Share on Facebook

Main News Page

ਤਖਤਾਂ ਦੇ ਜਥੇਦਾਰ ਹੀ ਕੌਮੀ ਬਦਨਸੀਬੀ ਦੇ ਕਾਰਕ ਅਤੇ ਪੰਥ ਮਜ਼ਾਕ ਦਾ ਪਾਤਰ ਬਣਕੇ ਰਹਿ ਗਿਆ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519
Email: dhanaulasada@gmail.com 

ਅਕਾਲ ਤਖਤ ਸਾਹਿਬ ਦੀ ਹੋਂਦ ਅਤੇ ਅਜਮਤ ਤੋਂ ਕੋਈ ਸਿੱਖ ਇਨਕਾਰੀ ਜਾਂ ਆਕੀ ਨਹੀਂ ਹੈ। ਹੁਣ ਤੱਕ ਸਿੱਖ ਨਾਹਰੇ ਲਾਉਂਦੇ ਰਹੇ ਹਨ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਅਕਾਲ ਤਖਤ ਉੱਤੇ ਬੈਠੇ ਲੋਕਾਂ ਭਾਵ ਜਥੇਦਾਰਾਂ ਨੇ ਕਈ ਵਾਰੀ ਤਾਂ ਕੌਮੀ ਨਿਰਾਸਤਾ ਨੂੰ ਠੁੰਮਣਾ ਦੇ ਕੇ, ਪੰਥ ਦਾ ਮਾਰਗ ਦਰਸ਼ਕ ਕਰਦਿਆਂ ਇਤਿਹਾਸਿਕ ਰੋਲ ਵੀ ਨਿਭਾਇਆ ਹੈ, ਪਰ ਕੁੱਝ ਥਾਵਾਂ ਉੱਤੇ ਇਤਿਹਾਸ ਦੇ ਪੰਨੇ ਗਵਾਹ ਹਨ, ਜਾਂ ਅੱਜ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ ਕਿ ਜਥੇਦਾਰਾਂ ਨੇ ਜਖਮੀ ਸਿੱਖ ਮਾਨਸਿਕਤਾ ਉੱਤੇ ਮਿਰਚਾਂ ਭੂੱਕਣ ਦਾ ਕੰਮ ਹੀ ਕੀਤਾ ਹੈ।

ਕਿਸੇ ਵੇਲੇ ਅਕਾਲੀ ਬਾਬਾ ਫੂਲਾ ਸਿੰਘ ਜਿਹਨਾਂ ਬਾਰੇ ਇਤਿਹਾਸਕਾਰਾਂ ਦੀ ਵੱਖਰੀ ਵੱਖਰੀ ਰਾਇ ਹੈ, ਕੁੱਝ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਿਖਦੇ ਹਨ, ਕੁੱਝ ਨਿਹੰਗ ਸਿੰਘਾਂ ਦੇ ਜਥੇ ਦੇ ਆਗੂ ਜਥੇਦਾਰ ਮੰਨਦੇ ਹਨ, ਲੇਕਿਨ ਉਹਨਾ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਿਆ ਸ਼ੇਰੇ-ਏ-ਪੰਜਾਬ ਵੱਲੋਂ ਕੀਤੀ ਅਵੱਗਿਆ ਨੂੰ ਗੰਭੀਰਤਾ ਨਾਲ ਲੈਂਦਿਆਂ, ਪੰਥਕ ਹਿੱਤਾਂ ਦੀ ਖਾਤਿਰ ਕਿਸੇ ਸਰਕਾਰੀ ਰੁੱਤਬੇ ਦੀ ਪ੍ਰਵਾਹ ਨਾ ਕਰਦਿਆਂ, ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਪੰਥਕ ਨਿਯਮਾਂ ਅਨੁਸਾਰ ਤਨਖਾਹ ਲਾਈ ਅਤੇ ਇਤਿਹਾਸ ਵਿੱਚ ਸੁਨਿਹਿਰੀ ਪੰਨਾਂ ਦਰਜ਼ ਕੀਤਾ।

