Share on Facebook

Main News Page

ਸਿੱਖ ਪੰਥ, ਹਮਲੇ, ਐਕਸ਼ਨ ਕਮੇਟੀਆਂ, ਸੰਘਰਸ਼, ਨਤੀਜੇ, ਕੌਮ ਦੇ ਪੱਲੇ ਨਮੋਸ਼ੀ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖਾਂ ਦੀ ਹਾਲਤ ਨੂੰ ਬਿਆਨ ਕਰਨ ਲੱਗਿਆਂ ਇਹ ਸਮਝ ਨਹੀ ਆਉਂਦੀ ਕਿ ਇਸ ਨੂੰ ਕਿਸ ਦੁਸ਼ਵਾਰੀ ਤੋਂ ਲੈਕੇ ਸ਼ੁਰੂ ਕੀਤਾ ਜਾਵੇ। ਹਰ ਰੋਜ਼ ਵਾਪਰਦੀ ਨਵੀਂ ਘਟਨਾ ਨਵ ਜਨਮਿਆਂ ਵਾਸਤੇ ਤਾਂ ਬੇਸ਼ੱਕ ਨਵੀਂ ਹੋਵੇ, ਪਰ ਜਦੋਂ ਇਤਿਹਾਸ ਦੇ ਪੰਨੇ ਪਰਤੀਏ ਤਾਂ ਇੰਜ ਲੱਗਦਾ ਹੈ ਕਿ ਜਿਵੇ ਇਹ ਸਭ ਕੁੱਝ ਪੁਰਾਤਨ ਇਤਿਹਾਸ ਦੀ ਕੋਈ ਕੜੀ ਹੈ। ਸਿੱਖੀ ਉੱਤੇ ਹਮਲੇ ਸਿੱਖੀ ਦੀ ਹੋਂਦ ਤੋਂ ਹੀ ਆਰੰਭ ਹੋ ਗਏ ਸਨ, ਇਹ ਵੱਖਰੀ ਗੱਲ ਹੈ ਕਿ ਸਿੱਖੀ ਦੀ ਬੁਨਿਆਦ ਹੀ ਐਸੀ ਰੂਹਾਨੀ ਰੂਹ ਨੇ ਰੱਖੀ ਹੈ ਕਿ ਹਮਲਾਵਰ ਵੀ ਨਹੀ ਥੱਕੇ ਅਤੇ ਸਿੱਖੀ ਵੀ ਹੁਣ ਤੱਕ ਅਡੋਲ ਰਹੀ ਹੈ, ਲੇਕਿਨ ਅੱਜ ਇੱਕੀਵੀਂ ਸਦੀ ਵਿੱਚ ਪ੍ਰਵੇਸ਼ ਹੁੰਦਿਆਂ ਹੀ ਸਿੱਖੀ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਅਜੋਕੇ ਸਮੇਂ ਦੇ ਹਮਲੇ ਏਨੇ ਘਾਤਕ ਹਨ ਕਿ ਕਈ ਵਾਰੀ ਹਮਲਾਵਰਾਂ ਅਤੇ ਰਾਖਿਆਂ ਦੀ ਪਹਿਚਾਨ ਕਰਨੀ ਹੀ ਮੁਸ਼ਕਿਲ ਹੋ ਜਾਂਦੀ ਹੈ। ਜਿਹੜਾ ਪਹਿਰੇਦਾਰ ਦਿੱਸਦਾ ਹੈ, ਉਹ ਹੀ ਸਭ ਕੁੱਝ ਲੁੱਟਕੇ ਤੁਰਦਾ ਬਣਦਾ ਹੈ।

