ਇੱਕ ਚੁਟਕਲਾ ਅਕਸਰ ਨਿਰਮਲੇ ਟਕਸਾਲੀ ਯਾ ਉਨ੍ਹਾਂ ਦੇ ਟੁਕੜਬੋਚ
ਸੁਣਾਉਂਦੇ ਹਨ, ਉਹ ਹੈ :
"ਬਚਿੱਤਰ ਨਾਟਕ ਵਿੱਚ ਦਰਜ ਅਵਤਾਰਾਂ ਦੀ ਕਥਾਵਾਂ ਹਿੰਦੂ ਧਰਮ
ਗ੍ਰੰਥਾਂ ਦਾ ਅਨੁਵਾਦ ਹੈ।"
ਇਸ "ਅਖੌਤੀ ਅਨੁਵਾਦ" ਦਾ ਇਕ ਨਮੂਨਾ ਤੁਹਾਡੇ ਨਾਲ ਸਾਂਝਾ ਕਰ ਰਹਿਆ ਹਾਂ। ਬਚਿੱਤਰ ਨਾਟਕ
ਵਿੱਚ ਇਕ ਅਧਿਆਏ ਹੈ "ਅਥ ਬ੍ਰਹਮਾ ਅਵਤਾਰ ਕਥਨੰ" ਅਤੇ
ੳਸ ਵਿੱਚ ਬ੍ਰਹਮਾ ਦੇ ਇਕ ਅਵਤਾਰ ਬਿਆਸ ਦੀ
ਕਹਾਣੀ ਵਿੱਚ ਬਚਿੱਤਰ ਨਾਟਕ ਦੇ ਲਿਖਾਰੀ ਨੇ
ਲਿਖਿਆ ਹੈ ਕਿ ਇਹ ਰਾਜਿਆਂ ਦੀ ਪੁਰਾਣਿਕ
ਕਹਾਣੀਆਂ ਬਿਆਸ ਦੀ ਕਹੀਆਂ ਹਨ ਅਤੇ ਬਚਿੱਤਰ
ਨਾਟਕ ਦਾ ਲਿਖਾਰੀ ਉਨ੍ਹਾਂ ਨੂੰ ਸੰਖੇਪ ਰੂਪ ਵਿੱਚ ਕਹ ਰਹਿਆ ਹੈ। ਇਨ੍ਹਾਂ ਰਾਜਿਆ ਦੀਆਂ
ਕਹਾਣੀਆਂ ਦੇ ਵਿੱਚ ਪਹਿਲਾਂ ਮਨੂੰ ਰਾਜੇ ਦੀ ਕਹਾਣੀ ਦਰਜ ਹੈ ਅਤੇ ਉਸ ਦੇ ਬਾਅਦ ਇਹ "ਅਥ
ਪ੍ਰਿਥ ਰਾਜਾ ਕੋ ਰਾਜ ਕਥਨੰ" ਵਾਲਾ ਹਿੱਸਾ ਹੈ, ਇਸ ਪ੍ਰਿਥੂ
ਰਾਜੇ ਦੇ ਕਥਨ ਵਾਲੇ ਅਧਿਆਏ ਵਿੱਚ ਇਹ ਪੰਕਤੀਆਂ ਦਰਜ ਹਨ:--
ਭਰਥ
ਰਾਜ ਬਿਤੀਤ ਭੇ ਭਏ ਰਾਜ ਸਾਗਰ ਰਾਜ ॥ ਰੁਦ੍ਰ ਕੀ ਤਪਸਾ
ਕਰੀ ਲੀਅ ਲੱਛ ਸੁਤ ਉਪਰਾਜਿ ॥੬੩॥
ਚਕ੍ਰ ਬਕ੍ਰ ਧੁਜਾ ਗਦਾ ਭ੍ਰਤ ਸਰਬ ਰਾਜ ਕੁਮਾਰ ॥
ਲੱਛ ਰੂਪ ਧਰੇ ਮਨੋ ਜਗਿਆਨ ਮੈਨ ਸੁ ਧਾਰ ॥
ਉਪਰ ਦਿੱਤੇ ਗਏ ਛੰਦ ਵਿੱਚ ਇਹ ਲਿਖੀਆ ਹੈ ਕਿ ਰੁਦ੍ਰ ਦੀ ਕਿਰਪਾ ਨਾਲ ਸਗਰ ਰਾਜੇ ਦੇ ਇਕ
