Share on Facebook

Main News Page

ਮਹੰਤਵਾਦੀ (ਮਨਮਤੀ) ਪਾਠ, ਰੀਤਾਂ ਅਤੇ ਰਸਮਾਂ ਸਿੱਖਾਂ ਵਿੱਚ ਕਿਵੇਂ ਚੱਲੀਆਂ ? - ਭਾਗ ਪੰਜਵਾਂ
-: ਪ੍ਰੋ. ਕਸ਼ਮੀਰਾ ਸਿੰਘ USA

* ਲੜ੍ਹੀ ਜੋੜ੍ਹਨ ਲਈ ਪਿਛਲੇ ਅੰਕ ਪੜ੍ਹੋ... : ਪਹਿਲਾ, ਦੂਜਾ, ਤੀਜਾ, ਚੌਥਾ

ਤੀਵੀਆਂ ਮਰਦਾਂ ਦੀਆਂ ਗੁਪਤ ਕਹਾਣੀਆਂ ਵਾਲ਼ੇ ਤ੍ਰਿਅ ਚਰਿਤ੍ਰਾਂ ਵਿੱਚੋਂ 404 ਨੰਬਰ ਚਰਿੱਤ੍ਰ ਵਿੱਚੋਂ ‘ਕਬਿਯੋ ਬਾਚ ਬੇਨਤੀ ਚੌਪਈ’ ਸ਼ਾਮਲ ਕੀਤੀ ਗਈ। ਇਹ ਚੌਪਈ ਕਵੀ ਵਲੋਂ ਸ਼ਿਵ ਜੀ ਦੇ 12 ਜੋਤ੍ਰੀਲਿੰਗਮਾਂ ਵਿੱਚੋਂ ਦੇਹਧਾਰੀ ਦੇਵਤੇ ਮਹਾਂਕਾਲ਼ ਅੱਗੇ ਕੀਤੀ ਬੇਨਤੀ ਹੈ। ਮਹਾਂਕਾਲ਼ ਦਾ ਮੰਦਰ ਉਜੈਨ ਵਿੱਚ ਹੈ। ਮਹਾਂਕਾਲ਼ ਇੱਕ ਸੁੰਦਰ ਇਸਤ੍ਰੀ ਦੂਲਹ ਦੇਈ ਨਾਲ਼ ਵਿਆਹ ਕਰਨ ਲਈ ਉਸ ਦੀ ਸਹਾਇਤਾ ਕਰਦਾ ਦੈਂਤਾਂ ਨਾਲ਼ ਲੜਾਈ ਕਰਕੇ ਦੈਂਤਾਂ ਨੂੰ ਮਾਰ ਦਿੰਦਾ ਹੈ ਤੇ ਮਹਾਂਕਾਲ਼ ਦੀ ਜਿੱਤ ਤੋਂ ਪ੍ਰਸੰਨ ਹੋ ਕੇ ਕਵੀ ਉਸ ਅਗੇ ਕੁਝ ਮੰਗਾਂ ਰੱਖਦਾ ਹੈ ਜਿਸ ਦਾ ਨਾਂ ‘ਕਬਿਯੋ ਬਾਚ ਬੇਨਤੀ ਚੌਪਈ’ ਹੈ ਅਤੇ ਜਿਸ ਦੇ ਅਰਥ ਸਿੱਖੀ ਵਿਚਾਰਧਾਰਾ ਤੋਂ ਦੂਰ ਹਨ। ਗੁਰੂ ਪਰਮੇਸ਼ਰ ਤੋਂ ਬਿਨਾਂ ਸਿੱਖ ਕਦੇ ਕਿਸੇ ਹੋਰ ਕੋਲ਼ੋਂ ਨਹੀਂ ਮੰਗਦਾ ਸੀ ਪਰ ਚੌਪਈ ਨੇ ਸਿੱਖ ਨੂੰ ਮਹਾਂਕਾਲ਼ ਤੋਂ ਵੀ ਮੰਗਣ ਲਾ ਦਿੱਤਾ। ਅਸਿਧੁਜ, ਅਸਿਕੇਤ, ਅਸਿਪਾਨ ਆਦਿਕ ਨਾਂ ਕਵੀ ਨੇ ਮਹਾਂਕਾਲ਼ ਦੇਵਤੇ ਲਈ ਵਰਤੇ ਹਨ।

