Share on Facebook

Main News Page

ਆਖਰ ਲੈ ਹੀ ਲਿਆ ਆਪਣੇ ਪਿਆਦਿਆਂ ਤੋਂ ਮੱਕੜ ਨੇ "ਸ਼੍ਰੋਮਣੀ ਸੇਵਕ" ਅਵਾਰਡ

ਟਿੱਪਣੀ: ਬਹੁਤ ਸਹੀ ਅਵਾਰਡ ਦਿੱਤਾ ਹੈ ਮੱਕੜ ਨੂੰ "ਸ਼੍ਰੋਮਣੀ ਸੇਵਕ", ਪਰ ਇਹ ਗੁਰੂ ਦਾ ਨਹੀਂ, "ਬਾਦਲ ਦਾ ਸ਼੍ਰੋਮਣੀ ਸੇਵਕ" ਹਨ। ਇਹ ਮੋਹਰ ਲਗਾ ਦਿੱਤੀ ਹੈ ਮੱਕੜ 'ਤੇ ਕਿ ਤੂੰ ਹੀ ਬਾਦਲ ਦਾ ਦਾਗਿਆ ਹੋਇਆ ਅਸਲ ਸੇਵਕ ਹੈਂ। ਜਿਸ ਤਰ੍ਹਾਂ ਕੁੱਤੇ ਦੇ ਪੱਟਾ ਪਾਇਆ ਜਾਂਦਾ ਹੈ, ਇਹ ਹੁਣ ਪੱਕਾ ਪੱਟਾ ਪੈ ਗਿਆ ਹੈ ਮੱਕੜ ਦੇ, ਸ਼ਾਬਾਸ਼ ਪੱਪੂਓ, ਕੋਈ ਤਾਂ ਕੰਮ ਕੀਤਾ ਚੱਜ ਦਾ...

ਵੈਸੇ ਅਸਲ 'ਚ ਇਸ ਤਰ੍ਹਾਂ ਅਵਾਰਡ ਦੀ ਕੋਈ ਬੁੱਕਤ ਨਹੀਂ, ਕੋਈ ਅਹਿਮੀਯਤ ਹੈ ? ਕਿੰਨੀ ਹਾਸੋਹੀਣੀ ਗੱਲ ਹੈ ਕਿ ਕੋਈ ਆਪਣੇ ਹੀ ਮੁਲਾਜ਼ਮਾਂ ਤੋਂ ਚਾਪਲੂਸੀ ਲਈ ਦਿੱਤਾ ਜਾ ਰਿਹਾ "ਸ਼੍ਰੋਮਣੀ ਸੇਵਕ" ਅਵਾਰਡ ਲੈ ਰਿਹਾ ਹੈ। ਅਵਾਰਡ ਦੇਣ ਵਾਲੇ ਤਾਂ ਜ਼ਹਿਨੀ ਤੌਰ 'ਤੇ ਨਿਹਾਇਤ ਹੀ ਗਿਰੀ ਹੋਈ ਮਾਨਸਿਕਤਾ ਦੇ ਮਾਲਿਕ ਹਨ, ਤੇ ਮੱਕੜ ਉਨ੍ਹਾਂ ਦਾ ਪਿਓ ਹੈ, ਉਸਦਾ ਕੀ ਪੱਧਰ ਹੈ, ਉਸ ਬਾਰੇ ਲਿੱਖਣ ਦੀ ਜ਼ਰੂਰਤ ਨਹੀਂ। ਗੁਰਬਾਣੀ ਕਹਿੰਦੀ ਹੈ:

ਸਲੋਕ ਮ: ੨ ॥ ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥ {ਪੰਨਾ 1288}

ਪਦ ਅਰਥ:- ਏਵੈ-ਇਸ ਤਰ੍ਹਾਂ । ਗੁਆਉ-ਗੁਫ਼ਤਗੂ, ਬਚਨ । ਇਲਤਿ-ਇੱਲਤਿ, ਸ਼ਰਾਰਤ । ਕੂੜੀ-ਝੂਠੀ ਜ਼ਨਾਨੀ । ਪੂਰੇ ਥਾਉ-ਸਭ ਤੋਂ ਅੱਗੇ ਥਾਂ ਮੱਲਦੀ ਹੈ । ਨਿਆਉ-ਨਿਆਂ । ਪਾਰਖੂ-ਚੰਗੀ ਪਰਖ ਕਰ ਸਕਣ ਵਾਲਾ।

