Share on Facebook

Main News Page

ਬਠਿੰਡਾ, 15 ਅਕਤੂਬਰ (ਹੁਕਮ ਚੰਦ ਸ਼ਰਮਾ)-ਬਠਿੰਡਾ- ਗੋਨਿਆਣਾ ਕੌਮੀ ਸੜਕ ਮਾਰਗ 'ਤੇ ਬਠਿੰਡਾ ਵਿਖੇ ਨਹਿਰ ਦੇ ਪੁੱਲ 'ਤੇ ਧਰਨਾ ਦੇ ਰਹੇ ਨੌਜਵਾਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸ. ਬਲਵੰਤ ਸਿੰਘ ਨੰਦਗੜ੍ਹ ਜੋ ਬਠਿੰਡਾ ਤੋਂ ਬਰਗਾੜੀ ਵੱਲ ਜਾ ਰਹੇ ਦੀ ਕਾਰ ਨੂੰ ਅੱਗੇ ਨਾ ਜਾਣ ਦਿੱਤਾ। ਸ੍ਰੋਮਣੀ ਅਕਾਲੀ ਦਲ (ਮਾਨ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਸਮੇਤ ਸੜਕਾਂ ਤੇ ਧਰਨਾ ਦੇ ਰਹੇ ਨੌਜਵਾਨਾਂ ਨਾਲ ਬਲਵੰਤ ਸਿੰਘ ਨੰਦਗੜ੍ਹ ਦੀ ਤਿੱਖੀ ਬਹਿਸ ਹੋ ਗਈ, ਉਨ੍ਹਾਂ ਨੇ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਦਾੜੀ ਨੂੰ ਹੱਥ ਪਾਇਆ। ਪਰ ਪੁਲਿਸ ਦੇ ਡੀ. ਐਸ. ਪੀ. ਸ. ਜਨਕ ਸਿੰਘ ਨੇ ਵਿਚ ਪੈ ਕੇ ਸਥਿਤੀ ਨੂੰ ਸ਼ਾਂਤ ਕੀਤਾ। ਬਾਅਦ 'ਚ ਸਿੰਘ ਸਾਹਿਬ ਹੋਰ ਬਦਲਵੇਂ ਰਸਤੇ ਬਰਗਾੜੀ ਵੱਲ ਰਵਾਨਾ ਹੋ ਗਏ। ਇਸ ਦੌਰਾਨ ਹੀ ਬਠਿੰਡਾ ਪੁਲਿਸ ਨੇ ਸ਼ਹਿਰ ਵਿਚ ਜਬਰੀ ਦੁਕਾਨਾਂ ਬੰਦ ਕਰਵਾ ਰਹੇ ਕ੍ਰਿਪਾਨਧਾਰੀ ਦੋ ਦਰਜ਼ਨ ਨੌਜਵਾਨਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਪੁਲਿਸ ਵੱਲੋਂ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਹਿਰਾਸਤ 'ਚ ਲੈਣ ਦੀ ਰਿਪੋਰਟ ਹੈ, ਜੋ ਬਠਿੰਡਾ ਸ਼ਹਿਰ 'ਚ ਦੁਕਾਨਾਂ ਬੰਦ ਕਰਨ ਦੀ ਅਪੀਲ ਕਰਨ ਵਾਲੇ ਨੌਜਵਾਨਾਂ ਦੀ ਅਗਵਾਈ ਕਰ ਰਹੇ ਸਨ।

