Share on Facebook

Main News Page

‘‘ਸ਼੍ਰੋਮਣੀ ਸੇਵਕ ਅਵਾਰਡ’’ ਬਣ ਸਕਦਾ ਹੈ ਮੱਕੜ ਲਈ ਗਲੇ ਦੀ ਹੱਡੀ
-: ਜਸਬੀਰ ਸਿੰਘ ਪੱਟੀ 093560 24684

ਸਿੱਖ ਪੰਥ ਵਿੱਚ ਮਾਣ ਸਨਮਾਨ ਦੇਣ ਦੀ ਪਰੰਪਰਾ ਬੜੀ ਪੁਰਾਣੀ ਹੈ ਅਤੇ ਗੁਰੂ ਸਾਹਿਬ ਨੇ ਆਪਣੇ ਕਾਲ ਸਮੇ ਸੱਤਾ ਤੇ ਬਲੰਵਡ ਨੂੰ ਗੁਰੂ ਘਰ ਦੀ ਸੇਵਾ ਕਰਨ ਬਦਲੇ ਸਨਮਾਨ ਗੁਰੂ ਸਾਹਿਬ ਨੇ ਖੁਦ ਸਨਮਾਨ ਦੇ ਕੇ ਨਿਵਾਜਿਆ ਸੀ ਅਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ ਸਮੇਂ ਤੇ ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ । ਸ਼੍ਰੋਮਣੀ ਕਮੇਟੀ ਦੇ ਕਰੀਬ 27 ਵਾਰ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਉਹਨਾਂ ਦੇ ਗੁਰਪਿਆਨਾ ਕਰ ਜਾਣ ਉਪਰੰਤ ਹੀ ਸਿੱਖ ਪੰਥ ਦਾ ਸਭ ਤੋਂ ਸਰਵੋਤਮ ਅਵਾਰਡ.‘‘ ਪੰਥ ਰਤਨ’’ ਉਹਨਾਂ ਦੀ ਪੰਥ ਪ੍ਰਤੀ ਨਿਸ਼ਕਾਮ ਸੇਵਾ ਨਿਭਾਏ ਜਾਣ ਕਰਕੇ ਸਨਮਾਨਿਤ ਕੀਤਾ ਗਿਆ ।

ਇਸੇ ਤਰ੍ਹਾਂ ਕਰੀਬ ਦੋ ਸਾਲ ਪਹਿਲਾਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਥੇਦਾਰ ਟੌਹੜਾ ਨਾਲੋ ਦੋ ਕਦਮ ਅੱਗੇ ਵੱਧਦਿਆ ‘‘ਫਖਰੇ-ਏ-ਕੌਮ- ਪੰਥ ਰਤਨ’’ ਦੋ ਅਵਾਰਡ ਇਕੱਠੇ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਜਿਹਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਪੰਜ ਵਾਰੀ ਮੁੱਖ ਮੰਤਰੀ ਬਣਨ ਵਾਲੇ ਪੰਜਾਬ ਦੇ ਪਹਿਲੇ ਵਿਅਕਤੀ ਹਨ ਤੇ ਉਹਨਾਂ ਨੇ 17 ਸਾਲ ਜਨਤਕ ਤੇ ਪੰਥਕ ਮੁੱਦਿਆ ਨੂੰ ਲੈ ਕੇ ਜੇਲ ਵੀ ਕੱਟੀ। ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੂੰ ਵੀ ਸ਼੍ਰੋਮਣੀ ਸੇਵਕ ਅਵਾਰਡ ਦਿੱਤਾ ਗਿਆ ਹੈ ਪਰ ਹਾਲੇ ਤੱਕ ਅਵਾਰਡ ਦੇਣ ਵਾਲੇ ਇਹ ਨਹੀਂ ਸਪੱਸ਼ਟ ਕਰ ਸਕੇ ਕਿ ਮੱਕੜ ਨੂੰ ਅਵਾਰਡ ਕਿਹੜੀ ਪੰਥਕ ਕੁਰਬਾਨੀ ਕਰਨ ਬਦਲੇ ਦਿੱਤਾ ਗਿਆ ਹੈ ਕਿਉਂਕਿ 10 ਸਾਲ ਦੇ ਪ੍ਰਧਾਨਗੀ ਕਾਲ ਦੌਰਾਨ ਮੱਕੜ ਮਹਾਰਾਜ ਕੱਦੂ ਵਿੱਚ ਤੀਰ ਮਾਰ ਕੇ ਵੀ ਜਿੰਦਾ ਸ਼ਹੀਦ ਨਹੀਂ ਬਣ ਸਕੇ।