ਇਸ ਸਮੇਂ ਸਿੱਖੀ ਨੂੰ ਅਜਿਹਾ ਘੇਰਾ ਪਿਆ ਹੈ ਕਿ ਗਲੀਆਂ ਦੇ ਕੱਖ ਵੀ ਦੁਸ਼ਮਨ ਹੋ ਗਏ ਜਾਪਦੇ ਹਨ। ਸਿੱਖੀ ਜਦੋਂ ਜਨਮੀ ਤਾਂ ਉਸ ਵੇਲੇ ਗੁਰੂ ਸਾਹਿਬ ਖੁਦ ਸਿੱਖੀ ਨਾਲ ਸਰੀਰਕ ਰੂਪ ਵਿੱਚ ਵਿਚਰਦੇ ਸਨ। ਜਿਸ ਕਰਕੇ ਸਿੱਖੀ ਨੂੰ ਹਮੇਸ਼ਾਂ ਹੀ ਛਾਂ ਰਹੀ, ਲੇਕਿਨ ਗੁਰੂ ਕਾਲ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਵਿੱਚ ਆਪਣੇ ਆਪ ਨੂੰ ਲੀਨ ਕਰ ਲਿਆ ਤਾਂ ਉਸ ਵੇਲੇ ਵੀ ਬਹੁਤ ਸਾਰੇ ਸਿੱਖ ਆਗੂ ਗੁਰੂਆਂ ਦੇ ਨਕਸ਼ੇ ਕਦਮਾਂ ਉੱਤੇ ਚੱਲਕੇ ਸਿੱਖੀ ਦੀ ਸੰਭਾਲ ਕਰਦੇ ਰਹੇ, ਜਿਸ ਨਾਲ ਸਿੱਖੀ ਹਰ ਦੁਸ਼ਵਾਰੀ ਨਾਲ ਟਕਰਾਉਂਦੀ ਸੰਸਾਰ ਵਿੱਚਲੀਆਂ ਦੂਜੀਆਂ ਕੌਮਾਂ ਤੋਂ ਵਿਲੱਖਣ ਹੋ ਕੇ ਵਿਚਰਦੀ ਰਹੀ ਅਤੇ ਸਿੱਖ ਆਪਣਾ ਘਰ ਉਜਾੜਕੇ ਪੰਥ ਦੇ ਘਰ ਨੂੰ ਵੱਸਦਾ ਰੱਖਦੇ ਰਹੇ, ਪਰ ਅੱਜ ਜੋ ਭੀੜ ਸਿੱਖੀ ਉੱਤੇ ਬਣੀ ਹੈ, ਇਹ ਸਿੱਖੀ ਦੀ ਕਬਰ ਖੋਦਣ ਵੱਲ ਨੂੰ ਵਧ ਰਹੀ ਹੈ, ਪਰ ਅਫਸੋਸ ਇਸ ਗਲ ਦਾ ਹੈ ਕਿ ਅੱਜ ਸਿਖੀ ਦੇ ਰਖਵਾਲੇ ਵੀ ਤਮਾਸ਼ਬੀਨ ਨਜਰ ਆ ਰਹੇ ਹਨ।

ਬਾਕੀ ਸਾਰੇ ਮਸਲਿਆਂ ਨੂੰ ਛੱਡਕੇ ਜੇ ਅੱਜ ਪੈਦਾ ਹੋਏ ਤਾਜੇ ਸੰਕਟ ਦੀ ਗੱਲ ਕਰੀਏ ਤਾਂ ਅੱਠ ਸਾਲਾਂ ਵਿੱਚ ਦੂਜੀ ਵਾਰ ਇਹ ਮਾਮਲਾ ਬਦਲਵੇਂ ਅਤੇ ਬੜੇ ਹੀ ਘਾਤਕ ਰੂਪ ਵਿੱਚ ਸਾਹਮਣੇ ਆਇਆ ਹੈ। ਸੰਨ 2007 ਵਿੱਚ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਗਿਆ ਸੀ ਅਤੇ ਸਿੱਖ ਪੰਥ ਵਿੱਚ ਗੁਰੂ ਸਾਹਿਬ ਵੱਲੋਂ ਆਰੰਭ ਕੀਤੀ ਖੰਡੇ ਬਾਟੇ ਦੀ ਪਾਹੁਲ ਦੇਣ ਦੀ ਪਰੰਪਰਾ ਦੀ, ਨਕਲ ਕਰਦਿਆਂ ਦੁੱਧ ਵਿੱਚ ਰੂਹ ਅਫਜਾ ਘੋਲਕੇ, ਸਿੰਘ ਦੀ ਥਾਂ ਇੰਸਾਂ ਨਾਮ ਦੇ ਕੇ ਸਿੱਖੀ ਦੇ ਨਿਆਰੇਪਣ ਨੂੰ ਸਿੱਧਾ ਚੈਲਿੰਜ ਕੀਤਾ ਸੀ। ਉਸ ਵੇਲੇ ਹਰ ਸਿੱਖ ਬੇਸ਼ੱਕ ਉਸ ਨੇ ਆਪਣੇ ਕੇਸ ਦਾਹੜੀ ਨਹੀ ਰੱਖੇ ਹੋਏ ਸਨ, ਘਰੋਂ ਨਿੱਕਲ ਤੁਰਿਆ ਸੀ ਕਿ ਅੱਜ ਮੇਰੇ ਪੰਥ ਉੱਤੇ ਬਣੀ ਹੈ। ਸਿੱਖਾਂ ਅੰਦਰ ਇੱਕ ਜਜਬਾ ਸੀ, ਰੋਹ ਸੀ, ਸਿੱਖ ਕੁੱਝ ਕਰਨਾ ਲੋਚਦੇ ਸਨ, ਪਰ ਇਸ ਤੋਂ ਪਹਿਲਾਂ ਕਿ ਸਿੱਖ ਕੋਈ ਕਦਮ ਚੁੱਕਦੇ ਇੱਕ ਖਾਲਸਾ ਐਕਸ਼ਨ ਕਮੇਟੀ ਹੋਂਦ ਵਿੱਚ ਆ ਗਈ, ਜਿਸ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਉਹ ਸਿੱਖਾਂ ਨੂੰ ਨਿਆਂ ਲੈਕੇ ਦੇਵੇਗੀ, ਲੇਕਿਨ ਸਿੱਖੀ ਜਜਬਾਤਾਂ ਉੱਤੇ ਇਹ ਲਾਰਾ ਉਬਲਦੇ ਦੁੱਧ ਉੱਤੇ ਪਏ ਪਾਣੀ ਦੇ ਛਿੱਟੇ ਵਾਲਾ ਕੰਮ ਕਰ ਗਿਆ। ਅਕਾਲ ਤਖਤ ਤੋਂ ਸਾਧ ਖਿਲਾਫ਼ ਹੁਕਮਨਾਮਾਂ ਜਾਰੀ ਹੋਇਆ। ਕੁੱਝ ਲੋਕ ਜਿਹੜੇ ਕਿਸੇ ਬਹਿਕਾਵੇ ਵਿੱਚ ਆਕੇ ਜਾਂ ਭੇਡਾ ਚਾਲ ਕਰਕੇ ਪ੍ਰੇਮੀ ਬਣੇ ਸਨ, ਉਹਨਾਂ ਦੇ ਬੱਚਿਆਂ ਦੇ ਵਿਆਹ ਅਤੇ ਘਰ ਦੇ ਮੈਂਬਰਾਂ ਦੇ ਮਰਨੇ ਜਜ਼ਬਾਤੀ ਸਿੱਖਾਂ ਅਤੇ ਬਾਦਲ ਦਲੀਆਂ ਨੇ ਇਸ ਕਦਰ ਖਰਾਬ ਕਰ ਦਿੱਤੇ ਕਿ ਉਹ ਵੀ ਪੱਕੇ ਪ੍ਰੇਮੀ ਬਣ ਗਏ ਅਤੇ ਹੁਣ ਕਦੇ ਉਹ ਸਿੱਖੀ ਵੱਲ ਮੁੰਹ ਕਰਨ ਨੂੰ ਤਿਆਰ ਨਹੀ ਹੋਣਗੇ।