ਅਰਥ:- ਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ), ਮੂਰਖ ਦਾ ਪੰਡਿਤ ਨਾਮ (ਪਾਇਆ ਜਾਂਦਾ ਹੈ), ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ)-(ਬੱਸ! ਜਗਤ) ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ । ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ) । ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ) । ਪਰ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਸਮਝ ਪੈਂਦੀ ਹੈ (ਕਿ ਇਹ ਵਤੀਰਾ ਮਾੜਾ ਹੈ । ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ) ।1। ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

ਇਹ ਸਭ ਡਰਾਮਾ ਹੈ, ਜੋ ਮੂਰਖ ਸਿੱਖਾਂ ਦੀ ਬਦੌਲਤ ਉਦੋਂ ਤੱਕ ਚਲਦਾ ਰਹੇਗਾ, ਜਦੋਂ ਤੱਕ ਸਿੱਖਾਂ ਨੂੰ ਅਕਲ ਨਹੀਂ ਆ ਜਾਂਦੀ।


ਅੰਮ੍ਰਿਤਸਰ 10 ਸਤੰਬਰ-(ਜਸਬੀਰ ਸਿੰਘ) ਸਿੱਖ ਇਤਿਹਾਸ ਦੇ ਕਰੀਬ ਕਈ ਸਦੀਆਂ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰੀ ਵਾਪਰਿਆ ਹੋਵੇਗਾ, ਕਿ ਕਿਸੇ ਵਿਸ਼ੇਸ਼ ਵਿਅਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸੇ ਵਿਅਕਤੀ ਵਿਸ਼ੇਸ਼ ਨੂੰ "ਸ਼੍ਰੋਮਣੀ ਸੇਵਕ" ਅਵਾਰਡ ਦਿੱਤਾ ਗਿਆ ਹੋਵੇ, ਜਦ ਕਿ ਮਾਸਟਰ ਤਾਰਾ ਸਿੰਘ, ਕਰੀਬ 27 ਵਾਰੀ ਪ੍ਰਧਾਨ ਰਹੇ, ਜਥੇਦਾਰ ਗੁਰਚਰਨ ਸਿੰਘ ਟੌਹੜਾ ਆਦਿ ਨੂੰ ਵੀ ਜਿਉਂਦੇ ਜੀਅ ਇਹ ਅਵਾਰਡ ਲੈਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਸੀ।