ਇੱਕ ਹੋਰ ਜਥੇਦਾਰ ਸਰਬਰਾਹ ਅਰੂੜ ਸਿੰਘ ਨੇ ਜਰਨਲ ਡਾਇਰ ਨੂੰ ਸਿਰਪਾਓ ਦੇ ਕੇ ਸਮੁੱਚੀ ਕੌਮ ਨੂੰ ਅਤੇ ਇਤਿਹਾਸ ਨੂੰ ਸ਼ਰਮਸ਼ਾਰ ਕੀਤਾ।

ਫਿਰ ਇੱਕ ਮਨੀ ਸਿੰਘ ਨਾਮਕ ਪੁਜਾਰੀ ਨੇ ਕੁੱਝ ਹੋਰ ਪੁਜਾਰੀਆਂ ਨਾਲ ਹਮ ਮਸ਼ਵਰਾ ਹੋ ਕੇ, ਪੰਥ ਦੇ ਮਹਾਨ ਸਪੂਤ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਨੂੰ ਵੀ ਪੰਥ ਵਿੱਚੋਂ ਛੇਕਿਆ। ਇਹ ਸਭ ਕੁੱਝ ਇਤਿਹਾਸ ਦੀ ਬੁੱਕਲ ਵਿਚ ਸਮੇਟਿਆ ਹੋਇਆ ਹੈ।

ਲੇਕਿਨ ਅਜੋਕੇ ਸਮੇਂ ਵਿੱਚ ਜਦੋਂ ਹਜ਼ਾਰਾਂ ਨਹੀਂ ਬਲਕਿ ਲੱਖਾਂ ਚਸ਼ਮਦੀਦ ਜਿੰਦਾ ਹਨ, ਜੋ ਕੁਝ ਵਾਪਰਿਆ ਉਸ ਨੂੰ ਕਿਸੇ ਕਿਤਾਬ ਦੇ ਪੰਨਿਆਂ ਉੱਤੋਂ ਲੱਭਣ ਦੀ ਲੋੜ ਨਹੀਂ, ਹਰ ਕੋਈ ਮੁੰਹ ਜੁਬਾਨੀ ਹੀ ਸਭ ਕੁੱਝ ਸੁਣਾ ਦੇਵੇਗਾ ਕਿ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਗ੍ਰਹਿ ਮੰਤਰੀ ਬੂਟਾ ਸਿੰਘ, ਸੁਰਜੀਤ ਸਿੰਘ ਬਰਨਾਲਾ ਅਤੇ ਹੋਰ ਲੋਕਾਂ ਨੂੰ ਕਿਵੇ ਤਨਖਾਹਾਂ ਲੱਗੀਆਂ ਤੇ ਕਿਵੇ ਮਾਫੀਆਂ ਹੋਈਆਂ, ਇਹ ਵੀ ਕੁੱਝ ਪੁਰਾਣੀ ਦਾਸਤਾਨ ਹੈ।

