Share on Facebook

Main News Page

ਚੌਵੀ ਸਤੰਬਰ : ਸਿਆਸੀ ਅਡੰਬਰ
-: ਤਰਲੋਚਨ ਸਿੰਘ ਦੁਪਾਲਪੁਰ
001-408-915-1268

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਹਨਾਂ ਦੇ ਦੂਸਰੇ ਸਾਥੀ ਸਿੰਘ ਸਾਹਿਬਾਨਾਂ ਵੱਲੋਂ ਬੀਤੀ ਚੌਵੀ ਸਤੰਬਰ ਨੂੰ ‘ਬੁੱਕਲ ’ਚ ਗੁੜ ਭੰਨ ਕੇ’ ਇਹ ਦਰਸਾ ਦੇਣ ਨਾਲ਼ ਕਿ ਉਹ ਵਾਕਿਆ ਹੀ ਸਿੱਖ ਸਿਆਸੀ ਆਗੂਆਂ (ਅਸਲ ਵਿੱਚ ਇੱਕ ਟੱਬਰ) ਦੀਆਂ ਕਠਪੁਤਲੀਆਂ ਹੀ ਨੇ, ਮੈਨੂੰ ਉਹ ਪੁਰਾਣਾ ਦ੍ਰਿਸ਼ ਯਾਦ ਕਰਵਾ ਦਿੱਤਾ, ਜੋ ਮੈਂ ਦਫ਼ਤਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਿਖੇ ਓਦੋਂ ਵੇਖਿਆ ਸੀ, ਜਿਸ ਵੇਲ਼ੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤਖ਼ਤ ਸਾਹਿਬ ਦੇ ਜਥੇਦਾਰ ਹੁੰਦੇ ਸਨ।

ਬੰਗਾ-ਗੜ੍ਹਸ਼ੰਕਰ ਰੋਡ ਉੱਤੇ ਪਿੰਡ ਚੌਹੜਾ ਦੀ ਜ਼ਮੀਨ ’ਤੇ ‘ਰੂਹਾਨੀ ਡੇਰਾ’ ਬਣਾ ਕੇ ਅੱਯਾਸ਼ੀਆਂ ਕਰ ਰਹੇ ਧਨਵੰਤ ਸਿੰਘ ਵਾਲ਼ੇ ਮਸਲੇ ਵਿੱਚ ਮੈਂ ਸ੍ਰੀ ਅੰਮ੍ਰਿਤਸਰ ਗਿਆ ਹੋਇਆ ਸਾਂ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਾਸਿਕ ਰਸਾਲੇ ‘ਗੁਰਮਤਿ ਪ੍ਰਕਾਸ਼’ ਦੇ ਨਵੇਂ ਮੈਂਬਰ ਬਣਾਉਣ ਲਈ ਚੰਦਿਆਂ ਦੇ ਪੈਸੇ ਜਮ੍ਹਾ ਕਰਵਾਉਣ ਵਾਸਤੇ ਦਫ਼ਤਰ ਧਰਮ ਪ੍ਰਚਾਰ ਕਮੇਟੀ ਚਲਾ ਗਿਆ। ਓਥੇ ਸਕੱਤਰ ਪੱਧਰ ਦਾ ਇੱਕ ਅਧਿਕਾਰੀ ਕਲਰਕ ਨੂੰ ਕੋਲ਼ ਬਿਠਾ ਕੇ ਟਾਈਪ ਕਰਵਾ ਰਿਹਾ ਸੀ। ਸਕੱਤਰ ਹੌਲ਼ੀ-ਹੌਲ਼ੀ ਬੋਲੀ ਜਾ ਰਿਹਾ ਸੀ ਤੇ ਕਲਰਕ ਟਾਈਪ-ਰਾਈਟਰ ’ਤੇ ‘ਟਿਕ-ਟਿਕ-ਟਿਕ’ ਉਂਗਲ਼ਾਂ ਮਾਰਦਾ ਟਾਈਪ ਕਰੀ ਜਾ ਰਿਹਾ ਸੀ। ਸਕੱਤਰ ਨੇ ਇੱਕ ਕੰਨ ਨਾਲ਼ ਲੈਂਡ-ਲਾਈਨ ਫ਼ੋਨ ਦਾ ਰਿਸੀਵਰ ਲਾਇਆ ਹੋਇਆ ਸੀ।