ਲੱਖ ਪੁੱਤਰ ਪੈਦਾ ਹੋਏ ਸਨ ਅਤੇ ਅੱਗੇ ਇਸ ਪ੍ਰਸੰਗ ਵਿੱਚ ਦਰਜ ਹੈ ਕਿ ਰਾਜੇ ਸਗਰ ਦੇ ਇਕ
ਲੱਖ ਪੁੱਤਰ ਕਿਵੇਂ ਮਰੇ:--
ਭਸਮ ਭੂਤ ਭਏ ਸਭੈ ਨ੍ਰਿਪ ਲੱਛ ਪੁਤ੍ਰ ਸੁ ਨੈਨ ॥
ਬਾਜ ਰਾਜ ਸੁ ਸੰਪਦਾ ਜੁਤ ਅਸਤ੍ਰ ਸ਼ਸਤ੍ਰ ਸਸੈਨ ॥੭੩॥
ਇਨ੍ਹਾਂ ਪੰਕਤਿਆਂ ਦਾ ਅਨੁਵਾਦ ਕਰਨ ਦੀ ਜ਼ਰੂਰਤ ਨਹੀਂ ਹੈ ਕਿੁਉਂਕਿ ਇਥੇ ਸਾਨੂੰ ਸਿਰਫ ਸਗਰ
ਦੇ ਪੁੱਤਰਾਂ ਦੀ ਗਿਣਤੀ ਨਾਲ ਮਤਲਬ ਹੈ, ਜੋ ਇਸ ਬਚਿੱਤਰ ਨਾਟਕ ਵਿੱਚ ਇਕ ਲੱਖ ਦਰਜ ਹੈ।
ਇਸ ਜਾਣਕਾਰੀ ਦਾ ਟਾਕਰਾ ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਵਿੱਚ ਦਰਜ ‘ਸਗਰ’ ਬਾਰੇ
ਜਾਣਕਾਰੀ ਨਾਲ ਕਰਨੇ ਹਾਂ ਤੇ ਇਹ ਰਾਜੇ ਸਗਰ ਦੀ ਕਹਾਣੀ ਜੋ ਪੁਰਾਣਾਂ ਵਿੱਚ ਦਰਜ ਹੈ, ਉਹ
ਪਤਾ ਚਲ ਜਾਂਦੀ ਹੈ ਅਤੇ ਸਾਨੂੰ ਇਹ ਵੀ ਪਤਾ ਚਲ ਜਾਂਦਾ ਹੈ ਕਿ ਬਚਿੱਤਰ ਨਾਟਕ ਦਾ ਲਿਖਾਰੀ
ਹਿਂਦੂ ਪੁਰਾਣਾ ਦਾ ਅਨੁਵਾਦ ਨਹੀਂ ਕਰ ਰਹਿਆ ਬਲਿਕ ਗੱਪਾਂ ਮਾਰ ਰਹਿਆ ਹੈ।
ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਵਿੱਚ ਦਿੱਤੀ ਗਈ ਜਾਣਕਾਰੀ:---
ਸੰ. ਸਮਗ੍ਰ. ਵਿ- ਸਕਲ. ਸਗਲ. ਸਾਰਾ. ਸਭ. ਤਮਾਮ. "ਆਨ ਉਪਾਵ
ਸਗਰ ਕੀਏ" (ਮਲਾ ਮ: ੫. ਪੜਤਾਲ)
੨. ਸੰਗ੍ਯਾ- ਰਾਜਾ ਬਾਹੁ (ਅਥਵਾ ਅਸਿਤ) ਦਾ ਪੁਤ੍ਰ, ਅਯੋਧ੍ਯਾ ਦਾ ਸੂਰਜਵੰਸ਼ੀ ਰਾਜਾ, ਜਿਸ
ਦੀ ਕਥਾ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਵਿਸ੍ਤਾਰ ਨਾਲ ਲਿਖੀ ਹੈ। ਸਗਰ ਦੇ ਪਿਤਾ (ਬਾਹੁ)
