Share on Facebook

Main News Page

ਜਾਦੂ ਟੂਣਿਆਂ, ਭੂਤਾਂ-ਪ੍ਰੇਤਾਂ, ਵਹਿਮਾਂ-ਭਰਮਾਂ ਰਾਹੀਂ ਮਾਸੂਮਾਂ ਨੂੰ ਮਾਰਨ ਦੇ ਪੰਚਾਂ-ਸਰਪੰਚਾਂ ਅਤੇ ਸਾਧਾਂ-ਸੰਤਾਂ ਨੂੰ ਇਜਾਜ਼ਤ ਕੌਣ ਦਿੰਦਾ ਹੈ ?
-
: ਅਵਤਾਰ ਸਿੰਘ ਮਿਸ਼ਨਰੀ

ਭਾਰਤ ਸਰਕਾਰ ਪਸ਼ੂ-ਪੰਛੀਆਂ ਆਦਿਕ ਦੇ ਕਾਤਲਾਂ ਨੂੰ ਤਾਂ ਸਜ਼ਾ ਦਿੰਦੀ ਹੈ, ਪਰ ਧਰਮ ਦੇ ਨਾਂ 'ਤੇ ਪਾਖੰਡ ਕਰਨ ਵਾਲੇ, ਥੋਥੇ ਕਰਮਕਾਂਡਾਂ ਰਾਹੀਂ, ਭੂਤਾਂ ਪ੍ਰੇਤਾਂ ਦਾ ਹਊਆਂ ਖੜਾ ਕਰਨ ਵਾਲੇ ਜਿੱਥੇ ਲੋਕਾਂ ਨੂੰ ਲੁਟਦੇ ਹਨ ਓਥੇ ਮਸੂਮਾਂ ਅਤੇ ਗਰੀਬਾਂ ਨੂੰ ਕੁੱਟ-ਕੁੱਟ ਕੇ ਉਨ੍ਹਾਂ ਦੀਆਂ ਬਲੀਆਂ ਵੀ ਲੈਂਦੇ ਹਨ। ਸਰਕਾਰ ਦੇ ਪਰਮੋਟਰ ਅਤੇ ਸਪੋਟਰ ਸਾਧਾਂ ਅਤੇ ਤਾਂਤ੍ਰਿਕਾਂ ਦੇ ਡੇਰਿਆਂ ਬੇਗਾਨੇ ਬੱਚਿਆਂ ਦੀਆਂ ਬਲੀਆਂ ਦੇ ਕੇ ਖੂਨ ਨਾਲ ਨਾਹ ਕੇ ਪੁੱਤਰ ਹੋਣ ਦੇ ਵਰ ਦੇਣ ਅਤੇ ਔਰਤਾਂ ਨੂੰ ਦੂਜਿਆਂ ਦੇ ਬੱਚੇ ਮਾਰਨ ਲਈ ਉਕਸੌਣ ਵਾਲਿਆਂ ਨੂੰ ਸਜਾ ਕਿਉਂ ਨਹੀਂ ਦਿੰਦੀ ਜਾਂ ਰੋਕਦੀ?