ਸਕੱਤਰ ਕਦੇ-ਕਦੇ ਫ਼ੋਨ ’ਤੇ ‘ਹੈਂ ਜੀ?....ਅੱਛਾ ਜੀ....ਹਾਂ ਜੀ!....ਠੀਕ ਐ ਜੀ....!!’ ਕਰੀ ਜਾ ਰਿਹਾ ਸੀ ਤੇ ਵਿੱਚ-ਵਿੱਚ ਟਾਈਪ ਕਰ ਰਹੇ ਕਲਰਕ ਨੂੰ ਬੋਲ-ਬੋਲ ਕੇ ਲਿਖਾਈ ਜਾ ਰਿਹਾ ਸੀ। ਉਸ ਨੂੰ ਬਿਜ਼ੀ ਵੇਖ ਕੇ ਮੈਂ ਹਾਲ਼ੇ ਮੇਜ ਤੋਂ ਇੱਕ ਮੈਗਜ਼ੀਨ ਪੜ੍ਹਨ ਲਈ ਚੁੱਕਿਆ ਹੀ ਸੀ ਕਿ ਸਾਡੇ ਕਮਰੇ ’ਚ ਗਿਆਨੀ ਵੇਦਾਂਤੀ ਜੀ ਆ ਗਏ। ਸਤਿਕਾਰ ਵਜੋਂ ਮੈਂ ਉਹਨਾਂ ਨੂੰ ਫ਼ਤਹਿ ਬੁਲਾਈ। ਕਾਹਲ਼ੀ-ਕਾਹਲ਼ੀ ਮੇਰੀ ਫ਼ਤਹਿ ਦਾ ਜਵਾਬ ਦੇ ਕੇ, ਉਹਨਾਂ ਆਪਣੀ ਜੇਬ ਨਾਲ਼ੋਂ ਪੈੱਨ ਲਾਹਿਆ ਤੇ ਸਕੱਤਰ ਨੂੰ ਕਹਿੰਦੇ:

ਓ ਲਿਆ ਭਾਈ ਫਟਾਫਟ ‘ਸਾਈਨ’ ਕਰਾ, ਮੇਰਾ ਟਾਈਮ ਵੀ ਹੋ ਚੱਲਿਆ...।”

ਗਿਆਨੀ ਵੇਦਾਂਤੀ ਨੂੰ ਡਿਊਟੀ ’ਤੇ ਜਾਣ ਲਈ ਕਾਹਲ਼ੇ ਵੇਖ ਕੇ ਸਕੱਤਰ ਨੇ ਟਾਈਪ-ਰਾਈਟਰ ਉੱਤੇ ਚੜ੍ਹੇ ਹੋਏ ਕਾਗ਼ਜ਼ ਉਤਰਵਾਏ ਅਤੇ ਸਿੱਧੇ ਕਰ ਕੇ ਮੇਜ਼ ਉੱਪਰ ਰੱਖ ਦਿੱਤੇ। ਅੱਧੇ ਕੁ ਟਾਈਪ ਕੀਤੇ ਹੋਏ ਕਾਗ਼ਜ਼ ਵੱਲ ਦੋ ਕੁ ਪਲ ਵੇਖਦਿਆਂ ਅੰਦਾਜ਼ਾ ਜਿਹਾ ਲਾ ਕੇ, ਉਸ ਨੇ ਇੱਕ ਖੂੰਝੇ ’ਤੇ ਗਿਆਨੀ ਵੇਦਾਂਤੀ ਦੇ ਦਸਤਖ਼ਤ ਕਰਵਾ ਲਏ। ਮੁੜ ਕੇ ਪੈੱਨ ਜੇਬ ਨੂੰ ਲਾਉਂਦਿਆਂ ਗਿਆਨੀ ਜੀ ਨੇ ਮੇਰੀ ਰਾਜ਼ੀ-ਖ਼ੁਸ਼ੀ ਪੁੱਛੀ ਅਤੇ ਹੱਥ ਮਿਲ਼ਾ ਕੇ ਦਫ਼ਤਰੋਂ ਬਾਹਰ ਚਲੇ ਗਏ।