ਕੁੱਝ ਪ੍ਰੇਮੀ ਡੇਰੇਦਾਰ ਦੇ ਮੋਹ ਵਿਚ ਆਤਮ ਹੱਤਿਆ ਕਰ ਗਏ ਅਤੇ ਚਾਰ ਸਿੱਖ ਭਾਈ ਕਮਲਜੀਤ ਸਿੰਘ ਸੁਨਾਮ ,ਭਾਈ ਜਗਤਾਰ ਸਿੰਘ ਜਾਮਾਰਾਏ ਬੌਂਬੇ , ਭਾਈ ਹਰਮਿੰਦਰ ਸਿੰਘ ਡੱਬਵਾਲੀ ਅਤੇ ਭਾਈ ਗੁਰਦੀਪ ਸਿੰਘ ਮਨਸੂਰਦੇਵਾ ਵੀ ਸਹਾਦਤਾਂ ਦੇ ਜਾਮ ਪੀ ਗਏ। ਬਹੁਤ ਸਾਰੇ ਸਿੱਖਾਂ ਉੱਤੇ ਕੇਸ ਬਣੇ ਜੇਲਾਂ ਵਿੱਚ ਜਾਣਾ ਪਿਆ। ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਉੱਤੇ ਫੌਜਦਾਰੀ ਮੁਕੱਦਮੇਂ ਦਰਜ਼ ਹੋਏ। ਇਸ ਤਰ੍ਹਾਂ ਹੀ ਬਾਬਾ ਬਲਜੀਤ ਸਿੰਘ ਦਾਦੂਵਾਲ ਉੱਤੇ ਵੀ ਦਰਜਨ ਕੇਸ ਦਰਜ਼ ਹੋਏ ਅਤੇ ਅਨੇਕਾ ਵਾਰ ਜੇਲ ਯਾਤਰਾ ਵੀ ਕਰਨੀ ਪਈ। ਜਥੇਦਾਰ ਨੰਦਗੜ ਜੀ ਨੇ ਤਾਂ ਉਸ ਦਿਨ ਤੋਂ ਪ੍ਰਣ ਕਰ ਲਿਆ ਸੀ ਕਿ ਜਿੰਨੀ ਦੇਰ ਸੌਦਾ ਸਾਧ ਨੂੰ ਸਜ਼ਾ ਨਹੀ ਮਿਲਦੀ ਓਨਾਂ ਚਿਰ ਉਹ ਕਿਸੇ ਵੀ ਸੰਸਥਾ ਤੋਂ ਸਿਰਪਾਓ ਗਲ ਵਿੱਚ ਨਹੀ ਪਵਾਉਣਗੇ ਅਤੇ ਅੱਜ ਤਕ ਉਹ ਪ੍ਰਣ ਨਿਭਾ ਰਹੇ ਹਨ। ਬਾਬਾ ਦਾਦੂਵਾਲ ਦੇ ਪਾਸਪੋਰਟ ਵੀ ਅਦਾਲਤਾਂ ਵਿਚ ਹੀ ਜਮਾ ਰਹਿੰਦੇ ਹਨ। ਸਮਾਂ ਬੀਤਿਆ ਹੌਲੀ ਹੌਲੀ ਨਾ ਸੰਘਰਸ਼ ਰਿਹਾ, ਨਾ ਸੰਘਰਸ਼ ਕਮੇਟੀ ਰਹੀ, ਸਭ ਕੁੱਝ ਆਇਆ ਗਿਆ ਹੋ ਗਿਆ। ਉਸ ਤੋਂ ਬਾਅਦ ਅਨੇਕਾ ਥਾਵਾਂ ਉੱਤੇ ਪ੍ਰੇਮੀਆਂ ਅਤੇ ਸਿੱਖਾਂ ਵਿਚਕਾਰ ਝਗੜੇ ਹੁੰਦੇ ਰਹੇ ਬਹੁਤ ਸਾਰੇ ਲੋਕਾਂ ਉੱਤੇ ਹੁਣ ਤੱਕ ਵੀ ਕੇਸ ਦਰਜ਼ ਹੁੰਦੇ ਆ ਰਹੇ ਹਨ।