ਹੁਣੇ ਹੀ ਹਾਲੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਪੰਥ ਵਿੱਚੋਂ ਛੇਕਿਆ ਗਿਆ ਉਹਨਾਂ ਦੀ ਗੱਲ ਨਹੀਂ ਸੁਣੀ ਗਈ, ਪ੍ਰੋ. ਖਾਲਸਾ ਨੇ ਸਿਰਫ ਇਹ ਹੀ ਕਿਹਾ ਸੀ ਕਿ ਮੈਂ ਅਕਾਲ ਤਖਤ ਸਾਹਿਬ ਦੇ ਸਨਮੁੱਖ ਆਪਣਾ ਸਪਸ਼ਟੀਕਰਨ ਦੇਣਾ ਚਾਹੁੰਦਾ ਹਾ ਤਾਂ ਕਿ ਗੁਰੂ ਦੇ ਨਾਲ ਨਾਲ ਗੁਰੂ ਦੀ ਸੰਗਤ ਵੀ ਮੇਰੀ ਅਵੱਗਿਆ ਜਾਂ ਬੇਗੁਨਾਹੀ ਨੂੰ ਅਨਭਵੁ ਕਰ ਸਕੇ। ਉਸ ਵੇਲੇ ਜਥੇਦਾਰ ਬਜ਼ਿਦ ਸਨ ਕਿ ਪ੍ਰੋ. ਖਾਲਸਾ ਬੰਦ ਕਮਰੇ ਵਿੱਚ ਉਹਨਾਂ ਸਾਹਮਣੇ ਪੇਸ਼ ਹੋਣ ਜਦੋਂ ਕਿ ਇਹਨਾਂ ਹੀ ਜਥੇਦਾਰਾਂ ਨੇ ਸੁਰਜੀਤ ਸਿੰਘ ਬਰਨਾਲਾ ਨੂੰ ਤਾਂ ਥੰਮ੍ਹਲੇ ਨਾਲ ਬੰਨਿਆਂ ਸੀ ਤੇ ਗਲ ਵਿੱਚ ਤਖਤੀ ਵੀ ਪਾਈ ਸੀ। ਫਿਰ ਪ੍ਰੋ.ਖਾਲਸਾ ਨੂੰ ਸੰਗਤੀ ਰੂਪ ਵਿਚ ਸੁਣ ਲੈਣ ਵਿੱਚ ਕਿਹੜੀ ਆਫਤ ਆਉਣੀ ਸੀ, ਪਰ ਬਹਾਨਾ ਬਣਾਕੇ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ। ਇੱਥੇ ਆਪਾਂ ਕੁੱਝ ਪਲਾਂ ਵਾਸਤੇ ਜਥੇਦਾਰਾਂ ਨਾਲ ਸਹਿਮਤ ਹੋ ਜਾਂਦੇ ਹਾਂ ਕਿ ਉਹਨਾਂ ਦਾ ਫੈਸਲਾ ਠੀਕ ਸੀ ਕਿ ਪ੍ਰੋ. ਦਰਸ਼ਨ ਸਿੰਘ ਅਕ ਸਪਸ਼ਟੀਕਰਨ ਤਾਂ ਦਿੱਤਾ ਪਰ ਖੁਦ ਪੇਸ਼ ਨਾ ਹੋਏ, ਇਸ ਵਾਸਤੇ ਉਹਨਾਂ ਨੂੰ ਛੇਕ ਦਿੱਤਾ ਗਿਆ।

ਪਰ ਹੁਣ ਪਾਠਕ ਸੋਚਣ ਦੀ ਖੇਚਲ ਕਰਨ ਕਿ ਜੇਕਰ ਪ੍ਰੋ. ਖਾਲਸਾ ਨੂੰ ਪੇਸ਼ ਹੋਏ ਬਿਨ੍ਹਾਂ ਮਾਫ਼ੀ ਨਹੀਂ ਮਿਲੀ, ਸਗੋਂ ਪੰਥ ਵਿੱਚੋਂ ਛੇਕੇ ਜਾਣ ਵਰਗੀ ਕਰੜੀ ਸਜ਼ਾ ਮਿਲੀ ਹੈ, ਤਾਂ ਜਿਸ ਵੇਲੇ ਸੌਦਾ ਸਾਧ ਦੀ ਮਾਫ਼ੀ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਵੇਲੇ ਇਹਨਾਂ ਜਥੇਦਾਰਾਂ ਨੇ ਸੌਦਾ ਸਾਧ ਦੀ ਹਾਜਰੀ ਦੀ ਕੋਈ ਪ੍ਰਵਾਹ ਕਿਉਂ ਨਹੀਂ ਕੀਤੀ ਕਿ ਉਹ ਹਾਜਰ ਕਿਉਂ ਨਹੀਂ ਹੋਇਆ? ਉਸ ਵੱਲੋਂ ਲਿਖੀ ਚਿੱਠੀ ਦੀ ਸ਼ਬਦਾਵਲੀ ਵਿੱਚ ਕਿਤੇ ਮਾਫ਼ੀ ਨਹੀਂ ਝਲਕਦੀ ਹੈ, ਫਿਰ ਇਹਨਾਂ ਨੇ ਉਸ ਨੂੰ ਕਿਹੜੀ ਮਰਿਯਾਦਾ ਜਾਂ ਪਰੰਪਰਾ ਅਨੁਸਾਰ ਮਾਫ਼ ਕਰਨ ਦੀ ਗੁਸਤਾਖੀ ਕੀਤੀ ਹੈ?