ਨੂੰ ਹੈਹਯਾਂ ਨੇ ਰਾਜਧਾਨੀ ਤੋਂ ਬਾਹਰ ਕੱਢ ਦਿੱਤਾ ਸੀ। ਬਾਹੁ ਬਣ ਵਿੱਚ ਆਪਣੀਆਂ ਇਸਤ੍ਰੀਆਂ
ਸਮੇਤ ਜਾ ਰਿਹਾ, ਸਗਰ ਦੀ ਮਾਤਾ ਓਦੋਂ ਗਰਭਵਤੀ ਸੀ। ਇੱਕ ਸੌਂਕਣ ਨੇ ਸਾੜਾ ਕਰਕੇ ਉਸ ਨੂੰ
ਕੋਈ ਜ਼ਹਿਰ ਦੇ ਦਿੱਤੀ, ਜਿਸ ਨਾਲ ਉਸ ਦਾ ਗਰਭ ਰੁਕ ਗਿਆ। ਇਸ ਕਾਰਣ ਸਗਰ ਸੱਤ ਵਰ੍ਹੇ ਮਾਤਾ
ਦੇ ਉਦਰ ਵਿੱਚ ਰਿਹਾ ਅਤੇ ਇਸ ਸਮੇਂ ਅੰਦਰ ਬਾਹੁ ਮਰ ਗਿਆ। ਗਰਭਵਤੀ ਰਾਣੀ ਨੇ ਆਪਣੇ ਪਤੀ
ਨਾਲ ਸੜਨਾ ਚਾਹਿਆ, ਪਰ ਔਰਵ ਰਿਖੀ ਨੇ ਉਸ ਨੂੰ ਰੋਕਿਆ ਅਤੇ ਆਖਿਆ ਕਿ ਤੇਰੇ ਉਦਰ ਵਿਚੋਂ
ਇੱਕ ਪ੍ਰਤਾਪੀ ਬਾਲਕ ਜਨਮ ਲਵੇਗਾ। ਜਦ ਇਹ ਬਾਲਕ ਜਨਮਿਆ, ਤਾਂ ਰਿਖੀ ਨੇ ਨਾਉਂ ਸਗਰ (ਸ-
ਸਹਿਤ, ਗਰ- ਜ਼ਹਿਰ) ਰੱਖਿਆ, ਕਿਉਂਕਿ ਸੌਂਕਣ ਦੀ ਦਿੱਤੀ ਹੋਈ ਜ਼ਹਿਰ ਭੀ ਨਾਲ ਹੀ ਗਰਭੋਂ
ਬਾਹਰ ਆਈ ਸੀ.।
ਜਦ ਸਗਰ ਨੇ ਜਵਾਨ ਹੋ ਕੇ ਆਪਣੇ ਪਿਤਾ ਦੀ ਕਥਾ ਸੁਣੀ, ਤਾਂ ਉਸ ਨੇ ਪ੍ਰਣ ਕੀਤਾ ਕਿ ਮੈ
ਹੈਹਯਾਂ ਅਤੇ ਹੋਰ ਰਾਖਸਾਂ ਤੋਂ ਪ੍ਰਿਥਵੀ ਖਾਲੀ ਕਰ ਦੇਵਾਂਗਾ ਅਤੇ ਆਪਣੇ ਪਿਤਾ ਦਾ ਸਾਰਾ
ਰਾਜ ਵਾਪਿਸ ਲਵਾਂਗਾ। ਔਰਵ ਰਿਖੀ ਤੋਂ ਉਸ ਨੇ ਅਗਨਿ ਅਸਤ੍ਰ ਲੈ ਕੇ ਸਭ ਹੈਹਯਾਂ ਨੂੰ ਮਾਰ
ਮੁਕਾਇਆ, ਅਤੇ ਆਪਣਾ ਰਾਜ ਸਾਂਭ ਲੀਤਾ। ਸਗਰ ਨੇ ਸ਼ਕ, ਯਵਨ, ਕਾਂਬੋਜ, ਪਾਰਦ ਅਤੇ ਪਰ੍ਲਵ
ਸਾਰਿਆਂ ਦਾ ਨਾਸ਼ ਕਰ ਦੇਣਾ ਸੀ, ਪਰ ਵਸਿਸ੍ਠ ਰਿਖੀ ਦੇ ਕਹਿਣ ਪੁਰ ਉਸ ਨੇ ਉਨ੍ਹਾਂ ਨੂੰ ਇਸ