ਸਿੱਖ ਰਹਿਤ ਮਰਯਾਦਾ ਕਿਉਂਕਿ ਸ਼੍ਰੋ. ਕਮੇਟੀ ਦੀ ਮੁਹਰ ਹੇਠ ਛਪੀ ਇਸ ਲਈ ਲੰਬਾ ਸਮਾਂ ਕਿਸੇ ਨੇ ਕੱਚੀਆਂ ਰਚਨਾਵਾਂ ਦੇ ਸ੍ਰੋਤਾਂ ਨੂੰ ਪੜ੍ਹਨ ਅਤੇ ਉਨ੍ਹਾਂ ਦੇ ਅਰਥਾਂ ਵਲ ਧਿਆਨ ਨਹੀਂ ਦਿੱਤਾ; ਸ਼ਰਧਾ-ਵੱਸ਼ ਸਿੱਖ ਇਹ ਰਚਨਾਵਾਂ ਨਿੱਤ-ਨੇਮ ਵਿੱਚ ਪੜ੍ਹੀ ਗਏ ਜਿਸ ਨਾਲ਼ ਇਹ ਕੱਚੀਆਂ ਰਚਨਾਵਾਂ ਉਨ੍ਹਾਂ ਦੇ ਮਨਾ ਵਿੱਚ ਘਰ ਬਣਾ ਕੇ ਬੈਠ ਗਈਆਂ ਤੇ ਮਹੰਤਵਾਦੀਆਂ ਦੇ, ਸਿੱਖਾਂ ਨੂੰ ਬਿੱਪਰਵਾਦੀ ਬਣਾਉਣ ਦੇ, ਸੁਪਨੇ ਵੀ ਪੂਰੇ ਹੋ ਗਏ।{ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥}

ਨੋਟ: ਹਰ ਕੋਈ ਗੁਰੂ ਦਾ ਪਿਆਰਾ ਚਾਹੁੰਦਾ ਹੈ ਕਿ ਸਿੱਖਾਂ ਵਿੱਚ ਵੜਿਆ ਸਨਾਤਨਵਾਦ ਦੂਰ ਹੋਣਾ ਚਾਹੀਦਾ ਹੈ। ਪਰ ਹੋਵੇ ਕਿਵੇਂ? ਸਿੱਖਾਂ ਦੀ ਰਾਖੀ ਲਈ ਵਾੜ ਵਜੋਂ ਬਣੀ ਸਿਰਮੌਰ ਸ਼੍ਰੋ. ਗੁ. ਪ੍ਰ. ਕਮੇਟੀ ਆਪ ਹੀ ਬਿੱਪਰਵਾਦ ਦੀ ਚੁੰਗਲ਼ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਇਸ ਦਾ ਸਬੂਤ ਸੰਨ 1999 ਵਿੱਚ ਕਮੇਟੀ ਦੀ ਮੁਹਰ ਛਾਪ ਨਾਲ਼ ਸਿੱਖ ਗੁਰੂ ਸਾਹਿਬਾਨ ਦੀ ਘੋਰ ਨਿਰਾਦਰੀ ਕਰਦੀ ਇਕ ਪੁਸਤਕ ‘ਸਿੱਖੋਂ ਕਾ ਇਤਿਹਾਸ’ ਹਿੰਦੀ ਭਾਸ਼ਾ ਵਿੱਚ ਜਾਣ ਬੁੱਝ ਕੇ ਬਿੱਪਰਵਾਦ ਦੇ ਪ੍ਰਭਾਵ ਹੇਠ ਹੀ ਛਾਪੀ ਗਈ ਸੀ ਜਿਸ ਉੱਤੇ ਕਿਸੇ ਲਿਖਾਰੀ ਦਾ ਨਾਂ ਤਕ ਵੀ ਨਹੀਂ ਸੀ। ਛਾਪਕਾਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਦੀ ਕਾਨੂੰਨੀ ਲੜਾਈ ਲੜਨ ਵਾਲ਼ੇ ਸਰਦਾਰ ਬਲਦੇਵ ਸਿੰਘ ਸਿਰਸੇ ਵਾਲ਼ੇ ਦੇ ਵੀਡੀਓ ਦੇਖੇ ਜਾ ਸਕਦੇ ਹਨ। ਡਾਕ ਰਾਹੀਂ ਕਰਾਏ ਜਾ ਰਹੇ ਧਾਰਮਕ ਸਿੱਖਿਆ ਦੇ ਕੋਰਸ ਵਿੱਚ ਬਿੱਪਰਵਾਦੀ ਰਚਨਾਵਾਂ ਸ਼ਾਮਲ ਕਰ ਦਿੱਤੀਆਂ ਗਈਆਂ ਹਨ। ਤਾਜ਼ਾ ਸੂਚਨਾਂ ਅਨੁਸਾਰ ਮੌਜੂਦਾ ਸ਼੍ਰ. ਕਮੇਟੀ ਨੇ ਸਿੱਖ ਰਹਿਤ ਮਰਯਾਦਾ ਵਿੱਚ ਤਬਦੀਲੀ ਕਰਕੇ ਇਸ ਦੇ ਅੰਗ੍ਰੇਜ਼ੀ ਅਨੁਵਾਦ ਵਿੱਚ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਦੇ ਕੀਰਤਨ ਦੀ ਹਮਾਇਤ ਕਰ ਦਿੱਤੀ ਹੈ ਜਦੋਂ ਕਿ ਪੰਜਾਬੀ ਛਾਪੇ ਵਿੱਚ ਅਜਿਹਾ ਨਹੀਂ ਸੀ। ਇਸ ਨਾਲ਼ ਬਿੱਪਰਵਾਦ ਪੱਕੇ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੇ ਜਲਵੇ ਦਿਖਾਵੇਗਾ।

