Share on Facebook

Main News Page

ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਵਲੋਂ ਟੁੱਕੜਬੋਚ ਜਥੇਦਾਰ ਨੂੰ ਸਵਾਲ

(ਅ)ਗਿਆਨੀ ਗੁਰਬਚਨ ਸਿੰਘ ਵੱਲੋਂ ਹੁਕਮਨਾਮੇ 'ਤੇ ਮੁੜ ਵੀਚਾਰ ਕਰਨ ਲਈ ਬਣਾਏ ਜਾਣ ਵਾਲੀ ਕਮੇਟੀ ਅਤੇ ਮੰਗੇ ਗਏ ਸੁਝਾਵਾਂ ਸਬੰਧੀ ਕੁਝ ਸਵਾਲ ਅਤੇ ਸੁਝਾਉ।

(ਅ)ਗਿਆਨੀ ਗੁਰਬਚਨ ਜੀ ਹੁਣ ਕਮੇਟੀ ਬਣਾਉਣ ਅਤੇ ਸੁਝਾਉ ਮੰਗਣ ਦੀ ਤਾਂ ਕੋਈ ਤੁਕ ਹੀ ਨਹੀਂ ਰਹਿ ਗਈ। ਇਹ ਕੰਮ ਤਾਂ ਆਪਣਾ ਇਹ ਕੂੜਨਾਮਾ ਜਾਰੀ ਕਰਨ ਤੋਂ ਤੁਹਾਨੂੰ ਪਹਿਲਾਂ ਕਰਨਾ ਚਾਹੀਦਾ ਸੀ। ਹੁਣ ਤਾਂ ਤੁਸੀਂ ਕੌਮ ਨੂੰ ਹੇਠ ਲਿਖੇ ਜਵਾਬ ਦਿਓ :-

੧) ਸੌਦਾ ਸਾਧ ਨੇ ਕਿਸੇ ਚਿੱਠੀ ਵਿੱਚ ਆਪਣੀ ਗਲਤੀ ਤਾਂ ਸਵੀਕਾਰੀ ਹੀ ਨਹੀਂ ਫਿਰ ਤੁਸੀਂ ਮੁਆਫੀ ਕਿਸ ਗਲਤੀ ਦੀ ਦਿੱਤੀ?

੨) ਸੌਧਾ ਸਾਧ ਨੇ ਆਪਣੇ ਸਪਸ਼ਟੀਕਰਨ ਵਿੱਚ ਲਿਖਿਆ ਹੈ ਕਿ ਉਸ ਨੇ ਕਦੀ ਵੀ ਕਿਸੇ ਗੁਰੂ, ਪੀਰ ਪੈਕੰਬਰ ਦੀ ਨਕਲ ਨਹੀਂ ਕੀਤੀ ਅਤੇ ਨਾ ਹੀ ਅਜਿਹਾ ਕਰਨ ਦੀ ਉਹ ਕਦੀ ਸੋਚ ਸਕਦੇ ਹਨ। ਤੁਸੀਂ ਇਸ ਸਪਸ਼ਟੀਕਰਨ ਨੂੰ ਸਵੀਕਾਰ ਕਰ ਲਿਆ ਹੈ; ਜਿਸ ਦਾ ਭਾਵ ਇਹ ਹੈ ਕਿ ੨੦੦੭ ਵਿੱਚ ਅਕਾਲ ਤਖਤ ਤੋਂ ਸੌਦੇ ਸਾਧ ਵਿਰੁੱਧ ਜਾਰੀ ਹੁਕਮਨਾਮਾ ਬਿਨਾ ਕਿਸੇ ਪੜਤਾਲ ਤੋਂ ਜਾਰੀ ਕੀਤਾ ਗਿਆ ਸੀ ਜਿਸ ਦੀ ਵਜ੍ਹਾ ਨਾਲ ੮ ਸਾਲ ਤੱਕ ਪੰਜਾਬ ਦਾ ਮਹੌਲ ਖਰਾਬ ਹੋਇਆ ਅਤੇ ਅਮਨ ਸ਼ਾਂਤੀ ਭੰਗ ਹੋਈ। ਇਸ ਲਈ ਮਹੌਲ ਖ਼ਰਾਬ ਕਰਨ ਦੇ ਕਸੂਰਵਾਰ ਕੇਵਲ ੨੦੦੭ ਵਿੱਚ ਅਕਾਲ ਤਖ਼ਤ ਤੋਂ ਜਾਰੀ ਹੋਇਆ ਹੁਕਮਨਾਮਾ ਅਤੇ ਉਸ ’ਤੇ ਅਮਲ ਕਰਨ ਵਾਲੇ ਸਿੱਖ ਹਨ?