ਇੱਕ ਕਬਾੜੀਏ ਤੇ ਐਲ.ਆਈ.ਸੀ ਦੇ ਏਜੰਟ ਤੋਂ ਆਪਣਾ ਜੀਵਨ ਸ਼ੁਰੂ ਕਰਨ ਵਾਲੇ ਮੱਕੜ ਦੇ ਸਿਆਸੀ ਗੁਰੂ, ਸਿੱਖ ਪੰਥ ਵਿੱਚ ਲੋਹ ਪੁਰਸ਼ ਵਜੋ ਜਾਣੇ ਜਾਂਦੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਨ, ਪਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਵਕਾਰੀ ਆਹੁਦਾ ਸੰਭਾਲਣ ਉਪਰੰਤ ਮੱਕੜ ਸਾਹਿਬ ਨੇ ਜਥੇਦਾਰ ਤਲਵੰਡੀ ਦਾ ਧੰਨਵਾਦ ਕਰਨ ਤਾਂ ਕੀ ਜਾਣਾ ਸੀ ਉਹਨਾਂ ਵੱਲੋ ਸਿਫ਼ਾਰਸ਼ ਕੀਤੇ ਇੱਕ ਅਧਿਕਾਰੀ ਨੂੰ ਮੈਨੇਜਰ ਦਰਬਾਰ ਸਾਹਿਬ ਲਗਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜਥੇਦਾਰ ਤਲਵੰਡੀ ਦੀ ਮੱਕੜ ਨੂੰ ਸ਼ਾਇਦ ਇਹ ਆਖਰੀ ਸਿਫ਼ਾਰਸ਼ ਸੀ ਤੇ ਜਥੇਦਾਰ ਤਲਵੰਡੀ ਨੂੰ ਸਾਰੀ ਉਮਰ ਇਹ ਮਲਾਲ ਜਰੂਰ ਰਿਹਾ ਕਿ ਉਹਨਾਂ ਦੀ ਜਿੰਦਗੀ ਵਿੱਚ ਪਹਿਲਾਂ ਸਿਆਸੀ ਬੂਟਾ ਹੈ ਜਿਸਨੇ ਵੱਡਾ ਆਹੁਦਾ ਸੰਭਾਲਣ ਉਪਰੰਤ ਉਹਨਾਂ ਦਾ ਧੰਨਵਾਦ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ।

ਜਥੇਦਾਰ ਤਲਵੰਡੀ  ਦੇ ਕੱਦ ਬੂੱਤ ਦੇ ਵਿਅਕਤੀ ਸਿੱਖ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ੍ਰ ਪ੍ਰਕਾਸ਼ ਸਿੰਘ ਬਾਦਲ ਇੱਕ ਅਜਿਹੇ ਵਿਅਕਤੀ ਹਨ ਜਿਹਨਾਂ ਨੇ ਆਪਣੇ ਕੱਦ ਬੁੱਤ ਦਾ ਕਦੇ ਵੀ ਕਿਸੇ ਆਗੂ ਨੂੰ ਹੋਣ ਨਹੀਂ ਦਿੱਤਾ ਤੇ ਜਿਸ ਨੇ ਅਜਿਹਾ ਕਰਨ ਦੀ ਕੋਸ਼ਿਸ ਕੀਤੀ ਉਸ ਨੂੰ ਸਮਾਂ ਆਉਣ 'ਤੇ ਠਿੱਬੀ ਮਾਰ ਕੇ ਧੋਬੀ ਪਟਕਾ ਜਰੂਰ ਮਾਰਿਆ ਹੈ। ਸ੍ਰ ਬਾਦਲ ਭਾਂਵੇ ਗਿਆਨੀ ਕਤਰਾਰ ਸਿੰਘ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹਨ ਪਰ ਉਹਨਾਂ ਦੀ ਯਾਦ ਵਿੱਚ ਨਾ ਤਾਂ ਸ੍ਰ ਬਾਦਲ ਨੇ ਕੋਈ ਸਕੀਮ ਸ਼ੁਰੂ ਕੀਤੀ ਤੇ ਨਾ ਹੀ ਉਹਨਾਂ ਦੀ ਬਰਸੀ ਕਦੇ ਵੱਡੇ ਪੱਧਰ ਤੇ ਮਨਾ ਕੇ ਉਹਨਾਂ ਨੂੰ ਯਾਦ ਕਰਨ ਦੀ ਖੇਚਲ ਕੀਤੀ ਜਦ ਕਿ ਗਿਆਨੀ ਕਰਤਾਰ ਸਿੰਘ ਪੰਥਕ ਮਸਲਿਆ ਵਿੱਚ ਇੰਨੇ ਸਿਆਣੇ ਸਨ ਕਿ ਪੰਥ ਉਹਨਾਂ ਨੂੰ ਸਿੱਖਾਂ ਦਾ ਦਿਮਾਗ ਕਹਿ ਕੇ ਹਮੇਸ਼ਾਂ ਵਡਿਆਉਦਾ ਹੁੰਦਾ ਸੀ।

ਸ੍ਰ ਬਾਦਲ ਦੀ ਇਹ ਵੀ ਸਿਫ਼ਤ ਰਹੀ ਹੈ ਕਿ ਵਿਰੋਧੀਆ ਨੂੰ ਉਹਨਾਂ ਨੇ ਹਮੇਸ਼ਾਂ ਹੀ ਜ਼ਹਿਰ ਦੇ ਕੇ ਨਹੀਂ ਸਗੋਂ ਗੁੜ ਦੇ ਕੇ ਹੀ ਖਤਮ ਕੀਤਾ ਹੈ। 1985 ਦੀਆ ਹੋਈਆ ਵਿਧਾਨ ਸਭਾ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਬਰਨਾਲਾ ਸਨ ਤਾਂ ਉਸ ਸਮੇਂ ਵੀ ਦਿਲ ਤੇ ਹੱਥ ਰੱਖ ਕੇ ਪਹਿਲਾਂ ਸ੍ਰ ਬਾਦਲ ਨੇ ਅਕਾਲੀ ਵਿਧਾਨਕਾਰਾਂ ਦੀ ਮੀਟਿੰਗ ਵਿੱਚ ਸ੍ਰ ਬਰਨਾਲਾ ਦਾ ਮੁੱਖ ਮੰਤਰੀ ਲਈ ਨਾਮ ਪੇਸ਼ ਕੀਤਾ ਤੇ ਫਿਰ 1986 ਵਿੱਚ ਬਰਨਾਲਾ ਸਰਕਾਰ ਦੇ ਪਾਵੇ ਵੀ ਬਾਦਲ ਤੇ ਟੌਹੜਾ ਜੋੜੀ ਨੇ ਹੀ ਮਤਾ ਕਰਕੇ ਖਿੱਚ ਦਿੱਤੇ ਪਰ ਬਰਨਾਲਾ ਦੀ ਸਰਕਾਰ ਨੂੰ ਕਾਂਗਰਸ ਨੇ ਫੌੜੀਆ ਦੇ ਕੇ ਮੁੜ ਖੜਾ ਕਰ ਦਿੱਤਾ ਸੀ ਪਰ ਸਰਕਾਰ ਫਿਰ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ ਸੀ ਕੇ ਡੇਢ ਸਾਲ ਬਾਅਦ ਹੀ ਅੱਲਾ ਨੂੰ ਪਿਆਰੀ ਹੋ ਗਈ। ਉਸ ਦਿਨ ਤੋਂ ਬਾਅਦ ਨੇ ਸ੍ਰ ਬਰਨਾਲਾ ਨੂੰ ਕਿਸੇ ਵੀ ਵੱਡੇ ਆਹੁਦੇ ਦੇ ਲਾਗੇ ਲਾਗੇ ਨਹੀਂ ਫੱਟਕਣ ਦਿੱਤਾ, ਭਾਂਵੇ ਕਿ ਕਾਂਗਰਸ ਦੇ ਰਹਿਮੋ ਕਰਮ ਤੇ ਉਹ ਕਈ ਰਾਜਾਂ ਦਾ ਰਾਜਪਾਲ ਜਰੂਰ ਬਣਦੇ ਰਹੇ।

