਹੋਇਆ। ਹੁਕਮ ਸੁਣਿਆ ਗਿਆ ਤਾਂ ਪੁਜਾਰੀ ਸ਼ਰਮਿੰਦੇ ਹੋ ਗਏ, ਕਿਉਂਕਿ ਹੁਕਮ ਸੀ ਕਿ ਗੁਰੂ ਨੀਵਿਆਂ ਉੱਤੇ ਬਖਸ਼ਸ਼ ਕਰਦਾ ਹੈ।

ਪੁਜਾਰੀਆਂ ਦੀ ਪੁਰਾਤਨ ਪੰਥੀ ਹੱਠਧਰਮੀ ਦੇਖ ਕੇ ਹੀ ਉਸ ਸਮੇਂ ਦੇ ਗਰਮ-ਖਿਆਲ ਪੰਥ-ਦਰਦੀਆਂ ਨੇ ‘ਅਕਾਲੀ ਲਹਿਰ’ ਸ਼ੁਰੂ ਕੀਤੀ ਸੀ। ਉਸ ਸਮੇਂ ਹਰਿਮੰਦਰ ਸਾਹਿਬ ਦੇ ਪੁਜਾਰੀ ਤਾਂ ਅਰਦਾਸ ਕਰਨੀ ਮੰਨ ਗਏ ਸਨ। ਅਕਾਲ ਤਖ਼ਤ ਦੇ ਪੁਜਾਰੀ ਅਰਦਾਸ ਕਰਨ ਦੇ ਡਰੋਂ, ਅਕਾਲ ਤਖ਼ਤ ਸਾਹਿਬ ਦੀ ਸੇਵਾ ਛੱਡ ਕੇ, ਘਰਾਂ ਨੂੰ ਦੌੜ ਗਏ। ਪੰਥ ਦਰਦੀਆਂ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਖ਼ੁਦ ਸੰਭਾਲਣ ਲਈ ਉਸੇ ਵੇਲੇ ਇਕ ਕਮੇਟੀ ਬਣਾਈ। ਇਹੋ ਕਮੇਟੀ ਹੀ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਧਾਰਸ਼ਿਲਾ ਬਣੀ ਸੀ। ਜ਼ਾਹਰ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਇਕ ਫੌਰੀ ਕਾਰਨ ਦਲਿਤ ਭਾਈਚਾਰੇ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਰੋਕਣਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਵਾਇਤ-ਪਸੰਦੀ ਹਟਾਉਣ ਦਾ ਕਾਫੀ ਯਤਨ ਕੀਤਾ। ਪਰ ਪੂਰੀ ਸਫਲਤਾ ਨਹੀਂ ਮਿਲੀ। ਪੂਰੀ ਸਫਲਤਾ ਨਾ ਮਿਲਣ ਦਾ ਇਕ ਵੱਡਾ ਕਾਰਨ ਹਿੰਦੂ ਧਰਮ ਵਿਚੋਂ ਆਏ ਜਾਤ-ਪਾਤ ਦੇ ਡੂੰਘੇ ਸੰਸਕਾਰ ਹਨ। ਇਨ੍ਹਾਂ ਸੰਸਕਾਰਾਂ ਦੇ ਸਾਹਮਣੇ ਇਸਲਾਮ ਤੇ ਇਸਾਈ ਧਰਮ ਵੀ ਹਾਰ ਗਏ ਸਨ। ਇਹ ਦੋਵੇਂ ਧਰਮ ਊਚ-ਨੀਚ ਦੇ ਸੰਕਲਪ ਨੂੰ ਨਹੀਂ ਮੰਨਦੇ। ਬਹੁਤ ਸਾਰੇ ਭਾਰਤੀ ਲੋਕ ਊਚ-ਨੀਚ ਦੀ ਦਲਦਲ ਵਿਚੋਂ ਨਿਕਲਣ ਲਈ ਮੁਸਲਮਾਨ ਤੇ ਇਸਾਈ ਬਣੇ। ਪਰ ਧਰਮ ਪਰਿਵਰਤਨ ਤੋਂ ਬਾਅਦ ਵੀ ਇਨ੍ਹਾਂ ਭਾਰਤੀਆਂ ਵਿਚ ਜਾਤ-ਪਾਤ ਦਾ ਪਾੜ ਅਲੋਪ ਨਹੀਂ ਹੋਇਆ। ਇਹੋ ਬੁਰਾਈ ਸਿੱਖ ਭਾਈਚਾਰੇ ਵਿਚ ਵੀ ਆ ਗਈ ਹੈ।

ਤਾਂ ਵੀ, ਪੰਜਾਬ, ਬਾਕੀ ਭਾਰਤੀ ਰਾਜਾਂ ਨਾਲੋਂ ਵੱਧ, ਪ੍ਰਗਤੀਵਾਦੀ ਖੇਤਰ ਸਾਬਤ ਹੋਇਆ ਹੈ। ਛੂਤਛਾਤ ਇਥੇ ਅਲੋਪ ਹੋ ਗਈ ਹੈ। ਸੰਗਤ ਤੇ ਪੰਗਤ ਵਿਚ ਬੈਠਣ ਦੀ ਸਿੱਖ ਧਰਮ ਦੀ ਪਰੰਪਰਾ ਨੇ ਜਾਤਾਂ ਦਾ ਵੱਖਵਾਦ ਘਟਾਇਆ ਹੈ। ਸੰਗਤ ਕਿਤੇ ਵੀ ਬੈਠੀ ਹੋਵੇ, ਪੰਜਾਬੀ ਲੋਕ ਬਿਨਾਂ ਵਿਤਕਰੇ ਦੇ ਰਲ-ਮਿਲ ਕੇ ਬੈਠਦੇ ਹਨ। ਹੁਣ ਤਾਂ ਸ਼ਾਦੀ ਦੇ ਮੌਕੇ ਉੱਤੇ ਸਭ ਭਾਈਚਾਰਿਆਂ ਦੇ ਲੋਕ ਧੇਤਿਆਂ ਅਤੇ ਪੁਤੇਤਿਆਂ ਵਿਚ ਰਲ-ਮਿਲ ਕੇ ਸ਼ਾਮਿਲ ਹੁੰਦੇ ਹਨ। ਖਾਣ-ਪੀਣ ਦੇ ਮਾਮਲੇ ਵਿਚ ਕੋਈ ਪਰਹੇਜ਼ ਨਹੀਂ।

ਸਾਡੇ ਬਚਪਨ ਵਿਚ ਜਿਵੇਂ ਮਾਝੇ ਤੇ ਮਾਲਵੇ ਵਿਚ ਖਾਲਸਾ ਬਰਾਦਰੀ ਵਧ-ਫੁਲ ਰਹੀ ਸੀ, ਇਵੇਂ ਹੀ ਦੁਆਬੇ ਵਿਚ ਦਲਿਤ ਵੀਰ, ਜਿਨ੍ਹਾਂ ਨੂੰ ਰਵਿਦਾਸੀਆ ਬਰਾਦਰੀ ਕਿਹਾ ਜਾਂਦਾ ਸੀ, ਗੁਰਦੁਆਰਿਆਂ ਵਿਚ ਆਉਂਦੇ ਸਨ। ਸੰਗਤ ਵਿਚ ਬੈਠਦੇ ਸਨ। ਪੰਗਤ ਵਿਚ ਲੰਗਰ ਛਕਦੇ ਸਨ। ਕਥਿਤ ਉੱਚ ਜਾਤੀ ਨਾਲ ਸਬੰਧਤ ਕੁਝ ਲੋਕ ਨਕ-ਬੁਲ੍ਹ ਚੜ੍ਹਾਉਂਦੇ ਸਨ, ਪਰ ਬਹੁਗਿਣਤੀ ਰਲ ਕੇ ਚੱਲਣ ਵਿਚ ਯਕੀਨ ਰੱਖਦੀ ਸੀ। ਆਰਥਿਕ ਲੋੜ ਵੀ ਸੀ। ਸਿੱਖ-ਕਿਸਾਨ ਭੂਮੀ-ਪਤੀ ਸਨ। ਰਵਿਦਾਸੀ ਪਰਿਵਾਰਾਂ ਦੇ ਪੁਰਸ਼ ਖੇਤ ਮਜ਼ਦੂਰ ਸਨ। ਖੇਤ ਮਜ਼ਦੂਰ ਬਿਨਾਂ ਖੇਤੀ ਨਹੀਂ ਹੋ ਸਕਦੀ ਸੀ। ਜਦੋਂ ਕਿਸਾਨ ਦੇ ਘਰੋਂ ਰੋਟੀ ਆਉਂਦੀ, ਤਾਂ ਇਹ ਮਾਲਕ ਕਿਸਾਨ ਲਈ ਵੀ ਆਉਂਦੀ, ਤੇ ਦਲਿਤ ਖੇਤ ਮਜ਼ਦੂਰ ਲਈ ਵੀ। ਸਿਰਫ ਏਨਾ ਕੁ ਭਿੰਨ-ਭੇਦ ਜ਼ਰੂਰ ਹੁੰਦਾ ਸੀ ਕਿ ਦਲਿਤ ਕਾਮਾ ਆਪਣੇ ਘਰੋਂ ਲਿਆਂਦੇ ਬਰਤਨਾਂ ਵਿਚ ਰੋਟੀ ਖਾਂਦਾ ਸੀ। ਪੀਣ ਵਾਲਾ ਪਾਣੀ ਮਾਲਕ ਕਿਸਾਨ ਵੀ ਵਗਦੇ ਖੂਹ ਦੀ ਨਿਸਾਰ ਵਿਚੋਂ ਲੈਂਦਾ ਸੀ, ਤੇ ਉਸ ਦਾ ਗਰੀਬ ਕਾਮਾ ਵੀ।

ਵਿਸ਼ੇਸ਼ ਗੱਲ ਇਹ ਸੀ ਕਿ ਦਲਿਤ ਪਰਿਵਾਰ ਦੁੱਖ ਤੇ ਸੁੱਖ ਦੋਵਾਂ ਸਮਿਆਂ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਹੀ ਓਟ-ਆਸਰਾ ਲੈਂਦੇ ਸਨ। ਦਲਿਤ ਧੀਆਂ-ਪੁੱਤਾਂ ਦੀਆਂ ਸ਼ਾਦੀਆਂ ਵੀ ਗੁਰੂ ਗ੍ਰੰਥ ਵਿਚੋਂ ਲਾਵਾਂ ਪੜ੍ਹ ਕੇ ਕੀਤੀਆਂ ਜਾਂਦੀਆਂ ਸਨ। ਜਿਹੜੇ ਰਾਗੀ ਸਿੰਘ ਕਥਿਤ ਉੱਚ ਜਾਤੀਆਂ ਦੇ ਵਿਆਹ ਪੜ੍ਹਾਉਂਦੇ ਸਨ, ਉਹੀ ਦਲਿਤ ਘਰਾਂ ਵਿਚ ਵੀ ਹਾਜ਼ਰ ਹੁੰਦੇ ਸਨ। ਕੁਝ ਹਫ਼ਤੇ ਪਹਿਲਾਂ ਜਦੋਂ ਦੁਆਬੇ ਦੇ ਵੱਡੇ ਦਲਿਤ ਨੇਤਾ ਚੌਧਰੀ ਜਗਜੀਤ ਸਿੰਘ ਪੂਰੇ ਹੋਏ ਤਾਂ ਉਨ੍ਹਾਂ ਦੇ ਦਾਹ-ਸੰਸਕਾਰ ਵੇਲੇ ਵੀ ਤੇ ਪਿੱਛੋਂ ਅੰਤਿਮ-ਅਰਦਾਸ ਦੇ ਮੌਕੇ ਉੱਤੇ ਵੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵੈਰਾਗਮਈ ਕੀਰਤਨ ਹੋਇਆ। ਚੌਧਰੀ ਜਗਜੀਤ ਸਿੰਘ ਨੇ ਜਲੰਧਰ ਵਿਚ ਲਿੰਕ-ਰੋਡ ਉੱਤੇ ‘ਰਵਿਦਾਸ ਭਵਨ’ ਦੀ ਉਸਾਰੀ ਕਰਵਾਈ। ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰਦੇ ਹਨ।
