Share on Facebook

Main News Page

ਸੌਦਾ ਸਾਧ ਦੀ ਮੁਆਫੀ ਨੂੰ ਲੈ ਕੇ ਤਖਤਾਂ ਦੇ ਜਥੇਦਾਰ ਸਾਧ ਸਕਤੇ ‘ਚ; ਬਾਦਲ ਨੇ ਗੁਰਬਚਨ ਸਿੰਘ, ਗੁਰਮੁੱਖ ਸਿੰਘ ਤੇ ਮੱਲ ਸਿੰਘ 'ਤੇ ਨਜ਼ਰ ਰੱਖਣ ਲਈ ਆਪਣੇ ਸੂਹੀਏ ਲਾਏ; ਨਿਰੰਕਾਰੀਆਂ ਨੂੰ ਵੀ ਮੁਆਫੀ ਦੇਣ ਦੀਆਂ ਤਿਆਰੀਆਂ
-: ਜਸਬੀਰ ਸਿੰਘ ਪੱਟੀ 093560 24684

ਸਿਰਸੇ ਵਾਲੇ ਸਾਧ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ 24 ਸਤੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਤੱਤਕਾਲ ਮੀੰਿਟੰਗ ਵਿੱਚ ਸਿਆਸੀ ਦਬਾ ਹੇਠ ਵਿੰਗ ਤਿੜੰਗੇ ਸ਼ਬਦਾਂ ਵਿੱਚ ਲਿਖੇ ਸਪੱਸ਼ਟੀਕਰਨ ਨੂੰ ਪ੍ਰਵਾਨ ਕਰਦਿਆਂ ਆਮ ਮੁਆਫੀ ਦੇ ਦਿੱਤੀ ਗਈ ਪਰ ਪੰਥਕ ਜਥੇਬੰਦਆਂ ਵਿੱਚ ਇਸ ਮੁਆਫੀ ਲੈ ਕੇ ਜਿਹੜਾ ਕੌਮਾਂਤਰੀ ਪੱਧਰ 'ਤੇ ਰੋਸ ਪ੍ਰਗਟਾਇਆ ਗਿਆ ਉਸ ਨੇ ਤਖਤਾਂ ਦੇ ਜਥੇਦਾਰਾਂ ਤੇ ਪੰਜਾਬ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਤਖਤਾਂ ਦੇ ਜਥੇਦਾਰ ਸਕਤੇ ਵਿੱਚ ਹਨ ਤੇ ਆਮ ਸੰਗਤਾਂ ਨੂੰ ਮਿਲਣ ਤੋਂ ਕੰਨੀ ਕਤਰ੍ਹਾਂ ਰਹੇ ਹਨ ਜਦ ਕਿ ਪੰਜਾਬ ਸਰਕਾਰ ਚਿੰਤੁਤ ਹੈ।

ਸੌਦਾ ਸਾਧ ਦੇ ਫੈਸਲੇ ਦੀ ਕਾਪੀ ਹਾਲੇ ਪੱਤਰਕਾਰ ਭਾਈਚਾਰੇ ਕੋਲ ਪੁੱਜੀ ਹੀ ਸੀ ਕਿ ਵੱਟਸ ਅੱਪ ਨੇ ਤਖਤਾਂ ਦੇ ਜਥੇਦਾਰਾਂ ਨੂੰ ਪਾਣੀ ਪੀ ਪੀ ਕੇ ਕੋਸਦਿਆ ਕੌਮਾਂਤਰੀ ਪੱਧਰ ਤੇ ਸਿੱਖ ਸੰਗਤਾਂ ਨੇ ਇਸ ਕਦਰ ਵਿਰੋਧ ਸ਼ੁਰੂ ਕਰ ਦਿੱਤਾ ਕਿ ਜਥੇਦਾਰਾਂ ਨੂੰ ਕਈ ਦਿਨ ਆਪਣੇ ਫੋਨ ਬੰਦ ਰੱਖਣੇ ਪਏ। ਤਖਤਾਂ ਦੇ ਜਥੇਦਾਰ ਕੁਝ ਸਮਾਂ ਗੁਪਤਵਾਸ ਵੀ ਰਹੇ ਤੇ ਪੰਜਾਬ ਸਰਕਾਰ ਦੇ ਗੁਪਤਚਰ ਵਿਭਾਗ ਨੇ ਇਹ ਵੀ ਸ਼ੰਕਾਂ ਪ੍ਰਗਟ ਕਰ ਦਿੱਤੀ ਕਿ ਜਥੇਦਾਰਾਂ ਤੇ ਕਿਸੇ ਵੀ ਪ੍ਰਕਾਰ ਦਾ ਹਮਲਾ ਹੋ ਸਕਦਾ। ਤਖਤਾਂ ਦੇ ਜਥੇਦਾਰਾਂ ਨੂੰ ਇੱਕ ਇੱਕ ਸਰਕਾਰੀ ਐਸਕਾਰਟ ਵਹੀਕਲ ਦੇ ਕੇ ਉਹਨਾਂ ਦੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਕਰ ਦਿੱਤਾ ਗਿਆ। ਕਰੀਬ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਰੋਹ ਮੱਠਾਂ ਨਹੀਂ ਹੋਇਆ ਤੇ ਹਾਲੇ ਵੀ ਜਥੇਦਾਰਾਂ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।

