Share on Facebook

Main News Page

ਪੰਥਕ ਧਿਰਾਂ ਦਾ ਸੰਘਰਸ਼ ਤੇ ਕਿਸਾਨਾਂ ਦੀ ਨਾਰਾਜ਼ਗੀ, ਅਕਾਲੀ ਦਲ ਬਾਦਲ ਤੇ ਸਰਕਾਰ ਨੂੰ ਪੈ ਸਕਦੀ ਹੈ ਮਹਿੰਗੀ

ਅੰਮ੍ਰਿਤਸਰ 13 ਅਕਤੂਬਰ (ਜਸਬੀਰ ਸਿੰਘ ਪੱਟੀ) ਪਿਛਲੇ ਕਈ ਦਿਨਾਂ ਤੋ ਚੱਲਦਾ ਕਿਸਾਨ ਅੰਦੋਲਨ ਭਾਂਵੇ ਕਿਸਾਨਾਂ ਨੇ ਅੱਜ ਕਿਸੇ ਅਸਰਦਾਇਕ ਸਿੱਟੇ ਤੋ ਪਹੁੰਚਣ ਤੋ ਪਹਿਲਾ ਹੀ ਖਤਮ ਕਰ ਦਿੱਤਾ ਪਰ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਨਵਾਂ ਸੰਕਟ ਖੜਾ ਕਰਦਿਆ ਜਿਥੇ ਅਕਾਲੀ ਦਲ ਬਾਦਲ ਤੇ ਸਰਕਾਰ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ ਉਥੇ ਪੰਥਕ ਧਿਰਾਂ ਨੇ ਵੀ 10 ਅਕਤੂਬਰ ਨੂੰ ਸਰਬੱਤ ਖਾਲਸਾ ਬੁਲਾ ਕੇ ਸ਼੍ਰੋਮਣੀ ਅਕਾਲੀ ਦਲ ਲਈ ਚਾਰੋ ਪਾਸਿਆ ਤੋ ਘੇਰਾ ਪਾ ਲਿਆ ਹੈ ਜਦ ਕਿ ਅਕਾਲੀ ਦਲ ਬਾਦਲ ਲਈ ਸੰਕਟ ਮੋਚਨ ਬਣਨ ਵਾਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਪਹਿਲਾਂ ਹੀ ਸੋਦਾ ਸਾਧ ਦੀ ਮੁਆਫੀ ਬੁਰੀ ਤਰ੍ਵਾ ਮਰਿਆਦਾ ਦਾ ਸੰਕਟ ਵਿੱਚ ਫਸਿਆ ਹੋਇਆ ਹੈ।

