Share on Facebook

Main News Page

ਬਚਿੱਤਰ ਨਾਟਕ ਵਿੱਚ ਬ੍ਰਹਮਾ ਦੇ ਅਵਤਾਰਾਂ ਵਿੱਚ ਦਰਜ ਰਾਜੇ ਬੇਨ ਦੀ ਕਹਾਣੀ ਗੱਪਾਂ ਦਾ ਭੰਡਾਰ
-: ਗੁਰਦੀਪ ਸਿੰਘ ਬਾਗੀ
gurdeepsinghjohal@yahoo.co.in

ਬ੍ਰਹਮਾ ਦੇ ਅਵਤਾਰਾਂ ਦੇ ਕਥਨ ਵਾਲੇ ਅਧਿਆਇ ਵਿੱਚ ਬ੍ਰਹਮਾ ਦੇ “ਬਿਆਸ ਅਵਤਾਰ” ਹੇਠਾਂ ਦੀੱਤੀਆ ਰਾਜਿਆਂ ਦੀਆਂ ਕਹਾਣੀਆਂ ਲਿਖਣ ਵਾਲੇ ਗੱਪੌੜੀ ਨੂੰ ਕੱਖ ਵੀ ਪਤਾ ਨਹੀਂ ਸੀ, ਉਹ ਪ੍ਰਿਥ, ਭਰਤ, ਸਗਰ ਅਤੇ ਜੁਜਾਤ ਰਾਜਿਆਂ ਦੀਆਂ ਕਹਾਣੀਆਂ ਦੇ ਬਾਅਦ "ਅਥ ਬੇਨ ਰਾਜੇ ਕੋ ਰਾਜ ਕਥਨੰ ॥" ਵਾਲੇ ਭਾਗ ਦੀ ਸ਼ੁਰੂਆਤ ਵਿੱਚ ਲਿਖਦਾ ਹੈ ਕਿ ਬੇਨ ਦੇ ਰਾਜ ਵਿੱਚ ਕੋਈ ਦੁਖੀ ਨਹੀਂ ਸੀ ਤੇ ਨਾਹੀ ਕਿਸੇ ਨੂੰ ਕੋਈ ਅਹੰਕਾਰ ਸੀ, ਸਬ ਲੋਕ ਖੁਸ਼ ਸਨ, ਕੋਈ ਦੁਖੀ ਨਜ਼ਰ ਨਹੀਂ ਆਉਂਦਾ ਸੀ ਅਤੇ ਧਰਤੀ ਥਾਂ ਥਾਂ 'ਤੇ ਚੰਗੀ ਤਰਹਾਂ ਵੱਸ ਰਹੀ ਸੀ। ਇਹ ਤਰਹਾਂ ਰਾਜ ਕਮਾ ਕੇ ਅਤੇ ਸਿਰ 'ਤੇ ਛਤਰ ਫਿਰਾ ਕੇ ਉਸ ਦੀ ਜੋਤ ਪਰਮਾਤਮਾ ਵਿੱਚ ਮਿਲ ਗਈ। ਬਚਿੱਤਰ ਨਾਟਕ ਦਾ ਲਿਖਾਰੀ ਲਿਖਦਾ ਹੈ ਜਿਨ੍ਹੇ ਵੀ ਵਿਕਾਰਾਂ ਤੂੰ ਰਹਿਤ ਰਾਜੇ ਹੋਏ ਹਨ ਸਬ ਪਰਮਾਤਮਾ ਵਿੱਚ ਸਮਾ ਗਏ ਹਨ।

