Share on Facebook

Main News Page

ਰਿਸ਼ੀ ਕਪੂਰ ਨੂੰ ਤਾਂ ਸਮਝ ਆ ਗਈ, ਪਰ ਸਿੱਖ ਅਖਵਾਉਣ ਵਾਲਿਆਂ ਨੂੰ ਕਦੋਂ ਆਵੇਗੀ ?
-: ਸੰਪਾਦਕ ਖ਼ਾਲਸਾ ਨਿਊਜ਼

ਫ਼ਿਲਮ ਅਦਾਕਾਰ ਰਿਸ਼ੀ ਕਪੂਰ ਦਾ ਇਹ ਬਿਆਨ ਕਿ "ਖਾਨੇ ਕੋ ਧਰਮ ਸੇ ਕਿਉਂ ਜੋੜਾ ਜਾਤਾ ਹੈ" ਬਾ-ਕਮਾਲ ਹੈ। ਰਿਸੀ ਕਪੂਰ ਨੂੰ ਤਾਂ ਸਮਝ ਆ ਗਈ, ਪਰ ਸਿੱਖ ਅਖਵਾਉਣ ਵਾਲਿਆਂ ਨੂੰ ਕਦੋਂ ਆਵੇਗੀ?

ਪਿਛੇ ਜਿਹੇ 22 ਅਪ੍ਰੈਲ 2015 ਨੂੰ  ਮਹਾਰਾਸ਼ਟਰ ਸਰਕਾਰ ਨੇ ਇਹ ਬਿਆਨ ਦਿੱਤਾ ਸੀ ਕਿ "ਮਾਸ ਦੇ ਖਾਣ ਅਤੇ ਰੱਖਣ ਨਾਲ ਧਰਮ ਦਾ ਕੋਈ ਸੰਬੰਧ ਨਹੀਂ", ਇਹ ਗੱਲ ਸਿੱਖ ਅਖਵਾਉਣ ਵਾਲੇ ਅੱਜ ਤੱਕ ਨਹੀਂ ਸਮਝ ਸਕੇ। ਗੁਰੂ ਸਾਹਿਬ ਦੇ ਸ਼ਰੀਰਕ ਜਾਮਿਆਂ ਤੋਂ ਬਾਅਦ ਮੌਜੂਦਾ ਸਮੇਂ ਤੱਕ, ਸਿੱਖਾਂ ਵਿੱਚ ਇਹ ਭੰਬਲਭੂਸਾ ਹਾਲੇ ਤੱਕ ਬਣਿਆ ਹੋਇਆ ਹੈ, ਜਦੋਂ ਕਿ ਗੁਰੂ ਸਾਹਿਬ ਦਾ ਸਪਸ਼ਟ ਫੈਸਲਾ ਹੈ "ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥"

ਮਾਸ ਖਾਣਾ ਜਾਂ ਨਾ ਖਾਣ ਦਾ, ਧਰਮ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ ਸ਼ਰੀਰ ਨਾਲ ਸੰਬੰਧ ਹੈ। ਇਸੇ ਲਈ ਸਿੱਖ ਰਹਿਤ ਮਰਿਆਦਾ ਵਿੱਚ ਵੀ "ਕੁੱਠੇ" ਦਾ ਜ਼ਿਕਰ ਹੈ, ਜਿਸਦਾ ਮਤਲਬ ਹੈ ਧਾਰਮਿਕ ਪ੍ਰਕਿਰਆ ਨਾਲ ਮਾਰਕੇ ਤਿਆਰ ਕੀਤਾ ਮਾਸ, ਜੋ ਕਿ ਮੁਸਲਮਾਨਾਂ 'ਚ ਪ੍ਰਚਲਿਤ, ਜੋ ਕਿ ਕਿਸੇ ਜਾਨਵਰ ਨੂੰ ਮਾਰਣ ਲੱਗੇ ਕਲਮਾਂ ਪੜ੍ਹਦੇ ਹਨ, ਅਤੇ ਇਸ ਨੂੰ ਧਰਮ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਦੇ ਧਰਮ 'ਚ ਮਾਸ ਖਾਣਾ ਲਾਜ਼ਮੀ ਹੈ, ਪਰ ਗੁਰੂ ਸਾਹਿਬ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ।