ਕੱਢਣਾ-ਪਾਉਣਾ ਤਾਂ ਮੈਂ ਇਹਦੇ ’ਚੋਂ ਕੁਝ ਵੀ ਨਹੀਂ ਸੀ, ਪਰ ਆਦਤਨ ਮੈਂ ਸਕੱਤਰ ਨੂੰ ਪੁੱਛਿਆ ਕਿ ਇਹ ਕਿਹੋ ਜਿਹੀ ‘ਮਿਸਲ’ ਤਿਆਰ ਹੋ ਰਹੀ ਹੈ?

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ‘ਆਦੇਸ਼’ ਤਿਆਰ ਹੋ ਰਿਹਾ ਐ ਮੈਂਬਰ ਸਾਹਿਬ..!”

ਮਿੰਨਾ-ਮਿੰਨਾ ਮੁਸਕਰਾਉਂਦਿਆਂ ਸਕੱਤਰ ਨੇ ਜਵਾਬ ਦਿੱਤਾ। ਵੈਸੇ ਤਾਂ ਹੁਣ ਇਹ ਚਿੱਟੇ ਦਿਨ ਵਾਂਗ ਸਭ ਨੂੰ ਗਿਆਤ ਹੋ ਹੀ ਚੁੱਕਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧੜਾਧੜ ‘ਹੁਕਮਨਾਮੇ’ ਕੌਣ ਤੇ ਕਿਉਂ ਜਾਰੀ ਕਰਵਾ ਰਿਹਾ ਹੈ, ਪਰ ਜੇ ਓਦੋਂ ਮੇਰੇ ਕੋਲ਼ ਅੱਜ ਵਰਗਾ ‘ਸੈੱਲ ਫ਼ੋਨ’ ਹੁੰਦਾ ਤੇ ਮੈਂ ਟਾਈਪ ਕੀਤੇ ਜਾ ਰਹੇ ਅਕਾਲ ਤਖ਼ਤ ਦੇ ਲੈਟਰ-ਪੈਡ ਦੀ ਵੀਡੀਓ ਕਲਿਪ ਬਣਾਈ ਹੁੰਦੀ ਤਾਂ ਉਹ ਇਸ ਗੱਲ ਦਾ ਅਕੱਟ ਸਬੂਤ ਬਣ ਜਾਣੀ ਸੀ ਕਿ ਸ੍ਰੀ ਅਕਾਲ ਤਖ਼ਤ ਦੀ ‘ਅਸਲ ਜਥੇਦਾਰੀ’ ਕੋਈ ਹੋਰ ਕਰ ਰਿਹਾ ਹੈ।

ਚੌਵੀ ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ’ਤੇ ਹੋਈ ਜਥੇਦਾਰਾਂ ਦੀ ‘ਚੁੱਪ ਗੜੁੱਪੀ’ ਮੀਟਿੰਗ ਨੇ ਜੋ ਸਿਰਸੇ ਵਾਲ਼ੇ ‘ਰਾਮ ਰਹੀਮ’ ਨੂੰ ਮੁਆਫ਼ ਕੀਤਾ ਹੈ, ਉਸ ਦੀ ਚਰਚਾ ਕਰਨ ਤੋਂ ਪਹਿਲਾਂ ਇੱਕ-ਦੋ ਇਤਿਹਾਸਕ ਨੁਕਤੇ ਵਿਚਾਰ ਲਈਏ।

