Share on Facebook

Main News Page

(ਸੌਦਾ ਸਾਧ ਨੂੰ ਮੁਆਫ਼ੀ ਤੋਂ ਲਿਫ਼ਾਫ਼ਾ-ਮਾਰਕਾ 'ਜਥੇਦਾਰਾਂ' ਵਿਰੁੱਧ ੳੱਭਰੇ ਸਿੱਖ-ਰੋਹ ਦੇ ਸੰਦਰਭ 'ਚ)
ਦੇਰ ਆਇਦ ਦਰੁਸਤ ਆਇਦ
-: ਗੁਰਤੇਜ ਸਿੰਘ Ex. IAS
2 ਅਕਤੂਬਰ 2015

ਅੱਜ ਸਾਰਾ ਪੰਥ ਅਖੌਤੀ ਪੰਜ ਸਿੰਘ ਸਾਹਿਬਾਨ ਦੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਬਿਨ-ਮੰਗੀ ਮੁਆਫ਼ੀ ਦੇਣ ਦੇ ਫ਼ੈਸਲੇ ਨੂੰ ਲੈ ਕੇ ਤੜਪ ਰਿਹਾ ਹੈ। ਸਭ ਆਖ ਰਹੇ ਹਨ ਕਿ ਸਿਆਸਤਦਾਨਾਂ ਦੇ ਅਸਰ ਹੇਠ ਇਹ ਕੌਮ ਨਾਲ ਵੱਡੀ ਗੱਦਾਰੀ ਕੀਤੀ ਗਈ ਹੈ। ਸ਼ਾਇਦ ਅਸੀਂ ਗੁਰੂ ਤੋਂ ਭਰੋਸਾ ਦਾਨ ਜ਼ਿਆਦਾ ਹੀ ਮੰਗ ਲੈਂਦੇ ਹਾਂ ਜਿਸ ਕਾਰਣ ਅਸੀਂ ਗੱਦਾਰ ਅਤੇ ਵਫ਼ਾਦਾਰ ਵਿਚਲਾ ਫ਼ਰਕ ਵੀ ਅਣਡਿੱਠ ਕਰ ਦਿੰਦੇ ਹਾਂ। ਏਸ ਮੁੜ-ਮੁੜ ਦੁਹਰਾਈ ਨਾਦਾਨੀ ਕਾਰਣ ਅਸੀਂ ਕਈ ਵਾਰੀਂ ਕੌਮ ਦਾ ਘਾਣ ਕਰਵਾ ਚੁੱਕੇ ਹਾਂ।

ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸਾਥੀ ਭਾਈ ਸ਼ਮਿੰਦਰ ਸਿੰਘ ਨੇ ਪਾਰਲਾਮੈਂਟ ਦੀ ਸਿਆਸੀ ਮੁਆਮਲਿਆਂ ਦੀ ਕਮੇਟੀ ਵਿੱਚ ਆਖਿਆ ਸੀ ਕਿ ਸਿਆਸੀ ਸ਼ਕਤੀ ਬਾਦਲ ਹੱਥ ਦਿਉ ਤੇ ਫੇਰ ਵੇਖੋ ਕਵਿੇਂ ਨਕਸਲਬਾੜੀਆਂ ਦੀ ਤਰਜ਼ ਉੱਤੇ ਅਸੀਂ ਸਿੱਖ ਖਾੜਕੂਆਂ ਦਾ ਬੀਜ ਨਾਸ ਕਰਦੇ ਹਾਂ, ਓਦੋਂ ਪੰਥ ਅਤੇ ਪੰਜਾਬ ਨਾਲ ਗੱਦਾਰੀ ਦਾ ਬੀਅ ਬੀਜਿਆ ਜਾ ਚੁੱਕਾ ਸੀ। ਇਸ ਗੱਦਾਰੀ ਨੂੰ ਸਿਰੇ ਚਾੜ੍ਹਨ ਲਈ ਸਿਆਸੀ ਲੋਕਾਂ ਅਤੇ ਧਾਰਮਕ ਅਖਵਾਉਂਦੇ ਲੋਕਾਂ ਦਾ ਸਾਥ ਜ਼ਰੂਰੀ ਸੀ। ਸ਼ਰਧਾਵਾਨਾਂ ਨੂੰ ਝੂਠ ਬੋਲ ਕੇ, ਵਰਗਲਾ ਕੇ, ਨਿਹੱਥਲ ਕਰ ਕੇ ਸਿਆਸਤਦਾਨਾਂ ਦਾ ਪੱਖ ਪੂਰਨ ਲਈ ਰਾਜ਼ੀ ਕਰਨ ਲਈ ਇਹ ਹੱਥਕੰਡਾ ਸਦੀਆਂ ਤੋਂ ਵਰਤੀਂਦਾ ਆਇਆ ਹੈ।

ਸੱਚੇ ਸਾਹਿਬ ਨੇ ਸਦੀਆਂ ਪਹਿਲਾਂ ਏਸ ਵਰਤਾਰੇ ਦਾ ਪਰਦਾਫ਼ਾਸ਼ ਕਰ ਦਿੱਤਾ ਸੀ ਜਦੋਂ ਆਪ ਨੇ ਫ਼ੁਰਮਾਇਆ ਸੀ ਕਿ ਪੁਜਾਰੀ ਜਮਾਤ ਮਨੁੱਖਤਾ ਦੇ ਉਜਾੜੇ ਦਾ ਪੱਕਾ ਪ੍ਰਬੰਧ ਹੈ:

"ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣ ਨਾਵੈ ਜੀਆ ਘਾਇ ਜੋਗੀ ਜੁਗਤਿ ਨ ਜਾਣੈ ਅੰਧਤੀਨੇ ਓਜਾੜੇ ਕਾ ਬੰਧੁ ॥"

ਇਉਂ ਵਿਚਾਰ ਕੇ ਸੱਚੇ ਪਾਤਸ਼ਾਹ ਨੇ ਪੁਜਾਰੀ ਜਮਾਤ ਦੇ ਭ੍ਰਿਸ਼ਟ ਪਰਛਾਵੇਂ ਤੋਂ ਮਹਿਫ਼ੂਜ਼ ਰੱਖਣ ਲਈ ਪੁਜਾਰੀ ਸ਼੍ਰੇਣੀ ਨੂੰ ਹੀ ਪੰਥ ਵਿੱਚੋਂ ਮਨਫ਼ੀ ਕਰ ਦਿੱਤਾ ਸੀ। ਗ੍ਰੰਥੀ ਸਿੰਘ ਅਤੇ ਪ੍ਰਚਾਰਕ, ਢਾਡੀ, ਰਾਗੀ ਸਤਿਕਾਰਯੋਗ ਹਨ ਪਰ ਇਹ ਸਿੱਖੀ ਵਿੱਚ ਪੁਜਾਰੀ ਦਰਜਾ ਹਾਸਲ ਕਰਨ ਦਾ ਹੱਕ ਨਹੀਂ ਰੱਖਦੇ।