ਸਿੱਖਾਂ ਦੇ ਵੱਖ ਵੱਖ ਧੜੇ ਆਪਣੇ ਮੁਖੀਆਂ ਦੀ ਗੱਲ ਜ਼ਿਆਦਾ ਮੰਨਦੇ ਹਨ, ਪਰ ਗੁਰੂ ਦੀ ਸ਼ਾਇਦ ਹੀ ਕੋਈ ਸੁਣਦਾ ਹੈ। ਹਿੰਦੂ ਲਈ ਗਾਂ ਪਵਿਤ੍ਰ ਹੈ, ਮੁਸਲਮਾਨ ਨੂੰ ਸੂਰ ਤੋਂ ਪਰਹੇਜ਼ ਹੈ, ਪਰ ਸਿੱਖ ਨਾ ਤਾਂ ਹਿੰਦੂ ਹੈ, ਨਾ ਮੁਸਲਮਾਨ ਹੈ। ਆਪਣੀ ਸ਼ਰੀਰਕ ਲੋੜ ਮੁਤਾਬਿਕ ਜੇ ਕੋਈ ਖਾਂਦਾ ਹੈ, ਤਾਂ ਉਹ ਧਾਰਮਿਕ ਅਵੱਗਿਆ ਨਹੀਂ, ਪਰ ਸਿੱਖ ਕਿੱਥੇ ਮੰਨਣ ਵਾਲੇ... ਮੈਂ ਨਾ ਮਾਨੂੰ ਵਾਲੀ ਪ੍ਰਵਿਰਤੀ ਕਾਰਣ ਇਹ ਝਗੜਾ ਚਲਦਾ ਰਹੇਗਾ, ਸਾਰੀ ਦੁਨੀਆ ਤਾਂ ਭਾਂਵੇਂ ਸਮਝ ਜਾਵੇ, ਪਰ ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ... ਸ਼ਾਇਦ ਹੀ ਸਮਝ ਸਕਣ।

ਕਬੀਰ ਸਾਹਿਬ ਦੇ ਸ਼ਬਦ ਦੇ ਗਲਤ ਅਰਥ ਕਰਕੇ, ਝਗੜੀ ਜਾਂਦੇ ਹਨ। ਮਾਸ ਨਾ ਖਾਣ ਵਾਲਾ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਸਮਝਦਾ ਹੈ... ਕੋਈ ਪ੍ਰਚਾਰਕ ਆਵੇ ਉਸ ਨੂੰ ਸਭ ਤੋਂ ਬਹੁਤੀ ਵਾਰੀ ਇਹੀ ਸਵਾਲ ਪੁੱਛਿਆ ਜਾਂਦਾ ਹੈ ਕਿ ਭਾਈ ਸਾਹਿਬ "ਕੀ ਮਾਸ ਖਾ ਲੈਣਾ ਚਾਹੀਦਾ ਹੈ?" ਜੇ ਤਾਂ ਪੁੱਛਣ ਵਾਲਾ ਖਾਂਦਾ ਹੈ, ਤੇ ਅਗਿਓਂ ਭਾਈ ਸਾਹਿਬ ਕਹਿ ਦੇਣ ਕਿ ਨਹੀਂ ਖਾਣਾ ਚਾਹੀਦਾ... ਤਾਂ ਪੰਗਾ... ਜੇ ਪੁੱਛਣ ਵਾਲਾ ਨਹੀਂ ਖਾਂਦਾ, ਤੇ ਅਗਿਓਂ ਭਾਈ ਸਾਹਿਬ ਕਹਿ ਦੇਣ ਖਾਣ 'ਚ ਕੋਈ ਭਰਮ ਨਹੀਂ... ਤਾਂ ਸਿਆਪਾ... ਹਰ ਕੋਈ ਆਪਣੇ ਸਵਾਲ ਦਾ ਜਵਾਬ ਜਾਣਦਾ ਹੁੰਦਾ ਹੈ, ਪਰ ਪ੍ਰਚਾਰਕ ਦਾ ਇਮਤੀਹਾਨ ਲੈਣ ਲਈ, ਤੇ ਆਪਣੀ ਸਮਝ ਦਰਸਾਉਣ ਲਈ ਸਵਾਲ ਕਰਦਾ ਹੈ... ਜਦਕਿ ਗੁਰੂ ਸਾਹਿਬ ਦਾ ਕਹਿਣਾ ਸਿਰਫ ਟਾਂਵਾਂ ਟਾਂਵਾਂ ਮੰਨਦਾ ਹੈ।

ਖ਼ਾਲਸਾ ਨਿਊਜ਼ ਨੂੰ ਇਹ ਪਤਾ ਹੈ ਕਿ ਕੁਮੈਂਟ ਕਰਨ ਵਾਲੇ ਦੋਨੋਂ ਤਰ੍ਹਾਂ ਦੀ ਵਿਚਾਰਧਾਰਾ ਵਾਲੇ ਹਨ, ਕਈ ਸਾਨੂੰ ਗਾਲ਼ਾਂ ਵੀ ਕੱਢਣਗੇ... ਖੈਰ ਆਪਣੀ ਆਪਣੀ ਸਮਝ...

ਸਲਾਮ ਹੈ ਮਹਾਰਾਸ਼ਟਰ ਸਰਕਾਰ ਅਤੇ ਰਿਸ਼ੀ ਕਪੂਰ ਦੀ ਇਸ ਸੋਚ ਉਪਰ ਕਿ "ਮਾਸ ਦੇ ਖਾਣ ਅਤੇ ਰੱਖਣ ਨਾਲ ਧਰਮ ਦਾ ਕੋਈ ਸੰਬੰਧ ਨਹੀਂ"... ਪਰ ਕੀ ਸਿੱਖ ਇਸ ਗੱਲ ਨੂੰ ਸਮਝਣਗੇ ???