ਪਿਛਲੇ ਸਾਲ ਅਗਸਤ ਮਹੀਨੇ ਦੇ ਆਖਰੀ ਹਫਤੇ ਪੰਜਾਬ ਦੇ ਇਤਿਹਾਸਕ ਪਿੰਡ ਭਿੰਡਰ ਕਲਾਂ ਵਿਖੇ ਅਜਿਹੀ ਹੀ ਇੱਕ ਤਾਂਤ੍ਰਿਕ ਔਰਤ ਪਾਲੋ ਜੋ ਪਿੰਡ ਦੀ ਸ੍ਰਪੰਚਣੀ ਹੈ, ਨੇ ਪਿੰਡ ਮਨਾਵਾਂ ਦੀ ੧੦ ਸਾਲ ਦੀ ਮਸੂਮ ਬੱਚੀ ਵੀਰਪਾਲ ਕੌਰ ਨੂੰ ਭੂਤ ਕੱਢਣ ਦੇ ਬਹਾਨੇ ਗਰਮ ਚਮਟਿਆਂ ਨਾਲ ਕੁੱਟ-ਕੁੱਟ ਅਤੇ ਪਿਆਸੀ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ। ਪਿੰਡ ਦੇ ਲੋਕ ਤਮਾਸ਼ਬੀਨ ਬਣ ਕੇ ਦੇਖਦੇ ਰਹੇ ਅਤੇ ਜ਼ਾਲਮ ਸਰਪੰਚਣੀ ਪਾਲੋ ਤਾਂਡਵ ਨਾਚ ਨਚਦੀ ਰਹੀ। ਇੱਥੋਂ ਹੀ ਪਤਾ ਚਲਦਾ ਹੈ ਕਿ ਭਾਰਤ ਸਰਕਾਰ ਖਾਸ ਕਰਕੇ ਪੰਜਾਬ ਦੀ ਅਕਾਲੀ ਅਤੇ ਭਾਜਪਾ ਸਰਕਾਰ ਜੋ ਆਪਣੇ ਆਪ ਨੂੰ ਧਰਮੀ ਵੀ ਅਖਵਾਂਦੀ ਹੈ ਜਨਤਾ ਲਈ ਕਿਨੀਕੁ ਸੁਹਿਰਦ ਹੈ ਜਿਸ ਨੂੰ ਪੰਚਾਂ-ਸਰਪੰਚਾਂ ਦੀ ਵੀ ਸਹੀ ਚੋਣ ਨਹੀਂ ਕਰਨੀ ਆਉਂਦੀ, ਜਿਸ ਦੇ ਰਾਜ ਵਿੱਚ "ਲੋਟੂ ਦੁਕਾਨਾਂ" ਖੋਲ੍ਹੀ ਬੈਠੇ ਸੰਤ ਬਾਬੇ, ਤਾਂਤ੍ਰਿਕ, ਪੰਚ ਸਰਪੰਚ ਅਤੇ ਹੰਕਾਰੀ ਤੇ ਮਕਾਰੀ ਲੀਡਰ ਆਏ ਦਿਨ ਜਨਤਾ ਦਾ ਖੂਨ ਪੀਂਦੇ ਵਹਿਮਾਂ ਭਰਮਾਂ ਅਤੇ ਧਰਮ ਦੇ ਨਾਂ ਤੇ ਮਸੂਮਾਂ ਦੇ ਕਤਲ ਕਰ ਰਹੇ ਹਨ।

ਹਨੇਰ ਸਾਈਂ ਦਾ! ਪੰਥ ਦੀਆਂ ਸਿਰਮੌਰ ਸਦਾਉਣ ਵਾਲੀਆਂ ਜਥੇਬੰਦੀਆਂ ਵੀ ਡੇਰੇਦਾਰ ਸਾਧਾਂ ਸੰਤਾਂ ਨੂੰ ਮਾਨਤਾ ਦਿੰਦੀਆਂ ਹਨ। ਇਨ੍ਹਾਂ ਦੇ ਪ੍ਰਚਾਰਕ ਵੀ ਕਥਾ ਪ੍ਰਚਾਰ ਸਮੇਂ ਅਖੌਤੀ ਭੂਤਾਂ ਪ੍ਰੇਤਾਂ ਦੀਆਂ ਮਨਘੜਤ ਕਥਾ ਕਹਾਣੀਆਂ ਸੁਣਾ ਕੇ ਸੰਗਤ ਵਿੱਚ ਵਹਿਮ ਭਰਮ ਅਤੇ ਡਰ ਪੈਦਾ ਕਰਦੇ ਹਨ। ਹੋਰ ਤਾਂ ਹੋਰ ਹੁਣ ਤਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੀ ਇਨ੍ਹਾਂ ਡੇਰੇਦਾਰਾਂ ਦੀਆਂ ਚੌਂਕੀਆਂ ਭਰਦੇ ਹਨ। ਵੋਟਾਂ ਖਾਤਰ ਸ੍ਰੋਮਣੀ ਕਮੇਟੀ ਵਿੱਚ ਬਾਦਲ ਦਲ ਰਾਹੀਂ ਡੇਰੇਦਾਰ ਵੀ ਸ਼ਮਲ ਕਰ ਲਏ ਗਏ ਹਨ ਜੋ ਆਏ ਦਿਨ ਅਖੌਤੀ ਦਸਮ ਗ੍ਰੰਥ ਚੋਂ ਖੂਨ ਪੀਣੀ ਮਹਾਂਕਾਲੀ, ਕਾਲਕਾ ਦੁਰਗਾ ਆਦਿਕ ਦੀਆਂ ਦੈਂਤਾਂ ਨਾਲ ਲੜਾਈ ਦੀਆਂ ਬਾਤਾਂ ਪਾਉਂਦੇ ਨਹੀਂ ਥੱਕਦੇ। ਪੁਲੀਟੀਕਲ ਅਤੇ ਗਰਮ ਖਿਆਲੀ ਜਥੇਬੰਦੀਆਂ ਵੀ ਧੜੇਬੰਦੀ, ਫੁੱਟ ਅਤੇ ਚੌਧਰ ਦਾ ਸ਼ਿਕਾਰ ਹਨ।

ਪੰਜਾਬ ਜੋ ਗੁਰਾਂ ਦੇ ਨਾਂ 'ਤੇ ਵਸਦਾ ਸੀ ਅੱਜ ਡੇਰੇਦਾਰ ਸਾਧਾਂ, ਤਾਂਤਰਿਕਾਂ, ਲਚਰ ਗਾਇਕਾਂ, ਲਾਲਚੀ ਵਿਦਵਾਨ ਪ੍ਰਚਾਰਕਾਂ, ਅਤੇ ਹੰਕਾਰੀ ਤੇ ਮਾਇਆਧਾਰੀ ਲੀਡਰਾਂ ਦੇ ਨਾਂ ਵਸਾਇਆ ਜਾ ਰਿਹਾ ਹੈ। ਸਿਆਣੇ ਕਹਿੰਦੇ ਹਨ ਕਿ ਬੀ ਨਾਸ ਨਹੀਂ ਹੁੰਦਾ ਫਿਰ ਵੀ ਕੁਝ ਸਿੱਖ ਸੰਸਥਾਵਾਂ ਅਤੇ ਮਿਸ਼ਨਰੀ ਪ੍ਰਚਾਰਕ ਗੁਰਬਾਣੀ ਦਾ ਸਿਧਾਂਤਕ ਪ੍ਰਚਾਰ ਕਰ ਰਹੇ ਹਨ। ਅਜਿਹੀਆਂ ਅੰਧ ਵਿਸ਼ਵਾਸ਼ੀ ਘਟਨਾਵਾਂ ਪੰਜਾਬ ਬਲਕਿ ਸਮੁੱਚੇ ਭਾਰਤ ਵਿੱਚ ਬਹੁਤ ਹੋ ਰਹੀਆਂ ਹਨ ਜੋ ਮੀਡੀਏ ਵਿੱਚ ਨਹੀਂ ਆ ਰਹੀਆਂ। ਸਰਕਾਰ ਦੇ ਝੋਲੀ ਚੁੱਕ ਲੋਕ ਪਰਦੇ ਪਿੱਛੇ ਕੁਕਰਮ ਕਰਕੇ ਛੁਪਵਾਈ ਜਾ ਰਹੇ ਹਨ। ਸੰਸਾਰ ਐਸ ਵੇਲੇ ਇਕਵੀਂ ਸਦੀਂ ਪਾਰ ਕਰਦਾ ਅਗਾਂਹ ਵੱਧ ਰਿਹਾ ਹੈ ਪਰ ਭਾਰਤ ਤਾਂਤਰਿਕਾਂ, ਯੋਤਸ਼ੀਆਂ ਅਤੇ ਅੰਧ ਵਿਸ਼ਵਾਸ਼ੀ ਸਾਧਾਂ ਮਗਰ ਲੱਗ ਕੇ ਰਸਾਤਲ ਵੱਲ ਜਾ ਰਿਹਾ ਹੈ।

ਭੂਤ ਦਾ ਅਰਥ ਹੈ ਬੀਤ ਗਿਆ, ਜੋ ਬੀਤ ਚੁੱਕਾ ਹੈ ਤੋਂ ਡਰਨਾਂ ਵਹਿਮ ਨਹੀਂ ਤਾਂ ਹੋਰ ਕੀ ਹੈ? ਜਿਨ ਭੂਤ ਪ੍ਰੇਤ ਕਲਪਿਤ ਕਹਾਣੀਆਂ ਹਨ ਜੋ ਇਸਲਾਮ ਚੋਂ ਹਿੰਦੂਆਂ ਅਤੇ ਹਿੰਦੂਆਂ ਚੋਂ ਭਗਵੇ ਸਾਧਾਂ-ਸੰਪ੍ਰਦਾਈਆਂ ਰਾਹੀਂ ਸਿੱਖਾਂ ਵਿੱਚ ਵੀ ਘਸੋੜ ਦਿੱਤੀਆਂ ਗਈਆਂ ਹਨ। ਗੁਰਬਾਣੀ ਤਾਂ ਪੁਕਾਰ-ਪੁਕਾਰ ਕੇ ਕਹਿ ਰਹੀ ਹੈ ਕਿ-ਕਲਿ ਮਹਿ ਪ੍ਰੇਤ ਜਿਨ੍ਹੀ ਰਾਮ ਨਾ ਪਛਾਤਾ॥ ਭਾਵ ਪ੍ਰੇਤ ਉਹ ਹਨ ਜੋ ਸਰੀਰਕ ਤੌਰ ਤੇ ਜੀਂਦੇ ਹੋਏ ਰਮੇ ਹੋਏ ਸਰਬਨਿਵਾਸੀ ਰਾਮ ਨੂੰ ਪਛਾਣ (ਜਾਣ) ਨਹੀਂ ਰਹੇ ਸਗੋਂ ਠੱਗ ਅਤੇ ਕਾਤਲ ਤਾਂਤ੍ਰਿਕਾਂ ਦੇ ਢਹੇ ਚੜ੍ਹ ਕੇ ਆਪਣਾਂ ਅਤੇ ਹੋਰਨਾਂ ਦਾ ਅਮੋਲਕ ਜੀਵਨ ਬਰਬਾਦ ਕਰ ਰਹੇ ਹਨ। ਗੁਰਬਾਣੀ ਨੇ ਭੂਤਾਂ ਬਾਰੇ ਵੀ ਬੜਾ ਸ਼ਪੱਸ਼ਟ ਚਾਨਣਾ ਪਾਇਆ ਹੈ- ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥੧੯੨॥ (੧੩੭੪) ਭਾਵ ਜਿਨ੍ਹਾਂ ਘਰਾਂ ਵਿੱਚ ਸਾਧ ਗੁਰੂ ਨੂੰ ਲੋਕ ਨਹੀਂ ਸੇਂਵਦੇ ਅਤੇ ਹਰੀ ਪ੍ਰਮਾਤਮਾਂ ਸੇਵਾ ਸਿਮਰਤੀ ਭਾਵ ਯਾਦ ਨਹੀਂ ਹੈ ਉਹ ਘਰ ਮੜ੍ਹੀਆਂ ਸਮਾਨ ਹਨ ਅਤੇ ਉਨ੍ਹਾਂ ਵਿੱਚ ਵੱਸਣ ਵਾਲੇ ਅਖੌਤੀ ਭੂਤ ਹਨ। ਭਾਵ ਪ੍ਰਮਾਤਮਾਂ ਨੂੰ ਭੁੱਲ ਕੇ, ਕੁਰਾਹੇ ਪਏ ਹੋਏ ਲੋਕ ਹੀ ਭੂਤ ਹਨ। ਸੋ ਭਿੰਡਰ ਕਲਾਂ ਪਿੰਡ ਦੀ ਸਰਪੰਚਨੀ ਪਾਲੋ ਅਤੇ ਉਸ ਦੇ ਸਾਥੀ ਅਤੇ ਪਿਛਲੱਗ ਲੋਕ ਜ਼ਾਹਰਾ ਭੂਤ ਹਨ ਜਿਨ੍ਹਾਂ ਨੇ ਮਸੂਮ ਬੱਚੀ ਵੀਰਪਾਲ ਕੌਰ ਨੂੰ ਬੜੀ ਬੇਦਰਦੀ ਨਾਲ ਕੁੱਟ-ਕੁੱਟ ਅਤੇ ਕੋਹ-ਕੋਹ ਕੇ ਮਾਰ ਦਿੱਤਾ ਸੀ। ਅਜਿਹੀਆਂ ਅਨੇਕਾਂ ਘਟਨਾਵਾਂ ਭਾਰਤ ਵਿੱਚ ਆਏ ਦਿਨ ਹੁੰਦੀਆਂ ਹਨ ਅਤੇ ਸਰਕਾਰ ਇਨ੍ਹਾਂ ਨੂੰ ਰੋਕਦੀ ਨਹੀਂ ਇਸ ਕਰਕੇ ਛੱਕ ਪੈਦਾ ਹੁੰਦਾ ਹੈ ਕਿ ਕੀ ਭਾਰਤ ਸਰਕਾਰ ਨੇ ਜਾਦੂ ਟੂਣਿਆਂ, ਭੂਤਾਂ-ਪ੍ਰੇਤਾਂ ਅਤੇ ਵਹਿਮਾਂ-ਭਰਮਾਂ ਰਾਹੀਂ ਮਸੂਮਾਂ ਨੂੰ ਮਾਰਨ ਦੇ ਪੰਚਾਂ-ਸਰਪੰਚਾਂ ਅਤੇ ਸਾਧਾਂ-ਸੰਤਾਂ ਨੂੰ ਪ੍ਰਮਟ ਦਿੱਤੇ ਹੋਏ ਹਨ?