ਸ਼ਰਤ 'ਤੇ ਛੱਡ ਦਿੱਤਾ ਕਿ ਯਵਨ ਆਪਣਾ ਸਾਰਾ ਸਿਰ ਮੁਨਾ ਲੈਣ। ਸ਼ਕ ਉੱਪਰਲੇ ਪਾਸਿਓਂ ਅੱਧਾ
ਮੁਨਾਉਣ, ਪਾਰਦ ਲੰਬੇ ਕੇਸ਼ ਰੱਖਣ ਅਤੇ ਪਹ੍ਲਵ ਲੰਬੀਆਂ ਦਾੜ੍ਹੀਆਂ ਰੱਖਣ.।
ਸਗਰ ਨੇ ਦੋ ਵਿਆਹ ਕੀਤੇ ਇੱਕ ਤਾਂ ਕਸ਼੍ਯਪ ਦੀ ਪੁਤ੍ਰੀ ਸੁਮਤਿ ਨਾਲ ਅਤੇ ਦੂਸਰਾ ਰਾਜਾ
ਵਿਦਰਭ ਦੀ ਪੁਤ੍ਰੀ ਕੇਸ਼ਿਨੀ ਨਾਲ। ਪਰ ਉਨ੍ਹਾਂ ਤੋਂ ਕੋਈ ਪੁਤ੍ਰ ਨਾ ਹੋਣ ਕਰਕੇ ਉਸ ਨੇ
ਔਰਵ ਰਿਖੀ ਦੀ ਓਟ ਲਈ। ਔਰਵ ਨੇ ਕਿਹਾ ਕਿ ਇੱਕ ਇਸਤ੍ਰੀ ਨੂੰ ਤਾਂ ਇੱਕੋ ਪੁਤ੍ਰ ਹੋਵੇਗਾ,
ਪਰ ਦੂਸਰੀ ਦੇ ਘਰ ੬੦੦੦੦ ਪੁਤ੍ਰ ਹੋਣਗੇ। ਕੇਸ਼ਿਨੀ ਨੇ
ਕਿਹਾ ਕਿ ਮੇਰੇ ਘਰ ਤਾਂ ਇੱਕੋ ਹੋਵੇ, ਤਾਂ ਉਸ ਦੇ ਘਰ ਇੱਕ ਪੁਤ੍ਰ ਅਸਮੰਜਸ ਹੋਇਆ, ਅਰ
ਸੁਮਤਿ ਦੇ ੬੦੦੦੦ ਪੁਤ੍ਰ ਹੋਏ। ਅਸਮੰਜਸ ਵਡਾ ਕੁਕਰਮੀ ਸੀ, ਇਸ ਲਈ ਸਗਰ ਨੇ ਉਸ ਨੂੰ
ਤ੍ਯਾਗ ਦਿੱਤਾ। ਬਾਕੀ ਸੱਠ ਹਜ਼ਾਰ ਪੁਤ੍ਰਾਂ ਨੇ ਭੀ ਐਸਾ ਉਪਦ੍ਰਵ ਮਚਾਇਆ ਕਿ ਦੇਵਤਿਆਂ ਨੇ
ਇਨਾਂ ਦੀ ਰਿਖੀ ਕਪਿਲ ਅਤੇ ਵਿਸਨੂ (ਦੇਵਤਾ) ਪਾਸ ਸ਼ਿਕਾਇਤ ਕੀਤੀ।
ਸਗਰ ਨੇ ਅਸ੍ਵਮੇਧ ਯੱਗ ਕੀਤਾ ਅਤੇ ਘੋੜੇ ਦੀ ਰਾਖੀ ਕਰਨ ਵਾਲੇ ਭਾਵੇਂ ਉਸ ਦੇ ੬੦੦੦੦
ਪੁਤ੍ਰ ਭੀ ਸਨ, ਪਰ ਤਦ ਭੀ ਇੰਦ੍ਰ ਕਰਕੇ ਘੋੜਾ ਪਾਤਾਲ ਵਿੱਚ ਪਹੁੰਚਾਇਆ ਗਿਆ। ਸਗਰ ਨੇ
ਆਪਣੇ ਪੁਤ੍ਰਾਂ ਨੂੰ ਘੋੜਾ ਲੱਭਣ ਲਈ ਆਖਿਆ, ਉਨ੍ਹਾਂ ਨੇ ਪਾਤਾਲ ਤਕ ਪ੍ਰਿਥਿਵੀ ਨੂੰ ਪੁੱਟ