ਸੱਤ ਸਾਲਾਂ ਵਿੱਚ ਨਾ ਤਾਂ ਖਾਲਸਾ ਐਕਸ਼ਨ ਕਮੇਟੀ ਨੇ ਸਿੱਖਾਂ ਨੂੰ ਕੁੱਝ ਦੱਸਿਆ ਕਿ ਉਹਨਾਂ ਨੇ ਸੰਘਰਸ਼ ਨੂੰ ਕਿੱਥੇ ਖੜਾ ਕੀਤਾ ਹੈ, ਨਾ ਹੀ ਅਕਾਲ ਤਖਤ ਦਾ ਜਥੇਦਾਰ ਜਾਂ ਦੂਜੇ ਤਖਤਾਂ ਦੇ ਜਥੇਦਾਰਾਂ ਨੇ ਆਪਣੇ ਹੱਥੀਂ ਜਾਰੀ ਕੀਤੇ ਹੁਕਮਨਾਮਿਆਂ ਉੱਤੇ ਕਿਸੇ ਵੀ ਤਰ੍ਹਾਂ ਦਾ ਪਹਿਰਾ ਦਿੱਤਾ। ਸਿੱਖ ਕੌਮ ਜਥੇਦਾਰਾਂ ਦੇ ਮੁੰਹ ਵੱਲ ਵੇਖਦੀ ਰਹੀ, ਪਰ ਜਥੇਦਾਰ ਅੱਗੇ ਆਪਣੇ ਆਕਾ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁੰਹ ਵੱਲ ਨੂੰ ਤੱਕਦੇ ਰਹੇ, ਅਖੀਰ ਸਿੱਖਾਂ ਦੇ ਪੱਲੇ ਜੋ ਕੁੱਝ ਕੱਲ ਪਿਆ, ਉਸ ਨੇ ਸਾਰੀ ਕੌਮ ਨੂੰ ਝੰਜੋੜਕੇ ਰੱਖ ਦਿੱਤਾ ਹੈ, ਲੇਕਿਨ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਸੌਦਾ ਸਾਧ ਦੀ ਫਿਲਮ ਉੱਤੇ ਪਬੰਦੀ ਲੱਗੀ ਦੋ ਦਿਨ ਮੋਗਾ ਸ਼ਹਿਰ ਦੀ ਮੁਕੰਮਲ ਨਾਕਾ ਬੰਦੀ ਰਹੀ, ਸਰਕਾਰ ਵੀ ਸਿਰਹਾਣੇ ਬਾਂਹ ਦੇ ਕੇ ਸੁੱਤੀ ਰਹੀ, ਪਰ ਸਿੱਖਾਂ ਖਿਲਾਫ਼ ਜਾਂ ਸਿੱਖੀ ਦੇ ਵਿਰੁੱਧ ਰੋਜ਼ ਕੋਈ ਨਾ ਕੋਈ ਘਿਨਾਉਣੀ ਹਰਕਤ ਹੋ ਰਹੀ ਹੈ, ਸਿੱਖ ਘੂਕ ਸੁੱਤੇ ਪਏ ਹਨ, ਕਿਸੇ ਪਾਸੇ ਸਾਧ ਦੀ ਮਾਫ਼ੀ ਹੋ ਰਹੀ ਹੈ, ਕਿਧਰੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ, ਕੋਈ ਜੱਜ ਗੁਰੂ ਗ੍ਰੰਥ ਸਾਹਿਬ ਨੂੰ ਸੰਮਨ ਕਰਕੇ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਕਰ ਰਿਹਾ ਹੈ, ਗੁਰੂ ਦੀ ਗੋਲਕ ਨੂੰ ਲੁੱਟਣ ਵਾਸਤੇ ਸ਼੍ਰੋਮਣੀ ਕਮੇਟੀ ਰਾਹੀ ਹਰ ਰੋਜ਼ ਕੋਈ ਨਵਾਂ ਡਾਕੂ ਆ ਰਿਹਾ ਹੈ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 83 ਸਾਲਾ ਬਜੁਰਗ ਸੁੱਕ ਕੇ ਕੁਰੰਗ ਬਣਿਆ ਪਿਆ ਹੈ, ਪਰ ਮਜਾਲ ਹੈ ਕੌਮ ਦੇ ਕੰਨ ਉੱਤੇ ਜੂੰ ਸਰਕੀ ਹੋਵੇ? ਜੇ ਜਥੇਦਾਰਾਂ ਨੇ ਨਾਗਪੁਰ ਜਾਂ ਚੰਡੀਗੜ ਦੇ ਨਾਲ ਹਮਮਸ਼ਵਰਾ ਹੋ ਕੇ ਕੋਈ ਕੌਮ ਵਿਰੋਧੀ ਕਦਮ ਚੁੱਕਿਆ ਹੈ ਤਾਂ ਸਾਰੀ ਕੌਮ ਨੂੰ ਸੜਕਾਂ ਉੱਤੇ ਨਿੱਕਲ ਆਉਣਾ ਚਾਹੀਦਾ ਸੀ। ਸੰਘਰਸ਼ਾਂ ਵਿੱਚੋਂ ਜਨਮੀ ਕੌਮ ਨੇ ਵੀ ਸੰਘਰਸ਼ ਤੋਂ ਮੁੰਹ ਮੋੜ ਲਿਆ ਹੈ, ਅਜੋਕਾ ਸਿੱਖ ਪ੍ਰੇਮੀਆਂ ਤੋਂ ਵੀ ਗਿਆ ਗੁਜਰਿਆ ਹੋ ਗਿਆ ਹੈ, ਸ਼ਾਂਤਮਈ ਸੜਕਾਂ ਉੱਤੇ ਆਉਣ ਨੂੰ ਵੀ ਤਿਆਰ ਨਹੀ ਹੈ।

ਅੱਜ ਫਿਰ ਸਿੱਖ ਉਥੇ ਹੀ ਖਲੋਤੇ ਹਨ, ਮਸਲਾ ਪੁਰਾਣਾ ਪਰ ਨਵੇਂ ਰੂਪ ਵਿੱਚ ਸਾਹਮਣੇ ਆ ਗਿਆ ਹੈ। ਹੁਣ ਫਿਰ ਮੀਟਿੰਗਾਂ ਹੋਣਗੀਆਂ ਕੋਈ ਸੰਘਰਸ਼ ਕਮੇਟੀ ਬਣ ਜਾਵੇਗੀ, ਨਾ ਨਵਾਂ ਪਰ ਕੰਮ ਪੁਰਾਣਾ ਹੀ ਹੋਵੇਗਾ, ਡੀ.ਸੀ. ਦਫਤਰਾਂ ਅੱਗੇ ਮੁਜ਼ਾਹਰੇ ਮੈਮੋਰੰਡਮ ਜਾਂ ਜਥੇਦਾਰਾਂ ਨੂੰ ਮੈਮੋਰੰਡਮ, ਫਿਰ ਸੜਕਾਂ ਉੱਤੇ ਘਿਰਾਓ, ਸਿੱਖਾਂ ਦੀ ਖਿੱਚਾ ਧੂਹੀ, ਕੋਈ ਸ਼ਹੀਦ ਹੋ ਜਾਵੇਗਾ, ਫਿਰ ਉਸਦਾ ਭੋਗ, ਅੱਗੋਂ ਬਰਸੀ, ਹੌਲੀ ਹੌਲੀ ਸਭ ਕੁੱਝ ਖਤਮ, ਬੱਸ ਆਹ ਕੁੱਝ ਹੈ ਸਿੱਖਾਂ ਦੇ ਪੱਲੇ ? ਹੁਣ ਸਭ ਦੇ ਜਿਹਨ ਵਿੱਚ ਇੱਕ ਹੀ ਸਵਾਲ ਹੋਵੇਗਾ ਕਿ ਫਿਰ ਕਰਨਾ ਕੀਹ ਚਾਹੀਦਾ ਹੈ? ਐਕਸ਼ਨ ਕਮੇਟੀਆਂ ਬਹੁਤ ਬਣ ਚੁੱਕੀਆਂ ਹਨ, ਜਥੇਬੰਦੀਆਂ ਦੀ ਬਹੁਤਾਤ ਹੈ, ਸੰਸਥਾਵਾਂ ਦਾ ਅੰਤ ਨਹੀ, ਪਰ ਸਿੱਖੀ ਗਰਕਦੀ ਜਾ ਰਹੀ ਹੈ, ਮੱਤ ਕੋਈ ਆਖੇ ਕਿ ਸਿਰਫ ਬਾਦਲ ਹੀ ਸਿੱਖੀ ਦੀ ਬਰਬਾਦੀ ਵਾਸਤੇ ਜਿੰਮੇਵਾਰ ਹੈ, ਇਸ ਵਾਸਤੇ ਪੰਥਕ ਲੋਕ, ਜਿਹੜੇ ਏਨੀ ਬਰਬਾਦੀ ਤੋਂ ਬਾਅਦ ਵੀ ਆਪਣੀ ਆਪਣੀ ਤੂਤੀ ਵਜਾਉਂਦੇ ਫਿਰਦੇ ਹਨ, ਉਹ ਬਾਦਲ ਤੋਂ ਵੀ ਵਧੇਰੇ ਜਿੰਮੇਵਾਰ ਹਨ। ਜੇ ਕੌਮ ਵਾਸਤੇ ਕੁੱਝ ਕਰਨਾ ਹੈ ਫਿਰ ਸਭ ਨੂੰ ਏਕਤਾ ਦਾ ਪੱਲਾ ਫੜਕੇ ਪਹਿਲਾਂ ਪੰਥ ਬਣਨਾ ਪਵੇਗਾ, ਉਸ ਪੰਥ ਵਿੱਚ ਗੁਰੂ ਦੇ ਪ੍ਰਾਣ ਹਰਕਤ ਕਰਨਗੇ ਅਤੇ ਰਹਿਨੁਮਾਈ ਗੁਰੂ ਗ੍ਰੰਥ ਸਾਹਿਬ ਦੀ ਹੋਵੇਗੀ, ਫਿਰ ਕੌਮ ਨੂੰ ਫਤਹਿ ਦੇ ਮੁਕਾਮ ਉੱਤੇ ਪਹੁੰਚਣ ਤੋਂ ਦੁਨੀਆਂ ਦੀ ਕੋਈ ਤਾਕਤ ਨਹੀ ਰੋਕ ਸਕੇਗੀ, ਪਰ ਇੱਕ ਖਿਆਲ ਜਰੂਰ ਰੱਖਣਾ ਹੋਵੇਗਾ ਕਿ ਮੇਰੇ ਵਰਗੇ ਜਿਹੜੇ ਸੱਜਣ ਪਹਿਲਾਂ ਸੰਘਰਸ਼ ਦੇ ਮੋਹਰੀ ਹੋ ਕੇ ਕੌਮ ਨੂੰ ਕਿਸੇ ਪ੍ਰਾਪਤੀ ਦੇ ਮੁਕਾਮ ਉੱਤੇ ਨਹੀ ਲਿਜਾ ਸਕੇ, ਉਹਨਾਂ ਨੂੰ ਆਪ ਹੀ ਥੋੜਾ ਜਿਹਾ ਟਾਲਾ ਕਰ ਲੈਣਾ ਚਾਹੀਦਾ ਹੈ ਅਤੇ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ।