ਹੁਣ ਫਿਰ ਕਈਆਂ ਨੇ ਕਹਿਣਾ ਹੈ ਕਿ "ਇਹ ਜਿਹੇ ਮਸਲੇ ਮਿਲ ਬੈਠ ਕੇ ਬਾਅਦ ਵਿੱਚ ਵੀ ਹੱਲ ਹੋ ਸਕਦੇ ਹਨ।"

ਇਹ ਮਸਲੇ ਅੱਜ ਦੇ ਨਹੀਂ, ਬੜੀ ਦੇਰ ਦੇ ਚਲਦੇ ਆ ਰਹੇ ਹਨ, ਤੇ ਵੀਚਾਰ ਨਾ ਹੋਣ ਕਰਕੇ, ਲਟਕ ਰਹੇ ਹਨ।

ਕਬੂਤਰ ਦੇ ਅੱਖਾਂ ਬੰਦ ਕਰਣ ਨਾਲ ਬਿੱਲੀ ਨੇ ਉਸਨੂੰ ਛੱਡ ਨਹੀਂ ਦੇਣਾ। ਜੋ ਸਾਡੀ ਹਾਲਤ ਹਰ ਵਿਸ਼ੇ ਤੋਂ ਭੱਜਣ ਦੀ ਹੈ, ਬਾਅਦ 'ਚ ਕਰ ਲਵਾਂਗੇ... ਵਾਲੀ ਆਦਤ ਕਰਕੇ ਹੀ ਵਿਗੜੀਆਂ ਹਨ।

ਇਹ ਜੋ ਕੌਮ ਦੀ ਹਾਲਤ ਅੱਜ ਅਖੌਤੀ ਜੱਥੇਦਾਰਾਂ ਨੇ ਬਣਾਈ ਹੈ, ਇਸ ਦੇ ਜਿੰਮੇਵਾਰ ਵੀ ਸਿੱਖ ਅਖਵਾਉਣ ਵਾਲੇ ਹੀ ਹਨ। ਇਨ੍ਹਾਂ ਟੁੱਕੜਬੋਚਾ ਵੱਲੋਂ ਪਿਛਲੇ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਗੁਰਮਤਿ ਵਿਰੁੱਧ ਫੈਸਲੇ ਤੇ ਫੁਰਮਾਨ ਜਾਰੀ ਕੀਤੇ, ਉਦੋਂ ਜੇ ਇਸੇ ਤਰ੍ਹਾਂ ਵਿਰੋਧ ਹੁੰਦਾ, ਤਾਂ ਅੱਜ ਇਹ ਦਿਨ ਦੇਖਣੇ ਨਾ ਪੈਂਦੇ।

ਜਦੋਂ ਪੌਦਾ ਛੋਟਾ ਹੁੰਦਾ ਹੈ, ਉਸਨੂੰ ਪੁਟੱਣਾ ਸੌਖਾ ਹੁੰਦਾ ਹੈ, ਪਰ ਜਦੋਂ ਉਹ ਵੱਧ ਕੇ ਪੇੜ ਬਣ ਜਾਵੇ, ਉਸਦੀਆਂ ਜੜ੍ਹਾਂ ਮਜ਼ਬੂਤ ਹੋ ਜਾਂਦੀਆਂ ਹਨ, ਫਿਰ ਕੱਟਣ ਦੇ ਬਾਵਜੂਦ ਵੀ ਉਹ ਫਿਰ ਉਗ ਆਉਂਦਾ ਹੈ।

ਸਰਬਲੋਹ, ਬਿਬੇਕ, ਮਾਸ, ਅਖੌਤੀ ਦਸਮ ਗ੍ਰੰਥ, ਰਹਿਤ ਮਰਿਆਦਾ ਦੇ ਨਾਮ ਹੇਠ ਕੀਤੇ ਸਮਝੌਤੇ, ਅਕਾਲ ਤਖ਼ਤ ਦੇ ਨਾਮ ਹੇਠ ਕੀਤੇ ਗ਼ਲਤ ਫੈਸਲੇ ਆਦਿ ਕਿੰਨੇ ਹੀ ਹੋਰ ਐਸੇ ਮਸਲੇ ਨੇ, ਜਿਨ੍ਹਾਂ ਨੂੰ ਸਮੇਂ ਸਿਰ ਨਾ ਨਾ ਵਿਚਾਰਣ ਕਰਕੇ ਹੀ ਇਹ ਮੁਸੀਬਤਾਂ ਪੈਦਾ ਹੋਈਆਂ ਹਨ

ਗੁਰਮਤਿ ਦੀ ਗੱਲ ਕਹਿਣ ਲੱਗਿਆਂ ਸਮਾਂ ਨਹੀਂ ਦੇਖੀਦਾ, ਸੱਚ ਨੇ ਸੱਚ ਹੀ ਰਹਿਣਾ ਹੈ, ਜਿਸ ਨੂੰ ਪਸੰਦ ਨਹੀਂ, ਆਰਾਮ ਕਰੇ ਘਰੇ ਬੈਠ ਕੇ। ਇਸ ਸਾਈਟ 'ਤੇ ਗੁਰਮਤਿ ਵੀਚਾਰ ਇਸੇ ਤਰ੍ਹਾਂ ਚਲਦੀ ਰਹੇਗੀ... ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top