02 Oct 2015 (ਕਿਰਪਾਲ
ਸਿੰਘ): ਆਮ ਵੇਖਿਆ ਗਿਆ ਹੈ ਕਿ ਜਾਗਰੂਕ ਸਿੱਖ
ਗੁਰਦੁਆਰਿਆਂ ਵਿੱਚ ਗੁਰਮਤਿ ਸਿਧਾਂਤਾਂ ’ਤੇ ਪਹਿਰੇਦਾਰੀ ਅਤੇ ਪੰਥਕ ਏਕਤਾ ਲਈ ਸਿੱਖ ਰਹਿਤ
ਮਰਯਾਦਾ ਲਾਗੂ ਕਰਨ ਦੀਆਂ ਗੱਲਾਂ ਤਾਂ ਬਹੁਤ ਕਰਦੇ ਰਹਿੰਦੇ ਹਨ ਪਰ ਇਸ ਲਈ ਗੰਭੀਰ ਸੋਚ
ਵੀਚਾਰ ਕਦੇ ਨਹੀਂ ਕਰਦੇ ਕਿ ਇਹ ਸੰਭਵ ਤਾਂ ਹੀ ਹੋ ਸਕਦਾ ਹੈ ਜੇਕਰ ਗੁਰਦੁਆਰਾ ਚੋਣਾਂ ਸਮੇਂ
ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਪ੍ਰਵਾਨ ਕਰਨ ਵਾਲੇ ਅਤੇ ਸਿੱਖ ਰਹਿਤ ਮਰਿਆਦਾ
ਦੇ ਧਾਰਨੀ ਮੈਂਬਰਾਂ ਦੀ ਹੀ ਚੋਣ ਕੀਤੀ ਜਾਵੇ। ਚੋਣਾਂ ਨੂੰ ਉਹ ਸਿਆਸੀ ਖੇਡ੍ਹ ਦੱਸ ਕੇ
ਅਕਸਰ ਹੀ ਚੋਣਾਂ ਤੋਂ ਉਪ੍ਰਾਮ ਰਹਿੰਦੇ ਹਨ ਅਤੇ ਕਈ ਵਾਰ ਤਾਂ ਗੁਰਦੁਆਰੇ ਦੀ ਮੈਂਬਰਸ਼ਿਪ
ਫੀਸ ਭਰ ਕੇ ਵੋਟਰ ਬਣਨ ਤੋਂ ਵੀ ਦੂਰ ਰਹਿੰਦੇ ਹਨ।
ਸੋ ਅਜੇਹੇ ਜਾਗਰੂਕ ਸਿੱਖ ਗੁਰਦੁਆਰਾ
ਚੋਣਾਂ ਸਮੇਂ ਤਕਰੀਬਨ ਹਾਸ਼ੀਏ ’ਤੇ ਹੀ ਰਹਿੰਦੇ ਹਨ ਜਿਸ ਕਰਕੇ ਗੁਰਦੁਆਰਾ ਪ੍ਰਬੰਧ ਜਾਂ
ਸਿੱਖ ਰਹਿਤ ਮਰਿਆਦਾ ਦੀ ਬਹਾਲੀ ਲਈ ਉਹ ਕਰ ਤਾਂ ਕੁਝ ਨਹੀਂ ਸਕਦੇ ਪਰ ਗੁਰਦੁਆਰਿਆਂ ਵਿੱਚ
ਹੁੰਦੀ ਮਨਮਤ ਵੇਖ ਕੇ ਝੁਰਦੇ ਜਰੂਰ ਰਹਿੰਦੇ ਹਨ। ਭਾਵੇਂ ਮੌਜੂਦਾ ਸਮੇਂ ਹੋ ਰਹੀਆਂ
ਗੁਰਦੁਆਰਾ ਚੋਣਾਂ ਗੁਰਮਤਿ ਦੇ ਅਨੁਕੂਲ ਨਹੀਂ ਹਨ, ਪਰ ਇਹ ਮੰਨਣਾਂ ਪੈਣਾ ਹੈ ਕਿ ਅੱਜਕਲ੍ਹ
ਦੇ ਲੋਕਤੰਤਰਕ ਯੁੱਗ ਵਿਚ ਚੋਣਾਂ ਤੋਂ ਵਗੈਰ ਹੋਰ ਕੋਈ ਐਸਾ ਢੰਗ ਵੀ ਨਜ਼ਰ ਨਹੀਂ ਆਉਂਦਾ
ਜਿਸ ਨਾਲ ਕੋਈ ਸੁਧਾਰ ਸੰਭਵ ਹੋ ਸਕੇ। ਸੋ ਤਰੁਟੀਆਂ ਦੇ ਬਾਵਯੂਦ ਅਸੀਂ ਚੋਣਾਂ ਨੂੰ ਨਕਾਰ
ਨਹੀਂ ਸਕਦੇ।
ਸੋ ਬਿਹਤਰ ਇਹੀ ਹੈ ਕਿ ਪੂਰੀ ਗੰਭੀਰਤਾ ਨਾਲ
ਚੋਣਾਂ ਵਿੱਚ ਭਾਗ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਪ੍ਰਵਾਨ ਕਰਨ ਵਾਲੇ ਅਤੇ
ਸਿੱਖ ਰਹਿਤ ਮਰਿਆਦਾ ਦੇ ਧਾਰਨੀ ਸਾਫ ਸੁਥਰੇ ਅਕਸ਼ ਵਾਲੇ ਮੈਂਬਰਾਂ ਦੀ ਚੋਣ ਯਕੀਨੀ ਬਣਾਈ
ਜਾਵੇ।
ਐਤਵਾਰ 04 ਅਕਤੂਬਰ 2015
ਨੂੰ ਟੋਰਾਂਟੋ ਸਥਿਤ
ਉਨਟਾਰੀਓ ਖ਼ਾਲਸਾ ਦਰਬਾਰ ਗੁਰਦੁਆਰਾ, ਡਿਕਸੀ ਰੋਡ ਦੀ ਚੋਣ ਹੋ ਰਹੀ ਹੈ। ਇਸ
ਚੋਣ ਵਿੱਚ ਤਿੰਨ ਧੜੇ
(1) ਰਣਜੋਧ
ਸਿੰਘ ਪੰਧੇਰ, ਸਵਰਨ ਸਿੰਘ ਕੈਰੋਂ ਦਾ ਧੜਾ
(2) ਜਸਜੀਤ ਸਿੰਘ ਭੁੱਲਰ, ਹਰਬੰਸ ਸਿੰਘ ਜੰਡਾਲੀ ਦਾ ਧੜਾ
(3) ਤੀਸਰਾ ਧੜਾ ਨਿਰੋਲ ਡੇਰਾਵਾਦੀ ਸੋਚ ਨਾਲ ਸਬੰਧਤ ਹੈ;
ਆਪਣੀ ਕਿਸਮਤ ਅਜਮਾ ਰਹੇ ਹਨ। ਜਿਸ ਤਰ੍ਹਾਂ
ਕੈਨੇਡਾ ਗੁਰਦੁਆਰਾ ਚੋਣਾਂ ਸਮੇਂ ਸਲੇਟਾਂ ਬਣਦੀਆਂ ਹਨ ਅਤੇ ਵੋਟਰ ਲਈ ਚੋਣ ਲੜ ਰਹੇ ਵੱਖ
ਵੱਖ ਧੜਿਆਂ ਵਿੱਚੋਂ ਸਿਰਫ ਇਕ ਸਲੇਟ (ਧੜੇ) ਦੀ ਚੋਣ ਕਰਨ ਦੀ ਹੀ ਆਪਸ਼ਨ ਹੁੰਦੀ ਹੈ, ਭਾਵ
ਉਸ ਧੜੇ ਦੇ ਸਾਰੇ ਉਮੀਦਵਾਰਾਂ ਨੂੰ ਭਾਵੇਂ ਉਨ੍ਹਾਂ ਵਿੱਚੋਂ ਕੁਝ ਉਮੀਦਵਾਰ ਉਸ ਨੂੰ ਪਸੰਦ
ਹੋਣ ਜਾਂ ਨਾ; ਨੂੰ ਵੋਟ ਪਾਉਣੀ ਪੈਂਦੀ ਹੈ।
ਇਸ ਚੋਣ ਪ੍ਰਣਾਲੀ ਵਿੱਚ ਵੱਡਾ ਨੁਕਸ ਇਹ
ਹੈ ਕਿ ਵੋਟਰ ਕਿਸੇ ਇੱਕ ਧੜੇ ਦੀ ਹੀ ਚੋਣ ਕਰ ਸਕਦਾ ਹੈ, ਕਿਸੇ ਚੰਗੇ ਵਿਅਕਤੀ ਦੀ
ਚੋਣ ਨਹੀਂ ਕਰ ਸਕਦਾ।
ਦੂਸਰਾ ਨੁਕਸ ਇਹ ਹੈ ਕਿ ਧੜਿਆਂ