ਬਚਿੱਤਰ ਨਾਟਕ ਦੇ ਲਿਖਾਰੀ ਦੇ ਇਸ ਅਖੌਤੀ ਅਨੁਵਾਦ ਅਤੇ ਪੁਰਾਣਾਂ ਵਿੱਚ ਦਰਜ ਰਾਜੇ ਬੇਨ ਦੀ ਕਹਾਣੀ ਵਿੱਚ ਜਮੀਨ-ਆਸਮਾਨ ਯਾਂ ਕਹਿ ਲੋ ਦਿਨ-ਰਾਤ ਦਾ ਫਰਕ ਹੈ। ਬਚਿੱਤਰ ਨਾਟਕ ਦਾ ਲਿਖਾਰੀ ਜਿਥੇ ਬੇਨ ਨੂੰ ਭਰਤ ਅਤੇ ਸਗਰ ਰਾਜੇ ਦੇ ਬਾਦ ਹੋਇਆ ਲਿਖ ਕੇ ਅਪਣੀ ਅਗਿਆਣਤਾ ਦਾ ਪਰਿਚੈ ਦੇਂਦਾ ਹੈ ਉਥੇ ਹੀ ਬਚਿੱਤਰ ਨਾਟਕ ਦਾ ਲਿਖਾਰੀ ਇਸ ਰਾਜੇ ਬੇਨ ਦੀ ਖਾਹਮ-ਖਾਹ ਸਿਫਤ ਲਿਖ ਕੇ ਇਹ ਗੱਲ ਵੀ ਸਾਬਿਤ ਕਰ ਦੇਂਦਾ ਹੈ ਕਿ ਉਸ ਨੇ ਕਦੇ ਪੁਰਾਣ ਪੜ੍ਹੇ ਵੀ ਨਹੀਂ ਸੀ। ਹਿਂਦੂ ਪੁਰਾਣਾ ਵਿੱਚ ਰਾਜਾ ਬੇਨ ਦੀ ਦੁਸ਼ਟਤਾ ਦਾ ਕਿੱਸਾ ਦਰਜ ਹੈ। ਇਸ ਰਾਜੇ ਬੇਨ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਸਬ ਤੂੰ ਪਹਿਲਾਂ ਮਹਾਨਕੋਸ਼ ਨੂੰ ਵੇਖਿਆ ਜਾਵੇ, ਮਹਾਨਕੋਸ਼ ਵਿੱਚ ਇਸ ਰਾਜੇ ਬੇਨ ਬਾਰੇ ਜਾਣਕਾਰੀ ਦਰਜ ਹੈ। “ਬੇਣ” ਹੇਠਾਂ ਸਿਰਫ ਮੁਢਲੀ ਜਾਣਕਾਰੀ ਦਿੱਤੀ ਹੈ ਕਿ ਇਹ ਅੰਗ ਦਾ ਪੁਤ੍ਰ ਅਤੇ ਰਾਜਾ ਪ੍ਰਿਥੁ ਦਾ ਪਿਤਾ ਇੱਕ ਰਾਜਾ, ਜੋ ਮਹਾਭਾਰਤ ਅਤੇ ਹਰਿਵੰਸ਼ ਅਨੁਸਾਰ ਮਹਾ ਅਧਰਮੀ ਸੀ. ਇਸ ਨੂੰ ਰਿਖੀਆਂ ਨੇ ਕੁਸ਼ਾ ਦੀ ਤੀਲੀਆਂ ਨਾਲ ਮਾਰ ਦਿੱਤਾ ਸੀ। ਇਕ ਹੋਰ ਜਾਣਕਾਰੀ “ਵੇਣ” ਹੇਠਾਂ ਇਸ ਰਾਜੇ ਬੇਨ ਬਾਰੇ ਦਰਜ ਹੈ ਜੋ ਪਾਠਕਾਂ ਦੇ ਸਾਮ੍ਹਣੇ ਰਖ ਰਹਿਆ ਹਾਂ:-