ਸੁੱਟਿਆ ਅਤੇ ਹੇਠਾਂ ਜਾਕੇ ਕੀ ਦੇਖਿਆ ਕਿ ਘੋੜਾ ਤਾਂ ਚਰ ਰਿਹਾ ਹੈ, ਅਰ ਉਸ ਦੇ ਪਾਸ ਹੀ
ਰਿਖੀ ਕਪਿਲ ਸਮਾਧੀ ਲਾਈ ਬੈਠਾ ਹੈ। ਇਹ ਸਮਝਕੇ ਕਿ ਘੋੜੇ ਦਾ ਚੋਰ ਇਹੀ ਹੈ, ਉਨ੍ਹਾਂ ਨੇ
ਕਪਿਲ ਨੂੰ ਭੈ ਦੇਣ ਦਾ ਯਤਨ ਕੀਤਾ। ਗੁੱਸੇ ਵਿੱਚ ਆਕੇ ਰਿਖੀ ਨੇ ਜਦ ਸਗਰ ਦੇ ਪੁਤ੍ਰਾਂ
ਵੱਲ ਤੱਕਿਆ ਤਾਂ ਰਿਖੀ ਦੇ ਅੰਦਰੋਂ ਅੱਗ ਪ੍ਰਗਟ ਹੋਈ, ਜਿਸ ਨਾਲ ਉਹ ਸਾਰੇ ਭਸਮ ਹੋ ਗਏ।
ਜਦ ਘੋੜਾ ਚਿਰ ਤੀਕ ਵਾਪਿਸ ਨਾ ਆਇਆ, ਤਦ ਸਗਰ ਨੇ ਆਪਣਾ ਪੋਤਾ ਅੰਸ਼ੁਮਾਨ ਤਲਾਸ਼ ਲਈ ਭੇਜਿਆ,
ਉਸ ਨੇ ਆਪਣੇ ਚਾਚਿਆਂ ਦੀਆਂ ਹੱਡੀਆਂ ਕਪਿਲ ਪਾਸ ਢੇਰੀ ਹੋਈਆਂ ਦੇਖੀਆਂ। ਅੰਸ਼ੁਮਾਨ ਨੇ ਦੁਖੀ
ਹੋ ਕੇ ਕਪਿਲ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਨੂੰ ਕਿਸੇ ਤਰਾਂ ਸ੍ਵਰਗ ਲੋਕ ਪ੍ਰਾਪਤ ਹੋਵੇ।
ਕਪਿਲ ਨੇ ਭਰੋਸਾ ਦਿੱਤਾ ਕਿ ਤੇਰਾ ਪੋਤ੍ਰਾ ਗੰਗਾ ਨੂੰ ਪ੍ਰਿਥਿਵੀ 'ਤੇ ਲਿਆਵੇਗਾ ਤਾਂ
ਇਨ੍ਹਾਂ ਦੀ ਗਤਿ ਹੋਵੇਗੀ।
ਅੰਸ਼ੁਮਾਨ ਘੋੜਾ ਲੈ ਕੇ ਸਗਰ ਪਾਸ ਪਹੁੰਚਿਆ ਅਤੇ ਯਗ੍ਯ ਸੰਪੂਰਣ ਹੋਇਆ। ਉਸ ਵੱਡੇ ਖਾਤ (ਗਰਤ)
ਦਾ, ਜੇਹੜਾ ਕਿ ੬੦੦੦੦ ਪੁਤ੍ਰਾਂ ਨੇ ਖੋਦਿਆ ਸੀ, ਨਾਉਂ ਸਾਗਰ ਰੱਖ ਦਿੱਤਾ, ਜੋ ਹੁਣ
ਸਮੁੰਦਰ ਹੈ। ਅੰਸ਼ੁਮਾਨ ਦਾ ਪੁਤ੍ਰ ਦਿਲੀਪ ਅਤੇ ਉਸ ਦਾ ਪੁਤ੍ਰ ਭਗੀਰਥ ਹੋਇਆ, ਭਗੀਰਥ ਦੇ
ਪੁੰਨ ਕਰਮਾਂ ਕਰਕੇ ਗੰਗਾ ਸ੍ਵਰਗਲੋਕ ਤੋਂ ਉਤਰੀ ਅਤੇ ਉਸ ਦੇ ਜਲ ਨਾਲ ਸਗਰ ਦੇ ਪੁਤ੍ਰਾਂ