ਸ੍ਰ ਬਰਨਾਲਾ ਤੋਂ ਬਾਅਦ ਕਈ ਹੋਰ ਵੀ ਲੀਡਰ ਵੀ ਸ੍ਰ ਬਾਦਲ ਨੇ ਸੜਕ ਸਵਾਰ ਕੀਤੇ ਜਿਹਨਾਂ ਵਿੱਚੋ ਮੁੱਖ ਰੂਪ ਵਿੱਚ 1999 ਵਿੱਚ ਸਿੱਖ ਪੰਥ ਦੇ ਆਪਣੇ ਆਪ ਨੂੰ ਥੰਮ ਅਖਵਾਉਦੇ ਅਤੇ ਲੀਡਰਾਂ ਦੇ ਲੀਡਰ ਵਜੋ ਜਾਣੇ ਜਾਂਦੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਅਸਤੀਫਾ ਦੇ ਦੇਣ ਦੇ ਬਾਵਜੂਦ ਵੀ ਪ੍ਰਧਾਨਗੀ ਤੋਂ ਜ਼ਲੀਲ ਕਰਕੇ ਲਾਹ ਦਿੱਤਾ ਤੇ ਬੀਬੀ ਜਗੀਰ ਕੌਰ ਨੂੰ ਉਹਨਾਂ ਦੀ ਜਗਾ ਪ੍ਰਧਾਨ ਬਣਾ ਕੇ ਸੰਗਤਾਂ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਟੌਹੜੇ ਨਾਲੋ ਗੁਰੂ ਘਰ ਦਾ ਪ੍ਰਬੰਧ ਇੱਕ ਔਰਤ ਵਧੀਆ ਕਰ ਸਕਦੀ ਹੈ। ਜਥੇਦਾਰ ਟੌਹੜਾ ਕਰੀਬ ਸਾਢੇ ਚਾਰ ਸਾਲ ਸੜਕ ਸਵਾਰ ਰਹੇ ਪਰ ਜੁਲਾਈ 2003 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਸੀ ਤਾਂ ਉਸ ਵੇਲੇ ਬਾਦਲ ਨੇ ਜਦੋਂ ਸਿਆਸੀ ਗਿਣਤੀਆ ਮਿਣਤੀਆ ਕੀਤੀਆ ਤਾਂ ਉਸ ਨੂੰ ਮਹਿਸੂਸ ਹੋ ਗਿਆ ਕਿ ਕਾਂਗਰਸ ਦੇ ਕੈਪਟਨ ਦੇ ‘‘ਪੰਜੇ’’ ਵਿੱਚੋ ਸਿਰਫ ਉਹਨਾਂ ਨੂੰ ਬਚਾਉਣ ਵਾਲਾ ਟੌਹੜਾ ਹੀ ਇੱਕ ਜਰਨੈਲ ਸਾਬਤ ਹੋ ਸਕਦਾ ਸੀ।

ਸ੍ਰ ਬਾਦਲ ਮੌਕੇ ਦੀ ਭਾਲ ਵਿੱਚ ਸਨ ਕਿ ਜਥੇਦਾਰ ਟੌਹੜਾ ਦਿੱਲੀ ਵਿਖੇ ਹਰਨੀਆ ਦਾ ਆਪਰੇਸ਼ਨ ਕਰਾਉਣਾ ਸ੍ਰ ਬਾਦਲ ਨੂੰ ਸੁਨਿਹਰੀ ਮੌਕਾ ਮਿਲ ਗਿਆ ਜਿਸ ਦਾ ਪੂਰਾ ਲਾਭ ਉਠਾਉਦਿਆ ਸ੍ਰ ਬਾਦਲ ਉਸ ਜਥੇਦਾਰ ਟੌਹੜਾ ਦਾ ਹਾਲ ਚਾਲ ਪੁੱਛਣ ਲਈ ਹਸਪਤਾਲ ਪੁੱਜ ਗਏ ਜਿਸ ਨੂੰ ਸਟੇਜਾਂ ਤੋਂ ‘ਪੰਥ ਦਾ ਗਦਾਰ’ ਤੇ ‘ਕਾਂਗਰਸ ਦੇ ਏਜੰਟ’ ਕਹਿ ਕੇ ਸ੍ਰ ਬਾਦਲ ਅੱਡੀਆ ਚੁੱਕ ਚੁੱਕ ਕੇ ਭੰਡਿਆ ਕਰਦੇ ਸਨ। ਸ੍ਰ ਬਾਦਲ ਦੇ ਅਚਾਨਕ ਹਸਪਤਾਲ ਪੁੱਜਣ ਤੇ ਟੌਹੜੇ ਨੇ ਇੰਨੀ ਖੁਸ਼ੀ ਮਨਾਈ ਕਿ ਟੌਹੜਾ ਆਪਰੇਸ਼ਨ ਦੇ ਬਾਵਜੂਦ ਵੀ ਬੈੱਡ ਤੋਂ ਉਠਿਆ ਤੇ ਉਸ ਨੇ ਬਾਦਲ ਨਾਲ ਗਲਵਕੜੀ ਪਾਈ ਤੇ ਦੋਹਾਂ ਨੇ ਹੰਝੂਆ ਦਾ ਝੜੀ ਇਸ ਕਦਰ ਲਗਾ ਦਿੱਤਾ ਜਿਵੇਂ ਬੜੀ ਹੀ ਦੇਰ ਬਾਅਦ ਮਿਲੇ ਹੋਣ ਪਰ ਸਿਆਸੀ ਪੰਡਤ ਇਹਨਾਂ ਹੰਝੂਆ ਨੂੰ ਸੁਆਰਥ ਦੀ ਸ਼ਰਾ +ਰਤ ਦਾ ਪਾਣੀ ਹੀ ਦੱਸਦੇ ਰਹੇ। ਹਸਪਤਾਲ ਵਿੱਚੋ ਹੀ ਕਾਗਜ਼ ਲਿਆ ਕੇ ਰਾਜੀਨਾਵਾ ਲਿਖ ਕੇ ਟੌਹੜੇ ਨੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਭੰਗ ਦਾ ਐਲਾਨ ਕਰ ਦਿੱਤਾ ਤੇ ਅਗਲੇ ਦਿਨ ਦੀਆ ਸਾਰੀਆ ਅਖਬਾਰਾਂ ਦੀ ਪਹਿਲੀ ਖਬਰ ਹੀ ਬਾਦਲ ਟੌਹੜੇ ਦੀ ਗਲਵਕੜੀ ਵਾਲੀ ਸੀ ਪਰ ਕੁਝ ਧਰਮ ਨਿਰਪੱਖ ਅਖਬਾਰਾਂ ਨੇ ਇਹ ਵੀ ਲਿਖਿਆ ਕੇ ‘‘ਟੌਹੜੇ ਤੇ ਬਾਦਲ ਦੀ ਸਿਆਸੀ ਲੜਾਈ ਦਾ ਡਰਾਮਾ ਖਤਮ।’’ ਇੰਜ ਜਥੇਦਾਰ ਟੌਹੜਾ ਕਾਂਗਰਸੀ ਏਜੰਟ ਤੇ ਪੰਥ ਦੋਖੀ ਹੋਣ ਤੋਂ ਸੁਰਖਰੂ ਹੋ ਗਏ ਤੇ ਹਸਪਤਾਲ ਦੀਆ ਚਕਾਚੌਧ ਲਾਈਟਾਂ ਵਿੱਚ ਪਾਕਿ ਪਵਿੱਤਰ ਹੋ ਕੇ ਪੰਥ ਦੀ ਅਜੀਮ ਸਖਸ਼ੀਅਤ ਬਣ ਗਏ। ਬਾਦਲ ਦੇ ਰਹਿਮੋ ਕਰਮ ਤੇ ਜਥੇਦਾਰ ਟੌਹੜਾ ਇੱਕ ਵਾਰੀ ਫਿਰ ਜੁਲਾਈ 2003 ਵਿੱਚ ਪ੍ਰੋ ਕਿਰਪਾਲ ਸਿੰਘ ਬੰਡੂਗਰ ਨੂੰ ਲਾਂਭੇ ਕਰਕੇ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ, ਪਰ ਇਹ ਪਰਧਾਨਗੀ ਦਾ ਸਮਾਂ ਉਹਨਾਂ ਨੂੰ ਸਿਰਫ ਨੌ ਮਹੀਨੇ ਹੀ ਭੋਗਣਾ ਮਿਲਿਆ।

ਜਥੇਦਾਰ ਟੌਹੜਾ ਦੀ ਮੌਤ ਤੋਂ ਬਾਅਦ ਬਾਦਲ ਲਈ ਸਾਰਾ ਮੈਦਾਨ ਖਾਲੀ ਹੋ ਗਿਆ ਤੇ ਸਿੱਖ ਪੰਥ ਦੀਆਂ ਸਾਰੀਆਂ ਸੰਸਥਾਵਾਂ ਤੇ ਬਾਦਲ ਦਾ ਕਬਜਾ ਹੋ ਗਿਆ। ਸਿੱਖਾਂ ਦੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਕਮੇਟੀ ਬਾਦਲ ਦੇ ਸਿੱਧੇ ਕਬਜ਼ੇ ਵਿੱਚ ਆ ਗਈ ਤੇ ਸਰਕਾਰ ਤੇ ਸ੍ਰ ਬਾਦਲ ਦਾ ਕਬਜਾ ਹੋ ਗਿਆ। ਬਾਦਲ ਨੇ ਹਮੇਸ਼ਾਂ ਦੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਕਿਸੇ ਜੱਟ ਨੂੰ ਬਣਾਉਣ ਦੀ ਬਜਾਏ ਇੱਕ ਉਸ ਬਰਾਦਰੀ ਦੇ ਵਿਅਕਤੀ ਨੂੰ ਪਰਧਾਨ ਬਣਾਉਣ ਦਾ ਫੈਸਲਾ ਲਿਆ ਜਿਹੜੀ ਵਪਾਰ ਵਿੱਚ ਵਧੇਰੇ ਯਕੀਨ ਰੱਖਦੀ ਹੈ, ਤੇ ਲੜਾਈ ਹੋਣ ਤੇ ‘‘ਕਹੈ ਤੇ ਵੱਟਾ ਮਾਰਾ’’ ਮਾਰਨ ਵਿੱਚ ਯਕੀਨ ਰੱਖਦੀ ਹੋਈ ਬਚਾਉ ਵਿੱਚ ਹੀ ਬਚਾਉ ਦਾ ਹੋਕਾ ਦੇਣ ਵਿੱਚ ਯਕੀਨ ਰੱਖਦੀ ਹੈ। ਉਹ ਸ਼ਖਸ਼ੀਅਤ ਹਨ ਸ੍ਰ ਅਵਤਾਰ ਸਿੰਘ ਮੱਕੜਸ੍ਰ ਮੱਕੜ ਨੂੰ ਜਦੋ ਨਵੰਬਰ 2005 ਵਿੱਚ ਬੀਬੀ ਜਗੀਰ ਕੌਰ ਨੂੰ ਲਾਹ ਕੇ ਪ੍ਰਧਾਨ ਬਣਾਇਆ ਸੀ ਤਾਂ ਉਸ ਸਮੇਂ ਜਦੋਂ ਪ੍ਰੋ ਕਿਰਪਾਲ ਸਿੰਘ ਬੰਡੂਗਰ ਨੇ ਅਵਤਾਰ ਸਿੰਘ ਮੱਕੜ ਦਾ ਨਾਮ ਪੇਸ਼ ਕੀਤਾ ਸੀ, ਤਾਂ ਕੁਝ ਸੈਕਿੰਡ ਇਜਲਾਸ ਵਿੱਚ ਇਸ ਕਦਰ ਸਨਾਟਾ ਛਾਇਆ ਰਿਹਾ ਕਿ ਕੀ ਇਸ ਨਾਮ ਦਾ ਬੰਦਾ ਕੋਈ ਮੈਂਬਰ ਹੈ? ਲੱਤਾਂ ਨੂੰ ਵਲੇਟੇ ਮਾਰਦੇ ਹੋਏ ਜਦੋ ਦੂਸਰੇ ਵਿਅਕਤੀ ਦਾ ਸਹਾਰਾ ਲੈ ਕੇ ਮੱਕੜ ਸਾਹਿਬ ਉੱਠੇ ਤਾਂ ਉਸ ਵੇਲੇ ਉਹਨਾਂ ਦੀ ਨੀਲੀ ਪਗੜੀ ਦਾ ਰੰਗ ਵੀ ਫਿੱਕਾ ਪਿਆ ਹੋਇਆ ਸੀ ਤੇ ਉਹ ਲੜਖੜਾਉਦੇ ਹੋਏ ਸਟੇਜ ਤੱਕ ਪੁੱਜੇ ਸਨ। ਉਸ ਤੋਂ ਬਾਅਦ ਮੱਕੜ ਸਾਹਿਬ ਬਾਦਲ ਪਰਿਵਾਰ ਲਈ ਸਭ ਤੋਂ ਵੱਧ ਫਿੱਟ ਬੈਠੇ ਤੇ ਉਹਨਾਂ ਨੂੰ ਲਾਹ ਕੇ ਕਿਸੇ ਹੋਰ ਨੂੰ ਪਰਧਾਨ ਬਣਾਉਣ ਦੀ ਬਾਦਲ ਸਾਹਿਬ ਨੇ ਲੋੜ ਹੀ ਮਹਿਸੂਸ ਨਹੀਂ ਕੀਤੀ।

ਸੰਨ 2010 ਵਿੱਚ ਸਹਿਜਧਾਰੀ ਵਾਲਾ ਕੇਸ ਸੁਪਰੀਮ ਕੋਰਟ ਵਿੱਚ ਚੱਲੇ ਜਾਣ ਉਪੰਰਤ ਮੱਕੜ ਹੁਰੀ ਫਿਰ ਪੱਕੇ ਪਰਧਾਨ ਬਣ ਗਏ ਤੇ ਉਹਨਾਂ ਨੂੰ ਲਾਹੁਣ ਦਾ ਅਧਿਕਾਰ ਬਾਦਲਾ ਕੋਲੋ ਵੀ ਜਾਂਦਾ ਰਿਹਾ। ਇਸ ਸਮੇਂ ਮੱਕੜ ਸਾਹਿਬ ਨੇ ਇਸ ਕਦਰ ਮਨਮਾਨੀਆ ਕੀਤੀਆ ਕਿ ਉਹਨਾਂ ਦੀਆ ਗੱਡੀਆ ਦੇ ਤੇਲ ਦਾ ਖਰਚਾ ਵੀ ਇੰਨਾ ਜ਼ਿਆਦਾ ਇੱਕ ਸਾਲ ਵਿੱਚ ਕਰੋੜਾਂ ਰੁਪਏ ਹਇਆ ਕਿ ਸਾਰੀਆ ਗੱਡੀਆ ਦਿਨ ਰਾਤ ਚੱਲਦੀਆ ਰਹਿਣ ਤਾਂ ਵੀ ਉਸ ਤੋਂ ਅੱਧਾ ਵੀ ਖਰਚਾ ਨਹੀਂ ਆ ਸਕਦਾ ਭਾਵ ਬੋਗਸ ਬਿੱਲ ਬਣਾਏ ਗਏ। ਇਹਨਾਂ ਬਿੱਲਾਂ ਦੀ ਗੂੰਜ ਦੇਸ਼ਾਂ ਵਿਦੇਸ਼ਾ ਦੀਆ ਸੰਗਤਾਂ ਤਾਂ ਪੁੱਜੀ ਤਾਂ ਮੱਕੜ ਸਾਹਿਬ ਲਾਜਵਾਬ ਰਹੇ ਤੇ ਆਪਣਾ ਕੋਈ ਵੀ ਠੋਸ ਜਵਾਬ ਅੱਜ ਤੱਕ ਸੰਗਤਾਂ ਨੂੰ ਨਹੀਂ ਦੇ ਸਕੇ।