ਸਿੱਖ ਗੁਰੂ ਸਾਹਿਬਾਨ ਦੇ ਗੁਰਪੁਰਬ ਸਾਹਿਬ ਸਮੇਂ ਵੀ ਸ਼ਾਇਦ ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼ਾਇਦ ਇਸ ਤਰ੍ਹਾਂ ਸ਼ਿੰਗਾਰਿਆ ਨਾ ਗਿਆ ਹੋਵੇ, ਜਿਸ ਤਰ੍ਹਾਂ ਅੱਜ ਅੱਧੀ ਰਾਤ ਵੇਲੇ ਹੀ ਸ਼ਿਗਾਰ ਦਿੱਤਾ ਗਿਆ ਸੀ ਤੇ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਸਨਮ ਕਿ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਨਾ ਬੈਠਣ ਦਿੱਤਾ ਜਾਵੇ। ਸਵੇਰੇ ਅੱਠ ਵਜੇ ਤੋਂ ਲੈ ਕੇ ਸਾਢੇ ਅੱਠ ਵਜੇ ਤੱਕ ਗੁਰਬਾਣੀ ਦਾ ਮਨੋਹਰ ਕੀਤਰਨ ਹੋਇਆ ਤੇ ਉਪਰੰਤ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਪੰਜ ਮੁੱਖ ਗ੍ਰੰਥੀਆਂ, ਜਿਹਨਾਂ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਗੁਰਮੁੱਖ ਸਿੰਘ ਤੇ ਤਖਤ ਸ੍ਰੀ ਹਜੂਰ ਸਾਹਿਬ ਵੱਲੋਂ ਗਿਆਨੀ ਰਾਮ ਸਿੰਘ ਨੇ ਸ੍ਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕਾਰਜਕਾਲ ਦੌਰਾਨ ਸਿੱਖ ਪੰਥ ਦੀ ਚੜ੍ਹਦੀ ਕਲਾ, ਵਿਦਿਆ, ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਮਨੁੱਖਤਾ ਦੇ ਭਲੇ ਲਈ ਕੀਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਅਕਾਲ ਤਖ਼ਤ ਸਾਹਿਬ ਤੋਂ ਉਸੇ ਤਰ੍ਹਾਂ ਹੀ ‘ਸ਼੍ਰੋਮਣੀ ਸੇਵਕ’ ਅਵਾਰਡ ਨਾਲ ਸਨਮਾਨਿਤ ਕੀਤਾ, ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ "ਫਖਰੇ-ਏ- ਕੌਮ" ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਗਿਆਨੀ ਗੁਰਬਚਨ ਸਿੰਘ ਨੇਂ ਕਿਹਾ ਕਿ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਦਸ ਸਾਲਾਂ ਤੋਂ ਨਿਰੰਤਰ ਪ੍ਰਧਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ, ਕੁਦਰਤੀ ਆਫਤਾਂ ਸਮੇਂ ਸਰਬੱਤ ਦੇ ਭਲੇ ਲਈ ਕੀਤੀਆਂ ਵੱਡਮੁੱਲੀਆਂ ਤੇ ਇਤਿਹਾਸਕ ਸੇਵਾਵਾਂ ਦਾ ਸਤਿਕਾਰ ਕਰਦਿਆਂ, ਗੁਰੂ ਪੰਥ ਦੇ ਸਰਵ-ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਸ਼੍ਰੋਮਣੀ ਸੇਵਕ’ ਦੀ ਪਦਵੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ, ਤੇ ਉਨ੍ਹਾਂ ਨੂੰ ਯਾਦਗਾਰੀ ਤਸ਼ਤਰੀ, ਸਨਮਾਨ ਪੱਤਰ, ਸ੍ਰੀ ਸਾਹਿਬ ਤੇ ਸਿਰੋਪਾਓ ਨਾਲ ਸਨਮਾਨਿਤ ਗਿਆ ਹੈ

ਸੂਚਨਾਂ ਕੇਂਦਰ ਘੱਟ ਤੇ ਤਾਲਮੇਲ ਦਫਤਰ ਵੱਧ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਸ੍ਰ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਪੰਜ ਮੁੱਖ ਗ੍ਰੰਥੀਆਂ ਨੇ ਵਿਚਾਰ ਕਰਨ ਉਪਰੰਤ 9 ਮਾਰਚ 2015 ਨੂੰ ਅਵਾਰਡ ਦੇਣ ਦਾ ਫੈਸਲਾ ਕੀਤਾ ਸੀ ਤੇ ਅੱਜ ਉਸ ਫੈਸਲੇ 'ਤੇ ਪਹਿਰਾ ਦਿੰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਸਮੂਹ ਸਿੰਘ ਸਾਹਿਬਾਨ, ਅੰਤ੍ਰਿੰਗ ਕਮੇਟੀ ਮੈਂਬਰ, ਸੰਤਾਂ-ਮਹਾਂਪੁਰਖਾਂ ਸਮੁੱਚੀਆਂ ਨਿਹੰਗ ਸਿੰਘ ਤੇ ਸਿੱਖ ਧਾਰਮਿਕ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਹ ਕੋਟਾਨ ਕੋਟਿ ਧੰਨਵਾਦੀ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਅਤੇ ਓਕਾਫ ਬੋਰਡ ਵਲੋਂ ਸ਼੍ਰੋਮਣੀ ਕਮੇਟੀ ਨੂੰ ਗੁਰਦਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਕਾਰ ਸੇਵਾ ਕਰਨ ਦਾ ਨਿਉਤਾ ਦਿੱਤਾ ਗਿਆ ਹੈ, ਜਿਸ ਲਈ ਉਹ ਉਕਾਫ ਬੋਰਡ ਅਤੇ ਪਾਕਿਸਤਾਨ ਗੁਰਦਆਰਾ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੀ ਮੰਗ ਅਨੁਸਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ 22 ਸਤੰਬਰ ਨੂੰ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਕ ਚਾਰ ਮੈਂਬਰੀ ਵਫ਼ਦ ਸ. ਨਿਰਮੈਲ ਸਿੰਘ ਜੌਲਾਂ ਤੇ ਸ. ਮੋਹਨ ਸਿੰਘ ਬੰਗੀ ਅੰਤ੍ਰਿੰਗ ਕਮੇਟੀ ਮੈਂਬਰ, ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਸ. ਰਜਿੰਦਰ ਸਿੰਘ ਰੂਬੀ ਮੈਨੇਜਰ ਗੁਰਦੁਆਰਾ ਸਤਲਾਣੀ ਸਾਹਿਬ 20 ਸਤੰਬਰ ਨੂੰ ਓਥੇ ਪਹੁੰਚ ਜਾਣਗੇ।

ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਤੇ ਭਾਈ ਰਾਏ ਸਿੰਘ ਦੇ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ ਅਤੇ ਹੁਕਨਾਮਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।

ਇਸ ਮੌਕੇ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀ: ਹੈਡ ਗ੍ਰੰਥੀ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਗ੍ਰੰਥੀ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ, ਸ੍ਰ: ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ੍ਰ: ਰਜਿੰਦਰ ਸਿੰਘ ਮਹਿਤਾ, ਬੀਬੀ ਜੋਗਿੰਦਰ ਕੌਰ ਧਰਮਕੋਟ, ਬਾਬਾ ਨਿਰਮਲ ਸਿੰਘ ਨੌਸ਼ਿਹਰਾ ਢਾਲਾ, ਬਾਬਾ ਅਮਰਜੀਤ ਸਿੰਘ ਬਡਾਲਾ, ਸ੍ਰ: ਰਵਿੰਦਰ ਸਿੰਘ ਖਾਲਸਾ, ਸ੍ਰ: ਖੁਸ਼ਵਿੰਦਰ ਸਿੰਘ ਭਾਟੀਆ ਤੇ ਸ੍ਰ: ਅਮਰਜੀਤ ਸਿੰਘ ਭਲਾਈਪੁਰ ਮੈਂਬਰ, ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋਂ ਬਾਬਾ ਪ੍ਰੇਮ ਸਿੰਘ ਤੇ ਸਾਬਕਾ ਮੀਤ ਸਕੱਤਰ ਸ੍ਰ: ਰਾਮ ਸਿੰਘ, ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਬਾਬਾ ਹਰਭਜਨ ਸਿੰਘ ਭਲਵਾਨ, ਬਾਬਾ ਤੇਜਾ ਸਿੰਘ ਖੁਡਾਕੁਰਾਲਾ ਨਿਰਮਲ ਪੰਥ, ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕਾ ਬਾਗ, ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਲੁਧਿਆਣਾ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਵੱਲੋਂ ਬਾਬਾ ਬਲਵਿੰਦਰ ਸਿੰਘ ਰਾਜਿਸਥਾਨੀ, ਬਾਬਾ ਸੁਬੇਗ ਸਿੰਘ ਕਾਰ ਸੇਵਾ ਵਾਲੇ, ਮਹੰਤ ਤੇਜਾ ਸਿੰਘ ਖੁੱਡੇ ਵਾਲੇ, ਬਾਬਾ ਦਲਬੀਰ ਸਿੰਘ ਮੁਕਤਸਰ ਵਾਲੇ, ਬਾਬਾ ਨਾਰੰਗ ਸਿੰਘ, ਬਾਬਾ ਸੰਤੋਖ ਸਿੰਘ ਗੋਇੰਦਵਾਲ, ਬਾਬਾ ਅਜੀਤ ਸਿੰਘ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ-ਦਲ ਤੇ ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ, ਸੰਤ ਹਰੀਦੇਵ ਸਿੰਘ ਈਸਾਪੁਰ, ਬਾਬਾ ਹਰਸ਼ਰਨ ਸਿੰਘ ਭਗਤ ਰਾਮਪੁਰ ਖੇੜਾ, ਸ.ਉਂਕਾਰ ਸਿੰਘ ਛਾਬੜਾ, ਸ.ਸੁਖਵਿੰਂਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸ.ਦਰਬਾਰਾ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸੈਕਸ਼ਨ 85 ਤੇ 87 ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਨੇ ਵੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top