ਤੋਂ ਨਿਰਲੇਪ ਕਿਸੇ ਵੀ ਚੰਗੇ ਕਿਰਦਾਰ ਵਾਲੇ ਅਜ਼ਾਦ ਉਮੀਦਵਾਰ ਦਾ ਚੋਣ ਜਿਤਣ ਦਾ ਕੋਈ ਮੌਕਾ
ਨਹੀਂ ਰਹਿੰਦਾ। ਸੋ ਸਲੇਟ ਸਿਸਟਮ, ਸਿਧਾਂਤ ਦੀ ਕੀਮਤ ’ਤੇ ਧੜੇਵੰਦੀ ਨੂੰ ਉਤਸ਼ਾਹਤ ਕਰਦਾ
ਹੈ। ਪਰ ਇਸ ਵਾਰ ਕਿਉਂਕਿ ਚੋਣ ਅਦਾਲਤ ਦੇ ਹੁਕਮਾਂ ਅਤੇ ਨਿਗਰਾਨੀ ਹੇਠ ਹੋ ਰਹੀ ਹੈ, ਇਸ
ਲਈ ਉਸ ਨੇ ਸਲੇਟ ਸਿਸਟਮ ਨੂੰ ਰੱਦ ਕਰਕੇ ਅਜ਼ਾਦ ਤੌਰ ’ਤੇ ਚੋਣ ਲੜਨ ਦਾ ਮੌਕਾ ਦਿੱਤਾ ਹੈ।
ਇਸ
ਮੌਕੇ ਦਾ ਲਾਭ ਉਠਾ ਕੇ ਸ: ਚੈਨ ਸਿੰਘ ਧਾਲੀਵਾਲ
ਧੜੇਵੰਦੀ ਤੋਂ ਉਪਰ ਉਠ ਕੇ ਨਿਰੋਲ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਅਤੇ ਪ੍ਰਚਾਰ ਹਿਤ
ਕੇਵਲ ਗੁਰਮਤਿ ਦੇ ਧਾਰਨੀ ਪ੍ਰਚਾਰਕਾਂ ਨੂੰ ਬੁਲਾਉਣ ਦੇ ਮੁੱਦੇ ਨੂੰ ਲੈ ਕੇ ਅਜ਼ਾਦ ਤੌਰ
’ਤੇ ਚੋਣ ਲੜ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਪਿਛਲੇ
12 ਸਾਲਾਂ ਤੱਕ ਜਸਜੀਤ ਸਿੰਘ ਭੁੱਲਰ, ਹਰਬੰਸ ਸਿੰਘ ਜੰਡਾਲੀ ਦੇ ਧੜੇ ਨਾਲ ਇਸ ਸ਼ਰਤ ’ਤੇ
ਸਬੰਧਤ ਰਿਹਾ ਹੈ ਕਿ ਜੇ ਚੋਣ ਉਪ੍ਰੰਤ ਸੇਵਾ ਇਸ ਗਰੁੱਪ ਨੂੰ ਮਿਲੀ ਤਾਂ ਗੁਰਦੁਆਰਾ ਸਾਹਿਬ
ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਪੂਰਨ ਤੌਰ ’ਤੇ
ਲਾਗੂ ਕਰਨਗੇ। ਪਰ ਚੋਣ ਜਿੱਤਣ ਉਪ੍ਰੰਤ ਅਤੇ ਗੁਰਦੁਆਰੇ ਦੀ ਸੇਵਾ ਸੰਭਾਲਣ ਉਪ੍ਰੰਤ ਉਹ
ਅਗਲੀਆਂ ਜਿੱਤਣ ਦੀ ਲਾਲਸਾ ਕਾਰਨ ਡੇਰਾਵਾਦੀ ਸੋਚ ਵਾਲੇ ਸਿੱਖਾਂ ਦੀ ਹਮਾਇਤ ਹਾਸਲ ਕਰਨ ਦੀ
ਨੀਤੀ ਅਧੀਨ ਇਹ ਧੜਾ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਤੋਂ ਟਾਲ਼ਾ ਵਟਦਾ ਆ ਰਿਹਾ ਹੈ।