ਅਜੋਕੇ ਯੁੱਗ ਦੀ ਲੜਾਈ ਹੁਣ ਬੜੀ ਹੀ ਪੇਚੀਦਾ ਹੈ, ਭਾਰਤੀ ਨਿਜ਼ਾਮ ਅਤੇ ਸਰਕਾਰਾਂ ਨੇ ਸਾਡੇ ਬੱਚਿਆਂ ਦੇ ਜਜਬਾਤਾਂ ਨੂੰ ਤੀਲੀ ਲਾ ਕੇ ਸਾਨੂੰ ਹਿੰਸਕ ਰਾਹ ਉੱਤੇ ਤੋਰਨ ਵਾਸਤੇ ਪੂਰਾ ਜੋਰ ਲਾਉਣਾ ਹੈ, ਪਰ ਅਸੀਂ ਹਰ ਹੀਲੇ ਦੁਨੀਆਂ ਦੇ ਬਦਲਦੇ ਦਸਤੂਰ ਨੂੰ ਸਾਹਮਣੇ ਰੱਖਕੇ, ਇੱਕ ਆਦਰਸ਼ ਸਿੱਖ ਬਣਕੇ ਕੌਮੀਂ ਸੰਘਰਸ਼ ਲੜਨਾ ਹੈ। ਹੁਣ ਜਰਾ ਵੀ ਕੋਤਾਹੀ ਬਰਬਾਦੀ ਦੇ ਕਿਨਾਰੇ ਉੱਤੇ ਖੜੀ ਕੌਮ ਨੂੰ ਅੰਨੇ ਖੂਹ ਵਿੱਚ ਧੱਕਾ ਦੇਣ ਵਾਸਤੇ ਕਾਫੀ ਹੈ, ਇਸ ਵਾਸਤੇ ਬੜੀ ਦੂਰਅੰਦੇਸ਼ੀ, ਸੰਜੀਦਗੀ ਅਤੇ ਦਿਆਨਤਦਾਰੀ ਨਾਲ ਹੀ ਅਜਿਹੀ ਔਖੀ ਘੜੀ ਵਿੱਚੋਂ ਕੌਮ ਨੂੰ ਕੱਢਿਆ ਜਾ ਸਕਦਾ ਹੈ। ਆਪਸੀ ਗਿਲੇ ਪੂਰੀ ਤਰਾਂ ਪਾਸੇ ਰੱਖਕੇ ਸਭ ਤੋਂ ਪਹਿਲਾਂ ਏਕਤਾ, ਫਿਰ ਬੜੀ ਸੋਚ ਵਿਚਾਰ ਨਾਲ ਸੰਘਰਸ਼, ਕਾਹਲੀ ਵਿੱਚ ਚੁੱਕੇ ਕਦਮ ਸਾਡੇ ਪੈਰਾਂ ਦੀ ਬੇੜੀ ਸਾਬਿਤ ਹੋ ਸਕਦੇ ਹਨ। ਅੱਜ ਹੀ ਕੁੱਝ ਕਰਨਾ ਜਰੂਰੀ ਨਹੀ ਹੈ, ਕੁੱਝ ਦਿਨ ਲੰਘ ਵੀ ਜਾਣ, ਤਦ ਵੀ ਕੋਈ ਫਰਕ ਨਹੀ ਪਵੇਗਾ, ਪਰ ਸੰਘਰਸ਼ ਜਦੋਂ ਵੀ ਹੋਵੇ, ਉਸ ਵਿੱਚੋਂ ਕੋਈ ਨਤੀਜਾ ਨਿਕਲਣਾ ਚਾਹੀਦਾ ਹੈ ਨਹੀ ਤਾਂ ਸਾਡੇ ਅਤੇ ਬਾਦਲ ਵਿੱਚ ਕੋਈ ਫਰਕ ਨਹੀ ਅਤੇ ਨਾ ਹੀ ਇਤਿਹਾਸ ਅਤੇ ਗੁਰੂ ਸਾਹਿਬ ਨੇ ਸਾਨੂੰ ਮਾਫ਼ ਕਰਨਾ ਹੈ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top