ਦੀ ਭਸਮ ਤਰ ਹੋਈ ਅਤੇ ਉਹ ਮੁਕ੍ਤਿ ਨੂੰ ਪ੍ਰਾਪਤ ਹੋਏ। ਸਗਰ ਦੇ ਕਾਰਣ ਗੰਗਾ ਦਾ ਨਾਉਂ
ਸਾਗਰਾ ਅਤੇ ਭਗੀਰਥ ਕਰਕੇ ਭਾਗੀਰਥੀ ਹੋਇਆ.। ਹਰਿਵੰਸ਼ ਵਿੱਚ ਇੱਕ ਹੋਰ ਭੀ ਅਚੰਭੇ ਦੀ ਗੱਲ
ਲਿਖੀ ਹੈ ਕਿ ਸਗਰ ਦੀ ਇਸਤ੍ਰੀ ਸੁਮਤਿ ਨੂੰ ਇੱਕ ਤੂੰਬਾ ਜੰਮਿਆ, ਜਿਸ ਵਿੱਚ ੬੦੦੦੦ ਬੀਜ
ਸਨ, ਜਿਨ੍ਹਾਂ ਨੂੰ ਸਗਰ ਨੇ ਘੀ ਦੇ ਭਾਡਿਆਂ ਵਿੱਚ ਅੱਡ ਅੱਡ ਰੱਖ ਦਿੱਤਾ ਅਤੇ ੧੦ ਮਹੀਨਿਆਂ
ਪਿਛੋ ਇਹ ਸਾਰੇ ਬਾਲਕ ਹੋਕੇ ਆਪ ਹੀ ਦੌੜਨ ਭੱਜਣ ਲੱਗ ਪਏ. "ਲਹਿ
ਸਗਰ ਬੀਰ। ਚਿੱਤ ਹਨਐ ਅਧੀਰ।" (ਪ੍ਰਿਥੁਰਾਜ)
ਭਾਈ ਕਾਹਨ ਸਿੰਘ ਨਾਭਾ ਦੀ ਦੀੱਤੀ ਜਾਣਕਾਰੀ ਨਾਲ ਪਾਠਕਾਂ ਨੂੰ ਇਹ ਤੇ ਸਮਝ ਆ ਗਿਆ ਹੋਣਾ
ਹੈ ਕਿ ਇਹ ਅਨੁਵਾਦ ਨਹੀਂ ਹੈ, ਨਿਰੀ ਗੱਪ ਹੈ।
ਵੈਸੇ ਜਿਸ ਪ੍ਰਿਥ ਰਾਜੇ ਦਾ ਪ੍ਰਸੰਗ ਚਲ ਰਹਿਆ ਹੈ ਉਸ ਰਾਜੇ ਦੇ ਪ੍ਰਸੰਗ ਵਿੱਚ ਵੀ ਗੱਪ
ਮਾਰੀ ਹੋਈ ਹੈ, ਇਸ ਪ੍ਰਸੰਗ ਵਿੱਚ ਲਿਖੀਆ ਹੈ ਰਾਜੇ ਪ੍ਰਿਥ ਦੀ ਘਰਵਾਲੀ ਸ਼ਕੁੰਤਲਾ ਸੀ ਅਤੇ
ਉਸ ਦਾ ਪੁੱਤਰ ਭਰਥ (ਭਾਰਤ) ਜਿਸ ਦੇ ਨਾਮ ਤੂੰ ਹਿੰਦੁਸਤਾਨ ਨੂੰ ਭਾਰਤ ਕਹਿਆ ਜਾਂਦਾ ਹੈ।
ਇਹ ਪੰਕਤੀ ਵੀ ਇਸ ਵਿੱਚ ਦਰਜ ਹੈ। ਇਹ ਸ਼ਕੁੰਤਲਾ ਦੀ ਕਹਾਣੀ ਬਹੁਤ ਹੀ ਪ੍ਰਚਲਿਤ ਕਹਾਣੀ
ਹੈ।
"ਸ਼ਕੁੰਤਲਾ ਦੇ ਪਤੀ ਦਾ ਨਾਮ ਦੁਸ਼ਯੰਤ ਸੀ ਨਾਕਿ ਪ੍ਰਿਥ।"