ਬੇਸ਼ੱਕ ਉਹ ਬਾਕੀ ਦੇ ਦੋਵੇਂ ਧੜਿਆਂ ਨਾਲੋਂ
ਭੁੱਲਰ ਧੜੇ ਨੂੰ ਚੰਗਾ ਸਮਝਦੇ ਹਨ, ਕਿਉਂਕਿ ਉਹ ਸਿੱਖ ਰਹਿਤ ਮਰਿਆਦਾ ਸਬੰਧੀ ਸਹਿਮਤ ਤਾਂ
ਹੋ ਜਾਂਦੇ ਹਨ। ਪਰ ਕਿਉਂਕਿ ਗੁਰਦੁਆਰਾ ਪ੍ਰਬੰਧ ’ਤੇ ਕਾਬਜ਼ ਬਣੇ ਰਹਿਣ ਦੀ ਲਾਲਸਾ ਅਧੀਨ
ਇਸ ਨੂੰ ਲਾਗੂ ਕਰਨ ਦੇ ਮਾਮਲੇ ਨੂੰ ਲਟਕਾਉਂਦੇ ਆ ਰਹੇ ਹਨ, ਇਸ ਲਈ ਉਹ ਇਸ ਧੜੇ ਤੋਂ
ਨਾਖੁਸ਼ ਰਹੇ ਹਨ ਅਤੇ ਸਮਝਦੇ ਹਨ ਕਿ ਉਨ੍ਹਾਂ ਦੇ ਧੜੇ ਵਿੱਚ ਸ਼ਾਮਲ ਹੋਣ ਵੇਲੇ ਕੀਤੇ ਵਾਅਦੇ
’ਤੇ ਉਹ ਖ਼ਰੇ ਨਹੀਂ ਉਤਰ ਰਹੇ।
ਇਸ ਲਈ ਉਹ ਕਿਸੇ ਧੜੇ ਵਿੱਚ ਸ਼ਾਮਲ ਹੋਣ ਦੀ
ਬਜਾਏ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਵਾਅਦਾ ਕਰਦੇ ਹਨ ਕਿ ਜੇ ਉਸ ਨੂੰ ਗੁਰੂ
ਦੀ ਬਖ਼ਸ਼ਿਸ਼ ਅਤੇ ਵੋਟਰਾਂ ਦੇ ਸਹਿਯੋਗ ਨਾਲ ਜਿੱਤ ਹਾਸਲ ਕਰਨ ਵਿੱਚ ਕਾਮਯਾਬੀ ਮਿਲੀ ਤਾਂ
ਸਿਰਫ ਉਸੇ ਧੜੇ ਨਾਲ ਸਹਿਯੋਗ ਕਰਨਗੇ ਜੋ ਪੂਰਨ ਤੌਰ ’ਤੇ ਸਿੱਖ ਰਹਿਤ ਮਰਿਆਦਾ ਲਾਗੂ ਕਰਨ
ਅਤੇ ਗੁਰਮਤਿ ਦੇ ਧਾਰਨੀ ਪ੍ਰਚਾਰਕਾਂ ਨੂੰ ਹੀ ਪ੍ਰਚਾਰ ਹਿਤ ਬੁਲਾਉਣ ਦਾ ਕੀਤਾ ਵਾਅਦਾ
ਨਿਭਾਉਣਗੇ।
ਉਮੀਦਵਾਰਾਂ ਦੀ ਸੂਚੀ ਵਿੱਚ ਉਨ੍ਹਾਂ ਦਾ
ਨੰ: 5 ਹੈ। ਇਸ ਲਈ ਗੁਰਦੁਆਰੇ ਵਿੱਚ ਸਿੱਖ ਰਹਿਤ
ਮਰਿਆਦਾ ਲਾਗੂ ਕਰਵਾਉਣ ਅਤੇ ਨਿਰੋਲ ਗੁਰਮਤਿ ਅਧਾਰਤ ਪ੍ਰਚਾਰ ਹੋਣ ਦੀ ਤਾਂਘ ਰੱਖਣ ਵਾਲੇ
ਵੋਟਰਾਂ ਅਤੇ ਸਮਰਥਕਾਂ ਨੂੰ ਚਾਹੀਦਾ ਹੈ ਕਿ ਸ: ਚੈਨ ਸਿੰਘ ਧਾਲੀਵਾਲ ਨੂੰ ਵੋਟ ਅਤੇ
ਸਹਿਯੋਗ ਦੇਕੇ ਮੌਕੇ ਦਾ ਲਾਭ ਉਠਾਉਣ।