Share on Facebook

Main News Page

ਕਨਵੈਂਸ਼ਨਾਂ ਅਤੇ ਕਾਨਫਰੈਂਸਾਂ ਦਾ ਤਾਂ ਤੱਦ ਤੱਕ ਕੋਈ ਫਾਇਦਾ ਨਹੀਂ ਹੋਵੇਗਾ, ਜਦੋਂ ਤਕ "ਤਖਤਾਂ ਦੇ ਜੱਥੇਦਾਰ" ਨਾਮ ਦਾ ਅਹੁਦਾ ਪੂਰੀ ਤਰ੍ਹਾਂ ਰੱਦ ਕਰਣ ਦਾ ਮਤਾ ਪਾਸ ਨਹੀਂ ਕੀਤਾ ਜਾਂਦਾ
-: ਇੰਦਰਜੀਤ ਸਿੰਘ ਕਾਨਪੁਰ

ਦਿੱਲੀ ਵਿਖੇ ਹੋਈ ਪੰਥਕ ਕਨਵੈਂਸ਼ਨ 'ਚ ਕਾਨਪੁਰ ਤੋਂ ਆਏ ਇੰਦਰਜੀਤ ਸਿੰਘ ਕਾਨਪੁਰ ਨੇ ਆਪਣੀ ਛੋਟੀ ਜਹੀ ਤਕਰੀਰ ਵਿੱਚ ਕਹਿਆ ਕਿ:

"ਅੱਜ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਸੌਦਾ ਸਾਧ ਵਾਲੇ ਫਤਵੇ 'ਤੇ ਸਾਡੇ ਦਿਲ ਵਲੂੰਧਰੇ ਗਏ ਹਨ। ਇਹ ਲੋਕ ਉਸ ਵੇਲੇ ਕਿਥੇ ਸਨ, ਜਦੋਂ ਕੌਮ ਦੀ ਮਹਾਨ ਸ਼ਖਸੀਅਤ, ਜਿਸਨੇ ਆਪਣਾ ਪੂਰਾ ਜੀਵਨ ਪੰਥ ਨੂੰ ਜਗਾਉਣ 'ਤੇ ਲਾ ਦਿੱਤਾ, ਨੂੰ ਇਨ੍ਹਾਂ ਅਖੌਤੀ ਜਥੇਦਾਰਾਂ ਨੇ ਪੰਥ ਵਿਚੋਂ ਛੇਕਿਆ ਸੀ? ਜੇ ਉਸ ਵੇਲੇ ਵੀ ਤੁਹਾਡੇ ਦਿੱਲ ਵਲੂੰਧਰੇ ਗਏ ਹੁੰਦੇ, ਤਾਂ ਕੌਮ ਨੂੰ ਅੱਜ ਇਹ ਦਿਨ ਵੇਖਣ ਨੂੰ ਨਹੀਂ ਮਿਲਣਾ ਸੀ। ਸਾਡੇ ਹਿਰਦੇ ਤਾਂ 2009 ਤੋਂ ਹੀ ਵਲੂੰਧਰੇ ਹੋਏ ਹਨ।" ਇਸ ਗੱਲ ਦੀ ਤਸਦੀਕ ਕਰਦਿਆਂ ਸੰਗਤ ਨੇ ਜੈਕਾਰੇ ਛੱਡ ਕੇ ਕੀਤੀ।

ਸ. ਪਰਮਜੀਤ ਸਿੰਘ ਸਰਨਾ ਨੇ ਵੀ ਆਪਣੀ ਤਕਰੀਰ ਵਿੱਚ ਸ. ਇੰਦਰਜੀਤ ਸਿੰਘ ਕਾਨਪੁਰ ਦੀ ਇਸ ਗੱਲ ਨੂੰ ਪ੍ਰੌੜਤਾ ਕਰਦਿਆਂ ਕਹਿਆ ਕਿ ਇਨ੍ਹਾਂ ਦੇ ਤਸ਼ਦਦ ਦੀ ਸ਼ੁਰੂਆਤ ਇੱਕ ਵਿਅਕਤੀ ਤੋਂ ਹੋਈ ਤੇ ਇਸ ਇਸ ਫੈਸਲੇ ਨਾਲ ਅੰਤ ਹੋਇਆ ਹੈ।