੩. ਰਾਜਾ ਅੰਗ ਦਾ ਪੁਤ੍ਰ: ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਇਹ ਰਾਜਾ ਹੋਇਆ ਤਾਂ ਇਸ ਨੇ ਢੰਡੋਰਾ ਫਿਰਵਾ ਦਿੱਤਾ ਕਿ- "ਕੋਈ ਆਦਮੀ ਆਹੁਤਿ ਬਲਿਦਾਨ ਆਦਿ ਦੇਵਤਿਆਂ ਨੂੰ ਕੁਝ ਨਾ ਦੇਵੇ, ਕੇਵਲ ਮੈਂ ਹੀ ਪੂਜਾ ਭੇਟਾ ਦਾ ਅਧਿਕਾਰੀ ਦੇਵਤਾ ਹਾਂ." ਰਿਖੀਆਂ ਨੇ ਵਡੀ ਅਧੀਨਗੀ ਨਾਲ ਬੇਨਤੀ ਕੀਤੀ ਕਿ ਇਉਂ ਨਾ ਕਰੋ, ਪਰ ਉਸ ਨੇ ਇੱਕ ਨਾ ਮੰਨੀ, ਇਸ ਪੁਰ ਰਿਖੀਆਂ ਨੇ ਵੇਣ ਨੂੰ ਮੰਤ੍ਰਾਂ ਦੇ ਬਲ ਕੁਸ਼ਾ ਦੇ ਤੀਲਿਆਂ ਨਾਲ ਮਾਰ ਦਿੱਤਾ. ਵੇਣ ਦੇ ਘਰ ਕੋਈ ਪੁਤ੍ਰ ਨਹੀੰ ਸੀ, ਇਸ ਲਈ ਰਿਖੀਆਂ ਨੇ ਆਪੋ ਵਿੱਚੀ ਸਲਾਹ ਕਰਕੇ ਮੁਰਦਾ ਵੇਣ ਦੇ ਪੱਟ ਨੂੰ (ਅਤੇ ਹਰਿਵੰਸ਼ ਦੀ ਲਿਖਤ ਅਨੁਸਾਰ ਸੱਜੀ ਬਾਂਹ ਨੂੰ) ਮਲਿਆ, ਤਾਂ ਉਸ ਵਿੱਚੋਂ ਕਾਲਾ ਅਤੇ ਚੌੜੇ ਮੂੰਹ ਵਾਲਾ ਨਿੱਕਾ ਜੇਹਾ ਬਾਲਕ ਉਤਪੰਨ ਹੋਇਆ. ਰਿਖੀਆਂ ਨੇ ਉਸ ਨੂੰ ਆਖਿਆ ਨਿਸੀਦ (ਬੈਠ ਜਾਹ), ਇਸ ਲਈ ਉਸ ਦਾ ਨਾਮ "ਨਿਸਾਦ" ਹੋਇਆ, ਜਿਸ ਤੋਂ ਅਨੇਕ ਨਿਸਾਦ ਉਤਪੰਨ ਹੋਏ, ਜੇਹੜੇ ਕਿ ਦੱਖਣੀ ਪਰਵਤਾਂ ਵਿੱਚ ਰਹਿੰਦੇ ਹਨ. ਫੇਰ ਬ੍ਰਾਹਮਣਾਂ ਨੇ ਵੇਣ ਦਾ ਸੱਜਾ ਪੱਟ ਮਲਿਆ, ਤਾਂ ਉਸ ਵਿੱਚੋਂ ਅਗਨਿ ਜੇਹਾ ਚਮਕਦਾ ਪ੍ਰਿਥੁ ਪ੍ਰਗਟ ਹੋਇਆ. ਦੇਖੋ, ਪ੍ਰਿਥੁ