ਬਾਦਲ ਪਰਿਵਾਰ ਨੇ ਜਦੋ ਮਹਿਸੂਸ ਕੀਤਾ ਕਿ ਵਿਦੇਸ਼ਾਂ ਵਿੱਚ ਅਕਾਲੀ ਦਲ ਦੇ ਆਗੂਆਂ ਦੀ ਤੌਹੀਨ ਦਾ ਕਾਰਨ ਵੀ ਮੱਕੜ ਦਾ ਸ਼੍ਰੋਮਣੀ ਕਮੇਟੀ ਵਿੱਚ ਆਪਹੁਦਰਾਪਨ ਹੀ ਬਣਿਆ ਹੈ ਤਾਂ ਉਹਨਾਂ ਨੇ ਮੱਕੜ ਨੂੰ ਹਟਾਉਣ ਦੀ ਬਜਾਏ ਉਸ ਦੇ ਪਰ ਕੱਟਣ ਲਈ ਸ਼ਰੋਮਣੀ ਕਮੇਟੀ ਵਿੱਚ ਸਾਰੇ ਕਾਇਦੇ ਕਨੂੰਨਾਂ ਦੀ ਉਲੰਘਣਾ ਕਰਕੇ ਮੁੱਖ ਸਕੱਤਰ ਲਗਾਉਣ ਦਾ ਫਾਰਮੂਲਾ ਵਰਤਿਆ ਜਿਹੜਾ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਜਵਾਬਦੇਹ ਹੋਵੇਗਾ। ਮੱਕੜ ਦੇ ਭਾਂਵੇ ਪਰ ਕੱਟ ਦਿੱਤੇ ਗਏ ਹਨ ਪਰ ਪ੍ਰਧਾਨਗੀ ਦਾ ਬਿੱਲਾ ਮੱਕੜ ਦੇ ਮੋਢੇ ਤੋਂ ਸਿਰਫ ਤਾਂ ਸਿਰਫ ਸੁਪਰੀਮ ਕੋਰਟ ਹੀ ਉਤਾਰ ਸਕਦੀ।

ਸ੍ਰ ਅਵਤਾਰ ਸਿੰਘ ਮੱਕੜ ਬਾਦਲ ਪਰਿਵਾਰ ਦੀਆ ਅੱਖਾਂ ਵਿੱਚ ਉਸ ਵੇਲੇ ਪੂਰੀ ਤਰ੍ਹਾਂ ਰੜਕਣ ਲੱਗ ਪਿਆ ਜਦੋ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਦਬਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਬਾਦਲ ਨੂੰ ‘ਫਖਰੇ-ਏ- ਕੌਮ ਤੇ ਪੰਥ ਰਤਨ’ ਅਵਾਰਡ ਦਿੱਤਾ ਜਾ ਸਕਦਾ ਹੈ ਤਾਂ ਉਸ ਨੂੰ ਸ਼੍ਰੋਮਣੀ ਸੇਵਕ ਦੇ ਅਵਾਰਡ ਕਿਉ ਨਹੀਂ? ਜਥੇਦਾਰ ਨੇ ਜਦੋ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੱਕੜ ਨੇ ਜਥੇਦਾਰ ਨੂੰ ਅੱਖਾਂ ਵਿਖਾਉਣੀਆ ਸ਼ੁਰੂ ਕਰ ਦਿੱਤੀਆ ਤੇ ਜਥੇਦਾਰ ਨੂੰ ਨੀਵਾਂ ਦਿਖਾਉਣ ਲਈ ਉਹਨਾਂ ਦੇ ਬਿਆਨਾ ਦੀ ਵੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ। ਅਖੀਰ 9 ਮਾਰਚ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਮੱਕੜ ਨੂੰ ਅਵਾਰਡ ਦੇਣ ਦਾ ਫੈਸਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲੈ ਲਿਆ ਤੇ ਬੀਤੇ ਦਿਨੀ ਮੱਕੜ ਨੂੰ ਇਹ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਪਰ ਬਹੁਤ ਸਾਰੇ ਲੋਕਾਂ ਨੇ ਤਾਂ ਇਸ ਬਾਰੇ ਕੋਈ ਟਿੱਪਣੀ ਕਰਨੀ ਯੋਗ ਨਹੀਂ ਸਮਝੀ ਪਰ ਕੁਝ ਲੋਕਾਂ ਨੇ ਸ਼ੋਸ਼ਲ ਮੀਡੀਏ ਤੇ ਜਿਸ ਤਰ੍ਹਾਂ ਮੱਕੜ ਦੇ ਪ੍ਰਧਾਨਗੀ ਕਾਲ ਦੌਰਾਨ ਵਾਪਰੀਆ ਘਟਨਾਵਾ ਦਾ ਜ਼ਿਕਰ ਕਰਕੇ ਇਥੋ ਤੱਕ ਜਥੇਦਾਰਾਂ ਨੂੰ ਵੀ ਰਗੜੇ ਲਗਾਏ ਕਿ ਚਾਪਲੂਸੀ ਦੀ ਵੀ ਕੋਈ ਹੱਦ ਹੁੰਦੀ ਹੈ, ਉਹਨਾਂ ਦਾ ਨਾ ਮੱਕੜ ਤੇ ਨਾ ਹੀ ਜਥੇਦਾਰਾਂ ਕੋਲ ਕੋਈ ਜਵਾਬ ਹੈ। ਕੁਝ ਇੱਕ ਨੇ ਤਾਂ ਇਹ ਵੀ ਕਿਹਾ ਕਿ ਮੱਕੜ ਆਪਣੇ ਗੁਲਾਮਾ ਕੋਲੋ ਅਵਾਰਡ ਲੈ ਕੇ ਗਦਗਦ ਹੋਏ। ਇੰਦਰਜੀਤ ਸਿੰਘ ਨਾਮਕ ਵਿਅਕਤੀ ਨੇ ਤਾਂ ਕਿਹਾ ਕਿ,‘‘ਨਾਨਕਸ਼ਾਹੀ ਕੈਲੰਡਰ ਦੇ ਕਾਤਲ ਨੂੰ ਅਕਾਲ ਤਖਤ ਤੋਂ ਮਿਲਿਆ ‘‘ਕਤਲ’’ ਕਰਨ ਬਦਲੇ ਸਨਮਾਨ।’’

ਉਪਰੋਕਤ ਘਟਨਾਵਾਂ ਦਾ ਜੇਕਰ ਲੇਖਾ ਜੋਖਾ ਕੀਤਾ ਜਾਵੇ ਤਾਂ ਸ੍ਰ ਬਾਦਲ ਨੇ ਕਦੇ ਵੀ ਆਪਣੇ ਕੱਦ ਬੁੱਤ ਦੇ ਹਾਣ ਦਾ ਕਿਸੇ ਵੀ ਆਗੂ ਨੂੰ ਨਹੀਂ ਹੋਣ ਦਿੱਤਾ ਤੇ ਬਾਦਲ ਪਰਿਵਾਰ ਦੇ ਰਹਿਮੋ ਕਰਮ ਤੇ ਗੁਲਾਮਾਂ ਵਾਂਗ ਪ੍ਰਧਾਨਗੀ ਕਰਨ ਵਾਲਾ ਵਿਅਕਤੀ ਜੇਕਰ ਉਸੇ ਹੀ ਮੰਚ ਤੋਂ ਬਰਾਬਰ ਦਾ ਅਵਾਰਡ ਲੈਦਾ ਹੈ ਤਾਂ ਫਿਰ ਬਾਦਲ ਪਰਿਵਾਰ ਵੱਲੋ ਬਰਦਾਸ਼ਤ ਕਰਨਾ ਔਖਾ ਨਜ਼ਰ ਆ ਰਿਹਾ ਹੈ। ਬਾਦਲ ਪਰਿਵਾਰ ਨੇ ਪਹਿਲੇ ਗੇੜ ਵਿੱਚ ਤਾਂ ਮੱਕੜ ਦੇ ਪਰ ਕੱਟ ਕੇ ਮੁੱਖ ਸਕੱਤਰ ਲਗਾ ਦਿੱਤਾ ਗਿਆ ਹੈ ਤੇ ਦੂਸਰੇ ਚਰਨ ਵਿੱਚ ‘‘ਸ਼੍ਰੋਮਣੀ ਸੇਵਕ ਅਵਾਰਡ’’ ਮੱਕੜ ਦੀ ਗਲੇ ਦੀ ਹੱਡੀ ਬਣ ਸਕਦਾ ਹੈ ਤੇ ਉਹਨਾਂ ਨੂੰ ਸਿਹਤ ਨਾ ਠੀਕ ਹੋਣ ਦਾ ਬਹਾਨਾ ਬਣਾ ਕੇ ਅਹੁਦੇ ਤੋਂ ਮੁਸਤਫੀ ਵੀ ਕਰਕੇ ਸ਼੍ਰੋਮਣੀ ਕਮੇਟੀ ਦੀ ਕਮਾਂਡ ਆਪਣੇ ਰਿਸ਼ਤੇਦਾਰ ਤੇ ਹਮੇਸ਼ਾਂ ਚੁੱਪ ਰਹਿ ਕੇ ਗੁਜ਼ਾਰਾ ਕਰਨ ਵਾਲੇ ਸ੍ਰ ਰਘੂਜੀਤ ਸਿੰਘ ਵਿਰਕ ਨੂੰ ਸੌਂਪੀ ਜਾ ਸਕਦੀ ਹੈ। ਰੱਬ ਖੈਰ ਕਰੇ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top