Share on Facebook

Main News Page

ਆਖਰੀ ਦਮ ਤੱਕ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦਾ ਰਹਾਂਗਾ
-: ਕਰਨੈਲ ਸਿੰਘ ਪੰਜੋਲੀ ਅੰਤਿੰਗ ਮੈਂਬਰ ਕਮੇਟੀ ਸ਼੍ਰੋਮਣੀ

ਅੰਮ੍ਰਿਤਸਰ (8 ਅਕਤੂਬਰ, 2015): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿੰਗ ਕਮੇਟੀ ਮੈਂਬਰ ਨੇ ਅੱਜ ਅੱਜ ਇਥੇ ਜਾਰੀ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਉਸ ਫੈਸਲੇ ਦਾ ਵਿਰੋਧ ਕੀਤਾ ਹੈ ਜਿਸ ਨਾਲ ਪੰਥਕ ਹਿੱਤਾਂ, ਸਿਧਾਤਾਂ, ਸੰਸਥਾਵਾਂ, ਪ੍ਰੰਪਰਾਵਾਂ ਅਤੇ ਰਿਵਾਇਤਾਂ ਨੂੰ ਢਾਹ ਲੱਗਦੀ ਹੋਵੇ। ਉਹਨਾਂ ਕਿਹਾ ਕਿ ਪੰਥਕ ਹਿੱਤਾਂ ਦੀ ਪਹਿਰੇਦਾਰੀ ਉਹਨਾਂ ਦੀ ਰਾਜਨੀਤੀ ਦਾ ਕੇਂਦਰੀ ਧੁਰਾ ਹੈ ਅਤੇ ਉਹ ਆਪਣਾ ਇਹ ਪੰਥਕ ਫ਼ਰਜ਼ ਆਖਰੀ ਦਮ ਤੱਕ ਨਿਭਾਉਣਗੇ।

ਇਥੇ ਉਨ੍ਹਾਂ ਕਿਹਾ ਕਿ ਉਹਨਾਂ ਲਈ ਅਹੁਦੇਦਾਰੀਆਂ ਤੇ ਸਬ ਕਮੇਟੀਆਂ ਦੀਆਂ ਮੈਂਬਰੀਆਂ ਦੇ ਲਾਲਚ ਨਾਲੋਂ ਪੰਥਕ ਹਿੱਤ ਵਧੇਰੇ ਮਹੱਤਵਪੂਰਨ ਹਨ ਅਤੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨ ਤੋਂ ਉਹਨਾਂ ਨੂੰ ਕੋਈ ਵੀ ਤਾਕਤ ਰੋਕ ਨਹੀਂ ਸਕਦੀ।

ਜਥੇਦਾਰ ਪੰਜੋਲੀ ਨੇ ਉਹਨਾਂ ਕਿਹਾ ਕਿ ਪੰਥਕ ਸਿਧਾਤਾਂ, ਸੰਸਥਾਵਾਂ ਅਤੇ ਅਮੀਰ ਪ੍ਰੰਪਰਾਵਾਂ ਦੀ ਕੀਮਤ ਉੱਤੇ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਕਰਨ ਵਾਲੇ ਰਾਜਸੀ ਆਗੂਆਂ ਦੀਆਂ ਆਪਹੁਦਰੀਆਂ ਕਾਰਨ ਸਿੱਖ ਜਗਤ ਵਿਚ ਜ਼ਬਰਦਸਤ ਰੋਸ ਹੈ ਅਤੇ ਢੁੱਕਵਾਂ ਸਮਾਂ ਆਉਣ ਉੱਤੇ ਲੋਕ ਅਜਿਹੇ ਆਗੂਆਂ ਨੂੰ ਸਬਕ ਸਿਖਾਉਣਗੇ।