੪. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਵੇਣ ਨੇ ਆਪਣਾ ਰਾਜ ਆਰੰਭ ਤਾਂ ਚੰਗੀ ਤਰਾਂ ਕੀਤਾ, ਪਰ ਫੇਰ ਜੈਨਮਤ ਦੇ ਜਾਲ ਵਿੱਚ ਫਸ ਗਿਆ, ਇਸ ਕਰਕੇ ਰਿਖੀਆਂ ਨੇ ਉਸ ਨੂੰ ਏਨਾਂ ਕੁੱਟਿਆ ਕਿ ਉਸ ਦੇ ਪੱਟ ਵਿੱਚੋਂ ਨਿਸਾਦ ਅਤੇ ਸੱਜੀ ਭੁਜਾ ਵਿੱਚੋਂ ਪ੍ਰਿਥੁ ਨਿਕਲ ਆਏ, ਨਿਸਾਦ ਦੇ ਜਨਮ ਨਾਲ ਉਸ ਦੇ ਪਾਪ ਕੱਟੇ ਗਏ ਅਤੇ ਉਹ ਨਰਮਦਾ ਨਦੀ ਦੇ ਕਿਨਾਰੇ ਤਪ ਕਰਨ ਜਾ ਲੱਗਿਆ, ਦੇਖੋ, ਬੇਣ ੨.

ਮਹਾਨਕੋਸ਼ ਵਿੱਚ “ਵੇਣ” ਦੇ ਹੇਠਾਂ ਦਰਜ ਚੌਥੀ ਇੰਦਰਾਜ ਵਿੱਚ ਭਾਈ ਕਾਹਨ ਸਿੰਘ ਨਾਭਾ ਪਦਮ ਪੁਰਾਣ ਦਾ ਜਿਕਰ ਕਰਦੇ ਨੇ ਕਿ ਇਸ ਪੁਰਾਣ ਮੁਤਾਬਿਕ ਰਾਜੇ ਬੇਨ ਨੇ ਸ਼ੁਰੂ ਵਿੱਚ ਅਪਣਾ ਰਾਜ ਚੰਗੀ ਤਰਹਾਂ ਕੀਤਾ, ਪਰ ਬਾਅਦ ਵਿੱਚ ਵੇਦ ਮਤ ਨੂੰ ਛੜ ਕੇ ਜੈਨਮਤ ਦਾ ਧਾਰੀ ਹੋ ਗਿਆ ਅਤੇ ਇਸ ਕਾਰਨ ਰਿਸ਼ੀਆ ਨੇ ਨਾਰਾਜ਼ ਹੋਕੇ ਉਸ ਨੂੰ ਕੁੱਟਿਆ।