੩) “ਪੰਜ ਸਿੰਘ ਸਾਹਿਬਾਨ ਨੇ ਦੀਰਘ ਵੀਚਾਰ ਪਿੱਛੋਂ ਫੈਸਲਾ ਲਿਆ” ਇਹ ਸ਼ਬਦ ਤੁਸੀਂ ੨੦੦੭ ਵਾਲੇ ਹੁਕਮਨਾਮੇ ਉਪਰ ਵੀ ਲਿਖੇ ਸਨ ਅਤੇ ੨੪ ਸਤੰਬਰ ੨੦੧੫ ਵਾਲੇ ਹੁਕਮਨਾਮੇ ’ਤੇ ਵੀ ਲਿਖੇ ਹਨ। ਇਹ ਸ਼ਬਦਾਵਲੀ ਤੁਹਾਡੇ ਸਾਰੇ ਹੀ ਹੁਕਨਾਮਿਆਂ ਉਪਰ ਅਕਸਰ ਲਿਖੀ ਹੁੰਦੀ ਹੈ। ਇਸ ਦਾ ਭਾਵ ਹੈ ਇਹ ਹੈ ਕਿ ‘ਦੀਰਘ ਵੀਚਾਰ’ ਨਾ ਤੁਸੀਂ ਉਸ ਸਮੇਂ ਕੀਤੀ ਸੀ, ਨਾ ਹੀ ਹੁਣ ਕੀਤੀ ਹੈ ਅਤੇ ਨਾ ਹੀ ਕਦੇ ਕਰਦੇ ਹੋ। ਇਹ ਕੇਵਲ ਰਸਮੀ ਸ਼ਬਦ ਹਨ ਜਿਹੜੇ ਤੁਸੀਂ ਉਪਰੋਂ ਆਏ ਹੁਕਨਾਮੇ ’ਤੇ ਲਿਖ ਕੇ ਨੀਚੇ ਅਕਾਲ ਤਖ਼ਤ ਦੀ ਮੋਹਰ ਅਤੇ ਦਸਤਖ਼ਤ ਕਰਕੇ ਇਸ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਦੱਸ ਕੇ ਗੁਰੂ ਅਤੇ ਪੰਥ ਨਾਲ ਧੋਖਾ ਕਰ ਰਹੇ ਹੋ?

੪) ਤੁਸੀਂ ਆਮ ਕਹਿੰਦੇ ਰਹਿੰਦੇ ਹੋ ਕਿ ਅਕਾਲ ਤਖ਼ਤ ਸਰਬ ਉਚ ਹੈ ਅਤੇ ਇਥੋਂ ਜਾਰੀ ਹੋਇਆ ਹੁਕਮਨਾਮਾ ਨਾ ਰੱਦ ਹੋ ਸਕਦਾ ਹੈ ਅਤੇ ਨਾ ਹੀ ਵਾਪਿਸ ਲਿਆ ਜਾ ਸਕਦਾ ਹੈ? ਪਰ ਕਿਤਨੀ ਅਜ਼ੀਬ ਗੱਲ ਹੈ ਕਿ ਪਹਿਲਾਂ ਸਰਬਉੱਚ ਪੰਜ ਸਿੰਘ ਸਾਹਿਬਾਨ ਨੇ ਦੀਰਘ ਵੀਚਾਰ ਉਪ੍ਰੰਤ ਹੁਕਮਨਾਮਾ ਜਾਰੀ ਕੀਤਾ ਅਤੇ ਹੁਣ ਇਸ ’ਤੇ ਮੁੜ ਵੀਚਾਰ ਕਰਨ ਲਈ ਮਾਹਰਾਂ ਦੀ ਕਮੇਟੀ ਬਣਾ ਰਹੇ ਹੋ! ਮੰਨ ਲਓ ਕਿ ਉਸ ਕਮੇਟੀ ਨੇ ਇਸ ਹੁਕਮਨਾਮੇ ਵਿੱਚ ਸੋਧ ਕਰਨ ਜਾਂ ਵਾਪਿਸ ਲੈਣ ਲਈ ਸਿਫਾਰਸ਼ ਕਰ ਦਿੱਤੀ ਅਤੇ ਤੁਸੀਂ ਉਸ ਸਿਫਾਰਸ਼ ਨੂੰ ਮੰਨ ਲਿਆ ਤਾਂ ਦੱਸੋ ਸਰਬਉਚ ਤੁਸੀਂ ਅਖੌਤੀ ਪੰਜ ਜਥੇਦਾਰ ਹੋਏ ਜਾਂ ਤੁਹਾਡੇ ਵੱਲੋਂ ਨਿਯੁਕਤ ਕੀਤੇ ਕਮੇਟੀ ਮੈਂਬਰ? ਜਾਂ ਤੁਸੀਂ ਕਮੇਟੀ ਮੈਂਬਰ ਹੀ ਉਸ ਤਰ੍ਹਾਂ ਦੇ ਨਿਯੁਕਤ ਕਰੋਗੇ ਜਿਹੜੇ ਤੁਹਾਡੇ ਇਸ ਕੂੜਨਾਮੇ ਨੂੰ ਬਿਲਕੁਲ ਪੰਥਕ ਮਰਿਆਦਾਵਾਂ ਅਨੁਸਾਰ ਦਰੁਸਤ ਅਤੇ ਪੰਥ ਦੇ ਵਡੇਰੇ ਹਿੱਤਾਂ ਵਿੱਚ ਲਿਆ ਗਿਆ ਸ਼ਲਾਘਾਯੋਗ ਫੈਸਲਾ ਦੱਸ ਕੇ ਪੰਥਕ ਜਜ਼ਬਾਤਾਂ ਦੇ ਉਬਾਲ ਨੂੰ ਠੰਡਾ ਕਰਨ ਲਈ ਪਾਣੀ ਤਰੌਂਕਣ ਦਾ ਕੰਮ ਕਰਨਗੇ?