ਪੰਜਾਬ ਦੇ ਮੌਜੂਦਾ ਹਾਲਾਤ ਲਈ ਬਾਦਲ ਸਰਕਾਰ ਜਿੰਮੇਵਾਰ: ਨੰਦਗੜ੍ਹ

ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਸ. ਬਲਵੰਤ ਸਿੰਘ ਨੰਦਗੜ੍ਹ ਨੇ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁੱਖੀ ਨੂੰ ਦਿੱਤੀ ਮੁਆਫੀ ਸਿੱਖ ਧਾਰਮਿਕ ਮਰਯਾਦਾ ਤੇ ਪਰੰਪਰਾਵਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁੱਖੀ ਦਾ ਸਪਸ਼ਟੀਕਰਨ ਜੋ ਸੀ. ਡੀ. ਰਾਹੀਂ ਭੇਜਿਆ ਗਿਆ ਸੀ, ਸ. ਗੁਰਬਚਨ ਸਿੰਘ ਦੇ ਨਾਂਅ ਹੈ। ਇਸ ਲਿਖਤੀ ਸਪਸ਼ੱਟੀਕਰਨ 'ਚ ਡੇਰਾ ਮੁੱਖੀ ਨੇ ਕਿਤੇ ਵੀ ਗੁਰਬਚਨ ਸਿੰਘ ਨੂੰ ਸਿੰਘ ਸਾਹਿਬ ਜਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਲਿਖਿਆ, ਤਾਂ ਇਹ ਕਿਵੇਂ ਮੰਨ ਲਿਆ ਜਾਵੇ ਕਿ ਡੇਰਾ ਮੁੱਖੀ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਬੋਧਨ ਕਰਕੇ ਇਹ ਸਪਸ਼ੱਟੀਕਰਨ ਭੇਜਿਆ ਹੈ। ਇਸ ਅਧਾਰ 'ਤੇ ਉਸਨੂੰ ਕਿਸੇ ਵੀ ਹਾਲਤ 'ਚ ਮੁਆਫੀ ਦੇਣੀ ਨਹੀਂ ਸੀ ਬਣਦੀ। ਉਨ੍ਹਾਂ ਫਰੀਦਕੋਟ ਜ਼ਿਲ੍ਹੇ 'ਚ ਬੁਰਜ ਕਾਹਨ ਸਿੰਘ ਵਾਲਾ ਤੇ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਲਈ ਬਾਦਲ ਸਰਕਾਰ ਨੂੰ ਕਥਿਤ ਜਿੰਮੇਵਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਗੁਰਦੁਆਰਾ ਸਾਹਿਬ ਬਰਗਾੜੀ ਦੇ ਗੇਟ ਅੱਗੇ ਧਮਕੀ ਭਰੇ ਪੋਸਟਰ ਲਾਏ ਗਏ, ਉਸ ਸਮੇਂ ਜਿਲ੍ਹਾ ਪ੍ਰਸ਼ਾਸਨ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਸੀ।


ਚਰਨਜੀਤ ਭੁੱਲਰ, ਬਠਿੰਡਾ, 15 ਅਕਤੂਬਰ 2015
ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਦਰਮਿਆਨ ਅੱਜ ਇਥੇ ਝੜਪ ਹੋ ਗਈ। ਗੁੱਸੇ ਵਿੱਚ ਗਿਆਨੀ ਨੰਦਗੜ੍ਹ ਨੇ ਸ੍ਰੀ ਪਰਮਿੰਦਰ ਸਿੰਘ ਦੀ ਦਾੜ੍ਹੀ ਨੂੰ ਹੱਥ ਪਾ ਲਿਆ। ਇਸਸ ’ਤੇ ਸਥਿਤੀ ਗਰਮਾ ਗਈ ਤੇ ਸ਼੍ਰੋਮਣੀ ਅਕਾਲ ਦਲ (ਅ) ਦੇ ਹਮਾਇਤੀਆਂ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਪੰਡਾਲ ਵਿੱਚ ਬੈਠੇ ਕੁਝ ਨੌਜਵਾਨਾਂ ਨੇ ਕਿਰਪਾਨਾਂ ਵੀ ਲਹਿਰਾਈਆਂ। ਮਾਹੌਲ ਵਿਗੜਦਾ ਦੇਖਿਆ ਤਾਂ ਪੁਲੀਸ ਨੇ ਜਥੇਦਾਰ ਨੰਦਗੜ੍ਹ ਨੂੰ ਇਕੱਠ ’ਚੋਂ ਬਚਾ ਕੇ ਬਾਹਰ ਕੱਢਿਆ। ਬਠਿੰਡਾ ਨਹਿਰ ’ਤੇ ਅੱਜ ਪੰਥਕ ਧਿਰਾਂ ਨੇ ਟਰੈਫਿਕ ਜਾਮ ਕੀਤਾ ਹੋਇਆ ਸੀ ਤਾਂ ਜਥੇਦਾਰ ਨੰਦਗੜ੍ਹ ਉਥੇ ਆ ਗਏ।