ਕੁਝ ਖੋਜੀ ਵਿਦਵਾਨਾਂ ਦੀਆਂ ਲਿਖਤਾਂ ਮੁਤਾਬਕ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ, ਕੁਝ ਇਸ ਢੰਗ ਨਾਲ਼ ਤਾਅਮੀਰ ਕਰਵਾਈ ਕਿ ਤਖ਼ਤ ਸਾਹਿਬ ਦੇ ਮੁੱਖ ਆਸਣ ’ਤੇ ਬਹਿਣ ਵਾਲ਼ੇ ਸੇਵਾਦਾਰ ਨੂੰ, ਧਾਰਮਿਕ ਰਹਿਬਰੀ ਦਾ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਦਿਸਦਾ ਰਵ੍ਹੇ, ਪਰ ਸ੍ਰੀ ਦਰਬਾਰ ਸਾਹਿਬ ਵਿਖੇ ਮੁੱਖ ਅਸਥਾਨ ’ਤੇ ਬਿਰਾਜਣ ਵਾਲ਼ੇ ਸਿੰਘ ਨੂੰ ਮੀਰੀ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਨਾ ਵਿਖਾਈ ਦੇਵੇ।

ਮੀਰੀ ਨੂੰ ਪੀਰੀ ਦਾ ਭੈਅ-ਅਦਬ ਸਵੀਕਾਰਨ ਅਤੇ ਉਸ ਦੇ ਅਧੀਨ ਰਹਿਣ ਵਾਲ਼ੀ ਗੁਰੂ ਹਰਿਗੋਬਿੰਦ ਸਾਹਿਬ ਦੀ ਇਹ ਅੰਤਰੀਵੀ-ਰਮਜ਼, ਸਿਰਫ਼ ਇਤਿਹਾਸ ਦੀਆਂ ਪੋਥੀਆਂ ਵਿੱਚ ਹੀ ਰਹਿ ਗਈ ਹੈ। ਜਾਂ ਇਹ ਫਲਸਫਾ ਸਟੇਜਾਂ ’ਤੇ ਗਾਉਣ-ਵਿਚਾਰਨ ਜੋਗਾ ਰਹਿ ਗਿਆ ਐ ਜਾਂ ਫਿਰ ਜਨ-ਸਾਧਾਰਨ ਸਿੱਖਾਂ ਨੂੰ ਇਸ ਦਾ ਡਰਾਵਾ ਦਿੰਦਿਆਂ ਹੁਕਮਨਾਮਿਆਂ ਨੂੰ ‘ਇਲਾਹੀ’ ਕਹਿ-ਕਹਿ ਕੇ ਮਨਵਾਉਣ ਜੋਗਾ।
1925 ਦਾ ਗੁਰਦੁਆਰਾ ਐਕਟ ਬਣਨ ਉਪਰੰਤ ਬੇਸ਼ੱਕ ਕੁਝ ਵਰ੍ਹੇ ਇਸ ਸਿਧਾਂਤਕ ਰਵਾਇਤ ਦੀ ਪਾਲਣਾ ਹੁੰਦੀ ਰਹੀ, ਪਰ ਵਰਤਮਾਨ ਸਮੇਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਬਜਾਏ ‘ਸਿਆਸੀ ਕੁਰਸੀ’ ਹੀ ਵਿਖਾਈ ਦਿੰਦੀ ਹੈ। ਉਹ ਕੁਰਸੀ, ਇਸ ਕਦਰ ਤਾਕਤਵਰ ਅਤੇ ਸਰਵੇ-ਸਰਵਾ ਹੋ ਚੁੱਕੀ ਹੈ ਕਿ ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਦਰਬਾਰ ਸਾਹਿਬ, ਦੋਹਾਂ ਦੇ ਮੁੱਖ ਅਸਥਾਨਾਂ ’ਤੇ ਕੌਣ ਬੈਠੇ? ਇਸ ਦਾ ਫ਼ੈਸਲਾ ਵੀ ਓਹੀ ਕਰਦੀ ਹੈ। ਇਸ ਵਰਤ-ਵਰਤਾਰੇ ਦੀ ਬਦੌਲਤ, ਕਿਆ ਮੀਰੀ ਕਿਆ ਪੀਰੀ, ਸਿਆਸੀ ਚੌਧਰ ਦੀ ਗ੍ਰਿਫ਼ਤ ਵਿੱਚ ਆ ਚੁੱਕੀਆਂ ਹੋਈਆਂ ਨੇ...।