੫) ਨਾ ਹੀ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ ਵਿੱਚ ਅਤੇ ਨਾ ਹੀ ਸਿੱਖ ਮਰਿਆਦਾ ਵਿੱਚ ਕਿਧਰੇ ਕਿਸੇ ਅਜੇਹੇ ਅਹੁਦੇ ਦਾ ਜ਼ਿਕਰ ਹੈ ਜਿਸ ’ਤੇ ਸ਼੍ਰੋਮਣੀ ਕਮੇਟੀ ਦੇ ਨਿਯੁਕਤ ਕੀਤੇ ਤਨਖ਼ਾਹਦਾਰ ਮੁਲਾਜ਼ਮ ਨੂੰ ਜਥੇਦਾਰ ਲਿਖਿਆ ਗਿਆ ਹੋਵੇ। ਫਿਰ ਤੁਸੀਂ ਹੀ ਦੱਸੋ ਕਿ ਤੁਸੀਂ ਆਪਣੇ ਆਪ ਨੂੰ ਸਰਬਉਚ ਸਿੰਘ ਸਾਹਿਬਾਨ ਕਿਸ ਅਧਾਰ ’ਤੇ ਲਿਖ ਤੇ ਬੋਲ ਰਹੇ ਹੋ? ਸਮੁਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਂ ਸਿੱਖ ਇਤਿਹਾਸ ਵਿੱਚ ਵੀ ਅਜੇਹੇ ਅਖੌਤੀ ਪੰਜ ਸਿੰਘ ਸਾਹਿਬਾਨਾਂ ਦਾ ਕਿਧਰੇ ਜ਼ਿਕਰ ਨਹੀਂ ਹੈ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਤਾਂ ਖ਼ੁਦ ਕਹਿ ਰਹੇ ਹਨ: ‘ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ।’ (ਵਾਰ ੧ ਪਉੜੀ ੪੨/੪)। ਫਿਰ ਤੁਸੀਂ ਹੀ ਦੱਸੋ ਕਿ ਆਪਣੇ ਆਪ ਨੂੰ ਸਰਬਉਚ ਦੱਸ ਕੇ ਤੁਸੀਂ ਗੁਰੂ, ਸੰਗਤ ਅਤੇ ਬਾਣੀ ਨੂੰ ਕਿਹੜੇ ਸਥਾਨ ’ਤੇ ਰੱਖ ਰਹੇ ਹੋ?