ਇਹ ਕਹਾਣੀ ਮਹਾਭਾਰਤ ਅਤੇ ਕਾਲਿਦਾਸ ਦੀ ਇਕ ਰਚਣਾ "ਅਭਿਗ੍ਯਾਨ ਸ਼ਾਕੁੰਤਲਮ" ਵਿੱਚ ਦਰਜ ਹੈ।
ਪ੍ਰਿਥ ਰਾਜੇ ਦੀ ਕਹਾਣੀ ਹਿੰਦੂ ਪੁਰਾਣਾਂ ਵਿੱਚ ਆਮ ਮਿਲਦੀ ਹੈ, ਉਹ ਰਾਜੇ ਬੇਣ ਦਾ ਪੁੱਤਰ
ਸੀ (ਪਰਿਥ ਰਾਜਾ ਵਿਸ਼ਨੂੰ ਦਾ ਅਵਤਾਰ ਵੀ ਗਿਣਿਆ ਜਾਂਦਾ ਹੈ)।
ਇਸ ਬੇਣ ਦੀ ਕਹਾਣੀ ਵੀ ਬ੍ਰਹਮਾਂ ਦੇ ਅਵਤਾਰਾਂ ਵਾਲੇ ਅਧਿਆਏ ਵਿੱਚ ਦਰਜ ਹੈ, ਇਸ ਵਿੱਚ
ਦਰਜ ਬੇਣ ਦੀ ਕਹਾਣੀ ਵੀ ਨਿਰੀ ਗੱਪੌੜ ਹੈ, ਜਿਸ ਦਾ ਜਿਕਰ ਅੱਗੇ ਚਲ ਕੇ ਕੀਤਾ ਜਾਵੇਗਾ।
ਇਸ ਬਿਚਿਤਾਰ ਨਾਟਕ ਰਚਣਾ ਵਿੱਚ ਬਿਆਸ
ਨੂੰ ਬ੍ਰਹਮਾ ਦਾ ਇਕ ਅਵਤਾਰ ਗਿਣੀਆ ਗਿਆ ਹੈ, ਜੋਕਿ ਸਰਾਸਰ ਗੱਪੌੜ ਹੈ, ਬਿਆਸ
ਬ੍ਰਹਮਾਂ ਦਾ ਅਵਤਾਰ ਨਹੀਂ ਵਿਸ਼ਨੂੰ ਦਾ ਅਵਤਾਰ ਹੈ। ਹਿੰਦੂ ਪੁਰਾਣਾ ਮੁਤਾਬਿਕ ਬਹੁਤ ਸਾਰੇ
ਦੁਆਪਰ ਯੁਗ ਹੋਏ ਹਨ ਅਤੇ ਉਸ ਵਿੱਚ ਬਹੁਤ ਲੋਕਾਂ ਨੇ ਬਿਆਸ ਦਾ ਰੂਪ ਲਿਆ ਹੈ ਅਤੇ ਉਨ੍ਹਾਂ
ਪੁਰਾਣਾ ਮੁਤਾਬਿਕ ਜਿਸ ਨੇ ਕ੍ਰਿਸ਼ਨ ਦੇ ਅਵਤਾਰ ਬਾਰੇ ਲਿਖੀਆ ਹੈ ਉਹ ਵਿਸ਼ਨੂੰ ਦਾ ਅਵਤਾਰ
ਸੀ ਨਾਕਿ ਬ੍ਰਹਮਾ ਦਾ ਅਵਤਾਰ।
ਪਾਠਕਾਂ ਦੀ ਜਾਣਕਾਰੀ ਵਾਸਤੇ ਇਹ ਵੀ ਦੱਸ ਦੇਵਾਂ ਕਿ
ਰਾਜੇ ਸਗਰ ਦੀ ਕਹਾਨਣੀ ਬ੍ਰਹਮਾ ਪੁਰਾਣ, ਨਾਰਦ ਪੁਰਾਣ, ਪਦਮ ਪੁਰਾਣ, ਵਿਸ਼ਨੂੰ ਪੁਰਾਣ,
ਹਰਿਵੰਸ਼ ਪੁਰਾਣ ਅਤੇ ਮਹਾਭਾਰਤ ਵਿੱਚ ਦਰਜ ਹੈ। ਸਾਰੇ ਪੁਰਾਣ ਰਾਜੇ ਸਗਰ ਦੇ ਪੁੱਤਰਾਂ ਦੀ
ਗਿਣਤੀ ੬੦੦੦੧ ਦੱਸਦੇ ਹਨ ਅਤੇ ਬਚਿੱਤਰ ਨਾਟਕ ਦਾ ਲਿਖਾਰੀ ੧ ਲੱਖ ਦੱਸਦਾ ਹੈ,