ਭਾਈ ਕਾਹਨ ਸਿੰਘ ਨਾਭਾ ਦੀ ਇਸ ਇਂਦਰਾਜ ਤੂੰ ਇਲਾਵਾ ਹੋਰ ਜਾਣਕਾਰੀ ਪਦਮ ਪੁਰਾਣ ਵਿੱਚੋ ਸਾਂਝੀ ਕਰ ਦੇਵਾਂ ਕਿ ਇਹ ਰਾਜਾ ਬੇਨ ਇਨ੍ਹਾਂ ਜਿਆਦਾ ਪਾਪੀ ਹੋ ਗਿਆ ਕਿ ਇਹ ਹਵਸ ਦਾ ਅੰਧਾ ਹੋਕੇ ਔਰਤਾਂ ਨੂੰ ਚੁੱਕਣ ਲਗ ਪਿਆ ਅਤੇ ਅਪਣੇ ਆਪ ਨੂੰ ਹੀ ਸਬ ਤੂੰ ਵਡਾ ਦੇਵਤਾ ਕਹਿਣ ਲਗ ਪਿਆ। ਬਚਿੱਤਰ ਨਾਟਕ ਦਾ ਲਿਖਾਰੀ ਇਸ ਤਰਹਾਂ ਦੀਆ ਹਰਕਤਾਂ ਕਰਨ ਵਾਲੇ ਰਾਜੇ ਬੇਨ ਬਾਰੇ ਜਦ ਇਹ ਲਿਖਦਾ ਹੈ ਕਿ “ਜੀਅ ਭਾਂਤਿ ਭਾਂਤਿ ਬਸੇ ਸੁਖੀ ॥ ਤਰਿ ਦ੍ਰਿਸ਼ਟ ਆਵਤ ਨਾ ਦੁਖੀ ॥” ਤੇ ਹੈਰਾਨੀ ਹੋਂਦੀ ਹੈ ਕਿ ਔਰਤਾਂ ਦਾ ਅਗਵਾ ਕਰਨ ਨਾਲ ਸਾਰੇ ਲੋਕ ਸੁਖੀ ਵੱਸ ਰਹੇ ਸਨ ਅਤੇ ਕੋਈ ਦੁਖੀ ਨਜਰ ਨਹੀਂ ਆਉਣਦਾ ਸੀ ਅਤੇ ਬਚਿੱਤਰ ਨਾਟਕ ਦੇ ਲਿਖਾਰੀ ਮੁਤਾਬਿਕ ਰਾਜ ਲਕਸ਼ਮੀ ਧਰਤੀ ਤੇ ਪਸਰ ਰਹੀ ਸੀ। ਪੁਰਾਣਾ ਦੇ ਮੁਤਾਬਿਕ ਰਾਜੇ ਬੇਨ ਦੇ ਸ਼ਰੀਰ ਨੂੰ ਮਲਣ ਦੇ ਬਾਅਦ ਪ੍ਰਿਥੁ ਦੇ ਨਿਕਲਣ ਦੇ ਬਾਅਦ ਜਦ ਰਾਜ ਪ੍ਰਿਥੁ ਨੂੰ ਸੌਂਪਿਆ ਗਿਆ ਤੇ ਉਹ ਧਰਤੀ ਉਤੇ ਅਧਰਮ ਦਾ ਖਿਲਾਰਾ ਵੇਖ ਕੇ ਉਹ ਧਰਤੀ ਨੂੰ ਸੋਧਨ ਚਲ ਪਿਆ। ਇਸ ਪ੍ਰਿਥੁ ਰਾਜੇ ਨੇ ਲੋਕਾਂ ਨੂੰ ਅਪਣੇ ਰਾਜ ਵਿੱਚ ਉਹ ਸੁਖ ਦਿੱਤਾ ਜਿਸ ਤੂੰ ਲੋਕ ਰਾਜੇ ਬੇਨ ਦੇ ਰਾਜ ਵਿੱਚ ਮਹਰੂਮ ਸਨ।

ਕਈਂ ਪੁਰਾਣਾਂ ਵਿੱਚ ਲਿਖੀਆ ਹੈ ਕਿ ਬੇਨ ਰਿਸ਼ੀਆਂ ਦੇ ਕੁੱਟਣ ਦੇ ਕਾਰਨ ਮਰ ਗਿਆ ਸੀ ਅਤੇ ਉਸ ਤਸ ਦੇ ਸ਼ਰੀਰ ਨੂੰ ਮੱਲਣ ਦੇ ਬਾਦ ਪ੍ਰਿਥੁ ਦੇ ਪੈਦਾ ਹੋਣ ਕਰ ਕੇ ਰਾਜਾ ਬੇਨ ਸਵਰਗ ਚਲਾ ਗਿਆ ਪਰ ਪਦਮ ਪੁਰਾਣ ਮੁਤਾਬਿਕ ਰਾਜਾ ਬੇਨ ਰਿਸ਼ੀਆ ਤੂੰ ਕੁੱਟ ਖਾਣ ਦੇ ਬਾਦ ਮਰਿਆ ਨਹੀਂ ਬਲਕਿ ਉਸ ਦੇ ਪਾਪ ਕੱਟ ਗਏ ਅਤੇ ਰਾਜਾ ਬੇਨ ਨਰਮਦਾ ਨਦੀ ਦੇ ਤਟ ਤੇ ਜਾ ਕੇ ਤਪ ਕਰਨ ਲਗ ਪਿਆ। ਵਾਮਨ ਪੁਰਾਨ ਵਿੱਚ ਵੀ ਰਾਜੇ ਬੇਨ ਦੀ ਦੁਸ਼ਟਤਾ ਦੀ ਕਹਾਣੀ ਦਰਜ ਹੈ ਅਤੇ ਇਸ ਪੁਰਨਾ ਵਿੱਚ ਰਾਜੇ ਬੇਨ ਦੇ ਰਿਸ਼ੀਆ ਦੇ ਹੱਥੋਂ ਮਰਨ ਦੇ ਬਾਦ ਅਗਲਾ ਜਨਮ ਚੰਡਾਲਾ ਦੇ ਘਰ ਹੋਇਆ ਲਿਖੀਆ ਹੈ ਅਤੇ ਉਸ ਦੀ ਚੰਡਾਲ ਵਾਲੇ ਜਨਮ ਤੂੰ ਮੁਕਤਿ ਸਥਾਨੁ ਤੀਰਥ ਦੇ ਨ੍ਹਾਉਣ ਦੇ ਬਾਦ ਹੋਈ ਜਿਥੇ ਇਸ ਨੂੰ ਰਾਜਾ ਪ੍ਰਿਥੁ ਲੈ ਗਿਆ ਸੀ।