ਬਾਲਿਆਂਵਾਲੀ ਦਾ ਕਹਿਣਾ ਹੈ ਕਿ ਸਾਬਕਾ ਜਥੇਦਾਰ ਨੇ ਇਸ ਗੱਲ ’ਤੇ ਇਤਰਾਜ਼ ਕੀਤਾ ਕਿ ਉਨ੍ਹਾਂ ਤੋਂ ਪੁੱਛੇ ਬਗ਼ੈਰ ਧਰਨਾ ਕਿਉਂ ਲਾਇਆ ਅਤੇ ਉਨ੍ਹਾਂ ਪੰਜਾਬ ਬੰਦ ਨਾਲ ਆਪਣੀ ਅਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਜਦੋਂ ਜਥੇਦਾਰ ਨੂੰ ਆਖਿਆ, ‘ਤੁਸੀਂ ਸੰਗਤਾਂ ਨੂੰ ਦਿਲਾਸਾ ਦਿਓ ਤਾਂ ਅੱਗੋਂ ਗਿਆਨੀ ਨੰਦਗੜ੍ਹ ਨੇ ਇਹ ਆਖ ਕੇ ਮੇਰੀ ਦਾਡ਼੍ਹੀ ਨੂੰ ਹੱਥ ਪਾ ਲਿਆ ਕਿ ਤੂੰ ਕੌਣ ਹੁੰਦੈਂ ਦਿਲਾਸਾ ਦਿਵਾਉਣ ਵਾਲਾ।

ਦੂਜੇ ਪਾਸੇ ਸਾਬਕਾ ਜਥੇਦਾਰ ਦਾ ਕਹਿਣਾ ਹੈ ਕਿ ਉਹ ਅੱਜ ਫ਼ਰੀਦਕੋਟ ਵਿੱਚ ਜ਼ਖ਼ਮੀ ਆਗੂਆਂ ਦਾ ਹਾਲ-ਚਾਲ ਪੁੱਛਣ ਜਾ ਰਹੇ ਸਨ ਅਤੇ ਬਠਿੰਡਾ ਨਹਿਰ ’ਤੇ ਲੱਗੇ ਧਰਨੇ ਵਿੱਚ ਬੈਠੇ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਉਸ ਮੌਕੇ ਆਪਸੀ ਰੌਲਾ-ਗੌਲੇ ਵਿੱਚ ਧੱਕਾ ਮੁੱਕੀ ਹੋ ਗਈ ਸੀ। ਉਦੋਂ ਕਿਤੇ ਹੱਥ ਦਾਡ਼੍ਹੀ ਨੂੰ ਲੱਗ ਗਿਆ ਹੋਵੇਗਾ। ਉਨ੍ਹਾਂ ਜਾਣਬੁੱਝ ਕੇ ਕੁਝ ਨਹੀਂ ਕੀਤਾ ਹੈ। ਡੀਐਸਪੀ ਜਨਕ ਸਿੰਘ ਦਾ ਕਹਿਣਾ ਹੈ ਕਿ ਰੌਲਾ-ਗੌਲਾ ਪੈਣ ’ਤੇ ਉਨ੍ਹਾਂ ਗਿਆਨੀ ਨੰਦਗੜ੍ਹ ਨੂੰ ਸੁਰੱਖਿਅਤ ਕੱਢ ਲਿਆ ਸੀ।


ਟਿੱਪਣੀ: ਨੰਦਗੜ੍ਹ ਬਾਰੇ ਖ਼ਾਲਸਾ ਨਿਊਜ਼ 'ਤੇ ਪਹਿਲਾਂ ਵੀ ਕਈ ਵਾਰੀ ਲਿਖਿਆ ਜਾ ਚੁੱਕਾ ਹੈ। ਦਿੱਲੀ ਕਨਵੈਂਸ਼ਨ ਦੀ ਖ਼ਬਰ ਦੇ ਥੱਲੇ ਵੀ ਇਹੀ ਟਿੱਪਣੀ ਲਿਖੀ ਸੀ, ਜਿਹੜੀ ਮੁੜ੍ਹ ਦੁਹਰਾਈ ਜਾ ਰਹੀ ਹੈ:

