Share on Facebook

Main News Page

ਪੰਥਕ ਕਨਵੈਨਸ਼ਨ ਵਿੱਚ ਸਰਬੱਤ ਖਾਲਸਾ ਬੁਲਾ ਕੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧਾਨ ਬਣਾਉਣ ਤੇ ਜ਼ੋਰ ਦਿੱਤਾ ਗਿਆ;
ਸੌਦਾ ਸਾਧ ਦਾ ਮੁਆਫੀਨਾਮਾ ਕੀਤਾ ਗਿਆ ਰੱਦ

ਨਵੀਂ ਦਿੱਲੀ 11 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਬੁਲਾਈ ਗਈ ਪੰਥਕ ਕਨਵੈਨਸ਼ਨ ਦੌਰਾਨ ਸੰਗਤਾਂ ਨੇ ਹੱਥ ਖੜੇ ਕਰੜੇ ਸੌਦਾ ਸਾਧ ਦੀ ਮੁਆਫੀ ਨੂੰ ਰੱਦ ਕਰਨ ਨੂੰ ਪ੍ਰਵਾਨਗੀ ਦੇਣ ਦੇ ਨਾਲ ਨਾਲ, ਪੰਥਕ ਧਿਰਾਂ ਨੂੰ ਏਕਤਾ ਕਰਨ ਦੀ ਅਪੀਲ ਕਰਦਿਆਂ ਸਰਬੱਤ ਖਾਲਸਾ ਬੁਲਾ ਕੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਤਿਆਰ ਕਰਨ ਦੇ ਐਲਾਨ ਨੂੰ ਪਰਵਾਨਗੀ ਦਿੱਤੀ ਗਈ।

ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਦੇ ਹਾਲ ਵਿੱਚ ਸੰਗਤਾਂ ਦੀ ਭਾਰੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕਤੱਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਹੇਠ ਦਲ ਵੱਲੋਂ ਵੱਖ ਵੱਖ ਪੰਥਕ ਜਥੇਬੰਦੀਆਂ ਨੂੰ ਸੱਦਾ ਦੇ ਕੇ ਬੁਲਾਈ ਗਈ ਪੰਥਕ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆ ਨੇ ਸਿੱਖ ਪੰਥ ਨਾਲ ਸਬੰਧਿਤ ਮਸਲੇ ਹੱਲ ਕਰਨ ਲਈ ਪੰਥਕ ਏਕਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਬਣਾਏ ਰੱਖਣ ਦੇ ਲਈ ਪੰਥਕ ਏਕਤਾ ਦੀ ਪਹਿਲ ਕਦਮੀ ਕੀਤੀ ਜਾਣੀ ਬਹੁਤ ਜ਼ਰੂਰੀ ਹੈ, ਅਤੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਤਿਆਰ ਕਰਨ ਤੇ ਪੰਥਕ ਮਰਿਆਦਾ ਤੇ ਪਰੰਪਰਾਵਾਂ ਨੂੰ ਲਾਗੂ ਕਰਨ ਲਈ ਸਰਬੱਤ ਖਾਲਸਾ ਉਸ ਸਥਾਨ ਤੇ ਬੁਲਾਇਆ ਜਾਵੇ, ਜਿਸ ਜਗ੍ਹਾ ਤੇ ਉਹਨਾਂ ਸਿੱਖ ਜਥੇਬੰਦੀਆ ਦੇ ਨੁੰਮਾਇਦੇ ਵੀ ਪਹੁੰਚ ਸਕਣ ਜਿਹੜੀਆ ਸਰਕਾਰ ਦੀ ਕਾਲੀ ਸੂਚੀ ਵਿੱਚ ਸ਼ਾਮਲ ਹਨ। ਸਿੱਖ ਪੰਥ ਦੀ ਹੋਣੀ ਦਾ ਫੈਸਲਾ ਕਰਨ ਦਾ ਆਰ.ਐਸ.ਐਸ ਬਨਾਮ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਅਧਿਕਾਰ ਨਹੀਂ ਹੈ ਤੇ ਸੌਦਾ ਸਾਧ ਵੱਲੋ ਭੇਜੇ ਗਏ ਅਖੌਤੀ ਸਪੱਸ਼ਟੀਕਰਨ ਨੂੰ ਦਰਕਿਨਾਰ ਕਰਦਿਆਂ ਉਸ ਦੀ ਮੁਆਫੀ ਨੂੰ ਰੱਦ ਕਰਨ ਦੇ ਐਲਾਨ ‘ਤੇ ਵੀ ਬੁਲਾਰਿਆਂ ਨੇ ਜੋਸ਼ੋ ਖਰੋਸ਼ ਨਾਲ ਮੋਹਰ ਲਗਾਈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅੱਜ ਪੰਥਕ ਹਿਤੈਸ਼ੀਆਂ ਨੂੰ ਅਕਾਲ ਤਖਤ ਤੇ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਤੇ ਦੋਖੀਆ ਨੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ। ਉਹਨਾਂ ਕਿਹਾ ਕਿ 2013 ਵਿੱਚ ਦਿੱਲੀ ਕਮੇਟੀ ਦੀਆਂ ਚੋਣਾਂ ਦੌਰਾਨ ਬਾਦਲਾਂ ਨੇ ਦਿੱਲੀ ਕਮੇਟੀ 'ਤੇ ਕਬਜ਼ਾ ਕਰਨ ਲਈ ਹਰ ਪ੍ਰਕਾਰ ਦੇ ਹੱਥਕੰਡੇ ਅਪਨਾਏ ਅਤੇ ਪੰਜਾਬ ਦਾ ਬਾਦਲ ਮਾਰਕਾ ਸਾਧ ਲਾਣਾ ਵੀ ਉਹਨਾਂ ਦੇ ਹੱਕ ਵਿੱਚ ਭੁਗਤਿਆ। ਇਥੋ ਤੱਕ ਕਿਸੇ ਵੇਲੇ ਸਿੱਖਾਂ ਦੀ ਧਾਰਮਿਕ ਯੂਨੀਵਰਸਿਟੀ ਮੰਨੀ ਜਾਂਦੀ ਦਮਦਮੀ ਟਕਸਾਲ ਦੇ ਬਾਦਲ ਪੱਖੀ ਮੁੱਖੀ ਅਤੇ ਤਖਤਾਂ ਦੇ ਜਥੇਦਾਰਾਂ ਨੇ ਵੀ ਉਹਨਾਂ ਦੇ ਵਿਰੁੱਧ ਰੱਜ ਕੇ ਕੂੜ ਪ੍ਰਚਾਰ ਕੀਤਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਤੇ ਬਾਦਲਾਂ ਨੇ ਕਬਜ਼ਾ ਜ਼ਰੂਰ ਕਰ ਲਿਆ ਪਰ ਜਿਹੜਾ ਹਸ਼ਰ ਉਹਨਾਂ ਨੇ ਦਿੱਲੀ ਦੇ ਗੁਰਧਾਮਾਂ ਤੇ ਗੁਰੂ ਦੀ ਗੋਲਕ ਦਾ ਕੀਤਾ ਹੈ ਉਹ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਉਹ ਸਰਬੱਤ ਖਾਲਸਾ ਬੁਲਾ ਕੇ ਉਹਨਾਂ ਸਾਰੇ ਪੰਥਕ ਮੁੱਦਿਆਂ 'ਤੇ ਵਿਚਾਰ ਚਰਚਾ ਕਰਨਾ ਚਾਹੁੰਦੇ ਹਨ ਜਿਹੜੇ ਇਸ ਵੇਲੇ ਵਿਵਾਦਤ ਬਣੇ ਹੋਏ ਹਨ। ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਸਿੱਖ ਪੰਥ ਨੇ ਨਾ ਪ੍ਰਵਾਨ ਕੀਤੀ ਹੈ ਅਤੇ ਨਾ ਹੀ ਕਰੇਗਾ ਜਿੰਨਾ ਚਿਰ ਤੱਕ ਉਹ ਮਰਿਆਦਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੁੰਦਾ।

ਉੱਘੇ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਅੰਗਰੇਜ਼ ਵੀ ਪੰਥ ਵਿਰੋਧੀ ਸਨ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਕੇਂਦਰ ਜਾਂ ਪੰਜਾਬ ਵਿੱਚ ਬਣੀਆਂ ਹਨ, ਸਾਰੀਆਂ ਹੀ ਪੰਥ ਨੂੰ ਬਰਬਾਦ ਕਰਨ ਲਈ ਹੀ ਬਣੀਆਂ ਹਨ। ਉਹਨਾਂ ਕਿਹਾ ਕਿ ਪੰਥਕ ਏਕਤਾ ਕੀਤੇ ਬਗੈਰ ਸਿੱਖਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਸਰਕਾਰ ਤੇ ਪੰਥ ਵਿਰੋਧੀ ਜਮਾਤਾਂ ਨੇ ਹਮੇਸ਼ਾਂ ਹੀ ਬਾਬੇ ਨਾਨਕ ਦੇ ਇਨਸਾਫ ਪਸੰਦ ਸੰਕਲਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਰ.ਐਸ ਐਸ ਤੇ ਬਾਦਲ ਗ੍ਰੰਥ ਤੇ ਪੰਥ ਨੂੰ ਖਤਮ ਵਿੱਚ ਲੱਗੇ ਹੋਏ ਹਨ।