ਸੋ ਜੇ ਨਾ ਤੁਸੀਂ ਜਥੇਦਾਰ ਵਾਲੇ ਗੁਣ ਰਖਦੇ ਹੋ, ਨਾ ਹੀ ਤੁਸੀਂ ਦੀਰਘ ਵੀਚਾਰ ਰਖਦੇ ਹੋ, ਤੇ ਕੇਵਲ ਨਾਗਪੁਰ ਤੋਂ ਵਾਇਆ ਚੰਡੀਗੜ੍ਹ ਆਏ ਹੁਕਮਾਂ ’ਤੇ ਅਕਾਲ ਤਖ਼ਤ ਦੀ ਮੋਹਰ ਲਾ ਕੇ ਦਸਤਖ਼ਤ ਕਰਕੇ ਇਸ ਨੂੰ ਕੌਮ ਦੀ ਸੁਚੱਜੀ ਅਗਵਾਈ ਕਰਨਾ ਦੱਸ ਰਹੇ ਹੋ, ਤਾਂ ਕੀ ਤੁਹਾਡੇ ’ਤੇ ਗੁਰਬਾਣੀ ਦਾ ਇਹ ਫ਼ੁਰਮਾਨ ਪੂਰਾ ਨਹੀਂ ਢੁਕ ਰਿਹਾ:

ਨਾਨਕ, ਤੇ ਨਰ ਅਸਲਿ ਖਰ; ਜਿ, ਬਿਨੁ ਗੁਣ ਗਰਬੁ ਕਰੰਤ ॥੧੫॥’ ਸਲੋਕ ਵਾਰਾਂ ਤੇ ਵਧੀਕ (ਮ: ੧ ਪੰਨਾ ੧੪੧੧)।

ਜੇ ਸਿਰਫ ਆਪਣਾ ਅਹੁਦਾ ਅਤੇ ਸੁੱਖ ਸਹੂਲਤਾਂ ਬਚਾਉਣ ਦੇ ਲਾਲਚ ਕਾਰਨ ਹੀ ਤੁਸੀਂ ਕੌਮ ਨਾਲ ਐਸਾ ਧੋਖਾ ਕਰ ਰਹੇ ਹੋ ਤਾਂ ਕੀ ਤੁਹਾਡੇ ’ਤੇ ਇਹ ਗੁਰਫ਼ੁਰਮਾਨ ਪੂਰਾ ਨਹੀਂ ਢੁਕਦਾ:

ਲੋਭ ਵਿਕਾਰ ਜਿਨਾ ਮਨੁ ਲਾਗਾ; ਹਰਿ ਵਿਸਰਿਆ ਪੁਰਖੁ ਚੰਗੇਰਾਓਇ ਮਨਮੁਖ ਮੂੜ ਅਗਿਆਨੀ ਕਹੀਅਹਿ; ਤਿਨ ਮਸਤਕਿ ਭਾਗੁ ਮੰਦੇਰਾ ॥੩॥’ (ਟੋਡੀ, ਮ: ੪/ ਪੰਨਾ ੭੧੧)

ਸੋ ਉਪ੍ਰੋਕਤ ਸਾਰੀ ਵੀਚਾਰ ਉਪ੍ਰੰਤ ਸਾਡਾ ਤੁਹਾਨੂੰ ਇਹੀ ਸੁਝਾਉ ਹੈ ਕਿ ਆਪਣੇ ਆਪ ਨੂੰ ਸਰਬਉਚ ਜਥੇਦਾਰ/ ਸਿੰਘ ਸਾਹਿਬ ਕਹਾਉਣਾ ਬੰਦ ਕਰ ਦੇਵੋ; ਗੁਰਬਾਣੀ ਦੀ ਰੌਸ਼ਨੀ ਵਿੱਚ ਸੰਗਤ ਵੱਲੋਂ ਲਈ ਗਏ ਫੈਸਲੇ ਵਾਲੀ ਪਿਰਤ ਦੀ ਮੁੜ ਬਹਾਲੀ ਦੀ ਸ਼ੁਰੂਆਤ ਕਰਨ ਲਈ ਉਪਰੋਂ ਆਏ ਫੈਸਲਿਆਂ ’ਤੇ ਅਕਾਲ ਤਖ਼ਤ ਦੀ ਮੋਹਰ ਅਤੇ ਦਸਤਖ਼ਤ ਕਰਕੇ ਆਪਣੇ ਆਪ ਨੂੰ ਅਸਲਿ ਖਰ, ਮਨਮੁਖ, ਮੂੜ, ਅਗਿਆਨੀ ਕਹਾਉਣ ਤੋਂ ਬਚ ਜਾਉ ਤਾਂ ਚੰਗਾ ਹੈ ਨਹੀਂ ਤਾਂ ਹੁਣ ਕੌਮ ਜਾਗ ਪਈ ਹੈ ਤੁਹਾਡੀ ਹਾਲਤ ਅਰੂੜ ਸਿੰਘ ਨਾਲੋਂ ਵੀ ਕਿਤੇ ਬਦਤਰ ਬਣ ਰਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top