ਇਹਨਾਂ ਗੱਲਾਂ ਨੇ ਸਿੱਖਾਂ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੈ ਕਿ ਇਹ ਜਥੇਦਾਰ ਹਨ ਜਾਂ ਪ੍ਰੇਮੀ ਹਨ, ਜਿਹੜੇ ਸੌਦਾ ਸਾਧ ਨੂੰ ਸਿੱਜਦਾ ਕਰਦੇ ਹਨ। ਇਸ ਵਿੱਚੋਂ ਕੌਮ ਅੰਦਰ ਰੋਸ ਅਤੇ ਨਿਰਾਸਤਾ ਦੋਹੇ ਪੈਦਾ ਹੋਏ ਹਨ। ਇੱਕ ਪਾਸੇ ਸਿੱਖ ਰੋਸ ਮੁਜ਼ਾਹਰੇ ਕਰ ਰਹੇ ਹਨ, ਦੂਜੇ ਪਾਸੇ ਸਿੱਖ ਜਵਾਨੀ ਨੇ ਦੰਦ ਕਰੀਚਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਫਲ ਸਰੂਪ ਇੱਕ ਪਾਠੀ ਨੌਜਵਾਨ ਜੋਗਾ ਸਿੰਘ ਨੇ ਕਿਰਚ ਨਾਲ ਇੱਕ ਜਥੇਦਾਰ ਉੱਤੇ ਹਮਲਾ ਕਰ ਦਿੱਤਾ ਹੈ। ਦਾਸ ਲੇਖਕ ਜਾਂ ਕੋਈ ਵੀ ਸੁਹਿਰਦ ਸਿੱਖ ਅਜਿਹੇ ਹਮਲੇ ਦਾ ਹਮਾਇਤੀ ਨਹੀਂ ਹੋ ਸਕਦਾ, ਪਰ ਇਸ ਪਿੱਛੇ ਛੁਪੀ ਸਿੱਖ ਮਾਨਸਿਕਤਾ ਨੂੰ ਸਮਝਣਾ ਜਾਂ ਉਸ ਦਾ ਵਿਸ਼ਲੇਸ਼ਣ ਕਰਨਾ ਜਿੱਥੇ ਬੜਾ ਜਰੂਰੀ ਹੈ ਉਥੇ ਸਮੇਂ ਦੀ ਲੋੜ ਵੀ ਹੈ। ਭਾਈ ਜੋਗਾ ਸਿੰਘ ਨੇ ਵੀ ਸਿਰਫ ਰੋਸ ਹੀ ਪ੍ਰਗਟਾਇਆ ਹੈ, ਉਸ ਨੇ ਜੇ ਮਾਰਨ ਦੀ ਨੀਅਤ ਨਾਲ ਹਮਲਾ ਕਰਨਾ ਹੁੰਦਾ ਤਾਂ ਛਾਤੀ ਵਿੱਚ ਵੀ ਵਾਰ ਕਰ ਸਕਦਾ ਸੀ।