ਧਾਰਮਿਕ, ਇਤਿਹਾਸਕ ਤੇ ਸਿਧਾਂਤਕ ਪੱਖਾਂ ਨੂੰ ਮਲੀਆਮੇਟ ਕਰ ਰਹੇ ਉਪਰੋਕਤ ਵਰਤਾਰੇ ਦੇ ਚੱਲਦਿਆਂ ਵਿਖਾਵੇ ਵਾਸਤੇ ਪੰਜ ਪਿਆਰਿਆਂ ਦੇ ਸੰਕਲਪ ਦਾ ‘ਭੇਖ ਧਾਰ ਕੇ’ ਮੀਟਿੰਗਾਂ ਕਰਦੇ ਅਜੋਕੇ ਪੰਜ ਸਿੰਘ ਸਾਹਿਬਾਨ ਕਿੰਨੇ ਕੁ ਇਤਿਹਾਸ ਮੁਖੀ, ਅਜ਼ਾਦਾਨਾ, ਨਿਰਪੱਖ ਅਤੇ ਨਿਆਂਸੰਗਤ ਫ਼ੈਸਲੇ ਲੈਣ ਦੇ ਸਮਰੱਥ ਹੁੰਦੇ ਹੋਣਗੇ? ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਇਸੇ ਕਰਕੇ ਚੌਵੀ ਸਤੰਬਰ ਵਾਲ਼ੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਚਨਚੇਤੀ, ਤੱਤ-ਭਲੱਤੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਵਾਲ਼ਾ ਜੋ ਘਟਨਾਕਰਮ ਵਾਪਰਿਆ, ਉਸ ਨੂੰ ਵੇਖ ਕੇ ਗ਼ੈਰ-ਸਿੱਖਾਂ ਨੇ ਵੀ ਮੂੰਹ ’ਚ ਉਂਗਲ਼ਾਂ ਪਾ ਲਈਆਂ।

ਵੇਖਣ-ਸੁਣਨ ਵਾਲ਼ਿਆਂ ਨੂੰ ਯਾਦ ਆਈ ਉਹ ਘੜੀ, ਜਦ ਸੌੜੀ ਸਿਆਸਤ ਦਾ ਸ਼ਿਕਾਰ ਹੋਇਆ ਸ੍ਰੀ ਅਕਾਲ ਤਖ਼ਤ ਦਾ ਹੀ ਇੱਕ ਸਾਬਕਾ ਜਥੇਦਾਰ, ਤਖ਼ਤ ਸਾਹਿਬ ਸਾਹਮਣੇ ਖ਼ੁਦ ਹਾਜ਼ਰ ਹੋ ਕੇ ਆਪਣੇ ਸਪਸ਼ਟੀਕਰਨ ਦਾ ਲਿਖਤੀ ਪੁਲੰਦਾ ਲੈ ਕੇ ਸਾਰਾ ਦਿਨ ਬੈਠਾ ਰਿਹਾ। ਉਸ ਨੂੰ ਸੁਣਨ ਜਾਂ ਉਸ ਦਾ ਲਿਖਤੀ ਪੱਤਰ ਪੜ੍ਹਨ ਦੀ ਥਾਂ ‘ਉੱਪਰੋਂ’ ਆਏ ਹੁਕਮਾਂ ਨੂੰ ਸਤਿ ਕਰਕੇ ਮੰਨਦਿਆਂ, ਉਸ ਨੂੰ ਛੇਕ ਦੇਣ ਦਾ ਹੁਕਮ ਸੁਣਾ ਦਿੱਤਾ ਗਿਆ। ਤਖ਼ਤ ਸਾਹਿਬ ’ਤੇ ‘ਤਲਬ’ ਕੀਤੇ ਗਏ ਕੁਝ ਹੋਰ ਸਿੱਖਾਂ ਦੀ ਨਿੱਜੀ ਤੌਰ ’ਤੇ ਹਾਜ਼ਰ ਨਾ ਹੋ ਸਕਣ ਦੀ ਬੇਨਤੀ ਨੂੰ ਮੁੱਢੋਂ-ਸੁੱਢੋਂ ਰੱਦ ਕਰ ਕੇ ਹਰ ਹਾਲਤ ਵਿੱਚ ਖ਼ੁਦ ਹਾਜ਼ਰ ਹੋਣ ਦੇ ਹੁਕਮ ਸਾਦਰ ਹੁੰਦੇ ਰਹੇ। ਹਾਜ਼ਰੀ ਨਾ ਭਰ ਸਕਣ ਵਾਲ਼ਿਆਂ ਸਿੱਖਾਂ ਉੱਤੇ ਫ਼ੌਰਨ ‘ਛੇਕਣ’ ਦਾ ਕੁਹਾੜਾ ਚੱਲਦਾ ਰਿਹਾ ਹੈ, ਪਰ ਚੌਵੀ ਸਤੰਬਰ ਨੂੰ ‘ਮੋਹ ਭਰੀ ਮੁਆਫ਼ੀ’ ਦਾ ਹੱਕਦਾਰ ਬਣਨ ਵਾਲ਼ੇ ਸਿਰਸੇ ਦੇ ਰਾਮ ਰਹੀਮ ਸਿੰਘ ਉੱਤੇ ਸਿੰਘ ਸਾਹਿਬਾਨ ਐਸੇ ਮਿਹਰਵਾਨ ਹੋ ਗਏ ਕਿ ਕਿਸੇ ਦੇ ਹੱਥ ਭੇਜੀ ਉਸ ਦੀ (ਦੱਸੀ ਜਾਂਦੀ) ਚਿੱਠੀ ਨੂੰ ਪ੍ਰੇਮ-ਪੱਤਰ ਵਾਂਗ ਪਿਆਰਦਿਆਂ, ਸਿਰ ਮੱਥੇ ਕਬੂਲ ਕਰ ਲਿਆ। ਓਸੇ ਵੇਲ਼ੇ ‘ਫੁਲ ਬਟਾ ਫੁਲ’ ਮੁਆਫ਼ੀ..!