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸਬ ਕਮੇਟੀਆਂ ਵਿਚੋਂ ਕੱਢਣ ਦੇ ਫੈਸਲੇ ਸਬੰਧੀ ਟਿੱਪਣੀ ਕਰਦਿਆਂ, ਜਥੇਦਾਰ ਪੰਜੋਲੀ ਨੇ ਕਿਹਾ, "ਜਦੋਂ ਸ਼੍ਰੋਮਣੀ ਕਮੇਟੀ ਦਾ ਹਰ ਨਿੱਕੇ ਤੋਂ ਨਿੱਕਾ ਫੈਸਲਾ ਵੀ ਚੰਡੀਗੜ੍ਹ ਤੋਂ ਹੋਣਾ ਹੈ ਫਿਰ ਇਹਨਾਂ ਸਬ ਕਮੇਟੀਆਂ ਦਾ ਅਰਥ ਹੀ ਕੀ ਹੈ ਅਤੇ ਮੇਰੇ ਲਈ ਤਾਂ ਹਮੇਸ਼ਾ ਹੀ ਪੰਥਕ ਹਿੱਤ ਹੀ ਮਹੱਤਵਪੂਰਨ ਰਹੇ ਹਨ ਨਾ ਕਿ ਇਹਨਾਂ ਕਮੇਟੀਆਂ ਦੀਆਂ ਨਿਗੂਣੀਆਂ ਮੈਂਬਰੀਆਂਇਹਨਾਂ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਵੀ ਮੇਰੇ ਵਲੋਂ ਪੰਥਕ ਹਿੱਤਾਂ ਦੇ ਨੁਕਤਾ-ਨਿਗਾਹ ਤੋਂ ਗਲਤ ਫੈਸਲਿਆਂ ਦਾ ਸਖਤ ਵਿਰੋਧ ਕੀਤੇ ਜਾਣ ਕਾਰਨ ਹੀ ਮੈਂ ਉਹਨਾਂ ਵਿਅਕਤੀਆਂ ਦੀਆਂ ਨਜ਼ਰਾਂ ਵਿਚ ਚਿਰਾਂ ਤੋਂ ਰੜਕ ਰਿਹਾ ਹਾਂ ਜਿਹੜੇ ਪੰਥਕ ਸੰਸਥਾਵਾਂ ਅਤੇ ਇਸ ਦੇ ਸਾਧਨਾਂ ਨੂੰ ਆਪਣੀ ਸੌੜੀ ਰਾਜਨੀਤੀ ਲਈ ਵਰਤ ਰਹੇ ਹਨ। ਇਸ ਲਈ ਮੈਨੂੰ ਇਸ ਫੈਸਲੇ ਨਾਲ ਨਾ ਕੋਈ ਹੈਰਾਨੀ ਹੋਈ ਹੈ ਅਤੇ ਨਾ ਹੀ ਕੋਈ ਮਲਾਲ ਹੈ।"

ਜਥੇਦਾਰ ਪੰਜੋਲੀ ਨੇ ਪੁੱਛਿਆ ਕਿ ‘ਗੁਰਮਤਿ ਦੇ ਪ੍ਰਚਾਰ ਤੇ ਮਨਮਤਿ ਦੇ ਪ੍ਰਹਾਰ’ ਦੇ ਨਾਲ ਨਾਲ ਖਾਲਸਾ ਪੰਥ ਦੀਆਂ ਸਿਆਸੀ ਉਮੰਗਾਂ ਦੀ ਪੂਰਤੀ ਲਈ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਇਹ ਦਸੇ ਕਿ ਨਾਨਕਸ਼ਾਹੀ ਕੈਲੰਡਰ ਦੀ ਥਾਂ ਬਿਕਰਮੀ ਕੈਲੰਡਰ ਲਾਗੂ ਕਰਨ ਅਤੇ ‘ਸੱਚੇ ਸੌਧੇ’ ਵਾਲੇ ਰਾਮ ਰਹੀਮ ਨੂੰ ਮੁਆਫ ਕਰਕੇ ਕਿਹੜੇ ਪੰਥਕ ਹਿੱਤ ਦੀ ਪੂਰਤੀ ਹੁੰਦੀ ਹੈ?

ਉਹਨਾਂ ਕਿਹਾ ਕਿ ਦਰਅਸਲ ਮੌਜ਼ੂਦਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਥ ਤੇ ਪੰਜਾਬ ਨਾਲੋਂ ਆਪਣੇ ਨਿੱਜੀ ਤੇ ਸੌੜੇ ਸਿਆਸੀ ਹਿੱਤ ਸਭ ਤੋਂ ਵੱਧ ਪਿਆਰੇ ਹੋ ਗਏ ਹਨ ਅਤੇ ਉਸ ਨੇ ਇਹਨਾਂ ਦੀ ਪੂਰਤੀ ਲਈ ਪੰਥਕ ਸਿਧਾਤਾਂ, ਸੰਸਥਾਵਾਂ, ਪ੍ਰੰਪਰਾਵਾਂ ਅਤੇ ਰਿਵਾਇਤਾਂ ਨੂੰ ਦਾਅ ਉੱਤੇ ਲਾਇਆ ਹੋਇਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top