ਹੁਣ ਹਮਲੇ ਦੀ ਸ਼੍ਰੋਮਣੀ ਕਮੇਟੀ ਸਮੇਤ ਕੁੱਝ ਹਲਕਿਆਂ ਵੱਲੋਂ ਘੋਰ ਨਿੰਦਿਆ ਕੀਤੀ ਜਾ ਰਹੀ ਹੈ। ਕੁੱਝ ਲੋਕਾਂ ਵੱਲੋਂ ਭਾਈ ਜੋਗਾ ਸਿੰਘ ਦੀ ਸਰਾਹਨਾ ਅਤੇ ਉਸ ਨੂੰ ਇਨਾਮ ਦੇਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ, ਪਰ ਕੀਹ ਅਸੀਂ ਕਦੇ ਅੰਦਾਜ਼ਾ ਲਗਾਇਆ ਹੈ ਕਿ ਇਸ ਵਿੱਚੋਂ ਸਿੱਖ ਪੰਥ ਨੂੰ ਕੀਹ ਪ੍ਰਾਪਤੀ ਹੋ ਰਹੀ ਹੈ ? ਪੰਥ ਵਿਰੋਧੀ ਜਾਂ ਸਿਖੀ ਨੂੰ ਨਿਗਲਨ ਵਾਸਤੇ ਤੱਤਪਰ ਤਾਕਤਾਂ ‘‘ਅੱਗ ਲਾਈ ਡੱਬੂ ਕੰਧ ਉੱਤੇ’’ ਦੀ ਕਹਾਵਤ ਵਾਂਗੂੰ ਤਮਾਸ਼ਾ ਵੇਖ ਰਹੀਆਂ ਹਨ। ਸਿੱਖ ਇੱਕ ਦੂਜੇ ਦੇ ਦੁਸ਼ਮਨ ਬਣਕੇ ਉਹਨਾਂ ਤਾਕਤਾਂ ਦੇ ਸੁਪਨੇ ਸਾਕਾਰ ਕਰੀ ਜਾ ਰਹੇ ਹਨ, ਫਾਇਦਾ ਤਾਂ ਇੱਕ ਪਰਿਵਾਰ ਦੀ ਸਿਆਸਤ ਨੂੰ ਹੋ ਰਿਹਾ ਹੈ ਜਾਂ ਆਰ.ਐਸ.ਐਸ. ਨੂੰ ਹੋ ਰਿਹਾ ਹੈ। ਨਾ ਕੁੱਝ ਸਿੱਖਾਂ ਦੇ ਪੱਲੇ ਪਿਆ, ਨਾ ਜਥੇਦਾਰਾਂ ਦੇ ਹੱਥ ਆਇਆ। ਜਥੇਦਾਰ ਜਿਹੜੇ ਕਦੇ ਸਤਿਕਾਰ ਦੇ ਪਾਤਰ ਸਨ, ਹੁਣ ਸਾਹਮਣੇ ਸਿਰੀ ਸਾਹਿਬ ਜਾਂ ਕੋਈ ਹੋਰ ਸ਼ਸਤਰ ਫੜੀ ਆਉਂਦੇ ਸਿੱਖ ਨੂੰ ਵੇਖਦਿਆਂ ਹੀ ਜਥੇਦਾਰਾਂ ਦੇ ਚਿਹਰੇ ਜ਼ਰਦ ਹੋ ਜਾਂਦੇ ਹਨ।

ਇਹ ਹਲਾਤ ਕਿਉਂ ਬਣੇ ਇਸ ਵਿੱਚ ਭਾਰਤੀ ਨਿਜ਼ਾਮ ਤਾਂ ਹਰ ਵੇਲੇ ਜਿੰਮੇਵਾਰ ਹੈ ਹੀ ਅਤੇ ਉਹ ਸਿੱਖ ਜਿਹੜੇ ਸਿਰਫ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰਾਜ ਹੀ ਚਾਹੁੰਦੇ ਹਨ, ਵੀ ਜਿੰਮੇਵਾਰ ਹਨ, ਪਰ ਜੇ ਸਾਰੇ ਕਾਸੇ ਦੀ ਗੰਭੀਰਤਾ ਨਾਲ ਪੜਚੋਲ ਕਰੀਏ ਤਾਂ ਇਸ ਬਰਬਾਦੀ ਵਿੱਚ ਸਭ ਤੋਂ ਵੱਡਾ ਅਤੇ ਮੁੱਖ ਰੋਲ ਜਥੇਦਾਰਾਂ ਦਾ ਹੀ ਹੈ। ਜਿਹੜੇ ਅਖੌਤੀ ਸਿੱਖ ਡੇਰੇਦਾਰਾਂ ਦੇ ਡੇਰਿਆਂ ਉੱਤੇ ਸਿਰਫ ਇਸ ਕਰਕੇ ਜਾਂਦੇ ਰਹੇ ਕਿ ਉਥੇ ਲਿਫਾਫੇ ਮਿਲਦੇ ਹਨ ਅਤੇ ਆਰ.ਐਸ.ਐਸ. ਦੀ ਖੁਸ਼ੀ ਮਿਲਦੀ ਹੈ, ਪਰ ਉਥੇ ਗੁਰੂ ਨਾਨਕ ਦੇ ਨਾਮ ਉੱਤੇ ਚਲਦੇ ਲੰਗਰਾਂ ਵਿੱਚ ਕਦੇ ਦਲਿਤਾਂ ਦੇ ਅੱਡ ਭਾਂਡੇ ਨਹੀਂ ਨਜਰ ਆਏ ਅਤੇ ਨਾ ਹੀ ਕਦੇ ਕਿਸੇ ਡੇਰੇਦਾਰ ਨੂੰ ਪੁੱਛਣ ਦੀ ਹਿੰਮਤ ਕੀਤੀ ਹੈ ਕਿ ਗੁਰੂ ਨਾਨਕ ਦੇ ਘਰ ਦੀ ਮਰਿਯਾਦਾ ਨੂੰ ਮੁੰਹ ਚਿੜਾਉਣ ਵਾਲੇ ਤੁਸੀਂ ਕੌਣ ਹੋ? ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਕਬਜ਼ਾਧਾਰੀਆਂ ਦੀਆਂ ਇਹਨਾਂ ਹਰਕਤਾਂ ਕਰਕੇ ਹੀ ਦਲਿਤ ਗੁਰੂ ਘਰ ਨਾਲੋਂ ਟੁੱਟਕੇ ਅਨਮੱਤੀ ਡੇਰਿਆਂ ਦਾ ਸ਼ਰਧਾਲੂ ਬਣ ਗਿਆ ਅਤੇ ਉਥੇ ਵੋਟਾਂ ਦਾ ਜਮਘਟਾ ਪੈਦਾ ਹੋ ਗਿਆ। ਫਿਰ ਰਾਜ ਕਰਦੇ ਲੋਕਾਂ ਨੂੰ ਵੀ ਡੇਰੇ ਜਾਣ ਦੀ ਜਰੂਰਤ ਪੈ ਗਈ।