ਦਸਵੇਂ ਗੁਰੂ ਜੀ ਨੇ ਜੋ ਖ਼ਾਲਸਾ ਪੰਥ ਦੀ ਰਹਿਨੁਮਾਈ ਕਿਸੇ ਇੱਕ ਵਿਅਕਤੀ ਦੀ ਥਾਂ ਪੰਜ ਪਿਆਰਿਆਂ ਦਾ ਵਿਧੀ ਵਿਧਾਨ ਬਣਾਇਆ, ਉਸ ਦੇ ਹੋਰ ਪੱਖਾਂ ਬਾਰੇ ਤਾਂ ਗੁਰੂ ਦੀਆਂ ਗੁਰੂ ਜਾਣੇ। ਪਰ ਇਸ ਸੰਕਲਪ ਪਿੱਛੇ ਇੱਕ ਭਾਵਨਾ ਇਹ ਹੋ ਸਕਦੀ ਹੈ ਕਿ ਜੇ ਖ਼ੁਦਾ ਨਾ ਖ਼ਾਸਤਾ ਕਿਸੇ ਮਸਲੇ ਨੂੰ ਹੱਲ ਕਰਦਿਆਂ ਪੰਜਾਂ ’ਚੋਂ ਇੱਕ ਜਾਂ ਦੌਂਹ ਦੀ ਆਤਮਾ ਕਮਜ਼ੋਰ ਪੈ ਜਾਵੇ ਤਾਂ ਬਾਕੀ ਦੇ ਤਿੰਨ ਜਣਿਆਂ ਦੀ ਤਾਂ ਜ਼ਮੀਰ ਜਾਗ ਪਵੇਗੀ।