ਸਾਰੀ ਸਥਿਤੀ ਭਾਂਪਦਿਆਂ ਪੰਜਾਬ ਵਿਚਲੇ ਤਿੰਨ ਤਖਤਾਂ ਦੇ ਜਥੇਦਾਰਾਂ ਬਾਰੇ ਤਾਂ ਸੂਤਰਾਂ ਤੋ ਜਾਣਕਾਰੀ ਮਿਲੀ ਹੈ, ਕਿ ਉਹਨਾਂ ਨੇ ਖੁਦ ਹੀ ਸ਼੍ਰੋਮਣੀ ਕਮੇਟੀ ਦੇ ਨਾਅਹਿਲ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਅਸਤੀਫੇ ਦੇਣ ਦੀ ਪੇਸ਼ਕਸ਼ ਕੀਤੀ ਹੈ, ਪਰ ਉਹਨਾਂ ਨੇ ਇਹ ਪੇਸ਼ਕਸ਼ ਇਹ ਕਹਿ ਕੇ ਠੁਕਰਾ ਦਿੱਤੀ ਕਿ ਸਮੁੱਚੀ ਸਰਕਾਰ 'ਤੇ ਹੋਰ ਤਾਣਾ ਬਾਣਾ ਉਹਨਾਂ ਦੇ ਨਾਲ ਲੋਹੇ ਦੀ ਲੱਠ ਵਾਂਗ ਖੜਾ ਹੈ। ਜਾਣਕਾਰੀ ਅਨੁਸਾਰ ਜਥੇਦਾਰਾਂ ਦੇ ਨੈਤਿਕਤਾ ਨੂੰ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮ੍ਯਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਬੀਤੇ ਕਲ ਸਪੈਸ਼ਲ ਜਥੇਦਾਰਾਂ ਨਾਲ ਅੱਡ ਅੱਡ ਮੀਟਿੰਗਾਂ ਕਰਕੇ ਉਹਨਾਂ ਨੂੰ ਤਕੜੇ ਹੋਣ ਲਈ ਕਿਹਾ ਜਦ ਕਿ ਜਥੇਦਾਰ ਸੰਗਤਾਂ ਦੇ ਵਿਰੋਧ ਕਾਰਨ ਅਸਤੀਫੇ ਦੇਣ ਨੂੰ ਲੈ ਕੇ ਦੁੱਚਿੱਤੀ ਵਿੱਚ ਹਨ।

- ਸ੍ਰ ਬਾਦਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ਼੍ਰ ਅਵਤਾਰ ਸਿੰਘ ਮੱਕੜ ਦੀ ਡਿਊਟੀ ਲਗਾਈ ਹੈ ਕਿ ਉਹ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਤੇ ਉਹਨਾਂ ਦੀ ਕਿਹੜੇ ਕਿਹੜੇ ਵਿਅਕਤੀਆਂ ਦੀ ਮੁਲਾਕਾਤ ਹੁੰਦੀ ਹੈ ਉਹ ਦੀ ਜਾਣਕਾਰੀ ਰੱਖਣ।

- ਇਸੇ ਤਰ੍ਹਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੀਆ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਸ੍ਰ. ਬਾਦਲ ਨੇ ਉਹਨਾਂ ਦੇ ਸੱਜੇ ਲੈਫਟੀਨੈਂਟ ਮੰਨੇ ਜਾਂਦੇ ਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਸ੍ਰ. ਦਿਆਲ ਸਿੰਘ ਕੋਲਿਆਂਵਾਲੀ ਨੂੰ ਹਦਾਇਤ ਕੀਤੀ ਹੈ ।