ਅਕਾਲੀ ਦਲ ਬਾਦਲ ਦੀ ਮੰਝਧਾਰ ਵਿੱਚ ਫਸੀ ਸਿਆਸੀ ਬੇੜੀ ਦਾ ਦਿਲਚਸਪ ਪਹਿਲੂ ਇਹ ਹੈ, ਕਿ ਅਕਾਲੀ ਦਲ ਹਮੇਸ਼ਾਂ ਹੀ ਆਪਣੇ ਆਪ ਨੂੰ ਕਿਸਾਨੀ ਤੇ ਪੰਥ ਦਾ ਮਸੀਹਾ ਦੱਸ ਕੇ ਪੰਥਕ ਮੁੱਦਿਆਂ ‘ਤੇ ਸਿਆਸਤ ਕਰਕੇ ਹੀ ਸੱਤਾ ਦਾ ਅਨੰਦ ਮਾਣਦਾ ਰਿਹਾ ਹੈ ਪਰ ਕਿਸਾਨ ਅੰਦੋਲਨ ਨੇ ਇਸ ਵਾਰੀ ਅਕਾਲੀ ਦਾ ਬਹੂਰੂਪੀਆ ਚਿਹਰਾ ਸੰਗਤਾਂ ਦੀ ਕਚਿਹਰੀ ਵਿੱਚ ਬੇਨਕਾਬ ਕਰ ਦਿੱਤਾ ਹੈ । ਪੰਥਕ ਧਿਰਾਂ ਤੇ ਕਿਸਾਨ ਇਸ ਵਾਰੀ ਦੋਵੇਂ ਹੀ ਅਕਾਲੀ ਦਲ ਤੋਂ ਨਾਰਾਜ਼ ਹਨ ਅਤੇ ਜੇਕਰ ਦੋਵੇ ਧਿਰਾਂ ਵਿਧਾਨ ਸਭਾ ਦੀਆ ਚੋਣਾਂ ਦੌਰਾਨ ਇਕੱਠੀਆ ਹੋ ਗਈਆ, ਤਾਂ ਬਾਦਲ ਅਕਾਲੀ ਦਲ ਦਾ ਹਸ਼ਰ ਵੀ ਉਹੀ ਹੋਵੇਗਾ ਜਿਹੜਾ ਹਰਿਆਣੇ ਵਿੱਚ ਬਾਦਲਾ ਦੇ ਆੜੀ ਚੌਟਾਲਾ ਪਰਿਵਾਰ ਦਾ ਹੋਇਆ ਕਿਉਕਿ ਬਿਕਰਮ ਸਿੰਘ ਮਜੀਠੀਆ ਤਾਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਲੈ ਕੇ ਪਹਿਲਾਂ ਕੇਂਦਰੀ ਜਾਂਚ ਏਜੰਸੀ ਈ.ਡੀ.ਸਿਕੰਜ਼ੇ ਵਿੱਚ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰੀਬ ਸਵਾ ਸਾਲ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ ਅਤੇ ਇਸ ਵਾਰੀ ਕਿਸਾਨਾਂ ਵੱਲੋ ਕੀਤੇ ਗਏ ਸਮਾਜਿਕ ਬਾਈਕਾਟ ਨਾਲ ਅਕਾਲੀ ਦਲ ਨੂੰ ਆਪਣੀ ਪੱਕੀ ਵੋਟ ਤੋ ਹੱਥ ਧੋਣੇ ਪੈ ਸਕਦੇ ਹਨ। ਇਕੱਲੇ ਪੰਜਾਬ ਦਾ ਹੀ ਨਹੀ ਸਗੋ ਸਮੁੱਚੇ ਦੇਸ਼ ਦਾ ਕਿਸਾਨ ਹੀ ਦੇਸ ਦੀਆ ਸਿਆਸੀ ਪਾਰਟੀਆ ਦਾ ਵਿਧਾਤਾ ਮੰਨਿਆ ਗਿਆ ਹੈ ਤੇ ਕਿਸਾਨ ਦੀ ਨਰਾਜ਼ਗੀ ਅਕਾਲੀ ਦਲ ਨੂੰ ਬੜੀ ਬੁਰੀ ਤਰ੍ਵਾ ਮਹਿੰਗੀ ਪੈ ਸਕਦੀ ਹੈ। ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਬਾਦਲ ਇੱਕ ਮੱਤ ਸਮਝੇ ਕਿ ਉਹ ਕਿਸਾਨਾਂ ਨੂੰ ਦਰਕਿਨਾਰ ਕਰਕੇ ਕੋਈ ਚੈਨ ਦੀ ਨੀਂਦ ਲੈ ਸਕਣਗੇ ਸਗੋ ਕਿਸਾਨ ਅੰਦੋਲਨ ਪਹਿਲਾਂ ਨਾਲੋ ਵੀ ਵਧੇਰੇ ਤੇਜ਼ ਕਰ ਦਿੱਤਾ ਜਾਵੇਗਾ ਭਾਂਵੇ ਉਹਨਾਂ ਨੂੰ ਐਮਰਜੈਸ਼ੀ ਵਾਂਗ ਜੇਲਾਂ ਵੀ ਕਿਉ ਨਾ ਭਰਨੀਆ ਪੈਣ ।