ਸਿੱਖੀ ਵਿਰੋਧੀ ਸਥਾਪਤੀ ਨੇ ਚੁਣੇ ਹੋਏ ਗ੍ਰੰਥੀਆਂ ਨੂੰ 'ਮਹਾਂ ਪੁਜਾਰੀ', 'ਸਥਾਈ ਪੰਜ ਪਿਆਰੇ' ਆਦਿ ਦੇ ਲਕਬਾਂ ਨਾਲ ਸ਼ਿੰਗਾਰ ਕੇ ਸਿਆਸਤਦਾਨਾਂ ਦੀ ਮਦਦ ਲਈ ਖ਼ੂਬ ਵਡਿਆਇਆ। ਬਿਨਾਂ ਇਹ ਵਿਚਾਰੇ ਕਿ ਅਕਾਲ ਤਖ਼ਤ ਤਾਂ ਗੁਰੂ ਗ੍ਰੰਥ-ਸਿਧਾਂਤ ਦਾ ਹੀ ਪਲਟਵਾਂ ਰੂਪ ਹੈ, ਇੱਕ ਸਿਆਸਤਦਾਨ ਦੇ ਲਿਫ਼ਾਫ਼ੇ 'ਚੋਂ ਨਿਕਲੇ ਅਕਾਲ ਤਖ਼ਤ ਦੇ 'ਜਥੇਦਾਰ' ਨੂੰ ਸਿਰਮੌਰ (Supreme) ਰੁਤਬਾ ਬਖ਼ਸ਼ਿਆ। ਡੌਰ-ਭੌਰ ਸਿੱਖਾਂ ਨੂੰ ਕੁਰਾਹੇ ਪਾਉਣ ਲਈ 'ਮਹਾਂਗ੍ਰੰਥੀਆਂ' ਨੇ ਰੱਜ ਕੇ ਬੇਲੋੜੀ ਕੱਟੜਤਾ ਵਧਾਈ। ਫ਼ਿਲਮਾਂ ਨੂੰ ਪ੍ਰਵਾਨ, ਅਪ੍ਰਵਾਨ ਕਰਨ ਦੇ ਅਧਿਕਾਰ ਹਥਿਆ ਲਏ ਅਤੇ ਆਪਣੇ ਤੋਂ ਕਿਤੇ ਵੱਡੇ ਦਰਵੇਸ਼, ਮਹਾਨ ਪ੍ਰਚਾਰਕ ਨੂੰ ਪੰਥ ਵਿੱਚੋਂ ਛੇਕਣ ਦਾ ਤਾਲਿਬਾਨੀ ਹੁਕਮ ਕਰਨਯੋਗ ਆਪਣੇ-ਆਪ ਨੂੰ ਸਮਝਣ ਲੱਗ ਪਏ

ਜਾਗਰੂਕ ਸਿੱਖਾਂ ਨੇ ਇਹਨਾਂ ਦੇ ਹਰ ਕੁਕਰਮ ਨੂੰ ਨਸ਼ਰ ਕੀਤਾ ਅਤੇ ਲਾਹਣਤਾਂ ਪਾਈਆਂ। ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਸਮੇਂ ਤਾਂ ਇਹਨਾਂ ਨੂੰ ਅੰਦਰੂਨੀ ਵਿਰੋਧ ਵੀ ਸਹਾਰਨਾ ਪਿਆ ਪਰ ਕੌਮ ਪੂਰੀ ਤਰ੍ਹਾਂ ਜਾਗ ਨਾ ਸਕੀ। ਏਸ ਪੱਖੋਂ ਝੰਜੋੜਾ ਦੇਣ ਲਈ ਮੈਂ ਦੋ ਕਿਤਾਬਾਂ ਅਤੇ ਅਨੇਕਾਂ ਲੇਖ ਲਿਖੇ। ਸ਼ਰਧਾ ਦੇ ਉੱਲੂਆਂ ਨੇ ਬਹੁਤ ਕੋਸਿਆ, ਪਰ ਚੰਦ ਲੋਕ ਹੀ ਮੁਕੰਮਲ ਤੌਰ ਉੱਤੇ ਜਾਗ ਸਕੇ। ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਦੇ ਛੇਕੇ ਜਾਣ ਤੋਂ ਹਤਾਸ਼ ਹੋਈ ਕੌਮ ਨੂੰ ਪਹਿਲੋ-ਪਹਿਲ ਇਹਨਾਂ ਦੀਆਂ ਸਿੱਖ-ਵਿਰੋਧੀ ਕਾਰਵਾਈਆਂ ਦਾ ਝਉਲਾ ਪੈਣਾ ਸ਼ੁਰੂ ਹੋਇਆ