- ਇਸੇ ਤਰ੍ਹਾਂ ਸ੍ਰ ਅਮਰਜੀਤ ਸਿੰਘ ਚਾਵਲਾ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ 'ਤੇ ਨਿਗਾਹ ਰੱਖਣ ਲਈ ਆਦੇਸ਼ ਜਾਰੀ ਕੀਤੇ ਗਏ ਹਨ।

ਸੰਗਤਾਂ ਦੇ ਵਿਰੋਧ ਨੂੰ ਲੈ ਕੇ ਜਿਥੇ ਜਥੇਦਾਰ ਸਕਤੇ ਵਿੱਚ ਹਨ ਤੇ ਸਰਕਾਰ ਵੀ ਕਾਫੀ ਚਿੰਤੁਤ ਹੈ ਤੇ ਇਸ ਕੜੀ ਦੇ ਤਹਿਤ ਹੀ ਸਿਰਸਾ ਸਾਧ ਦੇ ਮੁੱਖ ਪ੍ਰਬੰਧਕ ਨੇ ਬਿਆਨ ਦਾਗ ਦਿੱਤਾ ਹੈ ਕਿ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਤੇ ਖਿਮਾ ਜਾਚਨਾ ਕਰਨ ਲਈ ਜਾਣਗੇ ਜਿਸ ਨੂੰ ਲੈ ਕੇ ਸੰਗਤਾਂ ਵਿੱਚ ਨਵੀਂ ਚਰਚਾ ਛਿੜ ਗਈ ਹੈ।

ਪਰ ਪੰਥਕ ਪੰਡਤਾਂ ਦਾ ਮੰਨਣਾ ਹੈ ਕਿ ਸੌਦਾ ਸਾਧ ਦੇ ਮੱਥਾ ਟੇਕਣ ਉਪਰੰਤ ਕੁਝ ਹੱਦ ਤੱਕ ਸ਼ਾਂਤੀ ਹੋ ਜਾਵੇਗੀ, ਕਿਉਕਿ ਜਦੋਂ ਰਾਧਾ ਸੁਆਮੀਆਂ ਵੱਲੋ ਇੱਕ ਗੁਰੂਦੁਆਰਾ ਢਾਹਿਆ ਗਿਆ ਸੀ ਤੇ ਮੱਕੜ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਬਿਆਨ ਦੇ ਦਿੱਤਾ ਸੀ ਕਿ ਇਹ ਇਤਿਹਾਸਕ ਗੁਰੂਦੁਆਰਾ ਨਹੀਂ ਹੈ, ਇਸ ਲਈ ਢਾਹਿਆ ਜਾ ਸਕਦਾ ਹੈ ਜਿਸ ਦਾ ਸੰਗਤਾਂ ਨੇ ਡੱਟ ਕੇ ਵਿਰੋਧ ਕੀਤਾ ਸੀ ਤੇ ਪੰਥਕ ਜਥੇਬੰਦੀਆਂ ਨੇ ਵਿਰੋਧ ਜਾਰੀ ਰੱਖਿਆ।

ਅਖੀਰ ਰਾਧਾ ਸੁਆਮੀ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋ ਨੇ ਪੰਥਕ ਜਥੇਬੰਦੀਆਂ ਨਾਲ ਸਮਝੌਤਾ ਕਰ ਲਿਆ ਤੇ ਮੁੜ ਗੁਰੂਦੁਆਰਾ ਡੇਰੇ ਅੰਦਰ ਹੀ ਉਸਾਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਿਥੇ ਅੱਜ ਰਾਧਾ ਸੁਆਮੀ ਸੰਪਰਦਾ ਦੇ ਸ਼ਰਧਾਲੂਆਂ ਦੇ ਅਨੰਦ ਕਾਰਜ ਹੁੰਦੇ ਹਨ। ਬਾਬਾ ਰਾਧਾ ਸੁਆਮੀ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕ ਕੇ ਸਾਰੀਆਂ ਉਹ ਸ਼ੰਕਾਵਾਂ ਦੂਰ ਕਰ ਦਿੱਤੀਆਂ ਜਿਹੜੀਆਂ ਕੁਝ ਪੰਥਕ ਜਥੇਬੰਦੀਆਂ ਵਿੱਚ ਪਾਈਆਂ ਜਾ ਰਹੀਆਂ ਸਨ।