ਗਰਮ ਖਿਆਲੀ ਤੇ ਪੰਥਕ ਧਿਰਾ ਨੇ ਬਾਦਲ ਦਲ ਦੇ ਘੇਰੇ ਆਪਣਾ ਕਾਫੀਆ ਤੰਗ ਕਰ ਦਿੱਤਾ ਹੈ ਅਤੇ ਸੌਦਾ ਸਾਧ ਮੁਆਫੀ ਵੀ ਪੰਥਕ ਜਥੇਬੰਦੀਆ ਲਈ ਵਰਦਾਨ ਸਿੱਧ ਹੋਈ ਤੇ ਬਾਦਲ ਦਲ ਲਈ ਸਰਾਪ ,ਜਦ ਕਿ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਤਾਂ ਪਹਿਲਾਂ ਵੀ ਅਕਾਲੀ ਦਲ ਨੂੰ ਸਮੇ ਸਮੇਂ ਤੇ ਘੇਰਾ ਪਾ ਕੇ ਬਾਦਲ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਤੋ ਲੋਕਾਂ ਨੂੰ ਜਾਣੂ ਕਰਵਾਉਦੀਆ ਆ ਰਹੀਆ ਹਨ। ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਤਾਂ ਅਕਾਲੀ ਦਲ ਨੂੰ ਇੰਨੀ ਮਹਿੰਗੀ ਪੈ ਰਹੀ ਹੈ ਕਿ ਬਾਦਲ ਸਮੱਰਥਕਾਂ ਦਾ ਵੱਡਾ ਧੜਾ ਵੀ ਇਸ ਨੂੰ ਲੈ ਕੇ ਨਾਰਾਜ਼ ਚੱਲ ਰਿਹਾ ਹੈ ਅਤੇ ਕਈ ਕੱਟੜ ਸਮੱਰਥਕਾਂ ਨੇ ਤਾਂ ਇਸ ਤੋ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਕਾਲੀ ਦਲ ਬਾਦਲ ਨੂੰ ਉਹ ਪ੍ਰਾਈਵੇਟ ਲਿਮਟਿਡ ਕੰਪਨੀ ਨਹੀ ਬਣਨ ਦੇਣਗੇ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਜ਼ਿੱਦ ‘ਤੇ ਸ਼੍ਰੋਮਣੀ ਕਮੇਟੀ ਦੇ ਗੁਲਾਮ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਤਾਂ ਪਹਿਲਾਂ ਹੀ ਕਈ ਪ੍ਰਕਾਰ ਦੀ ਸਵਾਲ ਉੱਠ ਰਹੇ ਹਨ ਤੇ ਸਿੱਖ ਸਦਭਾਵਨਾ ਦਲ ਨੇ ਇਸ ਨਿਯੁਕਤੀ ਨੂੰ ਉੱਚ ਅਦਾਲਤ ਵਿੱਚ ਚੁਨੌਤੀ ਦਿੱਤੀ ਹੋਈ ਹੈ ਜਿਸ ਦੀ ਸੁਣਵਾਈ ਪੰਜ ਨਵੰਬਰ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਕੋਲ ਪਹਿਲਾਂ ਹੀ ਇੱਕ ਦੀ ਬਜਾਏ ਤਿੰਨ ਸਕੱਤਰਾਂ ਤੋ ਇਲਾਵਾ ਐਡੀਸ਼ਨਲ ਸਕੱਤਰ ਤੇ ਮੀਤ ਸਕੱਤਰਾਂ ਦੀ ਇੰਨੀ ਵੱਡੀ ਫੌਜ ਹੈ ਕਿ ਜਿੰਨੀ ਸ਼ਾਇਦ ਪੰਜਾਬ ਸਰਕਾਰ ਕੋਲ ਵੀ ਨਹੀ ਹੋਵੇਗੀ ਤੇ ਫਿਰ ਤਿੰਨ ਲੱਖ ਰੁਪਏ ਤਨਖਾਹ ਤੇ ਇੱਕ 71 ਸਾਲਾ ਬਜੁਰਗ ਨੂੰ ਮੁੱਖ ਸਕੱਤਰ ਦੀ ਨਿਯੁਕਤ ਕੀਤਾ ਗਿਆ ਹੈ ਜਿਸ ਦੇ ਸਾਰੇ ਖਰਚੇ ਪਾ ਕੇ ਸਾਲ ਦਾ ਸ਼ਰੋਮਣੀ ਕਮੇਟੀ ਤੇ ਇੱਕ ਕਰੋੜ ਦਾ ਬੋਝ ਪਵੇਗਾ। ਮੁੱਖ ਸਕੱਤਰ ਦੀ ਨਿਯੁਕਤੀ ਲੈ ਕੇ ਤਾਂ ਬਾਦਲਾਂ ਨਾਲ ਆਮ ਸਿੱਖ ਪਹਿਲਾਂ ਹੀ ਮੂੰਹ ਵੱਟੀ ਬੈਠਾ ਹੈ ਤੇ ਸੌਦਾ ਸਾਧ ਨੇ ਅੱਗ ਤੇ ਬਾਲਣ ਦਾ ਕੰਮ ਕੀਤਾ ਹੈ।