ਆਓ, ਪ੍ਰਣ ਕਰੀਏ ਕਿ ਘੱਟ ਤੋਂ ਘੱਟ ਪੰਜਾਬ ਦੇ ਪਿੰਡਾਂ ਵਿੱਚੋਂ ਜਿੱਥੇ ਵੀ ਕਿਤੇ ਮੜ੍ਹੀਆਂ ਮੱਟਾਂ ਅਤੇ ਖੂਨ ਪੀਣੀ ਮੰਨੀ ਗਈ ਕਾਲੀ ਦੇ ਪੁਜਾਰੀ ਪਖੰਡੀਆਂ ਨੇ ਥੜੇ ਡੇਰੇ ਆਦਿਕ ਕਤਲਗਾਹ ਅਸਥਾਂਨ ਬਣਾਏ ਹੋਏ ਹਨ, ਉਨ੍ਹਾਂ ਨੂੰ ਪਿੰਡਾਂ ਦੀਆਂ ਸੰਗਤਾਂ ਨੂੰ ਜਾਗ੍ਰਿਤ ਕਰਕੇ ਉਨ੍ਹਾਂ ਦੇ ਹੀ ਸਹਿਯੋਗ ਨਾਲ ਪੁੱਟ ਕੇ, ਗੁਰੂਆਂ-ਭਗਤਾਂ ਅਤੇ ਸੂਰਬੀਰ ਬਹਾਦਰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਹਰਵੇਲੇ ਤਤਪਰ ਹੁੰਦੇ ਹੋਏ ਮੜ੍ਹੀਆਂ ਮੱਟਾਂ ਕਾਲੀ ਦੇ ਥੜੇ ਆਦਿਕ ਅਖੌਤੀ ਭੂਤਾਂ ਪ੍ਰੇਤਾਂ ਦੇ ਅੱਡੇ ਨਹੀਂ ਬਣਨ ਦਿਆਂਗੇ! ਭਾਰਤ ਸਰਕਾਰ ਨੂੰ ਵੀ ਅਰਜ ਹੈ ਕਿ ਜਨਤਾ ਅਤੇ ਦੇਸ਼ ਭਲਾਈ ਖਾਤਰ ਅਜਿਹੇ ਸਾਧਾਂ-ਸੰਤਾਂ ਸੰਪ੍ਰਦਾਈਆਂ, ਮਕਾਰ ਲੀਡਰਾਂ, ਭੂਤ ਕੱਢਣੇ ਪਿੰਡ ਭਿੰਡਰ ਕਲਾਂ ਦੀ ਪਾਲੋ ਵਰਗੇ ਪੰਚਾਂ-ਸਰਪੰਚਾਂ ਨੂੰ ਫੌਰੀ ਨੱਥ ਪਾਈ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ। ਇਨਸਾਫ ਲਈ ਗੁਰਸਿੱਖ ਪ੍ਰਚਾਰਕ ਹੋਣ ਦੇ ਨਾਤੇ ਦਾਸ ਨੇ "ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ" ਦਾ ਹੋਕਾ- ਦਿੰਦੇ ਰਹਿਣਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top