ਸਿਰਸਾ ਸਾਧ ਵੀ ਸਿੱਖ ਪੰਥ ਦੀ ਪਰੰਪਰਾ ਨੂੰ ਪ੍ਰਵਾਨ ਕਰਦਿਆਂ ਅਜਿਹੀ ਹੀ ਕੋਈ ਰਣਨੀਤੀ ਅਪਨਾਏਗਾ ਤੇ ਆਪਣੇ ਡੇਰੇ ਨੂੰ ਵੱਧਦਾ ਫੁੱਲਦਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਆਪਣੇ ਡੇਰੇ ਵਿੱਚ ਲਾਗੂ ਕਰਕੇ ਨਵਾਂ ਇਤਿਹਾਸ ਸਿਰਜੇਗਾ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿਰਸਾ ਸਾਧ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਜਾਚਨਾ ਦੀ ਅਰਦਾਸ ਕਰਨ ਉਪਰੰਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਵੀ ਕਰੇਗਾ ਤੇ ਭਰੋਸਾ ਦਿਵਾਏਗਾ ਕੇ ਭਵਿੱਖ ਵਿੱਚ ਕੋਈ ਅਜਿਹੀ ਘਟਨਾ ਨਹੀਂ ਵਾਪਰੇਗੀ ਜਿਹੜੀ ਪੰਥਕ ਰਵਾਇਤਾ ਨੂੰ ਠੇਸ ਪਹੁੰਚਾਉਣ ਵਾਲੀ ਹੋਵੇਗੀ।

ਬਾਬਾ ਗੁਰਮੀਤ ਰਾਮ ਰਹੀਮ ਸਿੰਘ ਜੱਟ ਬਰਾਦਰੀ ਨਾਲ ਸਬੰਧਿਤ ਹੈ ਤੇ ਖਾਲਿਸਤਾਨੀ ਜਥੇਬੰਦੀ ਦੇ ਮਰਹੂਮ ਮੁੱਖੀ ਗੁਰਜੰਟ ਸਿੰਘ ਰਾਜਸਥਾਨੀ ਦਾ ਨਜਦੀਕੀ ਰਿਸ਼ਤੇਦਾਰ ਹੈ ਤੇ ਸਿਰਸਾ ਡੇਰੇ ਤੇ ਵੀ ਕਬਜ਼ਾ ਵੀ ਰਾਜਸਥਾਨੀ ਨੇ ਇੱਕ ਸਾਧ ਸਤਨਾਮ ਸਿੰਘ ਨੂੰ 23 ਸਤੰਬਰ 1990 ਨੂੰ ਗੱਡੀ ਚਾੜ ਕੇ ਏ.ਕੇ.47 ਦੀ ਨੋਕ èਤੇ ਕਰਵਾਇਆ ਸੀ।

ਸਿਰਸਾ ਸਾਧ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਉਪਰੰਤ ਬਾਕੀ ਵਿਗੜੇ ਸਾਧਾਂ ਦੇ ਵੀ ਅਕਾਲ ਤਖਤ ਦਾ ਸਰਵਉੱਚਤਾ ਨੂੰ ਪ੍ਰਵਾਨ ਕਰਨ ਦੀ ਆਸ ਹੈ, ਜਿਹਨਾਂ ਵਿੱਚ ਨਿਰੰਕਾਰੀ ਸੰਪਰਦਾ ਦੇ ਲੋਕ ਵੀ ਸ਼ਾਮਲ ਹਨ

ਸ਼੍ਰੋਮਣੀ ਕਮੇਟੀ ਦੀਆ ਨਲਾਇਕੀਆਂ ਕਾਰਨ ਸਾਧ ਲਾਣਾ ਪੈਦਾ ਹੋਇਆ ਸੀ, ਤੇ ਅੱਜ ਇਹ ਲਾਣਾ ਸਿੱਖ ਸੰਗਤਾਂ ਦੇ ਵਿਰੋਧ ਨੂੰ ਲੈ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਰਹੇ ਹਨ, ਫਿਰ ਵੀ ਤਖਤਾਂ ਦੇ ਜਥੇਦਾਰ ਦੀ ਇਸ ਵੇਲੇ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ, ਜਿਹੜੀ ਕਿਸੇ ਵੇਲੇ ਵੀ ਸਰਕਾਰ ਲਈ ਕੋਈ ਨਵੀਂ ਸਿਰਦਰਦੀ ਖੜੀ ਕਰ ਸਕਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top