ਸਿੱਖਾਂ ਦੀ ਆਮ ਰਾਇ ਇਹ ਹੈ ਕਿ ਅਜਿਹੇ ਹਾਲਾਤਾਂ ਵਿੱਚ ਸ਼੍ਰੋ. ਕਮੇਟੀ ਸਿੱਖੀ ਦੀ ਡਾਵਾਂਡੋਲ ਹੋ ਰਹੀ ਬੇੜੀ ਨੂੰ ਪਾਰ ਨਹੀਂ ਲਾ ਸਕਦੀ। ਹੁਣ ਤੇ ਸਿੱਖਾਂ ਨੂੰ ਆਪ ਫ਼ੈਸਲੇ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣਾ ਪਵੇਗਾ। ‘ਵੱਡੀ ਕਮੇਟੀ ਬਦਲਾਅ ਕਰੇਗੀ, ਤਾਂ ਆਪਾਂ ਬਦਲਾਅ ਕਰਾਂਗੇ’ ਦਾ ਹੁਣ ਸਮਾਂ ਖ਼ਤਮ ਹੋ ਚੁੱਕਾ ਜਾਪਦਾ ਹੈ। ‘ਪਹਿਲਾਂ ਦਰਬਾਰ ਸਾਹਿਬ ਤੋਂ ਅਰਦਾਸਿ ਤੇ ਨਿੱਤ-ਨੇਮ ਬਦਲੇ, ਤਾਂ ਆਪਾਂ ਵੀ ਬਦਲਾਂਗੇ’ ਦਾ ਸਮਾਂ ਖ਼ਤਮ ਹੋ ਚੁੱਕਾ ਹੈ; ‘ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ’ ਵਾਲ਼ੀ ਸਥਿਤੀ ਪੈਦਾ ਹੋ ਚੁੱਕੀ ਹੈ।

ਸਿੱਖੀ ਸੋਚ ਨੂੰ ਦਿਨ ਪ੍ਰਤੀ ਦਿਨ ਬਿੱਪਰਵਾਦੀਆਂ ਵਲੋਂ ਸਨਾਤਨੀ ਵਿਚਾਰਧਾਰਾ ਦੀ ਪੁੱਠ ਚਾੜ੍ਹੀ ਜਾ ਰਹੀ ਹੈ ਤੇ ਕੌਮ ਦੇ ਬਣੇ ਧਾਰਮਕ ਤੇ ਰਾਜਨੀਤਕ ਰਖਵਾਲੇ ਘੂਕ ਨੀਂਦੇ ਸੁੱਤੇ ਪਏ ਹਨ ਜਾਂ ਬਿੱਲੀ ਵਾਂਗ ਅੱਖਾਂ ਮੀਟ ਕੇ ਬੈਠੇ ਹਨ ਤਾਂ ਜੁ ਚੂਹੇ, ਸਮੇਂ ਸਮੇਂ ਬਖ਼ਸ਼ੇ ਨਿੱਜੀ ਲਾਭਾਂ ਤੇ ਗੱਦੀਆਂ ਬਦਲੇ, ਸਿੱਖੀ ਦਾ ਓਨਾਂ ਕੁ ਨੁਕਸਾਨ ਨਾਲ਼ੋ ਨਾਲ਼ ਕਰਦੇ ਰਹਿਣ।

ਅੰਗ੍ਰੇਜ਼ੀ ਰਾਜ ਖ਼ਤਮ ਹੋਇਆ:

ਅੰਗ੍ਰੇਜ਼ੀ ਰਾਜ 15 ਅਗੱਸਤ, 1947 ਨੂੰ , ਹਿੰਦੁਸਤਾਨ ਨੂੰ ਦੋ ਟੁਕੜਿਆਂ ਵਿੱਚ ਵੰਡ ਕੇ ਤੇ ਆਪਸ ਵਿੱਚ ਲੜਾ ਕੇ, ਖ਼ਤਮ ਹੋ ਗਿਆ।

ਸੰਨ 1947 ਤੋਂ ਹੁਣ ਤਕ ਦਾ ਸਮਾਂ:

ਮਹੰਤਾਂ ਨੂੰ ਗੁਰਦੁਆਰਾ ਸੁਧਾਰ ਲਹਿਰ (ਸੰਨ 1920-25) ਨੇ ਗੁਰਦੁਆਰਿਆਂ ਵਿੱਚੋਂ ਬਾਹਰ ਕੱਢਿਆ ਸੀ। ਜਿਨ੍ਹਾਂ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਿਆ ਗਿਆ ਸੀ ਉਨ੍ਹਾਂ ਨੇ ਦੂਰ ਨੇੜੇ ਆਪਣੇ ਵੱਖਰੇ ਮਹੰਤਵਾਦੀ ਡੇਰੇ ਬਣਾ ਲਏ। ਦੂਰ ਦੁਰਾਡੇ ਪਿੰਡਾਂ ਵਿੱਚ ਵੀ ਧਰਮਸ਼ਾਲਾਵਾਂ ਬਣਾ ਕੇ ਬੈਠ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਪ੍ਰਕਾਸ਼ ਦਾ ਦੁਰ ਉਪਯੋਗ ਕਰ ਕੇ ਭੋਲ਼ੀ ਭਾਲ਼ੀ ਜਨਤਾ ਨੂੰ ਆਪਣੀਆਂ ਬਣਾਈਆਂ ਸਨਾਤਨਵਾਦੀ ਲੀਹਾਂ ਉੱਪਰ ਤੋਰਨ ਵਿੱਚ ਮੁੜ ਤੋਂ ਲੱਗ ਗਏ।

ਸਿੱਖ, ਸਿੱਖੀ ਦੇ, ਨੁਕਸਾਨ ਤੋਂ ਬੇਖ਼ਬਰ:

ਸੰਨ 1708 ਤੋਂ ਬਾਅਦ ਗੁਰਦੁਆਰਿਆਂ ਵਿੱਚ ਚਲਿਆ ਮਹੰਤਵਾਦ ਆਪਣੀਆਂ ਪੱਕੀਆਂ ਜੜ੍ਹਾਂ ਬਣਾ ਚੁੱਕਾ ਸੀ। ਲਗਭਗ ਸੰਨ 1720 ਤੋਂ 1920 ਤਕ 200 ਸਾਲਾਂ ਦਾ ਸਮਾਂ ਮਹੰਤਵਾਦ ਨੂੰ ਗੁਰਦੁਆਰਿਆਂ ਵਿੱਚ ਪੱਲਰਨ ਦਾ ਮੌਕਾ ਮਿਲ਼ਿਆ। ਏਨਾ ਸਮਾਂ ਸਿੱਖ ਧਰਮ ਦੀ ਵਾਗ-ਡੋਰ ਬਿੱਪਰਵਾਦੀ ਮਹੰਤਾਂ ਦੇ ਹੱਥ ਵਿੱਚ ਹੀ ਰਹੀ। ਇਨ੍ਹਾਂ ਮਹੰਤਾਂ ਨੂੰ ਬਿੱਪਰਵਾਦੀ ਲੀਹਾਂ ਉੱਪਰ ਕੀਤੀਆਂ ਬਿੱਪਰਵਾਦੀ ਰਚਨਾਵਾਂ ਨਾਲ਼ ਮਜ਼ਬੂਤੀ ਨਾਲ਼ ਤੋਰਨ ਵਾਲ਼ੇ ਕਾਂਸ਼ੀ ਬਨਾਰਸ ਦੇ ਉਦਾਸੀ ਨਿਰਮਲੇ ਆਦਿਕ ਵੇਦਾਂ, ਸ਼ਾਸਤ੍ਰਾਂ, ਉਪਨਿਸ਼ਦਾਂ ਆਦਿਕ ਪੁਸਤਕਾਂ ਦੇ ਵਿਦਵਾਨ ਬਿੱਪਰ ਸਨ। ਸਿੱਖੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰਲ਼ਗਢ ਕਰ ਦਿੱਤਾ ਗਿਆ। ਧਾਰਮਿਕ ਰੀਤਾ ਰਸਮਾਂ ਤੇ ਮਹੰਤਵਾਦੀ ਪਾਠ ਕਰਦਿਆਂ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਰੀਤਾਂ ਰਸਮਾਂ ਮਹੰਤਵਾਦ ਵਲੋਂ ਸਿੱਖੀ ਵਿਚਾਰਧਾਰਾ ਨੂੰ ਸਨਾਤਨਵਾਦੀ ਬਣਾਉਣ ਲਈ ਚਲਾਈਆਂ ਹੋਈਆਂ ਹਨ ਜਾਂ ਨਹੀਂ; ਬਸ ਆਪਣੀਆਂ ਸਮਝ ਕੇ ਅਪਨਾ ਚੁੱਕੇ ਹਨ ਤੇ ਇਸ ਤਰ੍ਹਾਂ ਮਹੰਤਵਾਦ ਵਲੋਂ ਕੀਤੇ ਗਏ ਸਿੱਖੀ ਦੇ ਨੁਕਸਾਨ ਤੋਂ ਬੇ-ਖ਼ਬਰ ਹਨ।

ਇਸ ਬੇ-ਖ਼ਬਰੀ ਦੇ ਕੁਝ ਕੁ ਕਾਰਨ ਇਹ ਹੋ ਸਕਦੇ ਹਨ:

  1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਅਰਥਾਂ ਪੱਖੋਂ ਅਗਿਆਨਤਾ।

  2. ਗੁਰਬਾਣੀ ਦੇ ਅਰਥ ਸਮਝਣ ਤੇ ਪੜ੍ਹਨ ਲਈ ਅਰੁਚੀ।

  3. ਗੁਰਬਾਣੀ ਦੇ ਅਰਥ ਪੜ੍ਹਨ ਤੇ ਸਮਝਣ ਲਈ ਵਿਹਲ ਨਾ ਹੋਣ ਦਾ ਬਹਾਨਾ ਭਾਵੇਂ ਗੱਪਾਂ ਅਤੇ ਪਾਰਟੀਆਂ ਵਿੱਚ ਘੰਟਿਆਂ ਬੱਧੀ ਸਮਾਂ ਬਿਤਾਇਆ ਜਾ ਰਿਹਾ ਹੋਵੇ।

  4. ਬਾਬਿਆਂ ਦਾਦਿਆਂ ਦੀਆਂ, ਪੀੜ੍ਹੀ ਦਰ ਪੀੜ੍ਹੀ ਅਗਿਆਨਤਾ ਕਾਰਨ ਅਪਨਾਈਆਂ, ਸਨਾਤਨਵਾਦੀ ਗ਼ਲਤ ਰੀਤਾਂ ਰਸਮਾਂ ਨੂੰ ਨਾ ਛੱਡਣ ਦਾ ਹੱਠ।

  5. ਗੁਰ ਸਿੱਖ ਵਿਦਵਾਨਾਂ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਰੌਸ਼ਨੀ ਵਿੱਚ ਕੀਤੀਆਂ ਖੋਜਾਂ ਤੇ ਅਵਿਸ਼ਵਾਸੀ ਅਤੇ ਉਨ੍ਹਾਂ ਦਾ ਮਖ਼ੌਲ ਉਡਾਉਂਦਿਆਂ ਆਖਣਾਂ, “ਇਹ ਰਚਨਾਵਾਂ ਤਾਂ ਅਸੀ 50-60 ਸਾਲਾਂ ਤੋਂ ਸੁਣਦੇ ਆ ਰਹੇ ਹਾਂ। ਤੁਸੀਂ ਹੁਣ ਨਵੇਂ ਜੰਮ ਪਏ ਰੋਕਣ ਤੇ ਸਮਝਉਣ ਵਾਲ਼ੇ। ਤੁਸੀਂ ਗ਼ਲਤੀ ਕੀਤੀ; 50-60 ਸਾਲ ਪਹਿਲਾਂ ਜੰਮਣਾਂ ਸੀ”।

  6. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸ਼ਵੱਟੀ ਲਾ ਕੇ, ਸਿੱਖੀ ਵਿਚਾਰਧਾਰਾ ਦਾ ਨੁਕਸਾਨ ਕਰ ਰਹੀਆਂ ਨਕਲੀ ਅਤੇ ਬਿੱਪਰਵਾਦੀ ਰਚਨਾਵਾਂ, ਰੀਤਾਂ ਰਸਮਾਂ ਅਤੇ ਗ੍ਰੰਥਾਂ ਦਾ ਸੱਚ ਪ੍ਰਗਟ ਕਰਨ ਵਾਲ਼ੇ ਗੁਰਸਿੱਖ ਵਿਦਵਾਨਾਂ ਨੂੰ ਆਪਣੀ ਰੰਜਸ਼ ਕੱਢਣ ਲਈ ਜਾਂ ਕਿਸੇ ਬਾਹਰੀ, ਬਿੱਪਰਵਾਦੀ ਅਤੇ ਰਾਜਸੀ ਸ਼ਕਤੀ ਦੀ ਗੰਢ-ਤੁਪ ਦੇ ਦਬਾਅ ਹੇਠ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੱਚਾਈ ਅਨੁਸਾਰ ਆਪ ਸੱਚ ਝੂਠ ਦਾ ਪਤਾ ਲਉਣ ਤੋਂ ਬਿਨਾਂ ਹੀ, ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਕਿ਼ਆਂ ਦਾ ਹ਼ੁਕਮ ਮੰਨ ਕੇ ਪੰਥ ਵਿੱਚੋਂ ਛੇਕਣਾਂ ਤੇ ਕਥਾ ਕੀਰਤਨ ਆਦਿਕ ਸੇਵਾ ਰਾਹੀਂ ਸਿੱਖੀ ਵਿਚਾਰਧਾਰਾ ਨੂੰ ਫੈਲਾਉਣ ਤੋਂ ਰੋਕਣਾਂ ਤਾਂ ਜੁ ਆਮ ਸਿੱਖਾਂ ਵਿੱਚ ਬਿੱਪਰਵਾਦ ਵਿਰੁੱਧ ਬੋਲਣ ਤੋਂ ਡਰ ਪੈਦਾ ਹੋਵੇ।