ਅੱਜ ਸਭ ਕੁੱਝ ਡੇਰਿਆਂ ਦੇ ਹੱਥ ਹੈ, ਜੇ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਥੋੜਾ ਜਿਹਾ ਵੀ ਸਾਬਤ ਕਦਮੀਂ ਤੁਰਦੇ ਰਹਿੰਦੇ ਤਾਂ ਸਿੱਖ ਪੰਥ ਨੂੰ ਆਹ ਦਿਨ ਨਾ ਦੇਖਣੇ ਪੈਂਦੇ। ਹਾਲੇ ਵੀ ਜਥੇਦਾਰ ਜੇ ਕਰ ਗੁਰੂ ਦੇ ਭੈਅ ਵਿੱਚ ਪੰਥ ਸਾਹਮਣੇ ਸਚਾਈ ਬਿਆਨ ਕਰਕੇ ਰਹੱਸ ਤੋਂ ਪੜਦਾ ਚੁੱਕ ਦੇਣ ਤਾਂ ਪੰਥ ਬਖਸ਼ਣ ਹਾਰ ਹੈ, ਫਿਰ ਜ਼ਿੰਦਾਬਾਦ ਦੇ ਨਾਹਰੇ ਲੱਗ ਸਕਦੇ ਹਨ। ਨਹੀਂ ਤਾਂ ਬਾਕੀ ਦੀ ਸਾਰੀ ਜਿੰਦਗੀ ਨਮੋਸ਼ੀ ਵਿੱਚ, ਸੌਦਾ ਸਾਧ ਵਾਲੀ ਬੁਲਿਟ ਪਰੂਫ਼ ਜੈਕਿਟ ਪਾਕੇ ਹੀ ਕੱਟਣੀ ਪਵੇਗੀ ਅਤੇ ਇਤਿਹਾਸ ਕਦੇ ਬਾਬਾ ਅਕਾਲੀ ਫੂਲਾ ਸਿੰਘ ਵਾਲੇ ਪੰਨੇ ਉੱਤੇ ਜਗ੍ਹਾ ਨਹੀਂ ਦੇਵੇਗਾ, ਫਿਰ ਤਾਂ ਅਰੂੜ ਸਿੰਘ ਜਾਂ ਪੁਜ਼ਾਰੀ ਮਨੀ ਸਿੰਘ ਦੇ ਕੁਰਸੀਨਾਮੇ ਵਿੱਚੋਂ ਹੀ ਨਾਮ ਲੱਭਿਆ ਕਰੇਗਾ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top