ਝੋਨੇ ਦਾ ਸਹੀ ਭਾਅ ਨਾ ਮਿਲਣਾ, ਨਕਲੀ ਖਾਦਾਂ ਤੇ ਕੀਟਨਾਸ਼ਕਾਂ ਦੇ ਮਾਮਲੇ ਸਾਹਮਣੇ ਆਉਣ ਕਾਰਨ ਤਾਂ ਜਿਥੇ ਕਿਸਾਨ ਜਥੇਬੰਦੀਆ ਦੁੱਖੀ ਹਨ ਉਥੇ ਆਮ ਕਿਸਾਨ ਵੀ ਬਾਦਲ ਦਲ ਨਾਲ ਨਾਰਾਜ਼ ਹੈ। ਸਰਕਾਰੀ ਭਾਅ ਬਾਸਮਤੀ ਦਾ 1450 ਰੁਪਏ ਨਿਰਧਾਰਤ ਕਰਨ ਗੇ ਬਾਵਜੂਦ ਵੀ ਸਰਕਾਰੀ ਖਰੀਦ ਤਾਂ ਨਾਮਾਤਰ ਹੈ ਤੇ ਵਪਾਰੀ ਕਿਸਾਨਾਂ ਨੂੰ 900-1000 ਤੋ ਵੱਧ ਭਾਅ ਨਹੀ ਦੇ ਰਿਹਾ ਹੈ। ਕਿਸਾਨ ਜਥਬੰਦੀਆ ਵੱਲੋ ਜਿਥੇ ਕਈ ਪੱਕੇ ਮੋਰਚੇ ਵੀ ਲਗਾਏ ਗਏ ਉਥੇ ਕਿਸਾਨ ਆਗੂਆਂ ਨੇ ਕਿਸਾਨ ਮੇਲਿਆਂ ਵਿੱਚ ਵੀ ਸਰਕਾਰੀ ਸਟੇਜਾਂ ਤੇ ਕਬਜ਼ਾ ਕਰਕੇ ਬਾਦਲ ਸਰਕਾਰ ਵਿਰੁੱਧ ਧੂੰਆਧਾਰ ਪ੍ਰਚਾਰ ਕੀਤਾ ਤੇ ਅਕਾਲੀ ਲੀਡਰਾਂ ਨੂੰ ਅਜਿਹੇ ਮੰਚ ਤੋਂ ਬੋਲਣ ਤੱਕ ਨਹੀਂ ਦਿੱਤਾ ਗਿਆ। ਇਥੇ ਹੀ ਬੱਸ ਨਹੀ ਵਿਦੇਸ਼ਾਂ ਵਿੱਚ ਵੀ ਬਾਦਲ ਦਲ ਦੇ ਆਗੂਆ ਦਾ ਜੋ ਹਸ਼ਰ ਹੋਇਆ ਵੀ ਉਹ ਸਾਰੀ ਦੁਨਿਆ ਨੇ ਸ਼ੋਸ਼ਲ ਮੀਡੀਏ ਤੇ ਵੇਖਿਆ ਤੇ ਸੁਣਿਆ ਹੈ।

ਸਿਆਸੀ ਮੰਝਧਾਰ ਵਿੱਚ ਫਸੀ ਅਕਾਲੀ ਦਲ ਦੀ ਸਿਆਸੀ ਬੇੜੀ ਨੂੰ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਨੇ ਵੀ ਅੱਖਾਂ ਵਿਖਾਉਣੀਆ ਸ਼ੁਰੂ ਕਰ ਦਿੱਤੀਆ ਹਨ ਅਤੇ ਚਰਚਾ ਹੈ ਕਿ ਬਿਹਾਰ ਦੀਆ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਕਾਲੀ-ਭਾਜਪਾ ਗਠਜੋੜ ਦਾ ਭਵਿੱਖ ਤੈਅ ਕਰਨਗੀਆ। ਅਕਾਲੀ –ਭਾਜਪਾ ਗਠਜੋੜ ਟੁੱਟਣ ਨਾਲ ਜਿਥੇ ਪੰਜਾਬ ਦੀ ਬਾਦਲ ਸਰਕਾਰ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪੈਣਗੇ ਉਥੇ ਭਾਜਪਾ ਪੰਜਾਬ ਦੇ ਕਿਸੇ ਮਹੱਤਵਪੂਰਣ ਵਿਰੋਧੀ ਪਾਰਟੀ ਦੇ ਆਗੂ ਨਾਲ ਵੀ ਆਪਣੇ ਨਵੇ ਰਿਸ਼ਤੇ ਬਣਾ ਕੇ ਅਕਾਲੀ ਦਲ ਨੂੰ ਸੰਕਟ ਵਿੱਚ ਪਾ ਸਕਦੀ ਹੈ।

ਰੱਬ ਖੈਰ ਕਰੇ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top