ਪਾਠਕ ਆਪ ਅੰਦਾਜਾ ਲਾ ਲੈਣ ਕਿ ਰਾਜਾ ਬੇਨ ਪੁਰਣਾ ਮੁਤਾਬਿਕ ਇਕ ਪਾਪੀ, ਅਹੰਕਾਰੀ ਅਤੇ ਹਵਸ ਦਾ ਅੰਧਾ ਰਾਜਾ ਹੋਇਆ ਹੈ ਜੋ ਅਪਣੇ ਆਪ ਨੂੰ ਸਬ ਤੂੰ ਵਡਾ ਦੇਵਤਾ ਦੱਸਦਾ ਸੀ, ਉਸ ਦੀ ਅਸਲ ਕਹਾਣੀ ਜੋ ਪੁਰਾਣਾਂ ਵਿੱਚ ਦਰਜ ਹੈ ਉਹ ਤੁਹਾਡੇ ਨਾਲ ਸਾਂਝੀ ਹੋ ਗਈ ਹੈ। ਬਚਿੱਤਰ ਨਾਟਕ ਦਾ ਲਿਖਾਰੀ ਔਰਤਾਂ ਨੂੰ ਅਗਵਾਂ ਕਰਨ ਵਾਲੇ ਰਾਜੇ ਦੇ ਰਾਜ ਵਿੱਚ ਲੋਕਾਂ ਨੂੰ ਸੁਖੀ ਵੱਸਦਾ ਲਿਖ ਰਹਿਆ ਹੈ, ਹੁਣ ਗੁਰਦਵਾਰੇ ਦੇ ਮੰਚ ਤੂੰ ਤੁਹਾਨੂੰ ਕੋਈ ਇਹ ਕਹਿ ਕਿ ਬਚਿੱਤਰ ਨਾਟਕ ਵਿੱਚ ਹਿੰਦੂ ਪੁਰਾਣਾ ਦਾ ਅਨੁਵਾਦ ਹੈ ਤੇ ਉਸ ਨੂੰ ਇਕ ਬਾਰ ਸਵਾਲ ਜਰੁਰ ਕਰਨਾ ਕਿ “ਭਾਈ ਤੂੰ ਇਹ ਦੱਸ ਕਿ ਕੇੜ੍ਹੀ ਕਹਾਣੀ ਕਿਸ ਪੁਰਾਣ ਵਿੱਚੋਂ ਆਈ ਹੈ ਅਤੇ ਬਚਿੱਤਰ ਨਾਟਕ ਵਿੱਚ ਦਰਜ ਕਹਾਣੀ ਅਤੇ ਪੁਰਾਣ ਦੀ ਕਹਾਣੀ ਦਾ ਟਾਕਰਾ ਕਰ ਕੇ ਸੁਣਾ।”


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top