ਇਹ ਜਾਣਨ ਲਈ ਫ਼ੇਰ ਵੀ ਸਮਾਂ ਲੱਗਿਆ ਕਿ ਇਹ 'ਜਥੇਦਾਰ', 'ਮਹਾਂ ਗ੍ਰੰਥੀ', 'ਸਥਾਈ ਪੰਜ ਪਿਆਰੇ' ਆਰ.ਐਸ.ਐਸ. ਦੀ ਬੁੱਕਲ ਵਿੱਚ ਬੈਠ ਕੇ ਸਿੱਖੀ ਦਾ ਘਾਣ ਕਰਨ ਨੂੰ ਪੈਸਾ ਕਮਾਉਣ ਦਾ ਸਾਧਨ ਬਣਾਈ ਬੈਠੇ ਹਨ। ਅਜੇ ਕਈ ਹੋਰ ਪਰਤਾਂ ਖੁੱਲ੍ਹਣੀਆਂ ਹਨ। ਛੋਟੇ ਸਿਆਸਤਦਾਨ, ਜਿਹੜੇ 'ਜਥੇਦਾਰ ਸੁਪਰੀਮ ਹੈ' ਦੀ ਓਟੇ 'ਅੰਮ੍ਰਿਤਸਰ' ਅਤੇ ਇੰਡੀਆ ਦਲ ਬਣਾ ਕੇ ਗੱਦਾਰੀ ਵਿੱਚ ਪੂਰੇ ਭਾਈਵਾਲ ਬਣੇ ਹੋਏ ਹਨ, ਅਜੇ ਉਹਨਾਂ ਵੀ ਨਸ਼ਰ ਹੋਣਾ ਹੈ। ਸਾਡੇ ਵੇਖਦਿਆਂ-ਵੇਖਦਿਆਂ ਹੀ ਕੁਫ਼ਰ ਟੁੱਟੇਗਾ - ਖ਼ੁਦਾ ਖ਼ੁਦਾ ਕਰ ਕੇ।

ਖ਼ੈਰ, ਦੇਰ ਨਾਲ ਹੀ ਸਹੀ ਪਰ ਕੌਮ ਵਿੱਚ ਉੱਠ ਰਹੇ ਰੋਹ ਨਾਲ ਸ਼ੁਰੂ ਹੁੰਦੀ ਜਾਪਦੀ ਜਾਗ੍ਰਿਤੀ ਦੀ ਸ਼ਲਾਘਾ ਅਤੇ ਏਸ ਦੇ ਜਵਾਰਭਾਟੇ ਵਿੱਚ ਵਟਣ ਦੀ ਕਾਮਨਾ ਕਰਨੀ ਬਣਦੀ ਹੈ।

ਸਿੱਖ ਪੰਥ ਨੂੰ ਬੇਨਤੀ ਕਰਨੀ ਬਣਦੀ ਹੈ ਕਿ ਸਿਆਸੀ ਸ਼ਕਤੀ ਹਾਸਲ ਕਰਨ ਲਈ ਲੋਟੂ, ਗੱਦਾਰ ਟੋਲਿਆਂ ਤੋਂ ਨਜਾਤ ਹਾਸਲ ਕਰਨੀ ਜ਼ਰੂਰੀ ਹੈ। ਅਹਿਮਦ ਸ਼ਾਹ ਨਾਲ ਟੱਕਰ ਲੈਣ ਤੋਂ ਪਹਿਲਾਂ ਅਸੀਂ ਜੰਡਿਆਲੀਏ ਤੇ ਨਿਰੰਜਨੀਏ ਸੋਧੇ ਸਨ ਤੇ ਖ਼ਾਲਸਾ ਸਾਜਣ ਤੋਂ ਪਹਿਲਾਂ ਮਸੰਦ। ਗੁਰੂ ਇਸ਼ਾਰੇ ਕਰ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top