ਤਖਤ ਸ੍ਰੀ ਦਮਦਮਾ ਸਾਹਿਬ ਦ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੇ ਸਾਬਕਾ ਜਥੇਦਾਰ ਤੇ ਪੰਥਕ ਸੇਵਾ ਦਲ ਦੇ ਮੁੱਖੀ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਥ ਨੂੰ ਇਸ ਵੇਲੇ ਚਾਰੋਂ ਪਾਸਿਆਂ ਤੋਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਧਿਰ ਤੇ ਸਿੱਖ ਦੇ ਪੰਥ ਤੇ ਗ੍ਰੰਥ ਤੇ ਕਬਜ਼ਾ ਕੀਤਾ ਹੋਇਆ ਜਿਸ ਨੂੰ ਖਤਮ ਕਰਨ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਪੰਥ ਵਿੱਚ ਆਪਸੀ ਵਿਸ਼ਵਾਸ, ਇਤਫਾਕ ਤੇ ਪਿਆਰ ਪੈਦਾ ਕਰਨ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਅੱਜ ਉਹਨਾਂ ਸੰਪਰਦਾਵਾਂ ਨੂੰ ਅਕਾਲ ਤਖਤ ਤੋਂ ਕਲੀਨ ਚਿੱਟ ਦਿੱਤੀ ਜਾ ਰਹੀ ਹੈ ਜਿਹਨਾਂ ਨਾਲ ਗੁਰੂ ਸਾਹਿਬ ਨੇ ਸਬੰਧ ਰੱਖਣ ਤੋ ਸਿੱਖਾਂ ਨੂੰ ਵਰਜਿਆ ਸੀ।

ਭਾਈ ਮੋਹਕਮ ਸਿੰਘ ਨੇ ਕਿਹਾ ਕਿ ਅੱਜ ਸਿੱਖ ਦਿਮਾਗੀ ਤੌਰ 'ਤੇ ਚੇਤੰਨ ਹੈ, ਪਰ ਪੰਜਾਬ ਦੇ ਸਿੱਖਾਂ ਕੋਲੋਂ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਖੋਹ ਕੇ ਉਹਨਾਂ ਨੂੰ ਸਮੇਂ ਦੇ ਹਾਣ ਦੇ ਬਣਨ ਤੋਂ ਰੋਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਵੱਲੋ ਪੰਥ ਵਿਰੋਧੀ ਸ਼ਕਤੀਆਂ ਨਾਲ ਮਿਲ ਕੇ ਸਿੱਖਾਂ ਨੂੰ ਆਰਥਿਕ, ਸਮਾਜਿਕ, ਰਾਜਸੀ ਤੇ ਧਾਰਮਿਕ ਤੌਰ 'ਤੇ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।

ਇਸੇ ਤਰ੍ਹਾ ਡਾਂ ਐਸ.ਪੀ ਸਿੰਘ, ਗਿਆਨੀ ਹਰਿੰਦਰ ਸਿੰਘ ਅਲਵਰ, ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਗਦੀਸ਼ ਸਿੰਘ ਝੀਡਾ ਤੇ ਜਨਰਲ ਸਕੱਤਰ ਦੀਦਾਰ ਸਿੰਘ ਨਲਵੀ, ਇੰਦਰਜੀਤ ਸਿੰਘ ਕਾਨਪੁਰ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੀਤ ਪ੍ਰਧਾਨ ਧਿਆਨ ਸਿੰਘ ਮੰਡ, ਤੇਜਿੰਦਰ ਸਿੰਘ, ਲੇਖਕ ਤੇ ਪੰਥਕ ਆਗੂ ਗੁਰਿੰਦਰਪਾਲ ਸਿੰਘ ਧਨੌਲਾ, ਅਜੀਤ ਸਿੰਘ ਲੱਖੀਆ, ਹਰਪਾਲ ਸਿੰਘ ਸੇਠੀ ਦੇਹਰਾਦੂਨ, ਜੋਗਿੰਦਰ ਸਿੰਘ ਅਲਾਹਬਾਦ ਆਦਿ ਨੇ ਵੀ ਸੰਬੋਧਨ ਕੀਤਾ।

ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਤੇ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪੰਥ ਤੇ ਗ੍ਰੰਥ ਨੂੰ ਪੰਥ ਦੋਖੀਆਂ ਤੋਂ ਬਚਾਉਣ ਲਈ ਸਿੱਖ ਪੰਥ ਨੂੰ ਏਕਤਾ ਦੇ ਸੂਤਰ ਵਿੱਚ ਬੰਨਿਆ ਜਾਣਾ ਬਹੁਤ ਜਰੂਰੀ ਹੈ। ਇਸ ਸਮੇਂ ਸ੍ਰ ਮਨਜੀਤ ਸਿੰਘ ਸਰਨਾ, ਦਮਨਦੀਪ ਸਿੰਘ, ਸਤਨਾਮ ਸਿੰਘ ਪ੍ਰਧਾਨ ਯੂਥ ਵਿੰਗ, ਪਰਮਜੀਤ ਸਿੰਘ ਪੰਮਾ, ਅਮਰਜੀਤ ਸਿੰਘ ਗੁਡੂ, ਅਵਤਾਰ ਸਿੰਘ ਤਾਰੀ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਰਮਨਦੀਪ ਸਿੰਘ ਸੋਨੂੰ, ਇੰਦਰਜੀਤ ਸਿੰਘ ਤੋਂ ਇਲਾਵਾ ਦਿੱਲੀ ਕਮੇਟੀ ਦੇ ਮੈਬਰ ਪ੍ਰਭਜੀਤ ਸਿੰਘ ਜੀਤੀ, ਤੇਜਿੰਦਰਪਾਲ ਸਿੰਘ ਗੋਪਾ ਤੇ ਹਰਪਾਲ ਸਿੰਘ ਕੋਛੜ ਵੀ ਹਾਜਰ ਸਨ।

ਕਨਵੈਨਸ਼ਨ ਦੌਰਾਨ ਤਿੰਨ ਮਤੇ ਵੀ ਪਾਸ ਕੀਤੇ ਗਏ ਜਿਹਨਾਂ ਵਿੱਚ:

ਪਹਿਲੇ ਮਤੇ ਰਾਹੀਂ ਸੌਦਾ ਸਾਧ ਰਾਮ ਰਹੀਮ ਨੂੰ ਦਿੱਤੀ ਗਈ ਮੁਆਫੀ ਨੂੰ ਰੱਦ ਕਰਨ ਦੇ ਨਾਲ ਨਾਲ, ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਵਾਲੇ ਜਥੇਦਾਰਾਂ ਨੂੰ ਅਖੌਤੀ ਜਥੇਦਾਰ ਦਾ ਲਕਬ ਦਿੱਤਾ ਗਿਆ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਜਥੇਦਾਰਾਂ ਦੀਆ ਪੰਥ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ ਤੇ ਪੰਥ ਵਿਰੋਧੀ ਰਾਜਸੀ ਨੇਤਾਵਾਂ ਤੇ ਜਥੇਦਾਰਾਂ ਨੂੰ ਜਨਤਾ ਦੀ ਕਚਿਹਰੀ ਵਿੱਚ ਨੰਗਿਆਂ ਕਰਨ।

ਦੂਸਰੇ ਮਤੇ ਰਾਹੀਂ ਆਰ.ਐਸ.ਐਸ ਬਨਾਮ ਬਾਦਲ ਵੱਲੋਂ ਸਿੱਖ ਪੰਥ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਦਾ ਕੜਾ ਨੋਟਿਸ ਲਿਆ ਗਿਆ ਤੇ ਇੱਕ ਸਾਜਿਸ਼ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਉਹ ਬਾਦਲਾਂ ਨੂੰ ਕਿਸੇ ਪ੍ਰਕਾਰ ਦਾ ਸਹਿਯੋਗ ਨਾ ਦੇਣ ਅਤੇ ਇਹਨਾਂ ਦਾ ਸਮਾਜਿਕ, ਰਾਜਸੀ ਤੇ ਧਾਰਮਿਕ ਬਾਈਕਾਟ ਕੀਤਾ ਜਾਵੇ।

ਤੀਸਰੇ ਮਤੇ ਰਾਹੀਂ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਤਿਆਰ ਕਰਨ ਲਈ ਇੱਕ ਸਰਬੱਤ ਖਾਲਸਾ ਬੁਲਾਏ ਜਾਣ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਸਰਬੱਤ ਖਾਲਸਾ ਅਜਿਹੇ ਸਥਾਨ 'ਤੇ ਬੁਲਾਇਆ ਜਾਵੇ ਜਿਥੇ ਬਾਦਲ ਤੇ ਆਰ.ਐਸ.ਐਸ ਉਸ ਉਪਰ ਕੋਈ ਪ੍ਰਭਾਵ ਨਾ ਪਾ ਸਕੇ ਅਤੇ ਸਮੂਹ ਪੰਥ ਖਾਲਸਾ ਇਸ ਲਈ ਸੁਹਿਰਦ ਯਤਨ ਹੁਣ ਤੋਂ ਹੀ ਸ਼ੁਰੂ ਕਰ ਦੇਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top