  7. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਵਿੱਚ ਪ੍ਰਪੱਕ ਹੋ ਚੁੱਕੇ ਜਾਗਰੂਕ ਪ੍ਰਚਾਰਕਾਂ ਨੂੰ ਬਿੱਪਰਵਾਦੀ ਰਚਨਾਂਵਾਂ, ਮਹੰਤਵਾਦੀ ਪਾਠ, ਬਿੱਪਰਵਾਦੀ ਰੀਤਾਂ ਰਸਮਾਂ ਪਿੱਛੇ ਲੁਕੇ ਝੂਠ ਦਾ ਪੜਦਾ ਲਾਹੁਣ ਅਤੇ ਸੱਚ ਦੱਸਣ ਕਾਰਨ ਸ਼ਾਬਾਸ਼ ਕਹਿਣ ਦੀ ਥਾਂ ਦੁਰੇ ਦੁਰੇ ਕਰਨੀ।

  8. ਬਹੁਤ ਸਾਰੇ ਟੀ ਵੀ ਚੈਨਲਾਂ ਤੋਂ ਧਾਰਮਕ ਅਸਥਾਨਾਂ ਤੋਂ ਸਿੱਧੇ ਟੀ.ਵੀ. ਬਰੌਡਕਾਸਟ ਰਾਹੀਂ ਅਤੇ ਕਈ ਪੰਜਾਬੀ ਟੀ ਵੀ ਚੈਨਲਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਬਿੱਪਰਵਾਦੀ ਰਚਨਾਂਵਾਂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਡਰ ਜਾਂ ਸਤਿਕਾਰ ਦੀ ਪਰਵਾਹ ਨਾ ਕਰਦਿਆਂ, ਜਾਂ ਓਵੇਂ ਹੀ ਪਾਠ ਅਤੇ ਕੀਰਤਨ ਹੁੰਦਾ ਦਿਖਾਉਣਾ ਤਾਂ ਜੁ ਸਿੱਖ ਬਿੱਪਰਵਾਦ ਦੇ ਅਨੁਕੂਲ ਢਲੇ ਰਹਿਣ ਅਤੇ ਵਿਰੋਧ ਨਾ ਕਰ ਸਕਣ।

  9. ਸਿੱਖ ਕੌਮ ਦੀ ਵਾੜ ਲਈ ਬਣਾਈਆਂ ਸੰਸਥਾਵਾਂ ਦੇ ਆਗੂਆਂ ਵਲੋਂ ਸੋਸ਼ਲ ਮੀਡੀਏ ਦੀ ਵਰਤੋਂ ਕਰਦਿਆਂ, ਬਿਨਾਂ ਆਪ ਖੋਜ ਵਿਚਾਰ ਦੇ, ਬਿੱਪਰਵਾਦੀ ਢਾਂਚੇ ਦਾ ਪੱਖ ਪੂਰਨਾ ਤੇ ਸਿੱਖਾਂ ਲਈ ਇਕ ਹੋਰ ਨਵੇਂ ਬਣਾਏ ਦੂਜੇ ਗੁਰੂ ‘ਦਸ਼ਮ ਗ੍ਰੰਥ’ ਨੂੰ ਪੜ੍ਹਨਾ ਜ਼ਰੂਰੀ ਦੱਸ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੋਰ ਸ਼ਰੀਕ ਪੈਦਾ ਕਰਨਾ।

  10. ਕਥਾ ਕੀਰਤਨ ਵਿੱਚ ਪ੍ਰਚਲਤ ਹੋ ਚੁੱਕੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਦੀਆਂ ਕੱਚੀਆਂ ਰਚਨਾਵਾਂ ਦੇ ਸ੍ਰੋਤ ਲੱਭ ਕੇ ਆਪ ਅਰਥ ਨਾ ਸਮਝਣੇ।