ਪਰ ਸਿੱਖ ਪੰਥ ਦੇ ਕੇਂਦਰ ਨੂੰ ਸਿਆਸਤ ਦਾ ਐਸਾ ਕੁਲਹਿਣਾ ਗ੍ਰਹਿਣ ਲੱਗ ਚੁੱਕਾ ਹੈ ਕਿ ਉਕਤ ਚੌਵੀ ਸਤੰਬਰ ਨੂੰ ਸਰਾਸਰ ਰਿਆਇਤ ਭਰਿਆ ਫ਼ੈਸਲਾ ਕਰਨ ਵੇਲ਼ੇ, ਕਿਸੇ ਇੱਕ ‘ਸਿੰਘ ਸਾਹਿਬ’ ਦੀ ਜ਼ਮੀਰ ਨੇ ਵੀ ਹਲੂਣਾ ਨਹੀਂ ਖਾਧਾ ਕਿ ਇਹ ਮਾਮਲਾ ਪੂਰੇ ਸਿੱਖ ਜਗਤ ਨਾਲ਼ ਸੰਬੰਧਿਤ ਹੈ। ਪਹਿਲੋਂ ਇਸ ਦੀ ਰਾਏਸ਼ੁਮਾਰੀ ਰਾਹੀਂ ਕਨਸੋਆ ਲੈ ਲਈਏ ਕਿ ਆਮ ਸਿੱਖ ਇਸ ਬਾਬਤ ਕਿਹੋ ਜਿਹੇ ਵਿਚਾਰ ਰੱਖਦਾ ਹੈ। ਇਹ ਪੰਥਕ ਪ੍ਰੰਪਰਾ ਅਪਨਾਉਣ ਦੀ ਬਜਾਏ ਕਿਸੇ ਦੇ ਟਾਈਪ-ਰਾਈਟਰ ਤੋਂ ਟਾਈਪ ਹੋ ਕੇ ਆਏ ‘ਆਦੇਸ਼’ ਉੱਪਰ ਦਸਤਖ਼ਤ ਕਰਨ ਲਈ ਸਿੰਘ ਸਾਹਿਬਾਨ, ਗਿਆਨੀ ਵੇਦਾਂਤੀ ਵਾਂਗ ਕਾਹਲ਼ੇ ਪੈ ਗਏ, ਪਰ ਆਦੇਸ਼-ਨਾਮੇ ਵਿੱਚ ਲਿਖ ਦਿੱਤਾ ਗਿਆ ਕਿ ‘ਦੀਰਘ’ ਵਿਚਾਰ-ਵਟਾਂਦਰਾ ਕਰ ਕੇ ਫ਼ੈਸਲਾ ਕੀਤਾ ਗਿਆ....! ਵਾਹ..!!

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ਮ: 1, ਪੰਨਾ 145

ਸਿੰਘ ਸਾਹਿਬਾਨਾਂ ਵੱਲੋਂ ‘ਗੁਰਮਤਾ’ ਕਹੇ ਗਏ ਇਸ ਫ਼ੈਸਲੇ ਨਾਲ਼ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਰੋਹ ਭੜਕ ਪਿਆ। ਸੋਸ਼ਲ ਸਾਈਟਾਂ ’ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਈ ਉਹ ਸ਼ਬਦ ਵਰਤੇ ਗਏ, ਜੋ ਅੱਜ ਤਕ ਸਿੱਖਾਂ ਨੇ ਮੀਰ ਮੰਨੂ ਜਾਂ ਜ਼ਕਰੀਆ ਖ਼ਾਨ ਲਈ ਵੀ ਵਰਤੇ ਨਹੀਂ ਹੋਣੇ। ਉਹਨਾਂ ਦੇ ਭੱਦੇ ਤੇ ਹਾਸੋਹੀਣੇ ਕਾਰਟੂਨਾਂ ਦਾ ਹੜ੍ਹ ਆ ਗਿਆ। ਹੋਰ ਤਾਂ ਹੋਰ ਮੂਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਉਪਰੰਤ, ਜਥੇਦਾਰ ਨਾਲ਼ ਘਿਓ-ਖਿੱਚੜੀ ਰਹਿਣ ਵਾਲ਼ਾ ਸੰਤ ਸਮਾਜ ਵੀ ਇਸ ਫ਼ੈਸਲੇ ਦੇ ਵਿਰੋਧ ’ਚ ਆ ਨਿੱਤਰਿਆ। ਵਿਰੋਧ ਕਰਨ ਵਾਲ਼ਿਆਂ ਦਾ ਤਰਕ ਇਹ ਹੈ ਕਿ ਰਾਮ ਰਹੀਮ ਦੇ ਜਿਸ ਪੱਤਰ ਨੂੰ ‘ਮੁਆਫ਼ੀਨਾਮਾ’ ਕਿਹਾ ਜਾ ਰਿਹਾ ਹੈ, ਉਸ ਵਿੱਚ ਨਾ ਤਾਂ ‘ਮੁਆਫ਼ੀ’ ਦਾ ਕੋਈ ਸ਼ਬਦ ਹੈ, ਨਾ ਹੀ ਉਹ ਖ਼ਾਲਸਾ ਪੰਥ ਨੂੰ ਸੰਬੋਧਨ ਹੈ। ਇੱਥੋਂ ਤਕ ਕਿ ਉਸ ਵਿੱਚ ਅਕਾਲ ਤਖ਼ਤ ਦਾ ਨਾਂ ਤਕ ਵੀ ਨਹੀਂ।