ਸ. ਇੰਦਰਜੀਤ ਸਿੰਘ ਨੇ ਇਹ ਵੀ ਕਹਿਆ ਕਿ, "ਇਥੇ ਸਟੇਜ 'ਤੇ ਇਹੋ ਜਿਹੇ ਵੀ ਬਹੁਤ ਸਾਰੇ ਲੋਕ ਬੈਠੇ ਹਨ, ਜੋ ਆਪ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ, ਉਸ ਸਰਬਤ ਖਾਲਸਾ ਦੀ ਗੱਲ ਕਿਵੇਂ ਕਰ ਸਕਦੇ ਹਨ ?" (ਉਨ੍ਹਾਂ ਦਾ ਇਸ਼ਾਰਾ ਟਕਸਾਲਾਂ ਅਤੇ ਕੁੱਝ ਨੰਗੀਆਂ ਟੰਗਾਂ ਵਾਲੇ ਡੇਰੇਦਾਰਾਂ ਵੱਲ ਸੀ)

ਆਪਣੀ ਤਕਰੀਰ ਦੇ ਅੰਤ ਵਿੱਚ ਉਨ੍ਹਾਂ ਕਹਿਆ ਕਿ "ਇਹੋ ਜਿਹੀਆਂ ਕਨਵੈਂਸ਼ਨਾਂ ਅਤੇ ਕਾਨਫਰੈਂਸਾਂ ਦਾ ਤਾਂ ਤੱਦ ਤੱਕ ਕੋਈ ਫਾਇਦਾ ਨਹੀਂ ਹੋਵੇਗਾ, ਜਦੋਂ ਤਕ "ਤਖਤਾਂ ਦੇ ਜੱਥੇਦਾਰ" ਨਾਮ ਦਾ ਅਹੁਦਾ ਪੂਰੀ ਤਰ੍ਹਾਂ ਰੱਦ ਕਰਣ ਦਾ ਮਤਾ ਪਾਸ ਨਹੀਂ ਕੀਤਾ ਜਾਂਦਾ। ਸਾਡਾ ਇਕੋ ਇਕ ਰਹਿਨੁਮਾਂ, ਇੱਕੋ ਇੱਕ ਜਥੇਦਾਰ, "ਗੁਰੂ ਗ੍ਰੰਥ ਸਾਹਿਬ ਜੀ" ਹਨ। ਉਨ੍ਹਾਂ ਦੇ ਹੁਕਮ ਤੋਂ ਅਲਾਵਾਂ ਕੌਮ 'ਤੇ ਹੋਰ ਕਿਸੇ ਮਾਮੂਲੀ ਜਿਹੇ ਬੰਦੇ ਦਾ ਹੁਕਮ ਲਾਗੂ ਨਹੀਂ ਹੁੰਦਾ। ਰਿਸ਼ਵਤ ਲੈ ਕੇ ਫਤਵੇ ਜਾਰੀ ਕਰਣ ਵਾਲੇ ਮਾਮੂਲੀ ਜਿਹੇ ਬੰਦੇ ਕੌਮ ਦੇ "ਜਥੇਦਾਰ" ਕਿਸ ਤਰ੍ਹਾਂ ਹੋ ਸਕਦੇ ਨੇ ?" ਸ. ਇੰਦਰਜੀਤ ਸਿੰਘ ਦੀ ਤਕਰੀਰ 'ਤੇ ਸੰਗਤਾਂ ਨੇ ਬਹੁਤ ਜੈਕਾਰੇ ਛੱਡੇ।