ਅਸੀਂ ਖਾਲਸਾ ਬਰਾਦਰੀ ਤੇ ਰਵਿਦਾਸ ਭਾਈਚਾਰੇ ਨੂੰ ਸ਼ਾਬਾਸ਼ ਦਿੰਦੇ ਹਾਂ ਕਿ ਉਹ ਸਰਬ-ਸਾਂਝੇ ਗੁਰੂ ਗਰੰਥ ਸਾਹਿਬ ਨਾਲ ਜੁੜੇ ਹੋਏ ਹਨ। ਮੁਸ਼ਕਿਲਾਂ ਦੇ ਬਾਵਜੂਦ, ਉਹ ਸਮੁੱਚੇ ਸਿੱਖ ਭਾਈਚਾਰੇ ਨਾਲ ਸਬੰਧ ਬਣਾਈ ਰੱਖਣ ਦਾ ਯਤਨ ਕਰਦੇ ਰਹੇ ਹਨ। ਪਰ ਸਿੱਖ ਭਾਈਚਾਰੇ ਨੇ ਆਪਣਾ ਫ਼ਰਜ਼ ਨਹੀਂ ਪਛਾਣਿਆ। ਉਨ੍ਹਾਂ ਨੇ ਦਲਿਤਾਂ ਨੂੰ ਪਰੇ ਧੱਕਿਆ। ਜਿਵੇਂ ਅਸੀਂ ਪਹਿਲਾਂ ਲਿਖ ਆਏ ਹਾਂ, ਪੰਜਾਬੀ ਦਲਿਤ ਪਰਿਵਾਰ, ਭਿੰਨ-ਭੇਦ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਸਿੱਖ ਭਾਈਚਾਰੇ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਸਨ। ਪਿੰਡਾਂ ਵਿਚ ਉਨ੍ਹਾਂ ਦੀ ਰੋਜ਼ੀ-ਰੋਟੀ ਸਿੱਖ ਕਿਸਾਨਾਂ ਨਾਲ ਸਹਿਯੋਗ ਕਰਨ ਵਿਚ ਸੀ। ਸ਼ਹਿਰਾਂ ਵਿਚ ਵੀ ਦਲਿਤ ਪਰਿਵਾਰ ਘਰਾਂ ਦੀ ਸਾਫ਼-ਸਫ਼ਾਈ ਦਾ ਕੰਮ ਕਰਦੇ ਸਨ।

ਪਰ ਜਿਉਂ-ਜਿਉਂ ਸਿੱਖਿਆ ਫੈਲੀ, ਖੁਸ਼ਹਾਲੀ ਵਧੀ, ਪੜ੍ਹੇ-ਲਿਖੇ ਤੇ ਅਮੀਰ ਸਿੱਖ ਦਲਿਤਾਂ ਨੂੰ ਆਪਣੇ ਵੱਲ ਖਿੱਚਣ ਦੀ ਸਿਆਣਪ ਤਿਆਗੀ ਗਏ, ਤੇ ਉਨ੍ਹਾਂ ਨੂੰ ਬੇਗਾਨੇ ਬਣਾਈ ਗਏ। ਅਸੀਂ ਕਈ ਵਾਰ ਬਹੁਤ ਹੈਰਾਨੀ ਨਾਲ ਦੇਖਦੇ ਹਾਂ, ਗੁਰੂ ਰਵਿਦਾਸ ਜੀ ਦੇ ਜਨਮ ਦਿਨ ਉੱਤੇ ਨਿਕਲਦੇ ਨਗਰ-ਕੀਰਤਨ ਵਿਚ ਸਿਰਫ ਦਲਿਤ ਭਰਾ ਹੀ ਕਿਉਂ ਸ਼ਾਮਿਲ ਹੁੰਦੇ ਹਨ? ਬਾਕੀ ਸਿੱਖ ਕਿਉਂ ਨਹੀਂ ਸ਼ਾਮਿਲ ਹੁੰਦੇ? ਸੱਚੀ ਗੱਲ ਇਹ ਹੈ, ਦਲਿਤਾਂ ਨੂੰ ਪਰੇ ਧੱਕਣਾ ਸਿੱਖ ਧਰਮ ਨਾਲ ਧ੍ਰੋਹ ਕਮਾਉਣਾ ਹੈ। ਦਲਿਤਾਂ ਦੀ ਬੇਗਾਨਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਬਿਲਕੁਲ ਉਲਟ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top