ਉਸ ਪੱਤਰ ਦਾ ਮੂਲ ਪਾਠ ਪੜ੍ਹਦਿਆਂ ਇਉਂ ਪ੍ਰਤੀਤ ਹੁੰਦਾ ਹੈ ਕਿ ਕੁਝ ਗੋਲ਼-ਮੋਲ਼ ਸਤਰਾਂ ਕਿਸੇ ਗੁਰਬਚਨ ਸਿੰਘ ਨਾਂ ਦੇ ਬੰਦੇ ਵੱਲ ਲਿਖੀਆਂ ਗਈਆਂ ਹਨ, ਉਸ ਦੇ ਅਹੁਦੇ ਜਾਂ ਥੁਹ-ਟਿਕਾਣੇ ਬਾਰੇ ਕੋਈ ਜ਼ਿਕਰ ਨਹੀਂ ਇਸ ਪੱਤਰ ਵਿੱਚ। ਇਸੇ ਪੱਤਰ ਦੀਆਂ ਚੰਦ ਕੁ ਸਤਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲੈਟਰ ਪੈਡ ’ਤੇ ਉਤਾਰ ਕੇ ਥੱਲੇ ਸਿੰਘ ਸਾਹਿਬਾਨਾਂ ਦੀਆਂ ‘ਘੁੱਗੀਆਂ ਮਰਵਾ’ ਲਈਆਂ ਗਈਆਂ।
ਕੁੱਲ ਮਿਲ਼ਾ ਕੇ ਤਖ਼ਤ ਸਾਹਿਬ ਉੱਤੇ 24 ਸਤੰਬਰ 2015 ਨੂੰ ਹੋਏ ‘ਸਿਆਸੀ ਅਡੰਬਰ’ ਕਾਰਨ ਜਥੇਦਾਰ ਅਕਾਲ ਤਖ਼ਤ, ਕਸੂਤੇ ਫਸ ਗਏ ਹਨ। ਜਿਸ ਦੇ ਬਹੁਤ ਦੂਰ-ਰਸ ਨਤੀਜੇ ਨਿਕਲ਼ਣੇ ਹਨ। ਪਤਾ ਨਹੀਂ ਉਹ ਕਿਸ ਮੂੰਹ ਨਾਲ਼ ਸੰਗਤਾਂ ਵਿੱਚ ਜਾਣਗੇ। ਗੁਰੂ ਹਰਿਗੋਬਿੰਦ ਸਾਹਿਬ ਦੇ ਵਰੋਸਾਏ ਅਸਥਾਨ ’ਤੇ ਬਹਿ ਕੇ, ਉਹਨਾਂ ਨੂੰ ਵੋਟਾਂ ਦੀ ਭੁੱਖੀ ਹਾਕਮਾਂ ਦੀ ਕੁਰਸੀ ਅੱਗੇ ਨਿਵਣ ਦੀ ਥਾਂ, ਸਿੱਖ ਸਿਧਾਂਤ ਅਤੇ ਰਵਾਇਤਾਂ ਦੀ ਪਾਲਣਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਵੱਲ ਨਿਗਾਹ ਰੱਖਣੀ ਚਾਹੀਦੀ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top