ਨੋਟ:
ਗੁਰੂ ਕਾਲ਼ ਸਮੇਂ ਬਿੱਪਰਵਾਦ, ਸ਼ਰੀਰ ਗੁਰੂ ਦੇ ਬਰਾਬਰ ਹੋਰ ਸ਼ਰੀਰ ਖੜਾ ਕਰਨ ਦਾ ਯਤਨ ਕਰਦਾ ਰਿਹਾ ਪਰ ਕਾਮਯਾਬ ਨਾ ਹੋ ਸਕਿਆ {ਦੂਜੇ ਪਾਤਿਸ਼ਾਹ ਦੇ ਸਪੁੱਤਰ ਬਾਬਾ ਦਾਤੂ ਕੋਲ਼ੋਂ ਤੀਜੇ ਪਾਤਿਸ਼ਾਹ ਜੀ ਦੀ, ਭਰੇ ਦੀਵਾਨ ਵਿੱਚ, ਨਿਰਾਦਰੀ ਕਰਵਾਈ ਗਈ। ਬਾਬਾ ਪ੍ਰਿਥੀ ਚੰਦ ਨੂੰ ਪੰਜਵੇਂ ਗੁਰੂ ਜੀ ਦੇ ਬਰਾਬਰ ਗੱਦੀ ਤੇ ਬਿਠਾਉਣ ਦੇ ਸਿਰ ਤੋੜ ਯਤਨ ਕੀਤੇ ਗਏ)। ਹੁਣ ਉਹ ਗੁਰੂ ‘ਗ੍ਰੰਥ’ ਦੇ ਬਰਾਬਰ ਹੋਰ ਸ਼ਰੀਕ ‘ਗ੍ਰੰਥ’ ਖੜਾ ਕਰਨ ਵਿੱਚ ਕਾਮਯਾਬ ਹੋ ਗਿਆ ਹੈ, ਤੇ ਸਿੱਖਾਂ ਨੂੰ ਸੋਸ਼ਲ ਮੀਡੀਏ ਰਾਹੀਂ ਕਿਹਾ ਜਾ ਰਿਹਾ ਕਿ ਅਸਲੀ ਗੁਰੂ ਸਿੱਖਾਂ ਦਾ ਦਸਮ ਗ੍ਰੰਥ ਹੈ

ਅਜਿਹੇ ਕੋਝੇ ਯਤਨਾਂ ਨਾਲ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਵਿਚਾਰਧਾਰਾ ਦੀ ਥਾਂ ਦਸ਼ਮ ਗ੍ਰੰਥ ਦੀ ਵਿਚਾਰਧਾਰਾ ਪੱਕੇ ਤੌਰ ਤੇ ਲਾਗੂ ਹੋ ਜਾਵੇਗੀ, ਦਸ਼ਮ ਗ੍ਰੰਥ ਦਾ ਪ੍ਰਕਾਸ਼ ਗੁਰਦੁਆਰਿਆਂ ਵਿੱਚ ਆਮ ਹੋਣ ਲੱਗ ਪਵੇਗਾ{ ਕੁਝ ਸਿੱਖ ਤਖ਼ਤਾਂ ਅਤੇ ਗੁਰਦੁਆਰਿਆਂ ਵਿੱਚ ਹੁਣ ਵੀ ਪ੍ਰਕਾਸ਼ ਹੋ ਰਿਹਾ ਹੈ} ਤੇ ਫਿਰ ਇਸ ਦੇ ਪਾਠਾਂ ਦੀਆਂ ਲੜੀਆਂ ਚੱਲ ਪੈਣਗੀਆਂ ਤੇ ਸਿੱਖ ਆਪਣੇ ਸਕੇ ਪਿਉ ਤੋਂ ਸਦਾ ਲਈ ਵਿੱਛੁੜ ਜਾਣਗੇ। ਇਸ ਅਗਿਆਨਤਾ ਦੇ ਹਨ੍ਹੇਰੇ ਵਿੱਚ ਪਿਉ ਆਪਣੀ ਪਤਨੀ, ਮਾਂ, ਭੈਣ, ਅਤੇ ਧੀ ਨਾਲ਼ ਇੱਕੋ ਥਾਂ ਬੈਠ ਕੇ ਤ੍ਰਿਅ ਚਰਿੱਤ੍ਰਾਂ ਦੇ ਪਾਠ (ਤੀਵੀਆਂ ਅਤੇ ਮਰਦਾਂ ਦੀਆਂ ਗੁਪਤ ਕਹਾਣੀਆਂ), ਬਾਕੀ ਕੱਚੀਆਂ ਰਚਨਾਵਾਂ ਸਮੇਤ, ਦਸਮ ਗ੍ਰੰਥ ਦੇ ਪਾਠਾਂ ਅਤੇ ਹੁਕਮਨਾਮਿਆਂ ਰਾਹੀਂ ਸੁਣਨਗੇ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top