ਟਿੱਪਣੀ: ਦਿੱਲੀ ਕਨਵੈਂਸ਼ਨ 'ਚ ਸ. ਇੰਦਰਜੀਤ ਸਿੰਘ ਦੀ ਤਕਰੀਰ ਬਹੁਤ ਪਾਏਦਾਰ ਹੈ। ਜਿਨਾਂ ਇੰਦਰਜੀਤ ਸਿੰਘ ਜੀ ਬੇਖੌਫ ਲਿਖਦੇ ਹਨ, ਉਨ੍ਹਾਂ ਹੀ ਬੇਖੌਫ ਹੋਕੇ ਸਮੇਂ 'ਤੇ ਸਭ ਦੇ ਸਾਹਮਣੇ ਸੱਚ ਬੋਲਣ ਦੀ ਜ਼ੁਰੱਤ ਵੀ ਰੱਖਦੇ ਹਨ। ਦਿੱਲੀ ਕਨਵੈਂਸ਼ਨ 'ਚ ਪਾਸ ਕੀਤੇ ਮਤਿਆਂ 'ਚ "ਜਥੇਦਾਰ" ਪਰੰਪਰਾ ਦਾ ਅੰਤ ਬਾਰੇ ਕੋਈ ਮਤਾ ਨਹੀਂ ਸੀ। ਬਾਕੀ ਮਤੇ ਵੀ ਕਿਤੇ ਫਾਈਲਾਂ ਥੱਲੇ ਹੀ ਦਬੇ ਨਾ ਰਹਿ ਜਾਣ।

ਇਸ ਕਨਵੈਂਸ਼ਨ 'ਚ ਨੰਦਗੜ੍ਹ, ਕੇਵਲ ਸਿੰਘ ਅਤੇ ਕਈ ਹੋਰ ਐਸੇ ਲੋਕ ਸਨ, ਜਿਹੜੇ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਿਤ ਰਹਿੰਦੇ ਹਨ। ਨੰਦਗੜ੍ਹ 'ਤੇ ਬਹੁਤਾ ਭਰੋਸਾ ਕਰਨਾ ਠੀਕ ਨਹੀਂ, ਕਿਉਂਕਿ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੇ ਕਤਲ ਦੇ ਫੁਰਮਾਨ 'ਤੇ ਇਨ੍ਹਾਂ ਦੇ ਹਸਤਾਖਰ ਹਨ, ਪ੍ਰੋ. ਦਰਸ਼ਨ ਸਿੰਘ ਨੂੰ ਛੇਕਣ ਦੀ ਸਿਆਸੀ ਚਾਲ ਵਿੱਚ ਵੀ ਇਨ੍ਹਾਂ ਦਾ ਪੂਰਾ ਹੱਥ ਹੈ, ਸੌਦਾ ਸਾਧ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਸੋਨੇ ਨਾਲ ਤੋਲਣ ਦੀ ਫੋਕੀ ਬੜ੍ਹਕ ਵੀ ਇਨ੍ਹਾਂ ਨੇ ਹੀ ਮਾਰੀ... ਹੋਰ ਵੀ ਬਹੁਤ ਕੁੱਝ ਹੈ ਇਨ੍ਹਾਂ ਬਾਰੇ... ਬਾਕੀ ਹੋਰ ਵੀ ਕਈ ਐਸੇ ਹਨ, ਜਿਹੜੇ ਸਿਰਫ ਆਪਣੀ ਲੀਡਰੀ ਹੀ ਚਮਕਾ ਰਹੇ ਨੇ, ਪੱਲੇ ਵੀ ਕੱਖ ਨਹੀਂ, ਕਰਣਾ ਕਰਾਉਣਾ ਵੀ ਕੱਖ ਨਹੀਂ।

ਖ਼ਾਲਸਾ ਨਿਊਜ਼ ਏਕਤਾ ਦੀ ਹਾਮੀ ਹੈ, ਪਰ ਇਹ ਖਿਆਲ ਰਹੇ ਕੀ ਆਸਤੀਨ ਦੇ ਸੱਪਾਂ ਤੋਂ ਸਾਵਧਾਨ ਹੋਣਾ ਭੀ ਬਹੁਤ ਜ਼ਰੂਰੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top