ਇਸ ਨੂੰ ਅਨੁਵਾਦ ਨਹੀਂ ਗੱਪ ਆਖਦੇ ਹਨ।
ਬ੍ਰਹਮਾਂ ਦੇ ਅਵਤਾਰਾਂ ਦੇ ਰੂਪ ਵਿੱਚ ੭ ਨਾਮ ਦਰਜ ਹਨ, ਪਹਿਲਾ ਅਵਤਾਰ ਵਾਲਮੀਕੀ, ਦੂਜਾ
ਅਵਤਾਰ ਕਸ਼ਯਪ ਰਿਸ਼ੀ, ਤੀਜਾ ਅਵਤਾਰ ਸ਼ੁਕ੍ਰ, ਚੌਥਾ ਅਵਤਾਰ ਬਚੇਸ (ਬ੍ਰਹਸਪਤੀ), ਪੰਜਵਾ
ਅਵਤਾਰ ਬਿਆਸ, ਛੇਵੇਂ ਅਵਤਾਰ ਵਿੱਚ ਬਚਿੱਤਰ ਨਾਟਕ ਦਾ ਲਿਖਾਰੀ ਲਿਖਦਾ ਹੈ ਬਿਆਸ ਦੇ ਛੇ
ਟੋਟੇਆਂ ਤੂੰ ਛੇ ਰਿਸ਼ੀ ਹੋਏ ਜਿਨ੍ਹਾਂ ਨੇ ਛੇ ਸ਼ਾਸਤ੍ਰ ਕਹੇ ਅਤੇ ਬ੍ਰਹਮਾ ਦਾ ਸਤਵਾਂ
ਅਵਤਾਰ ਕਾਲਿਦਾਸ ਨੂੰ ਲਿਖਦਾ ਹੈ। ਹਿਂਦੂ ਪੁਰਾਣਾਂ ਮੁਤਾਬਿਕ ਇਨ੍ਹਾਂ ਵਿੱਚੋਂ ਕੋਈ ਵੀ
ਬ੍ਰਹਮਾ ਦਾ ਅਵਤਾਰ ਨਹੀ ਹੈ। ਉਲਟਾ ਵਾਲਮੀਕੀ ਅਤੇ ਬਿਆਸ ਵਿਸ਼ਨੂੰ ਦੇ ਅਵਤਾਰ ਹਨ।
ਹੁਣ ਪਾਠਕ ਆਪ ਅੰਦਾਜਾ ਲਾ ਲੈਣ ਕਿ ਇਹ
ਅਨੁਵਾਦ ਹੈ ਕਿ ਗੱਪ ਹੈ ਅਤੇ ਇਹ ਵੀ ਸਮਝ ਲੈਣ ਕਿ ਜੋ ਲੋਕ ਇਨ੍ਹਾਂ ਗੱਪਾਂ ਨੂੰ ਅਨੁਵਾਦ
ਆਖਦੇ ਹਨ ਉਨ੍ਹਾਂ ਦੀ ਮੰਸ਼ਾ ਸਿੱਖਾਂ ਨੂੰ ਗੁਮਰਾਹ ਕਰਨਾ ਹੈ ਹੋਰ ਕੁਛ ਨਹੀਂ।
ਹਾਲੇ 'ਤੇ ਇਹ ਸ਼ੁਰੂਆਤ ਹੈ, ਅੱਗੇ ਵਿਸ਼ਨੂੰ ਦੇ ੨੪ ਅਵਤਾਰਾਂ
ਅਤੇ ਬ੍ਰਹਮਾਂ ਦੇ ਅਵਤਾਰਾਂ ਵਿੱਚ ਦਰਜ ਹੋਰ ਗੱਪਾਂ ਦੀ ਜਾਣਕਾਰੀ ਪਾਠਕਾਂ ਨਾਲ ਸਾਂਝੀ
ਕੀਤੀ ਜਾਵੇਗੀ।
ਕਿਤਾਬਾਂ ਦੀ ਸੂਚੀ:
* ਮਹਾਨ ਕੋਸ਼- ਭਾਈ ਕਾਹਨ ਸਿੰਘ ਨਾਭਾ
* ਵਿਸ਼ਨੂੰ ਪੁਰਾਣ
* ਨਾਰਦ ਪੁਰਾਣ
* ਹਰਿਵੰਸ਼ ਪੁਰਾਣ
* ਮਹਾਭਾਰਤ
* ਪਦਮ ਪੁਰਾਣ
* ਬ੍ਰਹਮਾ ਪੁਰਾਣ