...ਨੰਦਗੜ੍ਹ 'ਤੇ ਬਹੁਤਾ ਭਰੋਸਾ ਕਰਨਾ ਠੀਕ ਨਹੀਂ, ਕਿਉਂਕਿ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੇ ਕਤਲ ਦੇ ਫੁਰਮਾਨ 'ਤੇ ਇਨ੍ਹਾਂ ਦੇ ਹਸਤਾਖਰ ਹਨ, ਪ੍ਰੋ. ਦਰਸ਼ਨ ਸਿੰਘ ਨੂੰ ਛੇਕਣ ਦੀ ਸਿਆਸੀ ਚਾਲ ਵਿੱਚ ਵੀ ਇਨ੍ਹਾਂ ਦਾ ਪੂਰਾ ਹੱਥ ਹੈ, ਸੌਦਾ ਸਾਧ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਸੋਨੇ ਨਾਲ ਤੋਲਣ ਦੀ ਫੋਕੀ ਬੜ੍ਹਕ ਵੀ ਇਨ੍ਹਾਂ ਨੇ ਹੀ ਮਾਰੀ... ਹੋਰ ਵੀ ਬਹੁਤ ਕੁੱਝ ਹੈ ਇਨ੍ਹਾਂ ਬਾਰੇ... ਬਾਕੀ ਹੋਰ ਵੀ ਕਈ ਐਸੇ ਹਨ, ਜਿਹੜੇ ਸਿਰਫ ਆਪਣੀ ਲੀਡਰੀ ਹੀ ਚਮਕਾ ਰਹੇ ਨੇ, ਪੱਲੇ ਵੀ ਕੱਖ ਨਹੀਂ, ਕਰਣਾ ਕਰਾਉਣਾ ਵੀ ਕੱਖ ਨਹੀਂ।

ਨੰਦਗੜ੍ਹ ਦਾ ਇਹ ਬਿਆਨ ਕਿ "ਇਸ ਲਿਖਤੀ ਸਪਸ਼ੱਟੀਕਰਨ 'ਚ ਡੇਰਾ ਮੁੱਖੀ ਨੇ ਕਿਤੇ ਵੀ ਗੁਰਬਚਨ ਸਿੰਘ ਨੂੰ ਸਿੰਘ ਸਾਹਿਬ ਜਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਲਿਖਿਆ, ਤਾਂ ਇਹ ਕਿਵੇਂ ਮੰਨ ਲਿਆ ਜਾਵੇ ਕਿ ਡੇਰਾ ਮੁੱਖੀ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਬੋਧਨ ਕਰਕੇ ਇਹ ਸਪਸ਼ੱਟੀਕਰਨ ਭੇਜਿਆ ਹੈ।" ਦਰਸਾਉਂਦਾ ਹੈ ਕਿ ਹਾਲੇ ਵੀ ਇਸ ਸਾਬਕਾ ਅਖੌਤੀ ਜੱਥੇਦਾਰ ਨੂੰ ਪੱਪੂ ਗੁਰਬਚਨ ਸਿੰਘ ਨਾਲ ਪਿਆਰ ਹੈ।

ਉਪਰੋਂ ਝੂਠ ਬੋਲ ਰਿਹਾ ਹੈ ਕਿ "...ਉਦੋਂ ਕਿਤੇ ਹੱਥ ਦਾੜ੍ਹੀ ਨੂੰ ਲੱਗ ਗਿਆ ਹੋਵੇਗਾ। ਉਨ੍ਹਾਂ ਜਾਣਬੁੱਝ ਕੇ ਕੁਝ ਨਹੀਂ ਕੀਤਾ ਹੈ।..." ਤਸਵੀਰਾਂ 'ਚ ਸਾਫ ਦਿੱਖ ਰਿਹਾ ਹੈ ਕਿ ਦਾੜ੍ਹੀ ਨੂੰ ਹੱਥ ਲੱਗਾ ਨਹੀਂ, ਹੱਥ ਪਾਇਆ ਹੈ। ਇਨ੍ਹਾਂ ਪੁਜਾਰੀਆਂ ਦਾ ਖਹਿੜਾ ਛੱਡੋ, ਭਾਂਵੇਂ ਪੱਪੂ ਗੁਰਬਚਨ ਹੋਵੇ ਭਾਂਵੇਂ ਨੰਦਗੜ੍ਹ, ਇੱਕੋ ਥਾਲੀ ਦੇ ਚੱਟੇ ਬੱਟੇ ਨੇ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top